ਹਰਮਨਪ੍ਰੀਤ ਕੌਰ-ਜਿਸ ਨੇ ਇਸਤਰੀ ਕ੍ਰਿਕਟ ਦਾ ਬਿਰਤਾਂਤ ਹੀ ਬਦਲ ਦਿੱਤਾ

 ਹਰਮਨਪ੍ਰੀਤ ਕੌਰ-ਜਿਸ ਨੇ ਇਸਤਰੀ ਕ੍ਰਿਕਟ ਦਾ ਬਿਰਤਾਂਤ ਹੀ ਬਦਲ ਦਿੱਤਾ

                         ਖੇਡ ਸੰਸਾਰ                                  

'ਮੈਂ ਬਹੁਤ ਛੋਟੇ ਜਿਹੇ ਪਿੰਡ ਤੋਂ ਆਉਂਦੀ ਹਾਂ, ਪਰ ਆਪਣੇ ਦੇਸ਼ ਦੀ ਅਗਵਾਈ ਕਰਨ ਦੀ ਇੱਛਾ ਮੇਰੀ ਹਮੇਸ਼ਾ ਤੋਂ ਸੀ।' ਅਜਿਹਾ ਹਰਮਨਪ੍ਰੀਤ ਕੌਰ ਦਾ ਕਹਿਣਾ ਹੈ, ਜੋ 2019 ਤੋਂ ਭਾਰਤ ਦੀ ਟੀ-20 ਕਪਤਾਨ ਹੈ, ਇਸ ਸਾਲ ਜੂਨ 'ਚ ਉਹ ਇਕ ਦਿਨਾ ਟੀਮ ਦੀ ਵੀ ਕਪਤਾਨ ਬਣੀ ਅਤੇ ਇਹ ਵੀ ਲਗਭਗ ਨਿਸਚਿਤ ਹੈ ਕਿ ਜਦੋਂ ਕਦੇ ਭਾਰਤੀ ਔਰਤਾਂ ਸਫ਼ੇਦ ਕੱਪੜਿਆਂ 'ਚ ਖੇਡਣਗੀਆਂ ਤਾਂ ਉਹ ਟੈਸਟ ਟੀਮ ਦੀ ਵੀ ਕਪਤਾਨ ਹੋਵੇਗੀ। ਪੰਜਾਬ ਦੇ ਜ਼ਿਲ੍ਹਾ ਮੋਗਾ 'ਚ ਮੁੰਡਿਆਂ ਨਾਲ ਕ੍ਰਿਕਟ ਖੇਡਦੇ ਹੋਇਆ ਹਰਮਨਪ੍ਰੀਤ ਕੌਰ ਉਸ ਸਮੇਂ ਵੱਡੀ ਹੋਈ ਜਦੋਂ ਔਰਤਾਂ ਲਈ ਕ੍ਰਿਕਟ 'ਚ ਕੋਈ ਸਪੱਸ਼ਟ ਰਾਹ ਨਹੀਂ ਸੀ। ਉਨ੍ਹਾਂ ਨੇ 20 ਸਾਲ ਦੀ ਉਮਰ 'ਚ ਆਪਣਾ ਪਹਿਲਾ ਇਕ ਦਿਨਾ ਮੈਚ ਖੇਡਿਆ ਅਤੇ ਉਸੇ ਸਾਲ ਵਿਸ਼ਵ ਕੱਪ ਵੀ ਖੇਡਿਆ। ਹੁਣ 33 ਸਾਲਾ ਹਰਮਨਪ੍ਰੀਤ ਕੌਰ ਭਾਰਤ ਲਈ ਵਿਸ਼ਵ ਕੱਪ ਜਿੱਤਣ ਦਾ ਵੱਡਾ ਸੁਪਨਾ ਦੇਖ ਰਹੀ ਹੈ। ਅਗਲਾ ਆਈ.ਸੀ.ਸੀ. ਇਕ ਦਿਨਾ ਵਿਸ਼ਵ ਕੱਪ ਭਾਰਤ 'ਚ 2025 'ਚ ਹੋਵੇਗਾ। ਇਸ ਤੋਂ ਪਹਿਲਾਂ ਮਾਰਚ 2023 'ਚ ਔਰਤਾਂ ਲਈ ਪਹਿਲਾ ਆਈ. ਪੀ. ਐਲ. ਹੋਵੇਗਾ, ਜੋ ਹਰਮਨਪ੍ਰੀਤ ਕੌਰ ਨੂੰ ਉਨ੍ਹਾਂ ਦੇ ਟੀਚੇ ਦੇ ਨੇੜੇ ਲੈ ਜਾਣ 'ਚ ਮਦਦ ਕਰ ਸਕਦਾ ਹੈ। ਉਹ ਕਹਿੰਦੀ ਹੈ, 'ਆਈ. ਪੀ. ਐਲ. ਸਾਡੇ ਲਈ ਇਕ ਵੱਡਾ ਮੰਚ ਹੋਵੇਗਾ। ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਦੀ ਉਡੀਕ ਕਰ ਰਹੀਆਂ ਸਾਂ। ਘਰੇਲੂ ਖਿਡਾਰਨਾਂ ਵਿਦੇਸ਼ੀ ਖਿਡਾਰਨਾਂ ਨਾਲ ਕਮਰਾ ਸਾਂਝਾ ਕਰ ਸਕਣਗੀਆਂ। ਜੇਕਰ ਘਰੇਲੂ ਖਿਡਾਰਨਾਂ ਨੂੰ ਅੰਤਰਰਾਸ਼ਟਰੀ ਖ਼ਿਡਾਰਨਾਂ ਕੋਲੋਂ ਅੰਤਰਰਾਸ਼ਟਰੀ ਪੱਧਰ 'ਤੇ ਬੇਮਿਸਾਲ ਪ੍ਰਦਰਸ਼ਨ ਕਰਨ ਦਾ ਇਕ ਵੀ ਗੁਣ ਮਿਲ ਜਾਂਦਾ ਹੈ, ਤਾਂ ਇਸ ਨਾਲ ਭਾਰਤੀ ਟੀਮ ਨੂੰ ਹੀ ਲਾਭ ਹੋਵੇਗਾ।' ਹਰਮਨਪ੍ਰੀਤ ਕੌਰ ਨਿਡਰ ਬੱਲੇਬਾਜ਼ ਹੈ। ਇਸ ਸਾਲ ਸਤੰਬਰ 'ਚ ਇੰਗਲੈਂਡ 'ਤੇ ਇਕ ਦਿਨਾਂ ਲੜੀ ਜਿੱਤਣ 'ਚ ਉਨ੍ਹਾਂ ਦੀ ਜ਼ਬਰਦਸਤ ਭੂਮਿਕਾ ਸੀ। ਉਨ੍ਹਾਂ ਨੇ ਤਿੰਨ ਪਾਰੀਆਂ 'ਚ 221 ਦੌੜਾਂ ਬਣਾਈਆਂ, ਜਿਸ 'ਚ 111 ਗੇਂਦਾਂ 'ਚ 143 ਦੌੜਾਂ ਦੀ ਇਕ ਬਿਹਤਰੀਨ ਪਾਰੀ ਵੀ ਸ਼ਾਮਿਲ ਸੀ। ਫਿਲਹਾਲ ਭਾਰਤੀ ਕ੍ਰਿਕਟ ਇਤਿਹਾਸ 'ਚ ਦੋ ਬੱਲੇਬਾਜ਼ਾਂ ਨੇ ਅਜਿਹੀਆਂ ਪਾਰੀਆਂ ਖੇਡੀਆਂ ਹਨ, ਜਿਨ੍ਹਾਂ ਕਰਕੇ ਦੇਸ਼ 'ਚ ਕ੍ਰਿਕਟ ਨੇ ਇਕ ਨਿਸ਼ਚਿਤ ਸਾਕਾਰਾਤਮਕ ਮੋੜ ਲਿਆ ਅਤੇ ਅੱਜ ਜੋ ਆਪਣੇ ਇੱਥੇ ਕ੍ਰਿਕਟ ਵਰਗੀ ਖੇਡ ਹੋਰ ਖੇਡਾਂ ਦੀ ਤੁਲਨਾ 'ਵਿਚ ਖ਼ਾਸ ਮੁਕਾਮ ਹਾਸਲ ਕਰੀਂ ਬੈਠੀ ਹੈ, ਤਾਂ ਉਸ ਦਾ ਸਿਹਰਾ ਵੀ ਇਨ੍ਹਾਂ ਦੋ ਪਾਰੀਆਂ ਨੂੰ ਹੀ ਜਾਂਦਾ ਹੈ।

ਸਾਲ 1983 ਦੇ ਪੁਰਸ਼ ਕ੍ਰਿਕਟ ਵਿਸ਼ਵ ਕੱਪ 'ਚ ਜ਼ਿੰਬਾਬਵੇ ਦੇ ਖ਼ਿਲਾਫ਼ ਭਾਰਤ ਦੇ ਪੰਜ ਬੱਲੇਬਾਜ਼ ਸਿਰਫ਼ 17 ਦੌੜਾਂ 'ਤੇ ਪੈਵੀਲੀਅਨ ਪਰਤ ਚੁੱਕੇ ਸਨ ਅਤੇ ਭਾਰਤ 'ਤੇ ਹਾਰ ਤੇ ਟੂਰਨਾਮੈਂਟ 'ਵਿਚੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ, ਪਰ ਉਦੋਂ ਕਪਤਾਨ ਕਪਿਲ ਦੇਵ ਨੇ 175 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ, ਜਿਸ ਨੇ ਨਾ ਸਿਰਫ਼ ਉਹ ਮੈਚ ਜਿੱਤਿਆ, ਸਗੋਂ ਉਸ ਦੇ ਵਿਸ਼ਵ ਚੈਂਪੀਅਨ ਬਣਨ ਦਾ ਰਾਹ ਵੀ ਪੱਧਰਾ ਕੀਤਾ। ਇਸੇ ਤਰ੍ਹਾਂ 2017 ਦੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀ ਫਾਈਨਲ 'ਚ ਆਸਟ੍ਰੇਲੀਆ ਖ਼ਿਲਾਫ਼ ਹਰਮਨਪ੍ਰੀਤ ਕੌਰ ਨੇ 171 ਦੌੜਾਂ ਦੀ ਸ਼ਾਨਦਾਰ ਤੇ ਯਾਦਗਾਰ ਪਾਰੀ ਖੇਡ ਕੇ ਦੇਸ਼ 'ਵਿਚ ਇਸਤਰੀ ਕ੍ਰਿਕਟ ਨੂੰ ਸੰਜੀਵਨੀ ਬੂਟੀ ਪ੍ਰਦਾਨ ਕੀਤੀ। ਇਹ ਦੋਵੇਂ ਹੀ ਵਿਸ਼ਵ ਕੱਪ ਇੰਗਲੈਂਡ 'ਚ ਖੇਡੇ ਗਏ ਸਨ।

1983 ਦੀ ਵਿਸ਼ਵ ਕੱਪ ਜਿੱਤ ਅਤੇ ਕਪਿਲ ਦੇਵ ਦੀ ਪਾਰੀ ਨੇ ਕ੍ਰਿਕਟ ਨੂੰ ਭਾਰਤ 'ਵਿਚ ਧਰਮ ਦਾ ਦਰਜਾ ਦਿਵਾ ਦਿੱਤਾ। ਬਾਅਦ 'ਚ ਸਚਿਨ ਤੇਂਦੁਲਕਰ ਇਸ ਨਵੇਂ ਧਰਮ ਦੇ ਭਗਵਾਨ ਵੀ ਬਣ ਗਏ। ਇਸੇ ਤਰ੍ਹਾਂ ਇਸਤਰੀ ਕ੍ਰਿਕਟ ਦਾ ਕਾਇਆਕਲਪ 2017 'ਵਿਚ ਸ਼ੁਰੂ ਹੋਇਆ ਹਰਮਨਪ੍ਰੀਤ ਕੌਰ ਦੀ ਪਾਰੀ ਨਾਲ। ਦਰਅਸਲ 2017 ਤੋਂ ਪਹਿਲਾਂ ਮਹਿਲਾ ਕ੍ਰਿਕਟ ਨੂੰ ਦੇਖਣਾ ਇਕ ਤਰ੍ਹਾਂ ਦਾ ਨਵਾਂਪਣ ਸੀ, ਜਿਸ ਨੂੰ ਸਿਰਫ਼ ਉਸੇ ਸਮੇਂ ਦੇਖਿਆ ਜਾਂਦਾ ਸੀ, ਜਦੋਂ ਤੁਹਾਡੇ ਕੋਲ ਥੋੜ੍ਹਾ ਖਾਲੀ ਸਮਾਂ ਹੁੰਦਾ ਸੀ, ਉਦੋਂ ਤਾਂ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਟੀਮ 'ਚ ਕਿਹੜੀਆਂ ਕੁੜੀਆਂ ਖੇਡ ਰਹੀਆਂ ਹਨ। ਪਰ ਹਰਮਨਪ੍ਰੀਤ ਕੌਰ ਦੀ ਪਾਰੀ ਨੇ ਮਹਿਲਾ ਕ੍ਰਿਕਟ ਦੇ ਪ੍ਰਤੀ ਦੇਸ਼ 'ਵਿਚ ਨਜ਼ਰੀਆ ਹੀ ਬਦਲ ਦਿੱਤਾ। ਅੱਜ ਅਸੀਂ ਹਰਮਨਪ੍ਰੀਤ ਕੌਰ, ਮਿਥਾਲੀ ਰਾਜ ਜਾਂ ਝੂਲਨ ਗੋਸਵਾਮੀ ਨੂੰ ਅਤੇ ਉਨ੍ਹਾਂ ਦੇ ਰਿਕਾਰਡਜ਼ ਨੂੰ ਉਵੇਂ ਹੀ ਜਾਣਦੇ ਹਾਂ ਜਿਵੇਂ ਵਿਰਾਟ ਕੋਹਲੀ ਜਾਂ ਜਸਪ੍ਰੀਤ ਬੁਮਰਾਹ ਨੂੰ।

ਹਰਮਨਪ੍ਰੀਤ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਉਨ੍ਹਾਂ ਮਹਿਲਾ ਕ੍ਰਿਕਟ ਦਾ ਵਿਕਾਸ ਦੇਖਿਆ ਹੈ ਅਤੇ ਬੋਰਡ, ਦਰਸ਼ਕਾਂ, ਪ੍ਰਸੰਸਕਾਂ ਤੇ ਮੀਡੀਆ ਦੀ ਦਿਲਚਸਪੀ ਵੀ ਵਧੀ ਹੈ। ਅੱਜ ਕਿਸੇ ਔਰਤ ਲਈ ਪੇਸ਼ੇਵਰ ਕ੍ਰਿਕਟ ਖੇਡਣਾ ਜ਼ਿਆਦਾ ਮੁਸ਼ਕਲ ਨਹੀਂ ਹੈ। ਜੇਕਰ ਤੁਹਾਡੇ 'ਚ ਖੇਡ ਪ੍ਰਤੀ ਲਗਨ ਹੈ ਅਤੇ ਤੁਸੀਂ ਸਖ਼ਤ ਮਿਹਨਤ ਕਰਨ ਲਈ ਤਿਆਰ ਹੋ ਤਾਂ ਤੁਹਾਨੂੰ ਪਛਾਣ ਲਿਆ ਜਾਵੇਗਾ।

 

   ਸਾਜਿਦ ਖੰਨਾ