70% ਬਾਲਗਾਂ ਨੂੰ 4 ਜੁਲਾਈ ਤੱਕ ਘੱਟੋ ਘੱਟ ਇਕ ਕੋਵਿਡ ਟੀਕਾ ਜਰੂਰ ਲਾ ਦਿੱਤਾ ਜਾਵੇ - ਬਾਇਡਨ

70% ਬਾਲਗਾਂ ਨੂੰ 4 ਜੁਲਾਈ ਤੱਕ ਘੱਟੋ ਘੱਟ ਇਕ ਕੋਵਿਡ ਟੀਕਾ ਜਰੂਰ ਲਾ ਦਿੱਤਾ ਜਾਵੇ - ਬਾਇਡਨ
ਲਗ ਵੱਸੋਂ ਦੇ ਹੋ ਰਹੇ ਟੀਕਾਕਰਣ ਦੀ ਇਕ ਤਸਵੀਰ

ਟੀਕਾਕਰਣ ਦਾ ਅਗਲਾ ਪੜਾਅ ਹੋਵੇਗਾ ਕਠਿਨ।

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ:  (ਹੁਸਨ ਲੜੋਆ ਬੰਗਾ)ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਉਹ ਚਹੁੰਦੇ ਹਨ ਕਿ 4 ਜੁਲਾਈ 2021 ਤੱਕ ਦੇਸ਼ ਦੇ 70% ਬਾਲਗਾਂ ਨੂੰ ਘੱਟੋ ਘੱਟ ਇਕ  ਕੋਵਿਡ ਟੀਕਾ ਜਰੂਰ ਲੱਗ ਜਾਣਾ ਚਾਹੀਦਾ ਹੈ। ਉਨਾਂ ਨੇ ਟੀਕਾਕਰਣ ਵਿਚ ਤੇਜੀ ਲਿਆਉਣ ਤੇ ਨਬਾਲਗਾਂ ਦੇ ਟੀਕਾਕਰਣ ਲਈ ਤਿਆਰੀਆਂ ਬਾਰੇ ਕਦਮ ਚੁੱਕਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਹੁਣ ਤੱਕ ਤਕਰੀਬਨ 56% ਬਾਲਗ ਵੱਸੋਂ ਦੇ ਘੱਟੋ ਘੱਟ ਇਕ ਟੀਕਾ ਲੱਗਾ ਚੁੱਕਾ ਹੈ ਤੇ 70% ਵੱਸੋਂ ਦੇ ਟੀਕਾਕਰਣ ਲਈ ਮੌਜੂਦਾ ਰਫਤਾਰ ਘੱਟ ਹੈ ਜਿਸ ਨੂੰ ਤੇਜ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਅਜੇ ਵੀ ਲੱਖਾਂ ਅਮਰੀਕੀ ਅਜਿਹੇ ਹਨ ਜਿਨਾਂ ਨੂੰ ਟੀਕਾ ਲਵਾਉਣ ਵਾਸਤੇ ਉਤਸ਼ਾਹਿਤ ਕਰਨ ਦੀ ਲੋੜ ਹੈ। ਇਨਾਂ ਲੋਕਾਂ ਦੀ ਦੇਸ਼ ਨੂੰ ਲੋੜ ਹੈ ਇਸ ਲਈ ਟੀਕਾਕਰਣ ਹਰ ਹਾਲਤ ਵਿਚ ਹੋਣਾ ਜਰੂਰੀ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਸ਼ੁਰੂਆਤੀ ਦੌਰ ਨਾਲੋਂ ਟੀਕਾਕਰਣ ਦਾ ਅਗਲਾ ਪੜਾਅ ਵਧੇਰੇ ਚੁਣੌਤੀਆਂ ਭਰਪੂਰ ਹੋ ਸਕਦਾ ਹੈ ਜਿਸ ਵਾਸਤੇ ਹਰ ਅਮਰੀਕੀ ਲਈ ਟੀਕਿਆਂ ਦੀ ਵਿਵਸਥਾ ਕਰਨੀ ਪਵੇਗੀ ਤੇ ਇਕ ਵਿਆਪਕ ਵੰਡ ਪ੍ਰਣਾਲੀ ਬਣਾਉਣੀ ਪਵੇਗੀ ਤਾਂ ਜੋ ਹਰ ਅਮਰੀਕੀ ਤੱਕ ਪਹੁੰਚ ਕੀਤੀ ਜਾ ਸਕੇ। ਉਨਾਂ ਕਿਹਾ ਇਹ ਬਹੁਤ ਕਠਿਨ ਕੰਮ ਹੈ ਤੇ ਇਹ ਮੇਰੇ ਇਕੱਲੇ ਦੇ ਵੱਸ ਦੀ ਗੱਲ ਨਹੀਂ ਹੈ। ਲੋਕਾਂ ਨੂੰ ਟੀਕਾਕਰਣ ਲਈ ਮਨਾਉਣਾ ਪਵੇਗਾ। ਇਥੇ ਜਿਕਰਯੋਗ ਹੈ ਕਿ 4 ਰਾਜਾਂ ਪਿੱਛੇ 1 ਰਾਜ ਵਿਚ 50% ਤੋਂ ਘੱਟ ਬਾਲਗ ਵੱਸੋਂ ਦੇ ਟੀਕਾਕਰਣ ਹੋਇਆ ਹੈ ਜੋ ਜੋਖਮ ਦੀ ਤੁਲਨਾ ਵਿਚ ਬਹੁਤ ਘੱਟ ਹੈ। ਅਲਬਾਮਾ ਵਿਚ 41%, ਨਿਊਹੈਂਪਸ਼ਾਇਰ ਵਿਚ ਸਭ ਤੋਂ ਵਧ 74% ਬਾਲਗ ਵੱਸੋਂ ਦੇ ਘੱਟੋ ਘੱਟ ਇਕ ਟੀਕਾ ਲੱਗ ਚੁੱਕਾ ਹੈ। ਉਤਰ ਪੂਰਬ ਦੇ 8 ਰਾਜਾਂ ਸਮੇਤ 12 ਰਾਜਾਂ ਵਿਚ 60% ਜਾਂ ਇਸ ਤੋਂ ਵਧ ਲੋਕਾਂ ਦੇ ਟੀਕਾ ਲੱਗਾ ਚੁੱਕਾ ਹੈ। ਦੱਖਣ ਦੇ 9 ਰਾਜਾਂ ਸਮੇਤ 13 ਰਾਜਾਂ ਵਿਚ 50% ਤੋਂ ਘੱਟ ਵੱਸੋਂ ਦੇ ਟੀਕਾਕਰਣ ਹੋਇਆ ਹੈ।