ਤਨਮਨਜੀਤ ਸਿੰਘ ਢੇਸੀ ਦਾ ਇੰਗਲੈਂਡ ਦੀ ਰਾਜਨੀਤੀ ਵਿਚ ਉਭਾਰ,ਮਿਲੀ ਅਹਿਮ ਜ਼ਿੰਮੇਵਾਰੀ

ਤਨਮਨਜੀਤ ਸਿੰਘ ਢੇਸੀ ਦਾ ਇੰਗਲੈਂਡ ਦੀ ਰਾਜਨੀਤੀ ਵਿਚ ਉਭਾਰ,ਮਿਲੀ ਅਹਿਮ ਜ਼ਿੰਮੇਵਾਰੀ

ਬਰਤਾਨੀਆ ਵਿਚ ਮੁੱਖ ਵਿਰੋਧੀ ਪਾਰਟੀ ਸਰਕਾਰ ਦੇ ਮੰਤਰੀ ਮੰਡਲ ਦੇ ਮੁਕਾਬਲੇ ਆਪਣੇ ਪਾਰਲੀਮੈਂਟ ਮੈਂਬਰਾਂ ਦਾ ਸ਼ੈਡੋ ਮੰਤਰੀ ਮੰਡਲ ਬਣਾਉਂਦੀ ਹੈ ਜੋ ਆਪਣੇ-ਆਪਣੇ ਵਿਭਾਗਾਂ ਵਿਚ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ 'ਤੇ ਨਿਗ੍ਹਾ ਰੱਖਦੇ ਹਨ।

ਇਹ ਰਵਾਇਤ ਹੈ ਕਿ ਜਦੋਂ ਵਿਰੋਧੀ ਪਾਰਟੀ ਹਕੂਮਤ ਵਿਚ ਆਉਂਦੀ ਹੈ ਤਾਂ ਉਹ ਆਮ ਤੌਰ 'ਤੇ ਆਪਣੇ ਸ਼ੈਡੋ ਮੰਤਰੀ ਨੂੰ ਹੀ ਉਸੇ ਵਿਭਾਗ ਦਾ ਮੰਤਰੀ ਬਣਾ ਦਿੰਦੀ ਹੈ। ਬਰਤਾਨੀਆ ਦੇ ਪਹਿਲੇ ਸਿੱਖ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਢੇਸੀ ਪਿੱਛੇ ਜਿਹੇ ਭਾਰਤ ਆਏ ਸਨ, ਉਸ ਵੇਲੇ ਉਹ ਰੇਲਵੇ ਦੇ ਸ਼ੈਡੋ ਮੰਤਰੀ ਸਨ। ਪਰ ਭਾਰਤ ਵਿਚ ਉਨ੍ਹਾਂ ਨੂੰ ਅਣਗੌਲਿਆ ਹੀ ਨਹੀਂ ਕੀਤਾ ਗਿਆ ਸਗੋਂ ਕਿਸੇ ਮਾਮੂਲੀ ਤਕਨੀਕੀ ਗ਼ਲਤੀ ਦੇ ਆਧਾਰ 'ਤੇ ਕਰੀਬ ਦੋ ਘੰਟੇ ਹਵਾਈ ਅੱਡੇ 'ਤੇ ਰੋਕਿਆ ਵੀ ਗਿਆ। ਹੁਣ ਲੇਬਰ ਪਾਰਟੀ ਵਿਚ ਤਨਮਨਜੀਤ ਸਿੰਘ ਢੇਸੀ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ ਤੇ ਉਨ੍ਹਾਂ ਨੂੰ ਸ਼ੈਡੋ ਖਜ਼ਾਨਾ ਮੰਤਰੀ ਬਣਾ ਦਿੱਤਾ ਗਿਆ ਹੈ।ਢੇਸੀ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਕੀਰ ਸਟਾਰਮਰ ਨੇ ਮੈਨੂੰ ਆਪਣੇ ਫਰੰਟਬੈਂਚ ਵਿਚ ਜਾਰੀ ਰੱਖਣ ਦਾ ਫ਼ੈਸਲਾ ਲੈਂਦਿਆਂ ਸਾਡੀ ਅਗਲੀ ਚਾਂਸਲ ਰੇਚਲ ਰੀਵਜ਼ ਨਾਲ ਖਜ਼ਾਨੇ ਦੇ ਸ਼ੈਡੋ ਐਕਸਚੈਕਰ ਸੈਕਟਰੀ ਵਜੋਂ ਜੁੜਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਰਥ ਸ਼ਾਸਤਰ ਏ-ਪੱਧਰ, ਗਣਿਤ ਦੀ ਡਿਗਰੀ, ਅਪਲਾਈਡ ਸਟੈਟਿਸਟਿਕਸ ਵਿਚ ਮਾਸਟਰਸ, ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਚਲਾਉਣ ਦੇ ਨਾਲ, ਮੈਂ ਉਸ ਸਬੰਧਿਤ ਗਿਆਨ ਅਤੇ ਜੀਵਨ ਦੇ ਅਨੁਭਵ ਨੂੰ ਆਪਣੀ ਨਵੀਂ ਭੂਮਿਕਾ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ। ਇਕ ਚੋਟੀ ਦੀ ਪ੍ਰਤਿਭਾਸ਼ਾਲੀ ਖਜ਼ਾਨਾ ਟੀਮ ਵਿਚ ਕੰਮ ਕਰਨ ਲਈ ਉਤਸ਼ਾਹਤ ਹਾਂ।

 ਭਾਵ ਜਿਵੇਂ ਦੇ ਅਸਾਰ ਹਨ ਜੇਕਰ ਲੇਬਰ ਪਾਰਟੀ ਸੱਤਾ ਵਿਚ ਆਈ ਤਾਂ ਢੇਸੀ ਬਰਤਾਨੀਆ ਦੇ ਖਜ਼ਾਨਾ ਮੰਤਰੀ ਬਣ ਸਕਦੇ ਹਨ। ਅਜਿਹੀ ਸੰਭਾਵਨਾ ਵਾਲਾ ਨੇਤਾ ਜਦੋਂ ਭਾਰਤ ਵਿਚ ਆਉਂਦਾ ਹੈ ਤਾਂ ਚਾਹੀਦਾ ਤਾਂ ਇਹ ਹੈ ਕਿ ਭਾਰਤ ਸਰਕਾਰ ਉਸ ਦੀ ਚੰਗੀ ਆਓ-ਭਗਤ ਕਰੇ ਤੇ ਜਦੋਂ ਉਹ ਸੱਤਾ ਵਿਚ ਆਵੇ ਤਾਂ ਵਿਸ਼ਵ ਰਾਜਨੀਤੀ ਵਿਚ ਭਾਰਤ ਨੂੰ ਫਾਇਦਾ ਹੋ ਸਕੇ। ਪਰ ਪਤਾ ਨਹੀਂ ਕਿਉਂ ਮੋਦੀ ਸਰਕਾਰ ਇਨ੍ਹਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੀ। ਪਹਿਲਾਂ ਪੰਜਾਬੀਆਂ ਤੇ ਸਿੱਖਾਂ ਦੇ ਹਮਦਰਦ ਸਮਝੇ ਜਾਂਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਕਾਫੀ ਅਣਗੌਲਿਆ ਗਿਆ ਸੀ, ਜਿਸ ਕਾਰਨ ਭਾਰਤ ਕੈਨੇਡੀਅਨ ਮੰਤਰੀ ਮੰਡਲ ਵਿਚ ਕਈ ਭਾਰਤੀ ਮੰਤਰੀ ਹੋਣ ਦਾ ਭਾਰਤ-ਕੈਨੇਡਾ ਸੰਬੰਧਾਂ ਵਿਚ ਭਾਰਤ ਕੋਈ ਲਾਭ ਨਹੀਂ ਲੈ ਸਕਿਆ। ਅਜੇ ਤਕ ਭਾਰਤ ਦੀ ਕੈਨੇਡਾ ਨਾਲ ਤਾਣੀ ਉਲਝੀ ਹੋਈ ਹੈ।ਇਹ ਕਿਵੇਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਨੁਸਾਰ ਵਿਸ਼ਵ ਦੀ ਸਿਆਸਤ ਚਲੇ।