ਅਮਰੀਕਾ ਦੇ ਓਕਲਾਹੋਮਾ ਰਾਜ ਵਿਚ ਆਪਣੇ ਮਾਲਕ ਦੀ ਹੱਤਿਆ ਕਰਨ ਵਾਲੇ ਰਿਚਰਡ ਗਲੋਸਿਪ ਨੂੰ 18 ਮਈ ਨੂੰ ਲਾਇਆ ਜਾਵੇਗਾ ਜ਼ਹਿਰ ਦਾ ਟੀਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਓਕਲਾਹੋਮਾ ਦੀ ਇਕ ਅਮਰੀਕੀ ਅਦਾਲਤ ਨੇ ਆਪਣੇ ਬੌਸ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 60 ਸਾਲਾ ਰਿਚਰਡ ਗਲੋਸਿਪ ਨਾਮੀ ਵਿਅਕਤੀ ਵੱਲੋਂ ਸਜ਼ਾ ਵਿਰੁੱਧ ਕੀਤੀ ਗਈ ਅਪੀਲ ਰੱਦ ਕਰ ਦਿੱਤੀ ਹੈ। ਓਕਲਾਹੋਮਾ ਕੋਰਟ ਆਫ ਕ੍ਰਿਮੀਨਲ ਅਪੀਲ ਦਾ ਇਹ ਨਿਰਨਾ ਦੋ ਹਫਤੇ ਪਹਿਲਾਂ ਵਿਸ਼ੇਸ਼ ਕੌਂਸਲ ਦੀ ਆਈ ਰਿਪੋਰਟ ਤੋਂ ਬਾਅਦ ਦਿੱਤਾ ਗਿਆ ਹੈ ਜਿਸ ਰਿਪੋਰਟ ਵਿਚ ਗਲੋਸਿਪ ਦੀ ਮੌਤ ਦੀ ਸਜ਼ਾ ਖਤਮ ਕਰਨ ਤੇ ਨਵੇਂ ਸਿਰੇ ਤੋਂ ਸੁਣਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਜਿਊਰੀ ਦੇ 5 ਜੱਜਾਂ ਨੇ ਸਰਬਸੰਮਤੀ ਨਾਲ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਗਲੋਸਿਪ ਨੂੰ ਬਚਾਅ ਕਰਨ ਦਾ ਹਰ ਮੌਕਾ ਦਿੱਤਾ ਗਿਆ ਹੈ ਤੇ ਸਾਨੂੰ ਉਸ ਨੂੰ ਰਾਹਤ ਦੇਣ ਦਾ ਕੋਈ ਵੀ ਕਾਨੂੰਨੀ ਜਾਂ ਵਾਸਤਵਿਕ ਆਧਰਾ ਨਹੀਂ ਲੱਭਾ। ਸਾਬਕਾ ਮੋਟਲ ਮੈਨੇਜਰ ਗਲੋਸਿਪ ਪਿਛਲੇ 26 ਸਾਲ ਤੋਂ ਜੇਲ ਵਿਚ ਬੰਦ ਹੈ। ਅਦਾਲਤ ਨੇ 1998 ਵਿਚ ਉਸ ਨੂੰ ਆਪਣੇ ਮਾਲਕ ਬੈਰੀ ਵੈਨ ਟੀਸ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਉਹ 1997 ਤੋਂ ਜੇਲ ਵਿਚ ਬੰਦ ਹੈ ਤੇ ਕਾਨੂੰਨੀ ਚਾਰਜੋਈ ਕਾਰਨ ਹੁਣ ਤੱਕ ਮੌਤ ਦੀ ਸਜ਼ਾ ਤੋਂ ਬਚਦਾ ਆ ਰਿਹਾ ਹੈ। ਉਸ ਨੂੰ 18 ਮਈ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
Comments (0)