ਝੂਠਾ ਪੁਲਿਸ ਮੁਕਾਬਲਾ : 26 ਸਾਲ ਬਾਅਦ ਸ਼ੁਰੂ ਹੋ ਰਹੀ ਹੈ ਸੁਣਵਾਈ

ਝੂਠਾ ਪੁਲਿਸ ਮੁਕਾਬਲਾ : 26 ਸਾਲ ਬਾਅਦ ਸ਼ੁਰੂ ਹੋ ਰਹੀ ਹੈ ਸੁਣਵਾਈ

ਤਰਨ ਤਾਰਨ/ਬਿਊਰੋ ਨਿਊਜ਼ :
ਖਾੜਕੂਵਾਦ ਸਮੇਂ ਸਾਲ 1992 ‘ਚ ਤਰਨ ਤਾਰਨ ਦੇ ਥਾਣਾ ਸਰਹਾਲੀ ਦੀ ਪੁਲਿਸ ਖਿਲਾਫ ਝੂਠੇ ਪੁਲਿਸ ਮੁਕਾਬਲੇ ਦਾ ਕੇਸ ਸ਼ੁਰੂ ਹੋ ਗਿਆ ਹੈ। ਦੋਸ਼ ਹੈ ਕਿ ਪੁਲਿਸ ਨੇ ਘਨੂੰਪੁਰ ਤੋਂ ਸਰਕਾਰੀ ਅਧਿਆਪਕ ਅਤੇ ਉਸ ਦੇ ਸਹੁਰੇ ਸੁਤੰਤਰਤਾ ਸੰਗਰਾਮੀ ਨੂੰ ਚੁੱਕ ਕੇ ਮਾਰਨ ਤੋਂ ਬਾਅਦ ਲਾਸ਼ਾਂ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਮਾਮਲੇ ‘ਚ ਸੀਬੀਆਈ. ਦੀ ਮੋਹਾਲੀ ਅਦਾਲਤ ‘ਚ ਉਸ ਸਮੇਂ ਦੇ ਥਾਣਾ ਸਰਹਾਲੀ ਦੇ ਐੱਸਐੱਚਓ. ਸੁਰਿੰਦਰਪਾਲ ਸਿੰਘ ਤੇ ਹੋਰਨਾਂ ਖ਼ਿਲਾਫ਼ ਦਰਜ ਕੀਤੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਬਜ਼ੁਰਗ ਅਵਸਥਾ ‘ਚ ਆ ਚੁੱਕੀ ਸੁਖਵੰਤ ਕੌਰ ਨਾਂਅ ਦੀ ਔਰਤ ਨੂੰ ਆਪਣੇ ਪਤੀ ਤੇ ਪਿਤਾ ਦੀ ਪੁਲਿਸ ਤਸ਼ੱਦਦ ਕਾਰਨ ਹੋਈ ਮੌਤ ਦੇ ਮਾਮਲੇ ‘ਚ 26 ਸਾਲ ਬਾਅਦ ਇਨਸਾਫ਼ ਦੀ ਆਸ ਬੱਝੀ ਹੈ।
ਖਾੜਕੂਵਾਦ ਦੇ ਕਾਲੇ ਦੌਰ ਦੌਰਾਨ ਸੁਖਵੰਤ ਕੌਰ ਆਪਣੇ ਪਤੀ, ਪਿਤਾ ਤੋਂ ਇਲਾਵਾ ਆਪਣੇ ਇਕ ਪੁੱਤਰ ਨੂੰ ਵੀ ਗਵਾ ਚੁੱਕੀ ਹੈ, ਜਿਸ ਨੂੰ ਪੁਲਿਸ ਵਲੋਂ ਮੁਕਾਬਲੇ ‘ਚ ਮਾਰ ਕੇ ਉਸ ਨੂੰ ਲਾਵਾਰਸ ਕਰਾਰ ਦਿੰਦਿਆਂ ਸਸਕਾਰ ਕਰ ਦਿੱਤਾ ਸੀ। ਸਰਕਾਰੀ ਅਧਿਆਪਕਾ ਵਜੋਂ ਸੇਵਾ-ਮੁਕਤ ਹੋਈ ਸੁਖਵੰਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਸਰੀਰ ਦੇ ਨਾਲ-ਨਾਲ ਉਸ ਦੀਆਂ ਅੱਖਾਂ ਵੀ ਬੁੱਢੀਆਂ ਹੋ ਚੁੱਕੀਆਂ ਹਨ ਪਰ ਉਸ ਦਾ ਦ੍ਰਿੜ੍ਹ ਨਿਸ਼ਚਾ ਉਸ ਦੇ ਜਿਉਂਦੇ ਜੀਅ ਆਪਣੇ ਬੇਕਸੂਰ ਪਤੀ ਤੇ ਪਿਤਾ ਦੇ ਕਾਤਲ ਨੂੰ ਸਜ਼ਾ ਹੋਈ ਦੇਖਣਾ ਚਾਹੁੰਦਾ ਹੈ। ਸੁਖਵੰਤ ਕੌਰ ਦਾ ਕਹਿਣਾ ਹੈ ਕਿ ਉਸ ਨੇ ਲੰਬਾ ਸਮਾਂ ਇਨਸਾਫ਼ ਲਈ ਇੰਤਜ਼ਾਰ ਕੀਤਾ ਹੈ। ਭਾਵੇਂ ਇਨਸਾਫ਼ ਲੈਣ ਲਈ ਉਸ ਨੂੰ 26 ਸਾਲ ਦਾ ਵੱਡਾ ਸਫ਼ਰ ਤੈਅ ਕਰਨਾ ਪਿਆ ਪਰ ਉਸ ਨੂੰ ਆਸ ਹੈ ਕਿ ਇਕ ਨਾ ਇਕ ਦਿਨ ਉਸ ਨੂੰ ਇਨਸਾਫ਼ ਜ਼ਰੂਰ ਮਿਲੇਗਾ ਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।