ਝੱਲਾ ਮੁੜਕੇ ਹੀ ਨੀ ਆਇਆ (ਹੱਡਬੀਤੀ)

ਝੱਲਾ ਮੁੜਕੇ ਹੀ ਨੀ ਆਇਆ (ਹੱਡਬੀਤੀ)

ਝੱਲਾ ਮੁੜਕੇ ਹੀ ਨੀ ਆਇਆ

ਝੱਲਾ ਮੁੜਕੇ ਹੀ ਨੀ ਆਇਆ" ਜਦੋਂ ਆਖ਼ਰੀ ਵਾਰ ਮਿਲਣ ਦੀ ਇੱਛਾ ਲੈ ਕੇ ਵਿਦਾ ਹੋ ਰਹੀ ਬੇਬੇ ਨੇ ਇਹ ਬੋਲ ਆਖੇ ਹੋਣਗੇ ਤਾਂ ਇਕ ਵਾਰ ਦਿਲ ਚ ਤਾਂ ਰੱਬ ਦੇ ਵੀ ਜ਼ਰੂਰ ਜਵਾਰ-ਭਾਟਾ ਉੱਠਿਆ ਹੋਣਾ, ਮਨ ਹੀ ਮਨ ਸੋਚ ਉਸਦਾ ਗੱਚ ਭਰ ਆਇਆ. "ਵੀਰੇ ਆਖ਼ਰੀ ਵਾਰ ਕਦੋਂ ਮਿਲਿਆ ਸੀ ਬੇਬੇ ਨੂੰ" ਜਦੋਂ ਇਹ ਉਸਦੇ ਦੋਸਤ ਨਾਲ ਦੁੱਖ ਵੰਡਾਉਣ ਆਏ ਮੁੰਡੇ ਨੇ ਆਖੇ ਤਾਂ ਉਸਦੇ ਅੱਖਾਂ ਪਿੱਛੇ ਹੰਝੂ ਰੋਕਣ ਲਈ ਬਣਾਇਆ ਸਬਰ ਦਾ ਬੰਨ ਸੁਨਾਮੀ ਲਹਿਰ ਦੇ ਆਉਣ ਵਾਂਗ ਟੁੱਟ ਗਿਆ ਤੇ ਉਸਨੂੰ ਲੱਗਿਆ ਜਿਵੇ ਅੱਜ ਇਹ ਹੰਝੂਆਂ ਦਾ ਲਾਵਾ ਸਭ ਕੁਝ ਤਬਾਹ ਕਰ ਦੇਵੇਗਾ. ਫਿਰ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਹੰਝੂਆਂ ਦੇ ਦਰਿਆ ਚ ਯਾਦਾਂ ਦੀ ਕਿਸ਼ਤੀ ਤੇ ਵਕਤ ਦੇ ਚੱਪੂ ਲੈ ਆਪਣੇ ਅਤੀਤ ਚ ਪਹੁੰਚ ਗਿਆ. ਜਦੋਂ ਉਹ ਕਾਲਜ ਤੋ ਡਿਗਰੀ ਲੈ ਕੇ ਨਿਕਲਿਆ ਤਾ ਤੋਪ ਵਰਗਾ ਬਾਪੂ, ਬੈਂਕ ਵਰਗੀ ਮਾਂ, ਭਰਾ ਭਰਜਾਈ ਅਤੇ ਦੋਵੇਂ ਵੱਡੀਆਂ ਭੈਣਾਂ ਸਮੇਤ ਆਪਣੇ ਬੱਚਿਆਂ ਘਰ ਉਡੀਕਦੇ ਮਿਲੇ ਕਿਉਂਕਿ ਉਹ ਆਪਣੇ ਭੈਣ ਭਰਾਵਾ ਚ ਸਭ ਤੋ ਛੋਟਾ ਹੋਣ ਕਰਕੇ ਅਜੇ ਵੀ ਦਸ ਬਾਰਾਂ ਸਾਲਾਂ ਦਾ ਪਿਆਰਾ ਬੱਚੇ ਵਾਂਗ ਹੀ ਸੀ ਉਹਨਾਂ ਲਈ ਤਾ ਹੀ ਤਾਂ ਬੇਬੇ ਤੇ ਭਰਜਾਈ ਉਹਦੇ ਪਾਉਣ ਲਈ ਹਰ ਵੇਲੇ ਸੂਟ ਪ੍ਰੈੱਸ ਕਰਕੇ ਤਿਆਰ ਰੱਖਦੀਆਂ ਸਨ. ਫਿਰ ਕਹਿਣ ਨੂੰ ਤਾ ਸ਼ਿਵਲ ਇੰਜੀਨੀਅਰ ਲੱਗਿਆ ਸੀ ਤੇ ਵਿਆਹ ਲਈ ਕੁੜੀ ਵੀ ਸਰਕਾਰੀ ਮਾਸਟਰਨੀ ਮਿਲਦੀ ਸੀ ਪਰ ਤਨਖਾਹ ਦੇ ਨਾਮ ਤੇ ਛੇ ਹਜ਼ਾਰ ਰੁਪਏ ਅਤੇ ਇਕ ਤੋ ਬਾਦ ਦੂਜੇ ਦੋਸਤ ਦੀ ਬਾਹਰ ਦੀ ਉਡਾਰੀ ਨੇ ਉਸਨੂੰ ਵੀ ਪ੍ਰਦੇਸ਼ ਦੀ ਉਡਾਰੀ ਮਾਰਨ ਲਈ ਸੋਚਣ ਲਾ ਦਿੱਤਾ. ਬੱਸ ਇਸੇ ਤੜਫਣਾ ਦਾ ਫ਼ਾਇਦਾ ਉਠਾ ਇਕ ਏਜੰਟ ਨੇ ਸੰਨ 2000 ਵਿੱਚ ਕੈਨੇਡਾ ਭੇਜਣ ਦੇ ਪੈਸੇ ਲੈ ਕੇ ਪਰ ਪਹੁੰਚਾ ਇੰਗਲੈਂਡ ਦਿੱਤਾ ਉਹ ਵੀ ਕਿਸੇ ਕੁੜੀ ਨਾਲ ਜਾਅਲੀ ਵਿਆਹ ਦਿਖਾਕੇ. ਸਭ ਤੋ ਪਹਿਲਾਂ ਕੰਮ ਉਸਨੂੰ ਉਸਦੇ ਪਿੰਡ ਕੋਲ ਦੇ ਮੁੰਡੇ ਨਾਲ ਮਿਲਿਆ ਜਿਹੜਾ ਕਿ ਮਿਸਤਰੀ ਸੀ ਪਰ ਇਹ ਕੰਮ ਮਹੀਨਾ ਕੁ ਹੀ ਚੱਲਿਆ ਕਿਉਂਕਿ ਉਹ ਸਿਵਲ ਇੰਜੀਨੀਅਰ ਹੋਣ ਕਰਕੇ ਮਿਣਤੀ ਫ਼ੀਤੇ ਨਾਲ ਕਰਨੀ ਜਾਣਦਾ ਸੀ ਤੇ ਉਹ ਮੁੰਡਾ ਗਿੱਠਾਂ ਪਾ ਕੇ. ਬੱਸ ਉੱਥੋਂ ਸ਼ੁਰੂ ਹੋਇਆ ਵਾ-ਵਰੋਲ਼ੇ ਚ ਫਸੇ ਪੱਤਿਆਂ ਵਾਂਗ ਸਫਰ ਤੇ ਸਭ ਤੋ ਪਹਿਲਾਂ ਇਕ ਪੰਜਾਬੀ ਮਾਂ ਬਾਪ ਵੱਲੋਂ ਪੌਂਡ ਲੈ ਕੇ ਆਪਣੀ ਕੁੜੀ ਨਾਲ ਪੇਪਰ ਮੈਰਿਜ ਦਾ ਵਾਅਦਾ ਪਰ ਅੰਬੈਸੀ ਪੇਪਰ ਲੱਗਣ ਤੋ ਪਹਿਲਾਂ ਹੀ ਕੁੜੀ ਕਿਸੇ ਪਾਕਿਸਤਾਨੀ ਨਾਲ ਭੱਜ ਗਈ, ਰਫ਼ਿਊਜੀ ਵੀਜ਼ਾ, ਦੋ ਗੋਰੀਆਂ ਵੱਲੋਂ ਵਿਆਹ ਲਈ ਹਾਂ ਪਰ ਉਸਦੇ ਵੱਲੋਂ ਬਾਬੇ ਨਾਨਕ ਦੇ ਦੁਆਰੇ ਲਾਵਾਂ ਲੈ ਕੇ ਕਦੇ ਨਾਂ ਛੱਡਣ ਦੇ ਫੈਸਲੇ ਤੋ ਦੋਵੇਂ ਗੋਰੀਆਂ ਕਿਨਾਰਾ ਕਰ ਗਈਆਂ, ਇਕ ਸਾਲ ਦੁਕਾਨ ਤੇ ਬਾਰਾਂ ਬਾਰਾਂ ਘੰਟੇ ਕੰਮ ਕੀਤਾ ਬਿਨਾ ਕਿਸੇ ਦਿਨ ਛੁੱਟੀ ਤੋ  ਉਹ ਵੀ ਸਿਰਫ ਸੌ ਪੌਂਡ ਹਫ਼ਤਾ ਤੇ ਕਿਉਂਕਿ ਉਸਨੂੰ ਪੱਕਾ ਕਰਾਉਣ ਦੀਆ ਹੋਮਿਓਪੈਥੀ ਵਰਗੀਆਂ ਗੋਲੀਆਂ ਜੋ ਦਿੰਦੇ ਰਹਿੰਦੇ ਸੀ. ਇਹ ਰੁੱਤਾਂ ਵਰਗਾ ਅਟੁੱਟ ਚੱਕਰ ਤੇ ਜੋ ਉਹ ਕਮਾਉਂਦਾ ਖੂਹ ਦੀ ਮਿੱਟੀ ਖੂਹ ਵਾਂਗ ਆਲੇ ਦੁਆਲੇ ਮੰਡਰਾਉਦੀਆਂ ਗਿਰਝਾਂ ਵਰਗੇ ਲੋਕ ਨੋਚ ਕੇ ਲੈ ਜਾਂਦੇ ਤੇ ਜੇ ਕੁਝ ਬੱਚਦਾ ਉਹ ਪਿੱਛੇ ਭੇਜ ਦਿੰਦਾ. ਫਿਰ ਦੇਖਦੇ ਹੀ ਦੇਖਦੇ ਪਤਾ ਹੀ ਨਹੀਂ ਲੱਗਿਆ ਕਦੋ ਅੱਠ ਸਾਲ ਨਿਕਲ ਗਏ ਤੇ ਭਾਣਜੇ ਭਾਣਜੀਆਂ ਵੀ ਆਪਣੀਆਂ ਮਾਂਵਾਂ ਕੋਲ਼ੋਂ ਉਸਦੀਆਂ ਕਹਾਣੀਆਂ ਸੁਣਦੇ ਬਿਲਕੁਲ ਏਦਾਂ ਮੂੰਹ ਬਣਾਉਂਦੇ ਜਿਵੇ ਕਿਸੇ ਪਰੀਆਂ ਦੀ ਕਹਾਣੀ ਸੁਣ ਰਹੇ ਹੋਣ ਤੇ ਕਦੇ ਨਾਂ ਥੱਕਣ ਆਲੇ ਬੇਬੇ ਬਾਪੂ ਵੀ ਉਡੀਕਦੇ ਉਡੀਕਦੇ ਮੰਜੇ ਮੱਲ ਕੇ ਬੈਠ ਗਏ ਸਨ. ਬਜ਼ੁਰਗ ਕਹਿਦੇ ਹੁੰਦੇ ਕਿ ਜੇ ਨੀਅਤ ਸਿੱਧੀ ਹੋਵੇ ਤਾ ਰੱਬ ਵੀ ਨੇੜਿਓ ਹੋ ਕੇ ਸੁਣਦਾ ਤੇ ਉਸਦੀ  ਵੀ ਸੁਣੀ ਗਈ ਜਦੋਂ ਉਸਦੀ ਰੂਹ ਦੀ ਸਾਥਣ ਨੇ 2007 ਵਿੱਚ ਉਸ ਨਾਲ ਉਸਦੀ ਫੋਟੋ ਤੇ ਹੀ ਵਿਆਹ ਕਰਵਾਉਣ ਲਈ ਹਾਮੀ ਭਰ ਦਿੱਤੀ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਕੀਤੇ ਬਿਨਾ ਅਤੇ ਉਸਦੇ ਇੰਗਲੈਂਡ ਆਲੇ ਦੋਸਤ ਨੇ ਇਕ ਵਾਰੀ ਟੂਰਿਸਟ ਵੀਜ਼ੇ ਬੇਬੇ ਬਾਪੂ ਨੂੰ ਕੁਝ ਦਿਨਾਂ ਲਈ ਇੰਗਲੈਂਡ ਉਸ ਕੋਲ ਬੁਲਾ ਲਿਆ ਤੇ ਬੱਸ ਉਦੋ ਹੀ ਉਹ ਬੇਬੇ ਨੂੰ ਘੁੱਟ ਕੇ ਆਖ਼ਰੀ ਜੱਫੀ ਪਾ ਸਕਿਆ ਅਤੇ ਉਦੋ ਹੀ ਬੇਬੇ ਕਹਿ ਗਈ ਸੀ ਬਈ ਮੇਰੇ ਪੋਤੇ ਦਾ ਨਾਮ ....ਰੱਖਿਓ ਬੱਸ ਦੇਖਣ ਦੀ ਇੱਛਾ ਤਾ ਉਹ ਦਿਲ ਚ ਲੈ ਕੇ ਚਲੀ ਗਈ. ਉਸਦੀ ਬਰਾਤ ਤਾ ਚੜੀ ਪਰ ਉਸਦੀ ਫੋਟੋ ਨਾਲ ਤੇ ਉਦੋਂ ਜਿਹੜੀ ਪੀੜ ਉਸਨੇ ਆਪਣੇ ਪਿੰਡੇ ਤੇ ਹੰਢਾਈ ਉਹ ਜ਼ਖ਼ਮ ਭਾਵੇ ਭਰ  ਗਿਆ ਉਸਦੀ ਸਾਥਣ ਦਾ ਵਲੈਤ ਉਸ ਕੋਲ ਟੂਰਿਸਟ ਵੀਜ਼ੇ ਤੇ ਪਹੁੰਚਣ ਨਾਲ ਪਰ  ਰੂਹ ਤੇ ਬਣਿਆ ਨਿਸ਼ਾਨ ਕਦੇ ਵੀ ਨਹੀਂ ਗਿਆ, ਸ਼ਾਇਦ ਤਾਂ ਹੀ ਇੰਗਲੈਂਡ ਚ ਬਿਨਾਂ ਪੇਪਰਾਂ ਵਾਲਿਆਂ ਨੂੰ "ਫ਼ੌਜੀ" ਕਹਿੰਦੇ ਹਨ ਕਿਉਂਕਿ ਪੁਰਾਣੇ ਜ਼ਮਾਨੇ ਚ ਲੜਾਈਆਂ ਚ ਫ਼ੌਜੀਆਂ ਦਾ ਵੀ ਕਿਹੜਾ ਕੋਈ ਥੌਹ ਪਤਾ ਹੁੰਦਾ ਸੀ ਤੇ ਕਈ ਤਾ ਆਪਣੇ ਵਿਆਹ ਤੇ ਵੀ ਨਹੀਂ ਸੀ ਪਹੁੰਚਦੇ ਹੁੰਦੇ ਤਾਂ ਫਿਰ ਵਿਆਹ ਪੱਗ ਜਾਂ ਫੋਟੋ ਨਾਲ ਹੀ ਹੁੰਦਾ ਸੀ ਤੇ ਉਸਦਾ ਵਿਆਹ ਵੀ ਤਾਂ ਫੋਟੋ ਤੇ ਹੀ ਹੋਇਆ ਸੀ. ਪਰ ਉਸਦੇ ਯਾਰਾਂ ਨੇ ਯਾਰੀ ਪੂਰੀ ਨਿਵਾਈ ਇਕ ਨੇ ਬਰਾਤ ਵੇਲੇ ਠਾਹ ਠੂਹ ਕਰਕੇ ਤੇ ਦੂਜੇ ਨੇ ਦਾਰੂ ਚ ਟੁੰਨ ਹੋ ਕੇ ਪੂਰਾ ਧੂਤਕੜਾ ਪਾ ਕੇ. ਹਰ ਵਾਰ ਫ਼ੋਨ ਤੇ ਗੱਲ ਕਰਦਿਆਂ ਬੇਬੇ ਨੇ ਬੱਸ ਇਹੀ ਕਹਿਣਾ "ਪੁੱਤ ਆਪਣੀ ਵੀ ਰੱਬ ਸੁਣੇਗਾ ਕਦੇ, ਅਸੀਂ ਠੀਕ ਹਾਂ ਤੂੰ ਆਪਣਾ ਧਿਆਨ ਰੱਖਿਆ ਕਰ" ਤੇ ਬਾਪੂ ਆਪਣੀ ਉਦਾਸੀ ਸਿਰਹਾਣੇ ਥੱਲ ਰੱਖ "ਏਥੇ ਠੰਡ/ ਗਰਮੀ ਬਹੁਤ ਤਾ ਤੇਰੇ ਏਥੇ ਕਿਵੇ ਆ? ਆਪਣਾ ਧਿਆਨ ਰੱਖਿਆ ਕਰ, ਹੋਰ ਸੁਣਾ, ਹੋਰ ਸੁਣਾ............". ਉਸਨੂੰ ਹੁਣ ਇਕ ਦੁੱਖ ਤਾਂ ਇਹ ਸੀ ਕਿ ਬੇਬੇ ਬਾਪੂ ਦੀ ਕੋਲ ਰਹਿ ਕੇ ਸੇਵਾ ਨਾ ਕਰ ਸਕਿਆ ਤੇ ਦੂਜਾ ਜਾਨ ਤੋ ਪਿਆਰੇ ਵਾਲ ਕਟਾਉਣੇ ਪੈ ਗਏ ਸੀ ਵਲੈਤ ਦੇ ਚੁਰਾਸੀ ਦੇ ਚੱਕਰਾਂ ਚ ਫਸ ਕੇ. ਕੱਲ ਅੱਧੀ ਰਾਤ ਉਸਦੀ ਵੱਡੀ ਭੈਣ ਦਾ ਫ਼ੋਨ ਆਇਆ ਤਾ ਦਿਲ ਚ ਪੈਂਦੇ ਹੌਲ ਕਹਿ ਰਹੇ ਸੀ ਕਿ ਸਭ ਕੁਝ ਠੀਕ ਨਹੀਂ ਪਰ ਡਰਦੇ ਡਰਦੇ ਨੇ ਫ਼ੋਨ ਚੁੱਕਿਆ ਤਾ ਉਸਦੀ ਸਿਸਕਦੀ ਹੋਈ ਦੀ ਅਵਾਜ਼ ਆਈ "ਵੀਰੇ ਰੱਬ ਨੇ ਨੀ ਆਪਣੀ ਸੁਣੀ, ਬੇਬੇ ਚੱਲੀ ਗਈ ਤੈਨੂੰ ਬਿਨਾ ਮਿਲੇ ਹੀ, ਰੱਬ ਨੂੰ ਰੋਜ ਹੀ ਦੁਆਵਾਂ ਕਰਦੀ ਸੀ ਕਿ ਰੱਬਾ ਮੇਰੇ ਝੱਲੇ ਦਾ ਧਿਆਨ ਰੱਖੀ" ਤੇ ਝੱਲਾ ਮੁੜਕੇ ਹੀ ਨੀ ਆਇਆ ਯਾਦ ਕਰ ਉਸਦੀ ਲੇਰ ਨਿਕਲ ਗਈ ਤਾਂ ਉਸਦੀ ਜੀਵਨ ਸਾਥਣ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ, ਉਸਦਾ ਆਪ ਮੁਹਾਰੇ ਹੀ ਮੂੰਹ ਉੱਪਰ ਨੀਲੀ ਛੱਤਰੀ ਆਲੇ ਵੱਲ ਚਲਾ ਗਿਆ ਤੇ ਦਿਲ ਚੋਂ ਰੁੱਗ ਭਰਦੀ ਚੀਸ ਨਾਲ ਅਵਾਜ਼ ਨਿਕਲੀ "ਬੇਬੇ ਮੁਆਫ਼ ਕਰੀ ਤੇਰਾ ਝੱਲਾ ਮੁੜਕੇ ਨੀ ਆਇਆ". 

ਜਿਵੇਂ ਕਹਿੰਦੇ ਹਨ ਕਿ ਕਈ ਵਾਰ ਜ਼ਿੰਦਗੀ ਚ "ਜਦੋਂ ਖਿਡਾਰੀ ਹੁੰਦਾ ਉਦੋਂ ਖੇਡ ਨਹੀਂ ਹੁੰਦੀ ਤੇ ਜਦੋਂ ਖੇਡ ਹੁੰਦੀ ਉਦੋਂ ਖਿਡਾਰੀ ਨਹੀਂ ਹੁੰਦਾ" ਬਿਲਕੁਲ ਉੱਵੇ ਹੀ ਜਦੋਂ ਉਸ ਕੋਲ ਵੀਜ਼ਾ ਨਹੀਂ ਸੀ ਤਾ ਬੇਬੇ ਬਾਪੂ ਉਡੀਕਦੇ ਸੀ ਤੇ ਜਦੋਂ ਵੀਜ਼ਾ ਮਿਲਿਆ ਉਦੋਂ ਬੇਬੇ ਬਾਪੂ ਕਿਤੇ ਗੁਆਚ ਗਏ ਬੇਸ਼ਕ ਬੇਬੇ ਜਾਣ ਤੋ ਬਾਦ ਬਾਪੂ ਕੁਝ ਮਹੀਨੇ ਲਈ ਫਿਰ ਇੰਗਲੈਂਡ ਆਪਣੇ ਵੱਡੇ ਪੋਤੇ ਲਈ ਜ਼ਿੰਦਗੀ ਭਰ ਲਈ ਆਪਣੀਆਂ ਯਾਦਾਂ ਛੱਡ ਗਿਆ ਸੀ.  ਅੱਜ ਏਨੇ ਸਾਲਾਂ ਬਾਦ ਵੀ ਬੇਬੇ ਦਾ ਵਿਛੋੜਾ ਮਨ ਦੀ ਸਲੇਟ ਤੋ ਫਿੱਕਾ ਨਹੀਂ ਪਿਆ ਉਹ ਭਾਵੇਂ ਪੱਕਾ ਵਲੈਤੀਆ ਬਣ ਗਿਆ ਪਰ ਮਨ ਚ ਉਹਦੇ ਸਦਾ ਹੀ ਚੀਸ ਉੱਠਦੀ ਰਹੂ ਕਿ "ਝੱਲਾ ਮੁੜਕੇ ਹੀ ਨੀ ਆਇਆ"

           ਬਲਜੀਤ ਫਰਵਾਲੀ