ਮੋਦੀ ਰਾਜ ਪ੍ਰਬੰਧ  ਦੇਸਾਂ ਵਿਦੇਸ਼ਾਂ ਵਿਚ ਘੱਟ ਗਿਣਤੀਆਂ, ਦਬੇ ਕੁਚਲੇ ਲੋਕਾਂ ਦੀ ਅਵਾਜ਼ ਨੂੰ ਕੁਚਲਣ ਲੱਗਾ

ਮੋਦੀ ਰਾਜ ਪ੍ਰਬੰਧ  ਦੇਸਾਂ ਵਿਦੇਸ਼ਾਂ ਵਿਚ ਘੱਟ ਗਿਣਤੀਆਂ, ਦਬੇ ਕੁਚਲੇ ਲੋਕਾਂ ਦੀ ਅਵਾਜ਼ ਨੂੰ ਕੁਚਲਣ ਲੱਗਾ

*ਅਮਰੀਕਨ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਕੀਤਾ ਜਾਣ ਲਗਿਆ ਬਦਨਾਮ

*ਵਾਸ਼ਿੰਗਟਨ ਪੋਸਟ ਵਿੱਚ ਛਪੀ ਇੱਕ ਰਿਪੋਰਟ ਨੇ ਅਮਰੀਕਾ ਵਿੱਚ ਵੱਸਦੇ ਭਾਰਤੀਆਂ ਦੀ ਚਿੰਤਾ ਵਧਾਈ

ਅਮਰੀਕਾ ਦੇ ਪ੍ਰਮੁੱਖ ਅਖਬਾਰ ਵਾਸ਼ਿੰਗਟਨ ਪੋਸਟ ਵਿੱਚ ਛਪੀ ਇੱਕ ਰਿਪੋਰਟ ਨੇ ਅਮਰੀਕਾ ਵਿੱਚ ਵੱਸਦੇ ਉਨ੍ਹਾਂ ਭਾਰਤੀਆਂ ਦੀ ਚਿੰਤਾ ਵਧਾ ਦਿੱਤੀ ਹੈ ਜੋ ਮੋਦੀ ਰਾਸ ਪ੍ਰਬੰਧ ਵਿੱਚ ਘੱਟ ਗਿਣਤੀਆਂ, ਦਬੇ ਕੁਚਲੇ ਲੋਕਾਂ ਤੇ ਆਦਿਵਾਸੀਆਂ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਮੁੱਦਾ ਬਣਾਉਂਦੇ ਹਨ। ਵਾਸ਼ਿੰਗਟਨ ਪੋਸਟ ਨੇ ਭਾਰਤ ਆਧਾਰਿਤ ਪ੍ਰਚਾਰ ਸਮੂਹ 'ਦਿ ਡਿਸਇਨਫੋ ਲੈਬ' ਦਾ ਪਰਦਾਫਾਸ਼ ਕਰਦਿਆਂ ਇਕ ਰਿਪੋਰਟ ਵਿਚ ਕਿਹਾ ਹੈ ਕਿ ਇਸ ਦੇ ਰਾਹੀਂ ਮੋਦੀ ਸਰਕਾਰ ਦੇ ਆਲੋਚਕਾਂ ਨੂੰ ਚੁੱਪ ਕਰਾਉਣ ਤੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਵੱਡੇ ਪੱਧਰ 'ਤੇ ਗਲਤ ਜਾਣਕਾਰੀ ਦੀ ਮੁਹਿੰਮ ਚਲਾਈ ਜਾ ਰਹੀ ਹੈ। ਫੈਕਟ ਚੈਕ ਦੇ ਨਾਂ 'ਤੇ ਬਣਾਈ ਜਾ ਰਹੀ ਇਸ ਰਿਪੋਰਟ ਦਾ ਨਿਸ਼ਾਨਾ ਖਾਸ ਤੌਰ 'ਤੇ ਅਮਰੀਕੀ ਪ੍ਰਸ਼ਾਸਨ ਨਾਲ ਜੁੜੇ ਲੋਕ, ਖੋਜਕਰਤਾ, ਹਿੰਦੂ ਫਾਰ ਹਿਊਮਨ ਰਾਈਟਸ (ਐੱਚ.ਐੱਫ.ਐੱਚ.ਆਰ.) ,  ਇੰਡੀਅਨ ਅਮਰੀਕਨ ਮੁਸਲਿਮ ਕੌਂਸਲ (ਆਈ.ਏ.ਐੱਮ.ਸੀ.), ਕਾਂਗਰਸ ਵੂਮੈਨ ਪ੍ਰਮਿਆ ਜੈਪਾਲ, ਯੂਨਾਈਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਇਕਵੈਲਟੀ ਲੈਬਜ਼, ਆਦਿ ਹਨ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਦਿੱਤੇ ਗਏ ਸਾਬਕਾ ਕਰਮਚਾਰੀਆਂ ਦੇ ਅਨੁਸਾਰ, ਡਿਸਇਨਫੋ ਲੈਬ ਦੀ ਅਗਵਾਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਜੁੜੇ ਖੁਫੀਆ ਅਧਿਕਾਰੀ ਕਰਦੇ ਹਨ। ਡਿਸਇਨਫੋ ਲੈਬ ਨੇ ਅਮਰੀਕਾ ਸਥਿਤ ਹਿੰਦੂ ਰਾਸ਼ਟਰਵਾਦੀ ਸੰਗਠਨਾਂ ਦੀ ਮਦਦ ਨਾਲ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਬਦਨਾਮ ਕਰਨ ਲਈ ਵਿਆਪਕ ਮੁਹਿੰਮਾਂ ਚਲਾਈਆਂ ਹੋਈਆਂ ਹਨ। ਇਹ ਮਨਘੜਤ ਰਿਪੋਰਟਾਂ ਦੇ ਆਧਾਰ 'ਤੇ ਵੱਡੇ ਪੱਧਰ 'ਤੇ ਕੂੜ ਪ੍ਰਚਾਰਿਆ ਜਾ ਰਿਹਾ ਹੈ।

ਇਸ ਦੇ ਤਹਿਤ ਡਿਸਇਨਫੋ ਲੈਬ ਦੀਆਂ ਰਿਪੋਰਟਾਂ ਨੇ ਝੂਠ ਫੈਲਾਕੇ ਆਈਏਐਮਸੀ  ਨੂੰ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਏਜੰਸੀ ਦੀ ਪ੍ਰਮੁੱਖ ਸੰਸਥਾ ਵਜੋਂ  ਪੇਸ਼ ਕੀਤਾ ਗਿਆ ਅਤੇ ਅਮਰੀਕੀ ਪ੍ਰਤੀਨਿਧ ਪਰਾਈਮਿਆ  ਜੈਪਾਲ 'ਤੇ ਵੀ ਇਸੇ ਤਰ੍ਹਾਂ ਦੇ ਘਟੀਆ ਤੇ ਝੂਠੇ ਦੋਸ਼ ਲਗਾਏ ਗਏ।ਇਹ ਝੂਠਾ ਦਾਅਵਾ ਕੀਤਾ ਕਿ ਉਹ "ਇਸਲਾਮਿਕ ਫੰਡਿੰਗ" ਪ੍ਰਾਪਤ ਕਰਕੇ ਇੰਡੀਆ ਵਿਰੁੱਧ ਝੂਠਾ ਪ੍ਰਚਾਰ ਕਰ ਰਹੇ  ਹਨ। ਹਿੰਦੂ ਰਾਸ਼ਟਰਵਾਦੀ ਸੰਗਠਨਾਂ ਦੁਆਰਾ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੂੰ ਵੰਡੀ ਗਈ ਡਿਸਇਨਫੋ ਲੈਬ ਰਿਪੋਰਟ ਅਮਰੀਕੀ ਮੁਸਲਿਮ ਮਾਨਵਤਾਵਾਦੀ ਸੰਗਠਨਾਂ ਅਤੇ ਅੱਤਵਾਦੀ ਸਮੂਹਾਂ ਵਿਚਕਾਰ ਮਨਘੜਤ ਸਬੰਧਾਂ ਨੂੰ ਦਰਸਾਉਂਦੀ ਹੈ। ਇੰਨਾ ਹੀ ਨਹੀਂ, ਕੈਲੀਫੋਰਨੀਆ ਵਿਚ ਹਿੰਦੂਤਵ ਨਾਲ ਜੁੜੇ ਸੰਗਠਨਾਂ ਨੇ ਡਿਸਇਨਫੋ ਲੈਬ ਦੀ ਰਿਪੋਰਟ ਦੀ ਵਰਤੋਂ ਕਰਕੇ ਅਮਰੀਕਾ ਸਥਿਤ ਦਲਿਤ (ਭਾਰਤ ਵਿਚ ਸਭ ਤੋਂ ਨੀਵੀਂ ਜਾਤ) ਦੇ ਅਧਿਕਾਰ ਸੰਗਠਨ 'ਇਕੁਵਾਲਿਟੀ ਲੈਬਜ਼' ਨੂੰ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਜੋੜਿਆ  ਸੀ।

ਆਈਏਐਮਸੀ ਦੇ ਕਾਰਜਕਾਰੀ ਨਿਰਦੇਸ਼ਕ ਰਸ਼ੀਦ ਅਹਿਮਦ ਨੇ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ, "ਵਾਸ਼ਿੰਗਟਨ ਪੋਸਟ ਦੀ ਖੋਜ ਅਮਰੀਕੀਆਂ ਲਈ ਚੇਤਾਵਨੀ ਹੋਣੀ ਚਾਹੀਦੀ ਹੈ ਜੋ ਅਜੇ ਵੀ ਮੋਦੀ ਸਰਕਾਰ ਵਿਰੁੱਧ ਨਰਮ ਰੁਖ ਅਪਨਾ ਰਹੇ ਹਨ।ਮੋਦੀ ਸਰਕਾਰ ਇੱਥੇ, ਭਾਰਤ ਅਤੇ ਵਿਦੇਸ਼ਾਂ ਵਿਚ ਆਲੋਚਨਾਤਮਕ ਆਵਾਜ਼ਾਂ ਨੂੰ ਦਬਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਚੁੱਪ ਕਰਾਉਣ ਲਈ  ਜਮਹੂਰੀ ਆਜ਼ਾਦੀਆਂ ਨੂੰ ਕੁਚਲਣਾ ਚਾਹੁੰਦੀ ਹੈ।

ਆਈਏਐਮਸੀ ਦੇ ਪ੍ਰਧਾਨ ਮੁਹੰਮਦ ਜਵਾਦ ਨੇ ਕਿਹਾ ਹੈ ਕਿ ਆਈਏਐਮਸੀ ਅਤੇ ਐਚਐਫਐਚਆਰ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਸੈਂਸਰਸ਼ਿਪ ਤੋਂ ਲੈ ਕੇ ਇਹ ਖੁਲਾਸੇ ਸਾਬਤ ਕਰਦੇ ਹਨ ਕਿ ਭਾਰਤ ਸਰਕਾਰ ਦਾ ਉਦੇਸ਼ ਵਿਦੇਸ਼ੀ ਧਰਤੀ ਤੋਂ ਵੀ ਜ਼ਾਹਰ ਕੀਤੀ ਜਾ ਰਹੀ ਅਸਹਿਮਤੀ ਨੂੰ ਚੁੱਪ ਕਰਾਉਣਾ ਹੈ। ਉਸਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ, "ਅਮਰੀਕੀ ਅਧਿਕਾਰੀਆਂ ਨੂੰ ਅਮਰੀਕੀ ਰਾਜਨੀਤਿਕ ਖੇਤਰ ਵਿੱਚ ਅਜਿਹੀ ਘੁਸਪੈਠ ਨੂੰ ਰੋਕਣ ਲਈ ਨਿਰਣਾਇਕ ਕਾਰਵਾਈ ਕਰਨੀ ਚਾਹੀਦੀ ਹੈ।"

ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਿਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਅਮਰੀਕਾ ਸਥਿਤ ਹਿੰਦੂ ਰਾਸ਼ਟਰਵਾਦੀ ਸੰਗਠਨਾਂ ਜਿਸ ਵਿਚ ਅਮਰੀਕਾ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਦੀਆਂ ਦੋਵੇਂ ਸ਼ਾਖਾਵਾਂ ਹਿੰਦੂਪੈਕਟ ਅਤੇ ਹਿੰਦੂ ਐਕਸ਼ਨ ਸ਼ਾਮਿਲ ਹਨ ,ਰਾਹੀਂ ਸੋਸ਼ਲ ਮੀਡੀਆ 'ਤੇ 2022 ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਸੰਮੇਲਨ ਸਮੇਤ ਵੱਖ-ਵੱਖ ਅਮਰੀਕੀ ਰਾਜਨੀਤਿਕ ਸਥਾਨਾਂ 'ਤੇ ਡਿਸਇਨਫੋ ਲੈਬ ਦਾ ਪ੍ਰਚਾਰ ਵਡੇ ਪੱਧਰ ਉਪਰ ਫੈਲਾਇਆ ਗਿਆ ਹੈ।