ਸੋਸ਼ਲ ਮੀਡੀਆ ਨਕਸਾਨਦਾਇਕ ਹੈ ਸਭ ਖੇਡਾਂ ਲਈ

ਸੋਸ਼ਲ ਮੀਡੀਆ ਨਕਸਾਨਦਾਇਕ ਹੈ ਸਭ ਖੇਡਾਂ ਲਈ

ਖੇਡ ਸੰਸਾਰ

ਕ੍ਰਿਕਟ ਪਿਛਲੇ ਦਹਾਕਿਆਂ ਤੋਂ ਸਾਡੇ ਦੇਸ਼ ਵਿਚ ਬਹੁਤ ਜ਼ਿਆਦਾ ਲੋਕਪ੍ਰਿਆ ਖੇਡ ਮੰਨੀ ਜਾਂਦੀ ਰਹੀ ਹੈ। ਇਸ ਦਾ ਨਸ਼ਾ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਲੋਕ ਹੈਰਾਨ ਹੋਣਗੇ ਕਿ ਇਸ ਖੇਡ ਨੇ ਭਾਰਤ ਨੂੰ ਦੀਵਾਨਾ ਕੀਤਾ ਹੋਇਆ ਸੀ, ਅੱਜ ਉਹ ਵੀ ਆਪਣੀ ਲੋਕਪ੍ਰਿਅਤਾ ਦਿਨੋ-ਦਿਨ ਗੁਆਈ ਜਾ ਰਹੀ ਹੈ। ਕ੍ਰਿਕਟ ਨੂੰ ਸਾਡੇ ਦੇਸ਼ ਵਿਚ ਕਿਸੇ ਖੇਡ ਨੇ ਪਿੱਛੇ ਨਹੀਂ ਪਾਇਆ ਸਗੋਂ ਸੋਸ਼ਲ ਮੀਡੀਏ ਦੀ ਹਰਮਨ-ਪਿਆਰਤਾ ਨੇ, ਇਸ ਵਲੋਂ ਨੌਜਵਾਨ ਪੀੜ੍ਹੀ ਦਾ ਧਿਆਨ ਥੋੜ੍ਹਾ ਘੱਟ ਕੀਤਾ ਹੈ। ਜੇ ਇਸ ਖੇਡ ਦਾ ਇਹ ਹਾਲ ਹੈ ਤਾਂ ਬਾਕੀ ਖੇਡਾਂ ਜਿਵੇਂ ਹਾਕੀ, ਫੁੱਟਬਾਲ, ਵਾਲੀਬਾਲ, ਬਾਸਕਟਬਾਲ, ਐਥਲੈਟਿਕਸ ਆਦਿ ਦਾ ਕੀ ਹਾਲ ਹੋਵੇਗਾ। ਨੌਜਵਾਨ ਪੀੜ੍ਹੀ ਲਈ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਸਿਗਨਲ, ਟਵਿੱਟਰ, ਟਿਕਟੋਕ, ਸਨੈਪ ਚੈਟ ਆਦਿ ਹੀ ਹੁਣ ਅਸਲੀ ਮੈਦਾਨ ਬਣ ਕੇ ਰਹਿ ਗਏ ਹਨ, ਜਿਥੇ ਉਹ ਦੂਜਿਆਂ ਨੂੰ, ਸਾਥੀ ਮਿੱਤਰਾਂ ਨੂੰ ਪ੍ਰਭਾਵਿਤ ਕਰਨ ਤੇ ਲੱਗੇ ਹੋਏ ਹਨ। ਘੰਟਿਆਂਬੱਧੀ ਉਹ ਆਪਣਾ ਵਕਤ ਇਥੇ ਹੀ ਗਵਾਈ ਜਾ ਰਹੇ ਹਨ। ਯੂ-ਟਿਊਬ ਇਕ ਬਹੁਤ ਹੀ ਪ੍ਰਭਾਵਸ਼ਾਲੀ ਬਹੁਤ ਗਿਆਨ ਦੇਣ ਵਾਲਾ ਸਰੋਤ ਹੈ, ਪਰ ਇਸ ਦੀ ਵਰਤੋਂ ਵੀ ਨੌਜਵਾਨ ਪੀੜ੍ਹੀ, ਨਾਕਾਰਤਮਿਕ ਸੋਚ ਨੂੰ ਬੜ੍ਹਾਵਾ ਦੇਣ ਵਾਲੀਆਂ ਚੀਜ਼ਾਂ ਲਈ ਕਰ ਰਹੀ ਹੈ। ਜੇ ਬਹੁਤ ਡੂੰਘੀ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਯੂ-ਟਿਊਬ ਤੇ ਬਹੁਤ ਸਾਰੇ ਸਪੋਰਟਸ ਚੈਨਲ ਵੀ ਹਨ, ਜਿਥੋਂ ਸਾਡੇ ਨੌਜਵਾਨਾਂ ਖਿਡਾਰੀ ਖੇਡਾਂ ਦਾ ਅਭਿਆਸ ਸਿੱਖ ਸਕਦੇ ਹਨ। ਖੇਡਾਂ ਲਈ ਪ੍ਰੇਰਿਤ ਹੋ ਸਕਦੇ ਹਨ। ਪਰ ਸਾਡੀ ਨੌਜਵਾਨ ਪੀੜ੍ਹੀ ਇਸ ਸਭ ਕਾਸੇ ਤੋਂ ਮੁੱਖ ਮੋੜਦੀ ਨਜ਼ਰ ਆ ਰਹੀ ਹੈ।

ਕੋਈ ਜ਼ਮਾਨਾ ਸੀ ਕਿ ਸਕੂਲੀ ਬੱਚਿਆਂ ਨੂੰ ਸਵੇਰੇ-ਸ਼ਾਮ ਖੇਡ ਮੈਦਾਨ 'ਚ ਜਾਣ ਦਾ ਚਾਅ ਹੁੰਦਾ ਸੀ। ਪਰ ਹੁਣ ਬਸ ਉਨ੍ਹਾਂ ਦੇ ਦਿਲਾਂ 'ਚ ਜੇ ਕੋਈ ਚਾਅ ਰਹਿ ਗਿਆ ਹੈ ਤਾਂ ਉਹ ਬਸ ਫੇਸਬੁੱਕ, ਇੰਸਟਾਗ੍ਰਾਮ 'ਤੇ ਕੋਈ ਨਵੀਂ ਸਟੋਰੀ ਪਾਉਣ ਦਾ ਹੀ ਹੈ। ਵਟਸਐਪ 'ਤੇ ਸਹੇਲੀਆਂ-ਮਿੱਤਰਾਂ ਨਾਲ ਚੈਟ ਕਰਨ ਦੀ, ਖੁਸ਼ੀ ਉਨ੍ਹਾਂ ਨੂੰ ਖੇਡ ਮੈਦਾਨ ਤੋਂ ਕਿਤੇ ਵੱਧ ਮਿਲ ਰਹੀ ਹੈ। ਹੁਣ ਰਨ ਬਣਾਉਣ, ਗੋਲ ਕਰਨ ਨਾਲੋਂ ਆਪਣੀ ਪੋਸਟ ਤੇ ਕਿੰਨੇ ਲਾਈਕ ਮਿਲੇ ਹਨ, ਇਸ ਬਾਰੇ ਨੌਜਵਾਨਾਂ ਜ਼ਿਆਦਾ ਸੰਜੀਦਾ ਹਨ। ਖੇਡ ਮੈਦਾਨ 'ਚ ਜਾਣ ਵਾਲੇ ਸਮੇਂ 'ਚ, ਉਹ ਪਾਰਕਾਂ, ਮਾਲਾਂ 'ਚ ਜਾ ਕੇ ਦਿਲਕੁਸ਼ ਅੰਦਾਜ਼ 'ਚ ਤਸਵੀਰਾਂ ਖਿਚਵਾ ਰਹੇ ਹਨ। ਟਿਕਟੋਕ ਲਈ ਵੀਡੀਓ ਕਲਿੱਪ ਬਣਾ ਰਹੇ ਹਨ, ਕਿਸੇ ਖੇਡ ਨਾਲ ਪਿਆਰ ਪਾਉਣ ਦੀ ਬਜਾਏ ਹੁਣ ਨੌਜਵਾਨਾਂ ਨੂੰ ਫੇਸਬੁਕ 'ਤੇ ਨਵੀਆਂ ਦੋਸਤੀਆਂ ਦੀ ਤਲਾਸ਼ ਰਹਿੰਦੀ ਹੈ ਤੇ ਫਿਰ ਇਸ ਦੋਸਤੀ ਦੀ ਖੇਡ 'ਚ ਹੀ ਉਹ ਉਲਝ ਜਾਂਦੇ ਹਨ। ਨੌਜਵਾਨਾਂ 'ਵਿਚ ਰਾਜਨੀਤੀ 'ਵਿਚ ਦਿਲਚਸਪੀ ਦਾ ਵਧਣਾ ਵੀ ਉਨ੍ਹਾਂ ਨੂੰ ਖੇਡਾਂ ਪੱਖੋਂ ਰੁਝਾਨ ਨੂੰ ਘੱਟ ਕਰ ਰਿਹਾ ਹੈ। ਟੀ.ਵੀ. ਚੈਨਲ ਵੀ ਜਿਹੜੇ ਕ੍ਰਿਕਟ ਪਰੋਸਦੇ ਰਹੇ ਹਨ, ਹੁਣ ਅਜਿਹਾ ਕੁਝ ਪੇਸ਼ ਕਰ ਰਹੇ ਹਨ ਕਿ ਨੌਜਵਾਨ ਪੀੜ੍ਹੀ, ਬਿਨਾਂ ਗੱਲੋਂ ਹੀ ਰਾਜਨੀਤਕ ਮਸਲਿਆਂ 'ਚ ਉਲਝਦੀ ਜਾ ਰਹੀ ਹੈ। ਸੋਸ਼ਲ ਮੀਡੀਆ ਵੀ ਪ੍ਰਭਾਵਿਤ ਹੋ ਰਿਹਾ ਹੈ।

ਅਜਿਹਾ ਰੁਝਾਨ ਜੇਕਰ ਸੋਸ਼ਲ ਮੀਡੀਆ 'ਤੇ ਇੰਜ ਹੀ ਵਧਦਾ ਗਿਆ ਤਾਂ ਉਹ ਦਿਨ ਦੂਰ ਨਹੀਂ ਕਿ ਸਿਰਫ਼ ਏਅਰ ਕੰਡੀਸ਼ਨ ਬੰਦ ਕਮਰਿਆਂ 'ਚ ਸਾਡੀ ਨੌਜਵਾਨ ਪੀੜ੍ਹੀ ਸਿਰਫ਼ ਸੋਸ਼ਲ ਮੀਡੀਏ ਸਾਈਟਾਂ ਤੱਕ ਹੀ ਸੀਮਤ ਰਹਿ ਜਾਵੇਗੀ। ਸਿਹਤ ਦਾ ਖਿਆਲ ਕਿਸ ਨੂੰ ਹੈ, ਧਿਆਨ ਤਾਂ ਆਪਣੀ ਸਟੋਰੀ, ਆਪਣੇ ਸਟੇਟਸ, ਆਪਣੀ ਪੋਸਟ ਤੇ ਵੱਧ ਤੋਂ ਵੱਧ ਕੁਮੈਂਟਸ, ਲਾਈਕ ਲੈਣ ਦੀ ਹੈ। ਇਸ ਲਾਈਕ ਕੁਮੈਂਟ ਦੀ ਖੇਡ ਵਿਚ ਨੌਜਵਾਨਾਂ ਨੂੰ ਕਢਣ ਦੀ ਲੋੜ ਹੈ। ਵੇਲਾ ਹੈ ਕਿ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ 'ਚ ਇਸ ਵਿਸ਼ੇ 'ਤੇ ਸੈਮੀਨਾਰ ਹੋਣ, ਲੈਕਚਰ ਹੋਣ ਅਤੇ ਅਧਿਆਪਕ ਵੀ ਬੱਚਿਆਂ ਦੀ ਰਹਿਨੁਮਾਈ ਕਰਨ, ਨੌਜਵਾਨਾਂ ਦੇ ਲੋੜ ਤੋਂ ਵੱਧ ਮੋਬਾਈਲ ਦੀ ਵਰਤੋਂ 'ਤੇ ਘਰਦਿਆਂ ਵਲੋਂ ਵੀ ਕੁਝ ਪਾਬੰਦੀ ਲਾਈ ਜਾਵੇ। ਸਾਰੀਆਂ ਸੋਸ਼ਲ ਮੀਡੀਆ ਸਾਈਟਸ ਦਾ ਆਪਣਾ-ਆਪਣਾ ਮਹੱਤਵ ਹੈ ਪਰ ਨੌਜਵਾਨ ਪੀੜ੍ਹੀ ਉਨ੍ਹਾਂ ਦੀ ਦੁਰਵਰਤੋਂ ਤੋਂ ਗੁਰੇਜ਼ ਕਰੇ। ਆਓ, ਇਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਇਸ ਪੀੜ੍ਹੀ ਨੂੰ ਖੇਡ ਦੇ ਮੈਦਾਨਾਂ ਵੱਲ ਤੋਰੀਏ।

 

ਪਰਮਜੀਤ ਸਿੰਘ