ਨਿਕੰਮੇ ਪ੍ਰਸ਼ਾਸਨ ਕਾਰਨ 9 ਮਹੀਨਿਆਂ ਤੋਂ ਖੁਆਰ ਹੋ ਰਹੇ ਹਨ 70 ਪਿੰਡਾਂ ਦੇ ਲੋਕ

ਨਿਕੰਮੇ ਪ੍ਰਸ਼ਾਸਨ ਕਾਰਨ  9 ਮਹੀਨਿਆਂ ਤੋਂ ਖੁਆਰ ਹੋ ਰਹੇ ਹਨ 70 ਪਿੰਡਾਂ ਦੇ ਲੋਕ
ਪਾਣੀ ਦੇ ਤੇਜ਼ ਵਹਾਅ ਕਾਰਨ ਪ੍ਰਭਾਵਿਤ ਹੋਇਆ ਪੈਂਟੂਨ ਪੁਲ

ਪਠਾਨਕੋਟ: ਗੈਰਜ਼ਿੰਮੇਵਾਰ ਪ੍ਰ੍ਰਸ਼ਾਸਨ ਕਾਰਨ ਆਮ ਲੋਕਾਂ ਨੂੰ ਹਰ ਰੋਜ਼ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਪਠਾਨਕੋਟ ਦੇ ਇਲਾਕੇ ਵਿਚ ਦੇਖਣ ਨੂੰ ਮਿਲਿਆ ਜਿੱਥੇ ਪ੍ਰਸ਼ਾਸਨ ਦੀ ਢਿੱਲ ਅਤੇ ਗੈਰ ਜਿੰਮੇਵਾਰਾਨਾ ਰਵੱਈਏ ਕਾਰਨ 70 ਪਿੰਡਾਂ ਦੇ ਲੋਕਾਂ ਨੂੰ 9 ਮਹੀਨੇ ਤੰਗ ਹੁੰਦਿਆਂ ਲੰਘ ਗਏ। ਚੱਕੀ ਦਰਿਆ ਵਿੱਚ ਤਲਵਾੜਾ ਜੱਟਾਂ-ਸਿੰਬਲੀ ਪੱਤਨ ਉਪਰ 9 ਮਹੀਨੇ ਤੱਕ ਪੈਂਟੂਨ ਪੁਲ ਫਿੱਟ ਨਾ ਕਰਨ ਕਰਕੇ 70 ਪਿੰਡਾਂ ਦੇ ਲੋਕਾਂ ਨੂੰ 2 ਕਿਲੋਮੀਟਰ ਦਾ ਸਫ਼ਰ 35 ਕਿਲੋਮੀਟਰ ਵਿੱਚ ਪੈ ਰਿਹਾ ਹੈ। ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਛੇਤੀ ਹੱਲ ਕੀਤਾ ਜਾਵੇ।

ਇਲਾਕਾ ਵਾਸੀਆਂ ਨੇ ਕਿਹਾ ਕਿ ਤਲਵਾੜਾ ਜੱਟਾਂ-ਸਿੰਬਲੀ ਪੱਤਨ ’ਤੇ ਪੈਂਟੂਨ ਪੁਲ ਕਰੀਬ 9 ਮਹੀਨੇ ਪਹਿਲਾਂ ਪਿਛਲੇ ਸਾਲ ਬਰਸਾਤ ਦਾ ਮੌਸਮ ਸ਼ੁਰੂ ਹੋਣ ਵੇਲੇ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ ਸੀ, ਜੋ ਬਰਸਾਤ ਖਤਮ ਹੋਣ ਤੋਂ ਬਾਅਦ ਅਕਤੂਬਰ ਵਿੱਚ ਦੁਬਾਰਾ ਲਾਇਆ ਜਾਣਾ ਸੀ ਪਰ ਇਹ ਪੁਲ ਅਜੇ ਤੱਕ ਮੁੜ ਨਹੀਂ ਲਾਇਆ ਗਿਆ।

ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਅਪੀਲਾਂ ਕਰਨ ਮਗਰੋਂ ਪੀਡਬਲਿਊਡੀ ਨੇ ਇਸ ਨੂੰ ਫਰਵਰੀ ਦੇ ਪਹਿਲੇ ਹਫਤੇ ਫਿੱਟ ਕਰਨਾ ਸ਼ੁਰੂ ਕੀਤਾ ਸੀ। ਕਾਫੀ ਹਿੱਸਾ ਫਿੱਟ ਕਰ ਦਿੱਤਾ ਗਿਆ ਸੀ ਪਰ ਚੱਕੀ ਦਰਿਆ ਵਿੱਚ 6-7 ਫਰਵਰੀ ਨੂੰ ਹੜ੍ਹ ਦੇ ਪਾਣੀ ਨੇ ਉਹ ਵੀ ਰੋੜ ਦਿੱਤਾ। ਉਨ੍ਹਾਂ ਵੱਲੋਂ ਮੁੜ ਪ੍ਰਸ਼ਾਸਨ ਅਤੇ ਵਿਧਾਇਕ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਇਸ ਪੁਲ ਨੂੰ ਮੁੜ ਫਿੱਟ ਕਰਵਾਇਆ ਜਾਵੇ।

ਮੀਡੀਆ ਅਦਾਰਿਆਂ ਵੱਲੋਂ ਸਵਾਲ ਪੁੱਛਣ 'ਤੇ ਪੀਡਬਲਿਊਡੀ ਦੇ ਉਪ-ਮੰਡਲ ਅਫਸਰ ਨਰੇਸ਼ ਸ਼ਰਮਾ ਨੇ ਕਿਹਾ ਕਿ ਪੈਂਟੂਨ ਪੁਲ ਨੂੰ ਫਿੱਟ ਕਰਨ ਦਾ ਕੰਮ ਭਲਕ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਆਸ ਹੈ ਹਫਤੇ ਤੱਕ ਇਹ ਲੋਕਾਂ ਦੇ ਲੰਘਣ ਲਈ ਤਿਆਰ ਹੋ ਜਾਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ