'ਹੋਂਦ–ਹਸਤੀ' ਦੀ ਸਦੀਵਤਾ  ਦਾ ਸੰਕਲਪ

'ਹੋਂਦ–ਹਸਤੀ' ਦੀ ਸਦੀਵਤਾ  ਦਾ ਸੰਕਲਪ

ਇਹ ਦਿਸਦਾ ਸੰਸਾਰ ਸੁੰਦਰ ਵੀ ਹੈ, ਨਿਆਰਾ ਤੇ ਅਦਭੁਤ ਵੀ। ਕੁਦਰਤ ਦੀ ਇਸ ਸਿਰਜਨਾ ਦੇ ਵਾਰੇ ਵਾਰੇ ਜਾਣ ਨੂੰ ਦਿਲ ਕਰਦਾ ਹੈ। ਪਸ਼ੂ, ਪੰਛੀ, ਝੀਲਾਂ, ਦਰਿਆ, ਜੰਗਲ, ਨੀਲਾ ਆਸਮਾਨ ਮਨ ਨੂੰ ਐਨਾ ਮੋਂਹਦਾ ਹੈ ਕਿ ਕਲਾਵੇ ਵਿੱਚ ਭਰਨ ਨੂੰ ਦਿਲ ਕਰਦਾ ਹੈ।

ਮੰਨਿਆ ਜਾਂਦਾ ਹੈ ਕਿ ਕੁਦਰਤ ਦੀ ਇਸ ਸਿਰਜੀ ਕਾਇਨਾਤ ਵਿੱਚ ਉਸਨੇ ਇਕ ਆਪਣੇ ਵਰਗਾ ਸਿਰਜਿਆ ਜਿਸ ਨੂੰ 'ਮਾਨਵ' ਕਿਹਾ ਅਤੇ ਇਸ ਸਿਰਜੇ ਸੰਸਾਰ ਦੀ ਕੁਲ ਸਰਦਾਰੀ ਉਸਦੇ ਹੱਥ ਇਸ ਕਰਕੇ ਫੜਾ ਦਿੱਤੀ ਕਿ ਇਸ ਦੀ ਸਾਂਭ ਸੰਭਾਲ ਉਹ ਆਪਣਾ ਰੂਪ ਮੰਨਕੇ ਕਰੇਗਾ। ਸੰਸਾਰ ਵਿੱਚ ਉਸਨੇ ਆਪਣੀ ਰਹਿਮਤ ਦਾ ਪ੍ਰਕਾਸ਼ ਕੀਤਾ ਜਿਸਨੂੰ ਧਰਮ ਕਿਹਾ ਗਿਆ ਤੇ ਧਰਮ ਦੇ ਇਸ ਧਰਤਿ-ਲੋਕਾਈ ਤੇ ਸਦੀਵੀ ਪ੍ਰਕਾਸ਼ ਲਈ ਉਸਦੇ ਪੈਗੰਬਰੀ ਅਜਮਤ ਦੇ ਮਾਧਿਅਮ ਰਾਹੀਂ ਆਪਣੀ ਬਾਣੀ ਨਾਜਲ ਕੀਤੀ ਤਾਂ ਜੋ ਮਾਨਵ ਇਸਦਾ ਅਜੱਪਾ-ਜਾਪ ਕਰਦਾ ਬਾਣੀ ਵਾਂਗ ਨਿਰਮਲ ਹੋ ਜਾਵੇ। ਉਹ ਸੱਚ ਦੇ ਮਾਰਗ ਦਾ ਪਾਂਧੀ ਬਣੇ ਤੇ ਇਸ ਧਰਤਿ ਤੋਂ ਪਾਪ, ਦੋਸ਼, ਪਾਖੰਡ, ਈਰਖਾ, ਵੈਰ ਦਾ ਸਦੀਵੀ ਨਾਸ ਕਰ ਕੁਲ ਬ੍ਰਹਿਮੰਡ ਵਿੱਚ ਸੱਚ ਦਾ ਰਾਜ ਸਥਾਪਤ ਕਰੇ। ਸੱਚ ਤੇ ਝੂਠ ਦੀ ਨਿਰਖ-ਪਰਖ ਲਈ ਅਸਮਾਨੋਂ ਉਤਰੇ ਬੋਲਿਆਂ ਵਿੱਚ ਖੂਬਸੂਰਤ ਮਾਰਗ ਦੱਸੇ ਗਏ ਤਾਂ ਜੋ ਭਟਕ ਜਾਣ ਦੀ ਸੰਭਾਵਨਾ ਹੀ ਪੈਦਾ ਨ ਹੋ ਸਕੇ। ਕੁਝ ਕਾਇਨਾਤ 'ਚ ਉਹ ਰੱਬ ਦੇ ਦੀਦਾਰ ਕਰਦਾ ਹੋਇਆ 'ਤੇਰੇ ਭਾਣੇ ਸਰਬੱਤ ਦਾ ਭਲਾ' ਨੂੰ ਅੰਗੀਕਾਰ ਕਰ ਲਵੇ ਤੇ 'ਕੋਇ ਨ ਦੀਸੇ ਬਾਹਰਾ ਜੀਓ' ਉਸਦਾ ਸਲੋਗਨ ਬਣੇ।

 ਮਨੁੱਖ ਇਸ ਸੱਚ ਦੇ ਰਸਤੇ ਤੋਂ ਮੁਨਕਰ ਹੋ ਕੁਮਾਰਗ ਦੇ ਰਸਤੇ ਤੇ ਕਿਉਂ ਤੇ ਕਦੋਂ ਪੈ ਗਿਆ ਇਸਨੂੰ ਦਸਣਾ ਸਹਿਜ ਨਹੀਂ ਹੈ ਪਰ ਸੱਚ ਇਹੀ ਹੈ। ਮਨੁੱਖ ਹੱਥੋਂ ਮਨੁੱਖ ਦਾ ਵਿਨਾਸ਼ ਇਸ ਸੰਸਾਰ ਦੇ ਚਿਹਰੇ ਤੇ ਬਦਨੁੱਮਾ ਦਾਗ ਬਣ ਚੁੱਕਾ ਹੈ। ਪਹਿਲੀ ਤੇ ਦੂਜੀ ਵੱਡੀ ਜੰਗ ਇਸ ਦੀਆਂ ਉਦਾਹਰਣਾ ਹਨ। ਰੂਸ ਤੇ ਯੂਕਰੇਨ ਤੇ ਇਜਰਾਈਲ ਤੇ ਹਮਾਸ ਦੇ ਚਲ ਰਹੇ ਯੁੱਧ ਮਨੁੱਖ ਦੇ ਭਟਕ ਜਾਣ ਵੱਲ ਇਸ਼ਾਰਾ ਕਰ ਰਹੇ ਹਨ। ਜੋ ਤਬਾਹੀ ਦੇ ਮਾਰਗ ਵੱਲ ਇਸ਼ਾਰਾ ਹੀ ਹਨ। ਮਨੁੱਖ ਆਪਣੇ ਵਿਨਾਸ਼ ਲਈ ਆਪਣੇ ਪੈਰ ਖੁਦ ਆਪ ਕੁਹਾੜਾ ਮਾਰ ਰਿਹਾ ਹੈ। ਇਹ ਉਸ ਦੀ ਅਗਿਆਨਤਾ ਹੈ ਜਾਂ ਉਸਦਾ ਪਾਗਲਪਨ ਜਾਂ ਉਸਦੀ ਚਲਾਕੀ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ।

 ਆਧੁਨਿਕ ਗਿਆਨ, ਵਿਗਿਆਨ ਅਤੇ ਤਕਨੀਕ ਦੀ ਤਰੱਕੀ ਨਾਲ ਹੋਣਾ ਤੇ ਇਹ ਚਾਹੀਦਾ ਸੀ ਕਿ ਮਨੁੱਖ ਸੁਜੱਗ ਹੁੰਦਾ, ਉਹ ਸਹਿਜ ਵਿੱਚ ਉਤਰ ਜਾਂਦਾ, ਉਹ ਅੰਦਰੋਂ ਬਾਹਰੋਂ ਨਿਰਮਲ ਹੋ ਜਾਂਦਾ, ਉਹ ਸਰਬੱਤ ਦਾ ਭਲਾ ਲੋਚਦਾ ਪਰ ਇਸਦੀ ਤਰੱਕੀ ਨੇ ਮਨੁੱਖ ਦੀਆਂ ਲਾਲਸਾਵਾਂ ਨੂੰ ਵਧਾ ਉਸਨੂੰ ਵਿਨਾਸ਼ ਦੇ ਰਸਤੇ ਦਾ ਪਾਂਧੀ ਬਣਾ ਦਿੱਤਾ ਹੈ। ਉਹ ਲਾਲਚ ਲਈ ਆਪਣੀ ਧਰਤਿ, ਆਪਣੀ ਬੋਲੀ, ਆਪਣੀ ਕੌਮ, ਆਪਣੇ ਨਿਵੇਕਲੇ ਸਭਿਆਚਾਰ ਦੀ ਮਾਣ ਮਰਯਾਦਾ ਨੂੰ ਭੁਲ ਛੋਟੀਆਂ-ਛੋਟੀਆਂ ਲਾਲਸਾਵਾਂ, ਛੋਟੇ ਛੋਟੇ ਰੁਤਬਿਆਂ ਦੀ ਹੋੜ ਵਿਚ ਲੱਗ ਆਪਣੀ ਵਿਰਾਸਤ ਵੱਲ ਵੀ ਪਿਠ ਕਰ ਸਕਦਾ ਹੈ ਇਹ ਸੱਚ ਮੁਚ ਹੀ ਸੋਚ ਤੋਂ ਪਰੇ ਦੀ ਗਲ ਹੈ।

 ਉਦਾਹਰਣ ਲਈ ਸਿੱਖ ਧਰਮ ਦੀ ਵੱਖਰੀ ਪਹਿਚਾਣ ਦੇ ਪ੍ਰਸ਼ਨ ਤੇ ਹੋਏ ਹਮਲਿਆਂ ਰਾਹੀਂ ਉਪਰੋਕਤ ਗੱਲ ਨੂੰ ਸਮਝਿਆ ਵੀ ਜਾ ਸਕਦਾ ਹੈ ਤੇ ਸਮਝਾਇਆ ਵੀ। ਬਹੁਤ ਹੀ ਯੋਜਨਾ-ਬੱਧ ਢੰਗ ਨਾਲ ਬਹੁਤ ਲੰਮਾ ਸਮਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਤੇ ਪ੍ਰਸ਼ਨ ਖੜੇ ਕਰਨ ਦਾ ਸਿਲਸਿਲਾ ਇਸਾਈ ਪ੍ਰਚਾਰਕਾਂ ਨੇ ਸ਼ੁਰੂ ਕੀਤਾ ਸੀ ਜਿਸ ਵਿੱਚ ਪਹਿਲ ਕਦਮੀ ਅਰਨੈਸਟ ਟਰੰਪ ਨੇ ਕੀਤੀ ਸੀ। ਉਸਤੋਂ ਬਾਅਦ ਟਰੰਪੀਅਨ ਸਕੂਲ ਦੇ ਉਪਾਸਕ ਡਾ. ਮੈਕਲੋਡ ਨੇ ਇਸਨੂੰ ਅੱਗੇ ਵਧਾਇਆ ਜਿਸ ਵਿੱਚ ਆਪਣਿਆਂ ਵੱਲੋਂ (ਮੈਕਲੋਡ ਦੇ ਸਿੱਖ ਚੇਲੇ) ਪਾਏ ਯੋਗਦਾਨ ਨੂੰ ਵੀ ਭੁਲਿਆ ਨਹੀਂ ਜਾ ਸਕਦਾ। ਇੰਨਾਂ ਵਧੀਕੀਆਂ ਦਾ ਉੱਤਰ ਸਿੱਖ ਵਿਦਵਾਨਾਂ ਵੱਲ ਦੇ 'ਮੈਕਲੋਡ ਦੀ ਤਿਕੜੀ' ਦੇ ਮਨਸੂਬੇ ਨੇਸਤੋ-ਨਾਬੂਦ ਕਰ ਦਿੱਤੇ। ਮੈਕਲੋਡ ਭਰਮ ਦੇ ਪਹਾੜ ਖੜੇ ਕਰਦਾ ਇਸ ਫਾਨੀ ਸੰਸਾਰ ਨੂੰ ਵਿਦਾ ਕਹਿ ਟ੍ਰੰਪ ਵਾਂਗ ਸਦੀਵੀ ਕਬਰ ਦਾ ਹਿੱਸਾ ਹੋ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਦੀਵੀ ਪ੍ਰਸੰਗਕਤਾ ਅੱਜ ਵੀ ਕਾਇਮ ਹੈ ਤੇ ਅੱਗੇ ਵੀ ਰਹਿਣੀ ਹੈ ਜਦ ਤੱਕ ਇਹ ਦਿਸਦਾ ਸੰਸਾਰ ਹੈ।

 ਸਾਡੇ ਸਮਕਾਲ ਵਿੱਚ ਕੁਝ ਲੋਕਾਂ ਨੇ ਇੰਨਾਂ ਪੁਰਾਣੇ ਹੱਥ ਕੰਡਿਆਂ ਤੋਂ ਸਬਕ ਨਹੀਂ ਸਿਖਿਆ। ਥੋੜੀ ਜਿਹੀ ਚੁੱਪ ਤੋਂ ਬਾਅਦ ਫਿਰ ਕੋਈ ਨਵਾਂ ਇਹੋ ਜਿਹਾ ਸਵਾਲ ਕੱਢ ਲਿਆ ਜਾਂਦਾ ਹੈ ਜਿਹੜਾ ਧਰਮਾਂ, ਸਭਿਆਚਾਰਾਂ ਅਤੇ ਕੌੰਮਾਂ ਦੀ ਵਿਲੱਖਣਤਾ (Diversity) ਨੂੰ ਇਕ ਰੰਗ ਵਿੱਚ ਤਬਦੀਲ ਕਰਨ ਲਈ ਯਤਨਸ਼ੀਲ ਹੋ ਜਾਂਦਾ ਹੈ। ਕਨੇਡਾ ਦੀ ਧਰਤਿ ਤੇ 'ਸਾਊਥ ਏਸ਼ੀਅਨ ਕਮਿਊਨਟੀਜ਼' ਦੇ ਨਾਮ ਥੱਲੇ ਵੱਖ-ਵੱਖ ਨਿਵੇਕਲੀਆਂ ਕੌਮਾਂ ਸਭਿਆਚਾਰਾਂ ਤੇ ਧਰਮਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ਾਂ ਜਾਰੀ ਹਨ। ਇਹ ਭੁਲਕੇ ਕਿ ਸੈਂਕੜੇ ਸਾਲਾਂ ਤੋਂ ਮਨੁੱਖ ਹਿਜਰਤ ਕਰ ਆਪਣੀ ਬਿਹਤਰ ਜ਼ਿੰਦਗੀ ਜਿਊਣ ਲਈ ਜਦ ਕਿਸੇ ਹੋਰ ਦੇਸ਼ ਦਾ ਬਸ਼ਿੰਦਾ ਬਣਦਾ ਹੈ ਤਾਂ ਉਹ ਆਪਣੀ ਵਿਲੱਖਣ ਪਹਿਚਾਣ ਦੇ ਚਿੰਨ ਨਾਲ ਲੈ ਕੇ ਆਉਂਦਾ ਹੈ ਜੋ ਉਸਦੀ ਰੂਹ ਵਿੱਚ ਅੰਕਤ ਹੋਏ ਹੁੰਦੇ ਹਨ। ਉਨ੍ਹਾਂ ਦਾ ਧਿਆਨ ਧਰ ਉਹ ਆਪਣੀ ਦਿਨ-ਚਰੀਯਾ ਸ਼ੁਰੂ ਕਰਦਾ ਹੈ ਤੇ ਸ਼ਾਮ ਨੂੰ ਉਨ੍ਹਾਂ ਦਾ ਧਿਆਨ ਧਰ ਉਹ ਨੀਂਦਰ ਅਵਸਥਾ ਵਿੱਚ ਜਾਂਦਾ ਹੈ। ਉਹ ਆਪਣੇ ਨਿਤ ਦੇ ਕੰਮਕਾਜ ਤੋਂ ਐਨੀ ਕੂ ਵਿਹਲ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਜਰੂਰ ਕੱਢਦਾ ਹੈ ਕਿ ਕਿਤੇ ਉਹ ਕੁਮਾਰਗ ਦੇ ਰਾਹ ਪੈ ਆਪਣਾ ਪਿਛੋਕੜ ਹੀ ਨਾ ਭੁਲ ਜਾਣ। ਇਹ ਪਰੰਪਰਾ ਹਿੰਦੂ, ਬੋਧੀ, ਜੈਨੀ, ਮੁਸਲਮ, ਸਿਨਹਾਲੀ, ਤਾਮਿਲ, ਈਸਾਈ ਯਹੁਦੀਆਂ ਵਿੱਚ ਆਪਾਂ ਸਾਰੇ ਵੇਖਦੇ ਵੀ ਹਾਂ ਤੇ ਉਸਤੋਂ ਜਾਣੂ ਵੀ। ਬੇਸ਼ੱਕ ਅਸੀਂ ਸਾਰੇ ਇਕ ਦੂਜੇ ਦੇ ਦੁਖ-ਸੁਖ ਵਿੱਚ ਹਾਜ਼ਰ ਹੋ ਮਨੁੱਖ ਹੋਣ ਦਾ ਸਬੂਤ ਵੀ ਦਿੰਦੇ ਹਾਂ ਪਰ ਆਪਣੀ ਨਿਵੇਕਲੀ ਪਹਿਚਾਣ ਨੂੰ ਕਦੇ ਰਲ-ਗ ਨਹੀਂ ਕਰਦੇ। ਇਹ ਕੌਮਾਂ ਦਾ ਮਾਣ ਵੀ ਹੈ ਤੇ ਵਡੇਰਿਆਂ ਵੱਲੋਂ ਨਿਰਧਾਰਤ ਕੀਤੀ ਮਰਯਾਦਾ ਵੀ ਕਿਉਂਕਿ ਉਹ ਜਾਣਦੇ ਹਨ ਕੌਮ ਤੇ ਧਰਮਾਂ ਦੀ ਸਦੀਵਤਾ ਤੇ ਆਉਣ ਵਾਲੀਆਂ ਨਸਲਾਂ ਅੰਦਰ ਆਪਣੀ ਵੱਖਰੀ ਹੋਂਦ-ਹਸਤੀ ਤੇ ਅਹਿਸਾਸ ਨੂੰ ਜਗਮਗ ਰੱਖਣ ਲਈ ਇਹ ਅਤਿ ਜ਼ਰੂਰੀ ਹੈ।

ਸਾਊਥ ਏਸ਼ੀਅਨ ਕਮਿਊਨਟੀਜ ਦਾ ਪੱਖ ਉਭਾਰਨ ਵਾਲੇ ਇਸ ਗੱਲ ਤੋਂ ਸ਼ਾਇਦ ਅਣਜਾਣ ਹਨ ਭਲਾ ਸਿਨਹਾਲੀ ਤੇ ਤਾਮਿਲ, ਮੀਆਂਮਾਰ ਦੇ ਬੋਧੀ ਤੇ ਮੁਸਲਮ ਭਾਰਤ ਪਾਕਿਸਤਾਨ ਵਿਚਲੀ ਖਿੱਚੋਤਾਣ ਭਲਾ ਕਦੇ ਇਕ ਪਲੈਟਫਾਰਮ ਤੇ ਇਕੱਠੇ ਹੋਣ ਦੇਵੇਂਗੀ। ਸਾਡੇ ਲਈ ਸਾਰੀਆਂ ਕੌਮਾਂ, ਭਾਸ਼ਾਵਾਂ ਤੇ ਧਰਮਾਂ ਦੀ ਵੱਖਰੀ  ਪਹਿਚਾਣ ਦੇ ਪਵਿੱਤਰ ਸਿਧਾਂਤ ਦੀ ਤਨਦੇਹੀ ਨਾਲ ਪਾਲਣਾ ਕਰ ਉਨ੍ਹਾਂ ਦੀ ਸਦੀਵੀ ਹੋਂਦ ਹਸਤੀ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਧਿਆਨ ਰਹੇ ਕਿ ਅਜਿਹਾ ਮਾਰੂ ਸੰਕਲਪ ਕਦ "ਸਾਊਥ ਏਸ਼ੀਅਨ ਕਮਿਊਨਟੀਜ਼" ਦੇ ਬਹੁ-ਵਚਨੀ ਪਾਸਾਰ ਤੋਂ 'ਸਾਊਥ ਏਸ਼ੀਅਨ ਕਮਿਉਨਟੀ ਦੇ ਇਕ ਵਚਨੀ' ਰੂਪ ਦਾ ਧਾਰਨੀ ਤੋਂ ਵਿਲੱਖਣ ਹੋਂਦ ਹਸਤੀ ਦਾ ਨਾਮੋਂ ਨਿਸ਼ਾਨ ਹੀ ਮਿਟਾ ਦੇਵੇ। ਸਾਡੀ ਆਉਣ ਵਾਲੀਆਂ ਨਸਲਾਂ ਇਹ ਭੁਲ ਹੀ ਜਾਣ ਕਿ ਉਹ ਹਿੰਦੂ ਹਨ, ਸਿੱਖ ਹਨ, ਬੋਧੀ ਹਨ, ਜੈਨੀ ਹਨ, ਮੁਸਲਮ ਹਨ ਜਾਂ ਸਿਨਹਾਲੀ ਹਨ। ਉਹ ਕੇਵਲ ਸਾਊਥ ਏਸ਼ੀਅਨ ਕਮਿਊਨਟੀ ਹੋ ਜਾਣ। ਬਿਹਤਰ ਰਹੇਗਾ ਇਸ ਸੰਕਲਪ ਦੀ ਬਦਨੀਤੀ ਨੂੰ ਨੰਗਿਆ ਕੀਤਾ ਜਾਵੇ ਤੇ ਮਾਰੂ ਨਤੀਜਿਆਂ ਤੋਂ ਬਚਿਆ ਜਾਵੇ। ਆਉਣ ਵਾਲਾ ਸਮੇਂ ਵਿੱਚ ਪਹਿਲਾਂ ਹੀ 'ਹੋਂਦਹਸਤੀ' ਦੀ ਸਦੀਵਤਾ ਤੇ ਪ੍ਰਸ਼ਨ ਖੜੇ ਹੋਣ ਦੀ ਸੰਭਾਵਨਾ ਹਨ। ਉਨ੍ਹਾਂ ਸੰਭਾਵਨਾਵਾਂ ਦੇ ਰੂਪ ਵਿੱਚ ਹੀ ਇਸ ਸੰਕਲਪ ਨੂੰ ਵੇਖਣਾ ਚਾਹੀਦਾ ਹੈ। ਸਾਰੀਆਂ ਕੌਮਾਂ ਨੂੰ ਸਿਰਜੋੜ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।

 

-ਰਾਜਪਾਲ ਸਿੰਘ