ਨਵੰਬਰ 1984 ਦਾ ਸਿੱਖ ਕਤਲੇਆਮ ‘ਸਿੱਟ’ ਨੇ ਹਾਲਾਂ ਤੀਕ ਕੰਮ ਹੀ ਸ਼ੁਰੂ ਨਹੀਂ ਕੀਤਾ

ਨਵੰਬਰ 1984 ਦਾ ਸਿੱਖ ਕਤਲੇਆਮ ‘ਸਿੱਟ’ ਨੇ ਹਾਲਾਂ ਤੀਕ ਕੰਮ ਹੀ ਸ਼ੁਰੂ ਨਹੀਂ ਕੀਤਾ

ਨਵੀਂ ਦਿੱਲੀ/ਬਿਊਰੋ ਨਿਊਜ਼ :

ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਮਾਮਲਿਆਂ ‘ਤੇ ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਤੇ ਪਟਿਆਲਾ ਹਾਊਸ ਅਦਾਲਤ ਵਿਖੇ ਸੁਣਵਾਈਆਂ ਹੋਈਆਂ। ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੂੰ ਪਟੀਸ਼ਨਰ ਦੇ ਵਕੀਲ ਨੇ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੇ ਜਨਵਰੀ ਮਹੀਨੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕਤਲੇਆਮ ਨਾਲ ਸਬੰਧਤ ਬੰਦ ਕੀਤੇ 186 ਮਾਮਲਿਆਂ ਦੀ ਜਾਂਚ ਪੂਰੀ ਨਹੀਂ ਕੀਤੀ ਗਈ ਤੇ ਹਾਲੇ ਟੀਮ ਦੇ ਤੀਜੇ ਮੈਂਬਰ ਦੀ ਨਿਯੁਕਤੀ ਹੋਣੀ ਵੀ ਬਾਕੀ ਹੈ। ਗ਼ੌਰਤਲਬ ਹੈ ਕਿ ਸਿੱਟ ਨੇ 8 ਅਗਸਤ ਨੂੰ ਪਹਿਲੀ ਰਿਪੋਰਟ ਦੇਣੀ ਹੈ ਪਰ ਅਜੇ ਇਸ ਵੱਲੋਂ ਕੰਮ ਵੀ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤਾ ਗਿਆ। ਪਟੀਸ਼ਨਰ ਦੇ ਵਕੀਲ ਮੁਤਾਬਕ ਤਿੰਨ ਮੈਂਬਰੀ ਜਾਂਚ ਟੀਮ ਵਿੱਚ ਤੀਜਾ ਮੈਂਬਰ ਸ਼ਾਮਲ ਹੀ ਨਹੀਂ ਕੀਤਾ ਗਿਆ। ਜਸਟਿਸ (ਰਿਟਾ.) ਐਸ.ਐਨ. ਢੀਂਗਰਾ ਦੀ ਅਗਵਾਈ ਵਾਲੀ ਸਿੱਟ ਵਿਚ ਸਾਬਕਾ ਆਈਪੀਐਸ ਅਧਿਕਾਰੀਆਂ ਰਾਜਦੀਪ ਸਿੰਘ ਅਤੇ ਅਭਿਸ਼ੇਕ ਦੱਤ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਸੀ ਪਰ ਰਾਜਦੀਪ ਸਿੰਘ ਨੇ ਇਸ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਸੀ।
ਦਿੱਲੀ ਹਾਈ ਕੋਰਟ ਵਿਚ ਨਵੰਬਰ 1984 ਦੇ ਪੀੜਤਾਂ ਨਿਰਪ੍ਰੀਤ ਕੌਰ ਤੇ ਜਗਸ਼ੇਰ ਸਿੰੰਘ ਦੀ ਅਪੀਲ ਉਪਰ ਐਕਟਿੰਗ ਚੀਫ਼ ਜਸਟਿਸ ਗੀਤਾ ਮਿੱਤਲ ਦੀ ਅਦਾਲਤ ਵਿੱਚ ਸੁਣਵਾਈ ਜਾਰੀ ਰਹੀ। ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਦੋਸ਼ਾਂ ਤੋਂ ਬਰੀ ਕੀਤੇ ਜਾਣ ਨੂੰ ਦਿੰਤੀ ਚੁਣੌਤੀ ਦੇ ਮੱਦੇਨਜ਼ਰ ਸੱਜਣ ਕੁਮਾਰ ਤੇ ਸਾਥੀਆਂ ਵੱਲੋਂ ਵਕੀਲ ਅਮਿਤ ਸਿੱਬਲ ਪੇਸ਼ ਹੋਏ ਤੇ ਬਹਿਸ ਕੀਤੀ।
ਪਟਿਆਲਾ ਹਾਊਸ ਅਦਾਲਤ ਵਿਚ ਸੁਲਤਾਨਪੁਰੀ ਕਤਲ ਮਾਮਲੇ ਵਿਚ ਸ਼ੀਲਾ ਕੌਰ ਵੱਲੋਂ ਦਿੱਤੀ ਹੋਈ ਗਵਾਹੀ ‘ਤੇ ਬਚਾਓ ਧਿਰ ਦੇ ਵਕੀਲਾਂ ਨੇ ਬਹਿਸ ਕੀਤੀ। ਸ਼ੀਲਾ ਕੌਰ ਦੀ ਗਵਾਹੀ ਬਾਰੇ 7 ਅਗਸਤ ਨੂੰ ਬਹਿਸ ਕੀਤੀ ਜਾਵੇਗੀ।
ਇਸੇ ਦੌਰਾਨ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਨਾਮਜ਼ਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਦਿੱਲੀ ਹਾਈ ਕੋਰਟ ਵਿਚੋਂ ਉਹ ਪਟੀਸ਼ਨ ਵਾਪਸ ਲੈ ਲਈ ਹੈ, ਜਿਸ ਵਿਚ ਉਸ ਨੇ ਖ਼ੁਦ ਨੂੰ ਹੇਠਲੀ ਅਦਾਲਤ ਵੱਲੋਂ ਜਾਰੀ ਹੋਏ ਸੰਮਨਾਂ ਨੂੰ ਚੁਣੌਤੀ ਦਿੱਤੀ ਸੀ। ਇਹ ਸੰਮਨ ਉੱਘੇ ਵਕੀਲ ਐਚ.ਐਸ. ਫੂਲਕਾ ਵੱਲੋਂ ਟਾਈਟਲਰ ਖ਼ਿਲਾਫ਼ ਪਾਏ ਗਏ ਮਾਣਹਾਨੀ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਜਾਰੀ ਕੀਤੇ ਸਨ। ਸ੍ਰੀ ਫੂਲਕਾ ਨੇ ਦੱਸਿਆ ਕਿ ਹੁਣ ਇਸ ਮਾਮਲੇ ਦੀ 17, 18 ਤੇ 19 ਜੁਲਾਈ ਨੂੰ ਮੈਜਿਸਟਰੇਟ ਦੀ ਅਦਾਲਤ ਅੱਗੇ ਲਗਾਤਾਰ ਸੁਣਵਾਈ ਸ਼ੁਰੂ ਹੋਵੇਗੀ। ਜਸਟਿਸ ਆਰ.ਕੇ. ਗਾਉਬਾ ਨੇ ਟਾਈਟਲਰ ਦੇ ਵਕੀਲ ਦੀ ਅਪੀਲ ‘ਤੇ ਉਸ ਨੂੰ ਪਟੀਸ਼ਨ ਵਾਪਸ ਲੈਣ ਦੀ ਆਗਿਆ ਦੇ ਦਿੱਤੀ, ਕਿਉਂਕਿ ਟਾਈਟਲਰ ਨੇ ਟਰਾਇਲ ਅਦਾਲਤ ਵਿਚ ਕਾਨੂੰਨੀ ਲੜਾਈ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ।