ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
2021 ਵਿਚ ਉੱਚ ਪੜਾਈ ਲਈ ਗਿਆ ਸੀ ਅਮਰੀਕਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਉਹੀਓ ਰਾਜ ਦੀ ਰਾਜਧਾਨੀ ਕੋਲੰਬਸ ਵਿਚ ਭਾਰਤੀ ਮੂਲ ਦੇ ਵਿਦਿਆਰਥੀ 25 ਸਾਲਾ ਵੀਰਾ ਸਾਈਸ਼ ਦੀ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਾਈਸ਼ ਨੂੰ 2 ਹਫਤਿਆਂ ਬਾਅਦ ਗਰੈਜੂਏਟ ਦੀ ਡਿਗਰੀ ਮਿਲਣੀ ਸੀ। ਉਸ ਨੂੰ ਬੀਤੇ ਦਿਨ ਰਾਤ 12.50 ਵਜੇ ਸ਼ੈਲ ਫਿਊਲ ਸਟੇਸ਼ਨ ਉਪਰ ਗੋਲੀ ਮਾਰੀ ਗਈ ਜਿਥੇ ਉਹ ਕਲਰਕ ਵਜੋਂ ਕੰੰਮ ਕਰਦਾ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਕੋਲੰਬਸ ਪੁਲਿਸ ਨੇ ਸ਼ੱਕੀ ਹਮਲਾਵਰ ਦੀ ਤਸਵੀਰ ਜਾਰੀ ਕੀਤੀ ਹੈ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਮਲਾਵਰ ਬਾਰੇ ਕੋਈ ਵੀ ਸੂਚਨਾ ਦੇਣ ਲਈ ਉਸ ਨਾਲ ਸੰਪਰਕ ਕਰਨ। ਹਾਲਾਂ ਕਿ ਹੱਤਿਆ ਪਿੱਛੇ ਕਾਰਨ ਸਪੱਸ਼ਟ ਨਹੀਂ ਹੈ ਪਰੰਤੂ ਪੁਲਿਸ ਨੂੰ ਸ਼ੱਕ ਹੈ ਕਿ ਲੁੱਟ ਦੇ ਇਰਾਦੇ ਨਾਲ ਹੱਤਿਆ ਹੋਈ ਹੈ। ਸਾਈਸ਼ ਨਵੰਬਰ 2021 ਵਿਚ ਉੱਚ ਪੜਾਈ ਲਈ ਅਮਰੀਕਾ ਆਇਆ ਸੀ ਤੇ ਉਹ ਪੜਾਈ ਦੇ ਨਾਲ ਨਾਲ ਨੌਕਰੀ ਵੀ ਕਰਦਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਐਲੂਰੂ,ਆਂਧਰਾ ਪ੍ਰਦੇਸ ਵਿਚ ਰਹਿੰਦੀ ਉਸ ਦੀ ਮਾਂ ਤੇ ਵੱਡਾ ਭਰਾ ਗਹਿਰੇ ਸਦਮੇ ਵਿਚ ਹਨ। ਉਨਾਂ ਨੇ ਭਾਰਤ ਸਕਰਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਈਸ਼ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਸਹਾਇਤਾ ਕਰੇ।
Comments (0)