ਅਮਰੀਕਾ ਦੇ ਟੈਕਸਾਸ ਰਾਜ ਵਿਚ ਮੈਕਸੀਕੋ ਤੋਂ ਆਈ ਬੱਸ ਵਿਚੋਂ 22 ਕਿਲੋ ਤੋਂ ਵਧ ਕੋਕੀਨ ਫੜੀ

ਅਮਰੀਕਾ ਦੇ ਟੈਕਸਾਸ ਰਾਜ ਵਿਚ ਮੈਕਸੀਕੋ ਤੋਂ ਆਈ ਬੱਸ ਵਿਚੋਂ 22 ਕਿਲੋ ਤੋਂ ਵਧ ਕੋਕੀਨ ਫੜੀ
ਕੈਪਸ਼ਨ ਮੈਕਸੀਕੋ ਤੋਂ ਆਈ ਬੱਸ ਵਿਚੋਂ ਬਰਾਮਦ ਕੋਕੀਨ ਦੇ ਪੈਕਟ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਟੈਕਸਾਸ ਰਾਜ ਵਿਚ ਯੂ ਐਸ ਕਸਟਮਜ ਅਧਿਕਾਰੀਆਂ ਵੱਲੋਂ ਮੈਕਸੀਕੋ ਤੋਂ ਆਈ ਇਕ ਕਮਰਸ਼ੀਅਲ ਬੱਸ ਵਿਚੋਂ 2 ਦਰਜਨ ਪੈਕਟ ਕੋਕੀਨ ਦੇ ਫੜੇ ਜਾਣ ਦੀ ਖਬਰ ਹੈ। ਏਜੰਸੀ ਨੇ ਕਿਹਾ ਹੈ ਕਿ ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਨੇ ਰੋਮਾ ਕੌਮਾਂਤਰੀ ਪੁਲ ਉਪਰ ਇਕ ਬੱਸ ਵਿਚੋਂ ਵਰਣਨਯੋਗ ਮਾਤਰਾ ਵਿਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਰੋਮਾ ਦੱਖਣੀ ਟੈਕਸਾਸ ਵਿਚ ਰੀਓ ਗਰਾਂਡ ਦੇ ਨਾਲ ਮੈਕਐਲਨ ਦੇ ਉਤਰ ਪੱਛਮ ਵਿਚ ਮੋਟੇ ਤੌਰ 'ਤੇ 50 ਮੀਲ ਦੂਰ ਹੈ। ਯੂ ਐੇਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ (ਸੀ ਬੀ ਪੀ) ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੱਸ ਦੇ ਪੁਲ ਉਪਰ ਪੁੱਜਣ 'ਤੇ ਜਦੋਂ ਅਫਸਰਾਂ ਨੇ ਇਸ ਦੀ ਡੂੰਘਾਈ ਨਾਲ ਤਲਾਸ਼ੀ ਲਈ ਤਾਂ ਇਸ ਵਿਚੋਂ ਤਕਰੀਬਨ  22 ਪੈਕਟ ਬਰਾਮਦ ਹੋਏ ਜਿਨਾਂ ਵਿਚ ਕੁਕੀਨ ਭਰੀ ਹੋਈ ਸੀ। ਕੁਕੀਨ ਦਾ ਕੁਲ ਭਾਰ ਤਕਰੀਬਨ 22 ਕਿਲੋ 500 ਗ੍ਰਾਮ ਹੈ ਜਿਸ ਦੀ ਬਜਾਰੀ ਕੀਮਤ 3,80,000 ਡਾਲਰ ਤੋਂ ਵਧ ਬਣਦੀ ਹੈ। ਏਜੰਸੀ ਨੇ ਇਸ ਮਾਮਲੇ ਵਿਚ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਸੀ ਬੀ ਪੀ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਤਕਰੀਬਨ 10 ਮਹੀਨਿਆਂ ਵਿਚ ਏਜੰਸੀ ਵੱਲੋਂ 2,95,10,000 ਕਿਲੋਗ੍ਰਾਮ ਕੁਕੀਨ ਫੜੀ ਜਾ ਚੁੱਕੀ ਹੈ।