ਜਥੇਦਾਰ ਬ੍ਰਹਮਪੁਰਾ ਬਾਦਲ ਦਲ ਵਿਚ ਸ਼ਾਮਲ , ਮੀਤ ਸਰਪ੍ਰਸਤ ਵਜੋਂ ਕੀਤੀ ਨਿਯੁਕਤੀ

ਜਥੇਦਾਰ ਬ੍ਰਹਮਪੁਰਾ ਬਾਦਲ ਦਲ ਵਿਚ ਸ਼ਾਮਲ  , ਮੀਤ ਸਰਪ੍ਰਸਤ ਵਜੋਂ ਕੀਤੀ ਨਿਯੁਕਤੀ

ਬ੍ਰਹਮਪੁਰਾ ਦਾ ਫ਼ੈਸਲਾ ਸੁਖਦੇਵ ਸਿੰਘ ਢੀਂਡਸਾ ਲਈ ਵੱਡਾ ਝਟਕਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਤੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਸਾਥੀਆਂ ਸਣੇ ਮੁੜ ਤੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਕਬੂਲਦਿਆਂ ਅਕਾਲੀ ਦਲ ਚ ਸ਼ਾਮਲ ਹੋ ਗਏ ਹਨ। ਜਥੇਦਾਰ ਬ੍ਰਹਮਪੁਰਾ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਅਕਾਲੀ ਦਲ ਦਾ ਮੀਤ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਸੰਯੁਕਤ ਅਕਾਲੀ ਦਲ ਦੇ ਹੋਰ ਆਗੂ ਜੋ ਮੁੜ ਪਾਰਟੀ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਚ ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਦਲ ਦੇ ਮੀਤ ਪ੍ਰਧਾਨ, ਕਰਨੈਲ ਸਿੰਘ ਪੀਰਮੁਹੰਮਦ ਨੂੰ ਜਨਰਲ ਸਕੱਤਰ ਅਤੇ ਬੁਲਾਰਾ, ਜਥੇਦਾਰ ਮਨਮੋਹਨ ਸਿੰਘ ਸਠਿਆਲਾ ਨੂੰ ਜਨਰਲ ਸਕੱਤਰ, ਗੋਪਾਲ ਸਿੰਘ ਜਾਨੀਆਂ ਨੂੰ ਜਥੇਬੰਦਕ ਸਕੱਤਰ, ਗੁਰਪੀਤ ਸਿੰਘ ਕਲਕੱਤਾ ਨੂੰ ਜੁਆਇੰਟ ਸਕੱਤਰ ਅਤੇ ਜਗਰੂਪ ਸਿੰਘ ਚੀਮਾ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਉਹ ਉਸੇ ਤਰੀਕੇ ਆਪਣੀ ਮਾਂ ਪਾਰਟੀ ਤੋਂ ਕੁਝ ਸਮੇਂ ਲਈ ਛੁੱਟੀ ਤੇ ਗਏ ਸਨ ਜਿਵੇਂ ਫ਼ੌਜੀ ਜਾਂਦੇ ਹਨ ਤੇ ਫਿਰ ਕੁਝ ਸਮੇਂ ਬਾਅਦ ਵਾਪਸ ਆਪਣੀ ਬਟਾਲੀਅਨ ਵਿੱਚ ਪਰਤ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਥ ਤੇ ਪੰਜਾਬ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਪਾਰਟੀ ਨੁੰ ਮਜ਼ਬੂਤ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਹਾਲਾਂਕਿ ਕਿ ਜਦੋਂ ਉਹਨਾਂ ਨੇ ਬਾਦਲ ਦਲ ਛਡਿਆ ਸੀ ਤਾਂ ਕਿਹਾ ਸੀ ਕਿ ਉਹਨਾਂ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਕਰਕੇ ਛਡਿਆ ਹੈ।ਉਹਨਾਂ ਨੇ ਆਪਣੇ ਸਾਥੀਆਂ ਸਮੇਤ ਅਕਾਲ ਤਖਤ ਸਾਹਿਬ ਅਗੇ ਅਰਦਾਸ ਕੀਤੀ ਸੀ ਕਿ ਉਹ ਬਾਦਲ ਦਲ ਵਿਚ ਮੁੜ ਸ਼ਾਮਲ ਨਹੀਂ ਹੋਣਗੇ।ਅਸਲ ਵਿਚ ਉਹਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਦੀ ਉਭਰਦੀ ਤਾਕਤ ਕਾਰਣ ਬਾਦਲ ਦਲ ਛਡਿਆ ਸੀ ,ਤੇ ਉਹਨਾਂ ਦੀ ਬਾਦਲ ਦਲ ਵਿਚ ਪੁਛ ਪ੍ਰਤੀਤ ਘਟ ਗਈ ਸੀ।ਕਈ ਵਾਰ ਸੁਖਬੀਰ ਸਿੰਘ ਬਾਦਲ ਨਾਲ ਵੀ ਖਟਪਟ ਹੋਈ ਸੀ।

ਬ੍ਰਹਮਪੁਰਾ ਮੇਰੇ ਲਈ ਪਿਤਾ ਸਮਾਨ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਉਨ੍ਹਾਂ ਲਈ ਪਿਤਾ ਸਮਾਨ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੰਥ ਅਤੇ ਪੰਜਾਬ ਤੇ ਕੇਂਦਰ ਸਰਕਾਰ, ਪੰਜਾਬ ਤੇ ਦਿੱਲੀ ਸਰਕਾਰ ਸਮੇਤ ਤਿੰਨ ਸਰਕਾਰਾਂ ਵੱਲੋਂ ਬੋਲੇ ਹੱਲੇ ਦੇ ਮੱਦੇਨਜ਼ਰ ਸਾਰੀਆਂ ਪੰਥਕ ਧਿਰਾਂ ਦੀ ਇੱਕਜੁੱਟਤਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਪ੍ਰਤੀਨਿਧ ਪਾਰਟੀ ਹੈ ਜੋ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਚੱਲਦੀ ਹੈ। ਉਨ੍ਹਾਂ ਸਭ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਤਾਂ ਜੋ ਪੰਥ ਦੀ ਸਰਕਾਰਬਣ ਸਕੇ।

ਢੀਂਡਸਾ ਨੂੰ ਵੱਡਾ ਝਟਕਾ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਫ਼ੈਸਲਾ ਸੁਖਦੇਵ ਸਿੰਘ ਢੀਂਡਸਾ ਲਈ ਵੱਡਾ ਝਟਕਾ ਹੈ। ਇਸ ਨਾਲ ਸ੍ਰੀ ਢੀਂਡਸਾ ਵੱਲੋਂ ਬਾਦਲਾਂ ਖ਼ਿਲਾਫ਼ ਇੱਕ ਵੱਡਾ ਪੰਥਕ ਸਿਆਸੀ ਮੁਹਾਜ਼ ਖੜ੍ਹਾ ਕਰਨ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਧੱਕਾ ਲੱਗਾ ਹੈ।  ਢੀਂਡਸਾ ਦੀ ਪਾਰਟੀ ਦੇ ਕਈ ਹੋਰ ਵੱਡੇ ਲੀਡਰ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।