ਅਟਾਰੀ ਸਰਹੱਦ ‘ਤੇ ਝੁਲਾਇਆ 360 ਫੁੱਟ ਉੱਚਾ ਝੰਡਾ
ਕੈਪਸ਼ਨ-ਅਟਾਰੀ-ਵਾਹਗਾ ਚੌਕੀ ਨੇੜੇ ਲਹਿਰਾ ਰਿਹਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ।
ਅਟਾਰੀ/ਬਿਊਰੋ ਨਿਊਜ਼ :
ਅੰਮ੍ਰਿਤਸਰ ਇੰਮਪਰੂਵਮੈਂਟ ਟਰੱਸਟ ਵੱਲੋਂ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ ਨੇੜੇ ਸਥਿਤ ਪੰਜਾਬ ਸੈਰ ਸਪਾਟਾ ਵਿਭਾਗ ਦੇ ਸ਼ੌਪਿੰਗ-ਕਮ ਰੈਸਟੋਰੈਂਟ ਕੈਂਪਸ ਦੇ ਅਹਾਤੇ ਵਿੱਚ ਸਭ ਤੋਂ ਉੱਚਾ ਕੌਮੀ ਝੰਡਾ ਲਾਇਆ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ 11 ਮਾਰਚ ਦੇ ਮੱਦੇਨਜ਼ਰ ਕਾਹਲੀ ਵਿੱਚ ਅੱਧੇ-ਅਧੂਰੇ ਪ੍ਰਬੰਧਾਂ ਵਿਚ ਨਿਭਾਈ ਗਈ। ਇਸ ਮੌਕੇ ਕਿਸੇ ਵੀ ਅਕਾਲੀ ਆਗੂ ਨੂੰ ਸੱਦਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਮਾਗਮ ਵਾਲੇ ਇਲਾਕੇ ਦੀ ਨੁਮਾਇੰਦਗੀ ਕਰਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਗੁਲਜ਼ਾਰ ਸਿੰਘ ਰਣੀਕੇ ਨੂੰ ਸੱਦਿਆ ਗਿਆ। ਇਸ ਮੌਕੇ ਬੀਐਸਐਫ ਦੇ ਆਈਜੀ ਮੁਕੁਲ ਗੋਇਲ ਮਹਿਮਾਨ ਵਜੋਂ ਹਾਜ਼ਰ ਸਨ।
ਹੁਸ਼ਿਆਰਪੁਰ ਦੀ ਭਾਰਤ ਇਲੈਕਟ੍ਰਿਕ ਕੰਪਨੀ ਵੱਲੋਂ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਲਾਏ 360 ਫੁੱਟ ਉੱਚੇ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਨਿਭਾਉਂਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਅੰਮ੍ਰਿਤਸਰ ਦੀ ਪਾਰਕ ਵਿੱਚ 170 ਫੁੱਟ ਉੱਚਾ ਤਿਰੰਗਾ ਲਹਿਰਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਉਣ ‘ਤੇ ਉਹ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਝੰਡੇ ਦੀ ਸੰਭਾਲ ਤਿੰਨ ਸਾਲ ਕੰਪਨੀ ਕਰੇਗੀ ਤੇ ਉਸ ਤੋਂ ਬਾਅਦ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ।
ਸਮਾਗਮ ਵਿੱਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਅਤੇ ਜੰਗਲਾਤ ਵਿਭਾਗ ਦੀ ਚੇਅਰਪਰਸਨ ਰੀਮਾ ਜੇਤਲੀ ਹੀ ਨਜ਼ਰ ਆਏ। ਇੰਮਪਰੂਵਮੈਂਟ ਟਰੱਸਟ ਦੇ ਇਸ ਸਮਾਗਮ ਵਿੱਚ ਨਾ ਸਬੰਧਤ ਚੇਅਰਮੈਨ ਨਜ਼ਰ ਆਏ ਤੇ ਨਾ ਅਕਾਲੀ ਦਲ, ਭਾਜਪਾ ਦੇ ਸ਼ਹਿਰੀ ਅਤੇ ਸਥਾਨਕ ਆਗੂ ਦਿਸੇ। ਕੈਬਨਿਟ ਮੰਤਰੀ ਸ੍ਰੀ ਰਣੀਕੇ ਵੱਲੋਂ ਵੀ ਸਮਾਗਮ ਦਾ ਸੱਦਾ ਨਾ ਆਉਣ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਮੌਕੇ ਡੀਆਈਜੀ ਜੇ ਐੱਸ ਓਬਰਾਏ, ਕਮਾਂਡੈਂਟ ਸੁਦੀਪ ਕੁਮਾਰ, ਕਮਾਂਡੈਂਟ ਪੀਐਸ ਭੱਟੀ, ਐਸਐਸਪੀ ਈ ਚੇਲੀਅਨ, ਡੀਐਸਪੀ ਹਰਬਿੰਦਰ ਸਿੰਘ ਭੱਲਾ, ਵਪਾਰੀ ਆਗੂ ਅਨਿਲ ਮਹਿਰਾ ਤੇ ਸੰਜੈ ਮਹਿਰਾ ਹਾਜ਼ਰ ਸਨ। ਇਸ ਮੌਕੇ ਗਾਇਕ ਹਰਿੰਦਰ ਸੋਹਲ ਦੇ ਗਰੁੱਪ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ।
Comments (0)