ਤੇਲ ਟੈਂਕਰ ਸਮੁੰਦਰੀ ਜਹਾਜ਼ ਨਾਲ ਟਕਰਾਉਣ ਬਾਅਦ 32 ਵਿਅਕਤੀ ਲਾਪਤਾ

ਤੇਲ ਟੈਂਕਰ ਸਮੁੰਦਰੀ ਜਹਾਜ਼ ਨਾਲ ਟਕਰਾਉਣ ਬਾਅਦ 32 ਵਿਅਕਤੀ ਲਾਪਤਾ

ਪੇਈਚਿੰਗ/ਬਿਊਰੋ ਨਿਊਜ਼:
ਪੂਰਬੀ ਚੀਨ ਦੇ ਤੱਟ ਉਤੇ ਮਾਲ ਢੋਹਣ ਵਾਲੇ ਸਮੁੰਦਰੀ ਜਹਾਜ਼ ਨਾਲ ਇਰਾਨ ਤੋਂ ਦੱਖਣੀ ਕੋਰੀਆ ਲਈ ਤੇਲ ਲਿਜਾ ਰਹੇ ਟੈਂਕਰ ਦੀ ਟੱਕਰ ਵਿੱਚ 32 ਕ੍ਰਿਊ ਮੈਂਬਰ ਲਾਪਤਾ ਹੋ ਗਏ ਹਨ। ਚੀਨ ਦੇ ਆਵਾਜਾਈ ਮੰਤਰਾਲੇ ਦੇ ਬਿਆਨ ਮੁਤਾਬਕ ਪਨਾਮਾ ਵਿੱਚ ਰਜਿਸਟਰਡ ਤੇਲ ਟੈਂਕਰ ਵਿੱਚ 136000 ਟਨ ਤੇਲ ਸੀ ਅਤੇ ਇਸ ਦੀ ਕੱਲ੍ਹ ਸ਼ਾਮ ਅੱਠ ਵਜੇ ਹਾਂਗਕਾਂਗ ਰਜਿਸਟਰਡ ਮਾਲ ਵਾਹਕ ਜਹਾਜ਼ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ ਨੂੰ ਅੱਗ ਪੈ ਗਈ। ਹਾਦਸੇ ਬਾਅਦ ਇਸ ਦੇ ਅਮਲੇ ਦੇ 30 ਇਰਾਨੀ ਅਤੇ ਦੋ ਬੰਗਲਾਦੇਸ਼ੀ ਮੈਂਬਰ ਲਾਪਤਾ ਹਨ।
ਇਹ ਹਾਦਸਾ ਸ਼ੰਘਾਈ ਦੇ ਪੂਰਬ ਵੱਲ 160 ਨੌਟੀਕਲ ਮੀਲ ਦੂਰ ਵਾਪਰਿਆ। ਮਾਲ ਢੋਹਣ ਵਾਲੇ ਜਹਾਜ਼ ਦੇ ਸਾਰੇ 21 ਚੀਨੀ ਕ੍ਰਿਊ ਮੈਂਬਰ ਬਚਾ ਲਏ ਹਨ। ਇਰਾਨੀ ਸ਼ਿੱਪਿੰਗ ਕੰਪਨੀ ਦਾ 274 ਮੀਟਰ ਲੰਬਾ ਤੇਲ ਟੈਂਕਰ ‘ਸਾਂਚੀ’ ਦੱਖਣੀ ਕੋਰੀਆ ਵੱਲ ਜਾ ਰਿਹਾ ਸੀ। ਸਿਨਹੂਆ ਖ਼ਬਰ ਏਜੰਸੀ ਨੇ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਟੱਕਰ ਬਾਅਦ ਉਸ ਨੂੰ ਅੱਗ ਲੱਗ ਗਈ, ਜੋ ਅਜੇ ਵੀ ਬਲ ਰਹੀ ਸੀ। ਤੇਲ ਸਮੁੰਦਰ ਵਿੱਚ ਫੈਲ ਗਿਆ ਹੈ ਪਰ ਤੇਲ ਫੈਲਣ ਵਾਲੇ ਇਲਾਕੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਮੰਤਰਾਲੇ ਦੇ ਬਿਆਨ ਮੁਤਾਬਕ ‘ਸਾਂਚੀ ਅਜੇ ਵੀ ਤੈਰ ਰਿਹਾ ਹੈ ਪਰ ਉਸ ਨੂੰ ਅੱਗ ਲੱਗੀ ਹੋਈ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।’ ਇਸ ਹਾਦਸੇ ਕਾਰਨ 64 ਹਜ਼ਾਰ ਟਨ ਅਨਾਜ ਲਿਜਾ ਰਹੇ ਸੀਐਫ ਕ੍ਰਿਸਟਲ ਜਹਾਜ਼ ਨੂੰ ਵੀ ਥੋੜ੍ਹਾ ਨੁਕਸਾਨ ਹੋਇਆ ਹੈ। ਚੀਨ ਨੇ ਤਲਾਸ਼ ਤੇ ਬਚਾਅ ਅਪਰੇਸ਼ਨ ਲਈ ਅੱਠ ਜਹਾਜ਼ ਅਤੇ ਦੱਖਣੀ ਕੋਰੀਆ ਨੇ ਮਦਦ ਵਾਸਤੇ ਇਕ ਹਵਾਈ ਜਹਾਜ਼ ਤੇ ਤਿੰਨ ਹਜ਼ਾਰ ਟਨ ਵਜ਼ਨੀ ਤੱਟ ਰੱਖਿਅਕ ਜਹਾਜ਼ ਭੇਜਿਆ ਹੈ।