ਬੰਦੀ ਸਿੰਘਾਂ ਦੀਆਂ ਤਸਵੀਰਾਂ ਦੇ ਹੋਰਡਿੰਗਜ਼ ਬੋਰਡ ਸ਼ੋ੍ਰਮਣੀ ਕਮੇਟੀ ਨੇ  ਲਗਾਏ

ਬੰਦੀ ਸਿੰਘਾਂ ਦੀਆਂ ਤਸਵੀਰਾਂ ਦੇ ਹੋਰਡਿੰਗਜ਼ ਬੋਰਡ ਸ਼ੋ੍ਰਮਣੀ ਕਮੇਟੀ ਨੇ  ਲਗਾਏ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ -ਲੰਮੇ ਸਮੇਂ ਤੋਂ ਜੇਲ੍ਹਾਂ 'ਵਿਚ ਬੰਦ, ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲਬਾਤ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰਾਂ ਵਲੋਂ ਸਮਾਂ ਨਾ ਦਿੱਤੇ ਜਾਣ ਦੇ ਰੋਸ ਵਜੋਂ ਸ਼ੋ੍ਮਣੀ ਕਮੇਟੀ ਵਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰਾਂ ਤੋਂ ਇਲਾਵਾ ਆਪਣੇ ਪ੍ਰਬੰਧ ਹੇਠਲੇ ਸੈਕਸ਼ਨ 85 ਅਤੇ 87 ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੇ ਵਿੱਦਿਅਕ ਅਦਾਰਿਆਂ ਦੇ ਬਾਹਰ ਬੰਦੀ ਸਿੰਘਾਂ ਦੀਆਂ ਤਸਵੀਰਾਂ ਸਮੇਤ ਉਨ੍ਹਾਂ ਦੇ ਕੇਸਾਂ ਸੰਬੰਧੀ ਜਾਣਕਾਰੀ ਦਿੰਦੇ ਹੋਰਡਿੰਗ ਬੋਰਡ ਲਗਾਉਣ ਦੀ ਮੁਹਿੰਮ ਅਰੰਭ ਕੀਤੀ ਗਈ ਹੈ |  ਹਰਿਮੰਦਰ ਸਾਹਿਬ ਸਮੂਹ ਦੇ ਬਾਹਰ ਲੰਗਰ ਸਾਹਿਬ ਦੀ ਇਮਾਰਤ ਵਾਲੇ ਪ੍ਰਵੇਸ਼ ਦੁਆਰ ਤੇ ਸ਼ੋ੍ਮਣੀ ਕਮੇਟੀ ਦਫ਼ਤਰ ਦੇ ਸਾਹਮਣੇ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਮਾਈ ਸੇਵਾਂ ਬਾਜ਼ਾਰ ਵਾਲੇ ਪ੍ਰਵੇਸ਼ ਦੁਆਰਾਂ ਵਿਖੇ 'ਸਿੱਖ ਕੌਮ ਇਨਸਾਫ ਮੰਗਦੀ ਹੈ' ਸਿਰਲੇਖ ਵਾਲੇ ਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਬੋਰਡ ਲਗਾਏ ਗਏ ਹਨ ।ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰਾਂ ਤੋਂ ਇਲਾਵਾ ਗੁ: ਸ਼ਹੀਦਗੰਜ ਸਾਹਿਬ ਦੇ ਬਾਹਰ ਵੀ ਦੋ ਥਾਂਵਾਂ 'ਤੇ ਇਹ ਹੋਰਡਿੰਗ ਬੋਰਡ ਲਗਾਏ ਗਏ ਹਨ ਤੇ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਬਾਕੀ ਗੁਰਦੁਆਰਾ ਸਾਹਿਬਾਨ ਦੇ ਬਾਹਰ ਵੀ ਅਜਿਹੇ ਬੋਰਡ ਲਗਾਏ ਜਾ ਰਹੇ ਹਨ | ਇਸੇ ਦੌਰਾਨ ਸ਼ੋ੍ਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸੈਕਸ਼ਨ 85 ਅਤੇ 87 ਦੇ ਪ੍ਰਬੰਧ ਹੇਠਲੇ 700 ਤੋਂ ਵਧੇਰੇ ਗੁਰਦੁਆਰਾ ਸਾਹਿਬਾਨਾਂ ਤੇ ਵਿੱਦਿਅਕ ਅਦਾਰਿਆਂ ਦੇ ਬਾਹਰ ਅਜਿਹੇ ਵੱਡ ਅਕਾਰੀ ਬੋਰਡ ਲਗਾਏ ਜਾ ਰਹੇ ਹਨ