ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ

ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ
ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋ

(ਸ਼ਹੀਦੀ 14 ਸਤੰਬਰ 1990)

ਮੁਖਬਰਾਂ ਨੇ ਸਿੰਘਾਂ ਦੀ ਜਾਣਕਾਰੀ ਲੈਣ ਲਈ ਰਿਸ਼ਤਿਆਂ ਦੇ ਬਹਾਨੇ ਬਣਾਏ 

 ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋ ਦਾ ਜਨਮ 3 ਅਪਰੈਲ 1961 ਨੂੰ ਜਲੰਧਰ ਜਿਲ੍ਹੇ ਦੇ ਪਿੰਡ ਡੱਲੇਵਾਲ ਦੇ ਵਸਨੀਕ ਸ੍ਰ, ਕਰਮ ਸਿੰਘ ਦੇ ਘਰੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ । ਪਰਿਵਾਰ ਵਿੱਚ ਭਾਈ ਸੱਤਪਾਲ ਸਿੰਘ ਦਾ ਇੱਕ ਭਰਾ ਭਾਈ ਨਿਰਮਲ ਸਿੰਘ ਢਿੱਲੋਂ ਅਤੇ ਤਿੰਨ ਭੈਣਾਂ ਸਨ। ਭਾਈ ਸੱਤਪਾਲ ਸਿੰਘ ਨੇ ਮੁੱਢਲੀ ਵਿਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਪਾਤ ਕੀਤੀ । ਉਸ ਸਮੇਂ ਸਕੂਲ ਦੀ ਮੁੱਖ ਅਧਿਆਪਕਾ ਬੀਬੀ ਅਮਰ ਕੌਰ ਸੀ ਜੋ ਕਿ ਪਿੰਡ ਡੱਲੇਵਾਲ ਦੇ ਹੀ ਵਸਨੀਕ ਸਨ । ਪੰਜਵੀ ਦਾ ਇਮਿਤਿਹਾਨ ਪਾਸ ਕਰਨ ਉਪਰੰਤ 1973 ਵਿੱਚ ਹਾਇਰ ਸੈਕੰਡਰੀ ਸਕੂਲ ਅੱਟਾ ਵਿਖੇ ਦਾਖਲਾ ਲਿਆ ਅਤੇਂ ਗਿਆਰਵੀਂ ਜਮਾਤ ਦਾ ਇਮਿਤਿਹਾਨ ਪਾਸ ਕੀਤਾ । ਕਪੂਰਥਲਾ ਦੇ ਰਣਧੀਰ ਕਾਲਜ ਵਿੱਚ ਜਦੋਂ ਦਾਖਲਾ ਲੈ ਕੇ ਬੀ.ਏ ਦਾ ਦੂਜਾ ਪੂਰਾ ਕੀਤਾ ਅਤੇ ਤੀਜੇ ਸਾਲ ਭਾਵ ਫਾਈਨਲ ਦੀਆਂ ਕਲਾਸਾਂ ਅਰੰਭ ਹੋਣ ਤੋਂ ਕੁੱਝ ਮਹੀਨੇ ਬਆਦ ਹੀ ਭਾਵ 4 ਅਗਸਤ 1982 ਨੂੰ ਧਰਮ ਯੁੱਧ ਮੋਰਚੇ ਦਾ ਅਗਾਜ਼ ਹੋ ਗਿਆ । ਦਰਅਸਲ 19 ਜੁਲਾਈ 1982 ਵਾਲੇ ਦਿਨ ਪੁਲਿਸ ਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਬਾਬਾ ਠਾਹਰਾ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ , ਤਾਂ ਉਸੇ ਦਿਨ ਹੀ ਉਹਨਾਂ ਦੀ ਰਿਹਾਈ ਅਤੇ ਕੁੱਝ ਧਾਰਮਿਕ ਮੰਗਾਂ ਦੀ ਪੂਰਤੀ ਵਾਸਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਮੋਰਚਾ ਅਰੰਭ ਕੀਤਾ ਗਿਆ ਸੀ। ਜਿਸਨੂੰ 4 ਅਗਸਤ ਵਾਲੇ ਦਿਨ ਧਰਮ ਯੁੱਧ ਮੋਰਚੇ ਦੇ ਨਾਮ ਹੇਠ ਕੌਮ ਦੇ ਸਾਂਝੇ ਮੋਰਚੇ ਦਾ ਰੂਪ ਦਿਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਜਥੇਬੰਦ ਕਰਨ ਦਾ ਕਾਰਜ ਵੀ ਪੂਰੇ ਜੋਬਨ ਤੇ ਸੀ ਤਾਂ ਕਿ ਸਿੱਖ ਨੌਜਵਾਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਮੋਰਚੇ ਨੂੰ ਸਫਲ ਬਣਾਇਆ ਜਾ ਸਕੇ । ਇਸੇ ਕੜੀ ਅਧੀਨ ਹੀ ਫੈਡਰੇਸ਼ਨ ਦਾ ਤੱਤਕਾਲੀ ਮੀਤ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ ਰਣਧੀਰ ਕਾਲਜ ਆਇਆ ਜਿਸ ਨੇ ਨੌਜਵਾਨਾਂ ਨੂੰ ਇਕੱਤਰ ਕਰਕੇ ਕਾਲਜ ਦੀ ਯੂਨਿਟ ਬਣਾਇਆ ਜਿਸ ਵਿੱਚ ਭਾਈ ਸੱਤਪਾਲ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ। ਜਲਦੀ ਹੀ ਭਾਈ ਸੱਤਪਾਲ ਸਿੰਘ ਢਿੱਲੋਂ ਦੀ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਕਪੂਰਥਲਾ ਦਾ ਜਿਲ੍ਹਾ ਜਨਰਲ ਸਕੱਤਰ ਬਣਾ ਦਿੱਤਾ , ਇਸ ਵਧੀ ਜ਼ਿਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਦਿਆ ਭਾਈ ਢਿੱਲੋਂ ਨੇ ਫਗਵਾੜਾ ਦੇ ਸਮੂਹ ਕਾਲਜਾਂ ਵਿੱਚ ਫੈਡਰੇਸ਼ਨ ਦੇ ਯੂਨਿਟ ਬਣਾਉਣ ਲਈ ਯਤਨ ਅਰੰਭ ਦਿੱਤੇ ।ਜਿੱਥੇ ਕਿ ਕੰਮਰੇਡਾਂ ਦੀ ਐਸ. ਐਫ ਆਈ ਦਾ ਜ਼ੋਰ ਸੀ ਜੋ ਕਿ ਧਰਮ ਨੂੰ ਫਜ਼ੂਲ ਪਰਚਾਰਦੇ ਸੀ ਅਤੇ ਆਏ ਦਿਨ ਸਿੱਖ ਧਰਮ ਦੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਤੇ ਸਿੱਖਾਂ ਦੇ ਖਿਲਾਫ ਊਲ ਜਲੂਲ ਬੋਲਦੇ ਰਹਿੰਦੇ ।ਭਾਈ ਸੱਤਪਾਲ ਸਿੰਘ ਢਿੱਲੋ ਨੇ ਵੀਚਾਰਾਂ ਤੇ ਮਿਹਨਤ ਨਾਲ ਵਿਦਿਆਰਥੀਆਂ ਨੂੰ ਪ੍ਰੇਰ ਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਵੱਡੇ ਪੱਧਰ ਤੇ ਭਰਤੀ ਕਰਕੇ ਯੂਨਿਟ ਬਣਾਇਆ ਤੇ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਦਿੱਤੀ। ਜਦੋਂ ਮਾਰਚ 1984 ਦੌਰਾਨ ਫੈਡਰੇਸ਼ਨ ਤੇ ਸਰਕਾਰ ਨੇ ਪਬੰਦੀ ਲਗਾਈ ਤਾਂ ਇਸ ਦਾ ਸਮੂਹਿਕ ਤੌਰ ਤੇ ਜਬਰਦਸਤ ਵਿਰੋਧ ਕੀਤਾ ਗਿਆ।ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੇ ਬਚਨਾਂ ਕਿ ਹਰੇਕ ਪਿੰਡ ਵਿੱਚ ਤਿੰਨ ਸਿੱਖ ਨੌਜਵਾਨ ਤਿਆਰ ਬਰ ਤਿਆਰ ਹੋ ਕੇ ਕਮਰਕੱਸੇ ਕਰੋ,ਤਿੰਨ ਰਿਵਾਲਵਰ ਅਤੇ ਵਧੀਆ ਮੌਟਰ ਸਾਇਕਲ ਦਾ ਪ੍ਰਬੰਧ ਕਰੋ।ਮਹਾਂਪਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੇ ਹਿਦਾਇਤ ਵੀ ਕੀਤੀ ਕਿ ਹਥਿਆਰ ਰੱਖਕੇ ਕਿਸੇ ਤੇ ਜ਼ੁੁੁਲਮ ਕਰਨਾ ਪਾਪ ਹੈ ਅਤੇ ਹਥਿਆਰ ਰੱੱਖ ਕੇ ਆਪਣਾ ਹੱਕ ਨਾ ਲੈਣਾ ਉਸ ਤੋਂ ਵੀ ਵੱਡਾ ਪਾਪਾ ਹੈ । ਇਹਨਾਂ ਬਚਨਾਂ ਅਨੁੁਸਾਰ ਭਾਈ ਸਤਪਾਲ ਸਿੰਘ ਢਿੱਲੋ ਨੇ ਮੋਟਰ ਸਾਇਕਲ ਤੇ ਆਪਣੇ ਪਿੰਡ ਦੇ ਨੌਜਵਾਨਾਂ ਦਾ ਤਿਆਰ ਬਰ ਤਿਆਰ ਸਿੰਘਾਂ ਦਾ ਜੁਝਾਰੂ ਦਸਤਾ ਬਣਾਇਆ ।ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵਲੋਂ ਕੀਤੇ ਅੱਤ ਵਹਿਸ਼ੀ ਹਮਲੇ ਮਗਰੋਂ ਖਾਲਿਸਤਾਨ ਦੀ ਪ੍ਰਾਪਤੀ ਨੂੰ ਕੌਮੀ ਨਿਸ਼ਾਨਾ ਮਿਥਿਆ ਗਿਆ । ਜਿਸ ਵਿੱਚ ਭਾਈ ਸੱਤਪਾਲ ਸਿੰਘ ਢਿੱਲੋਂ ਨੇ ਆਪਣੇ ਸਾਥੀਆਂ ਨੂੰ ਨਾਲ ਲੈਕੇ ਸਿੱਖ ਵਿਰੋਧੀਆਂ ਨੂੰ ਢੁੱਕਵੀਂਆਂ ਸਜ਼ਾਵਾਂ ਦਿੱਤੀਆਂ । ਜਲੰਧਰ ਜਿਲ੍ਹੇ ਵਿਚ ਵਧਦੀਆਂ ਹੋਈਆਂ ਖਾੜਕੂ ਕਾਰਵਾਈਆਂ ਨੂੰ ਦੇਖਦਿਆਂ ਪੁਲਿਸ ਨੂੰ ਅਧੂਰੀ ਜਾਣਕਾਰੀ ਮਿਲੀ ਕਿ ਡੱਲੇਵਾਲ ਦਾ ਇੱਕ ਪਾਲਾ ਨਾਮ ਦਾ ਵਿਅਕਤੀ ਹੈ ਜੋ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਰਗਰਮ ਖਾੜਕੂ ਹੈ।

"ਮੁਖਬਰ ਨੇ ਰਿਸ਼ਤੇ ਕਰਨ ਦੇ ਬਹਾਨੇ ਲਈ ਜਾਣਕਾਰੀ"

ਰੁੜਕੀ ਪਿੰਡ ਜੋ ਕਿ ਥਾਣਾ ਗੁਰਾਇਆਂ ਅਧੀਨ ਹੀ ਆਉਂਦਾ ਹੈ। ਉਥੋਂ ਦੇ ਵਸਨੀਕ ਦੋ ਸਕੇ ਭਰਾਵਾਂ ਮਾਸਟਰ ਸੁਖਦੇਵ ਸਿੰਘ ਅਤੇ ਉਸਦੇ ਭਰਾ ਸਤਨਾਮ ਸਿੰਘ ਸੱਤਾ ਨੇ ਆਪਣੇ ਪਿੰਡ ਵਿਚ ਦਿਵਾਲੀ ਵਾਲੀ ਰਾਤ ਇੱਕ ਕਤਲ ਕਰ ਦਿੱਤਾ ਸੀ। ਜਦੋਂ ਏਨ੍ਹਾਂ ਨੂੰ ਗਿ੍ਫਤਾਰ ਕੀਤਾ ਗਿਆ ਤਾਂ ਸੁੱਚਾ ਸਿਓਂ ਇੰਸਪੈਕਟਰ ਨੇ ਏਨ੍ਹਾਂ ਨੂੰ ਆਪਣੇ ਮੁਖਬਰ ਬਣਾ ਲਿਆ। ਅਤੇ ਕਤਲ ਕੇਸ ਵਿਚੋਂ ਵਕਤੀ ਰਾਹਤ ਵੀ ਦਿਵਾ ਦਿੱਤੀ। ਏਨ੍ਹਾਂ ਨੇ ਲੋਕਾ ਦੀਆਂ ਸ਼ਰਾਬ ਦੀ ਭੱਠੀਆਂ, ਅਫੀਮ,ਡੋਡੇ ਆਦਿਕ ਹਰ ਤਰ੍ਹਾਂ ਦੀ ਮੁਖਬਰੀ ਕਰ ਪੁਲਿਸ ਦੀ ਸਹਾਇਤਾ ਕੀਤੀ। ਜਦੋਂ ਪਾਲਾ(ਸੱਤਪਾਲ ਸਿੰਘ) ਦੇ ਨਾਮ ਆਇਆ ਤਾਂ ਇਸ ਕੰਮ ਦਾ ਜਿੰਮਾਂ ਮਾਸਟਰ ਅਤੇ ਉਸਦੇ ਭਰਾ ਨੂੰ ਸੌਂਪ ਦਿੱਤਾ ਗਿਆ। ਮਾਸਟਰ ਸੁਖਦੇਵ ਸਿਓਂ ਜਿਸ ਸਕੂਲ ਵਿਚ ਪੜਾਉਂਦਾ ਸੀ, ਉਸੇ ਹੀ ਸਕੂਲ ਵਿਚ ਮਾਸਟਰ ਲਹਿੰਬਰ ਸਿੰਘ ਵੀ ਪੜਾਉਂਦਾ ਸੀ ਜੋ ਕਿ ਘਰਾਂ ਵਿਚੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਹਰਮਿੰਦਰ ਸਿੰਘ ਲਾਲਾ ਦਾ ਤਾਇਆ ਲਗਦਾ ਸੀ। ਉਸਨੂੰ ਮਾਸਟਰ ਸੁਖਦੇਵ ਸਿਓਂ ਨੇ ਪੁੱਛਿਆ ਕਿ," ਤੁਹਾਡੇ ਪਿੰਡ ਤੋਂ ਕੋਈ ਪਾਲਾ ਨਾਮਕ ਸਿੱਖ ਨੌਜ਼ੁਆਨ ਹੈ, ਉਸਨੂੰ ਕਿਸੇ ਕੁੜੀ ਦੇ ਰਿਸ਼ਤੇ ਦੀ ਦਸ ਪਾਉਣੀ ਹੈ। ਉਹ ਕਿਹੋ ਜਿਹਾ ਮੁੰਡਾ ਹੈ ਅਤੇ ਘਰ ਦੇ ਹਾਲਾਤ ਕੀ ਹਨ"। ਅਗੋ ਮਾਸਟਰ ਲਹਿੰਬਰ ਸਿੰਘ ਨੇ ਦੱਸਿਆ ਕਿ," ਉਸ ਨੌਜ਼ੁਆਨ ਦਾ ਨਾਮ ਸੱਤਪਾਲ ਸਿੰਘ ਢਿੱਲੋਂ ਹੈ। ਉਹ ਦੋ ਭਰਾ ਹਨ ਅਤੇ ਮੁੰਡਾ ਕਪੂਰਥਲੇ ਕਾਲਜ਼ ਵਿਚ ਪੜਦਾ ਹੈ । ਘਰੋਂ ਵੀ ਸਹਿੰਦਾ ਹੈ 8 ਕੁ ਖੇਤ ਜ਼ਮੀਨ ਹੈ"। ਅਗੋਂ ਮਾਸਟਰ ਸੁਖਦੇਵ ਸਿਓਂ ਕਹਿਣ ਲੱਗਾ ਕਿ," ਏਨ੍ਹਾਂ ਦਾ ਘਰ ਕਿੱਥੇ ਕੁ ਪੈਂਦਾ ਹੈ ਤਾਂ ਜੋ ਦੇਖਣ ਆਉਣ ਵੇਲੇ ਘਰ ਲੱਭਣ ਵੇਲੇ ਕਿਸੇ ਨੂੰ ਪੁੱਛਣਾਂ ਨਾ ਪਵੇ"। ਤਾਂ ਮਾਸਟਰ ਲਹਿੰਬਰ ਸਿੰਘ ਨੇ ਕਿਹਾ ਕਿ,"ਪਿੰਡ ਵਿਚ ਵੜਦੇ ਸਾਰ ਹੀ ਜੋ ਵੱਡਾ ਗੁਰਦੁਆਰਾ ਹੈ, ਉੱਥੇ ਹੀ ਬਿਲਕੁਲ ਸਾਮ੍ਹਣੇ ਪਾਲੇ ਕਾ ਘਰ ਹੈ"। 

ਅਸਲ ਵਿਚ ਕੁੜੀ ਵਾਲਾ ਸੀ.ਆਈ.ਏ. ਸਟਾਫ਼ ਜਲੰਧਰ ਦਾ ਇੰਚਾਰਜ਼ ਸੁੱਚਾ ਸਿਓਂ ਸੀ। ਜਿਸ ਨੇ 25 ਫਰਵਰੀ 1985 ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੱਧਰ ਤੇ ਰੇਡ ਕੀਤਾ ਪਰ ਭਾਈ ਸਤਪਾਲ ਸਿੰਘ ਦਾ ਪਿੰਡ ਵਾਸੀਆਂ ਦੇ ਸਹਿਯੋਗ ਤੇ ਪਿਆਰ ਸਦਕਾ ਪੁਲਿਸ ਦੇ ਹੱਥ ਆਉਣ ਤੋਂ ਬਚਾ ਹੋ ਗਿਆ। ਪੁਲਿਸ ਸਾਰੀ ਰਾਤ ਭਾਈ ਸੱਤਪਾਲ ਸਿੰਘ ਦੇ ਘਰ ਬੈਠੀ ਰਹੀ ਅਤੇ ਚੜਦੀ ਸਵੇਰ 26 ਫਰਵਰੀ ਨੂੰ ਉਸਦੀ ਮਾਤਾ ਕਰਤਾਰ ਕੌਰ, ਭੈਣ ਜ਼ਗੀਰ ਕੌਰ(ਗੀਰਾਂ), ਘਰਦਾ ਸਾਰਾ ਸਮਾਨ ਪਸ਼ੂ-ਡੰਗਰ ਗੁਰਾਇਆਂ ਥਾਣੇ ਵਿਚ ਲੈ ਗਈ । ਜਦੋਂ ਇਸ ਛਾਪੇ ਦਾ ਸਾਰੇ ਪਿੰਡ ਵਿਚ ਰੌਲਾ ਪੈਗਿਆ ਤਾਂ ਮਾਸਟਰ ਲਹਿੰਬਰ ਸਿੰਘ ਪੜਾਉਣ ਸਕੂਲ ਪੁੱਜਾ ਤਾਂ ਉਸਨੇ ਮਾਸਟਰ ਸੁਖਦੇਵ ਸਿਓਂ ਸਾਰੇ ਸਕੂਲ ਸਾਮ੍ਹਣੇ ਗਾਲ੍ਹਾਂ ਕੱਢੀਆਂ ਤੇ ਵੰਗਾਰਕੇ ਕਿਹਾ," ਆਹ ਰਿਸ਼ਤਾ ਕਰਨਾ ਸੀ ਤੂੰ...!" ਨਾਲ ਹੀ ਦਬਕੇ ਨਾਲ ਕਿਹਾ ਕਿ," ਤੇਰੇ ਦਿਨ ਹੁਣ ਥੌੜੇ ਜਾਪਦੇ ਹਨ"। ਜਦੋਂ ਏਨ੍ਹਾਂ ਦੋਹਾਂ ਭਰਾਵਾਂ(ਸਤਨਾਮ ਸਿਓਂ ਤੇ ਸੁਖਦੇਵ ਸਿਓਂ)ਦੀ ਗੱਦਾਰੀ ਤੇ ਮੁਖਬਰੀ ਦਾ ਪਤਾ ਭਾਈ ਸੱਤਪਾਲ ਸਿੰਘ ਦੇ ਸਾਥੀਆਂ ਨੂੰ ਲੱਗਾ ਤਾਂ ਅਗਲੇ ਦਿਨ ਹੀ 28 ਫਰਵਰੀ ਨੂੰ ਚੜਦੀ ਸਵੇਰ ਹੀ ਮਾਸਟਰ ਸੁਖਦੇਵ ਸਿਓਂ ਦਾ ਸੋਧਾ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ , ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਹਰਮਿੰਦਰ ਸਿੰਘ ਲਾਲਾ ਹੋਰਾਂ ਤਿੰਨਾ ਸਿੰਘਾਂ ਨੇ ਲਾ ਦਿੱਤਾ। ਪਰ ਉਸ ਦਾ ਭਰਾ ਸਤਨਾਮ ਸਿਓਂ ਸੱਤਾ ਘਰ ਨਹੀਂ ਸੀ ਇਸ ਕਰਕੇ ਬਚ ਗਿਆ।। ਇਸ ਪੁੁੁਲਿਸ ਛਾਪੇ ਤੋਂ ਦੋ ਦਿਨ ਬਾਅਦ (ਭਾਈ ਹਰਮਿੰਦਰ ਸਿੰਘ ਸਪੁੱਤਰ ਗੁਰਦੇਵ ਸਿੰਘ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਸਪੁੱਤਰ ਅਵਤਾਰ ਸਿੰਘ) ਵੀ ਰੂਪੋਸ਼ ਹੋ ਗਏ। 

ਭਾਈ ਸੱਤਪਾਲ ਸਿੰਘ ਨੇ ਆਪਣੇ ਏਨ੍ਹਾਂ ਦੋਹਾਂ ਸਾਥੀਆਂ ਨਾਲ ਲੁਧਿਆਣਾ ਦੇ ਸ਼ਿਮਲਾ ਪੁਰੀ ਮਹੱਲੇ ਵਿਚ ਮਨਜੀਤ ਸਿੰਘ ਨਾਮਕ ਵਿਅਕਤੀ ਕਮਰਾ ਕਿਰਾਏ ਉੱਤੇ ਲੈ ਕੇ ਰਹਿਣ ਲੱਗ ਪਏ। ਜਦੋਂ ਵਿਸਾਖੀ ਵਾਲੇ ਦਿਨ ਸਿੱਖ ਸਟੂਡੈਂਟਸ ਫੈਡਰੇਸ਼ਨ ਉੱਤੇ ਲੱਗੀ ਪਾਬੰਧੀ ਨੂੰ ਹਟਾ ਲਿਆ ਗਿਆ ਤਾਂ ਭਾਈ ਸੱਤਪਾਲ ਸਿੰਘ ਨੇ ਫੈਡਰੇਸ਼ਨ ਨੂੰ ਜ਼ਥੇਬੰਦ ਕਰਨ ਲਈ ਸਰਗਰਮੀ ਫੜ ਲਈ । ਵੱਖ-ਵੱਖ ਜਿਲਿਆਂ ਵਿਚ ਯੂਨਿਟ ਸਥਾਪਿਤ ਕੀਤਾ ਗਏ। ਜੁਲਾਈ ਮਹੀਨੇ ਭਾਈ ਸੱਤਪਾਲ ਸਿੰਘ ਢਿੱਲੋਂ ਆਪਣਾ ਦੋਵਾਂ ਸਾਥੀ ਸਿੰਘਾਂ ਨਾਲ ਸ਼ੀ੍ ਦਰਬਾਰ ਸਾਹਿਬ ਰਹਿ ਕੇ ਕੌਮ ਦੀ ਸੇਵਾ ਕਰਨ ਲੱਗ ਪਏ ਅਤੇ ਅਕਾਲ ਰੈਸਟ ਹਾਊਸ ਦੇ ਦਸ ਨੰਬਰ ਕਮਰੇ ਵਿੱਚ ਰਿਹਾਇਸ਼ ਰੱਖ ਲਈ । ਕੌਮ ਦੇ ਦੋਖੀਆਂ ਨੂੰ ਸੋਧਾ ਲਾਉਣ ਦੇ ਨਾਲ ਨਾਲ ਨੌਜਵਾਨਾਂ ਨੂੰ ਵੀ ਜਥੇਬੰਦ ਕਰਦੇ ਰਹੇ । 22 ਸਤੰਬਰ 1985 ਵਾਲੇ ਦਿਨ ਨਡਾਲਾ(ਕਪੂਰਥਲੇ) ਤੋਂ ਆਪ ਨੂੰ ਗ੍ਰਿਫਤਾਰ ਕਰਨ ਉਪਰੰਤ ਸਖਤ ਤਸੀਹੇ ਦਿੱਤੇ ਗਏ ਅਤੇ ਮਗਰੋਂ ਜਲੰਧਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ । ਡੇਢ ਮਹੀਨੇ ਬਾਅਦ ਨਵੰਬਰ ਮਹੀਨੇ ਦੀ 9 ਤਰੀਕ ਨੂੰ ਭਾਈ ਸਤਪਾਲ ਸਿੰਘ ਦੇ ਦੋਵੇਂ ਰੂਪੋਸ਼ ਸਾਥੀ ਭਾਈ ਹਰਮਿੰਦਰ ਸਿੰਘ ਲਾਲਾ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਏ ਗਏ । ਇਸ ਸਮੇਂ ਭਾਈ ਸੱਤਪਾਲ ਸਿੰਘ ਢਿੱਲੋ ਨੂੰ 8 ਕੇਸਾਂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੂੰ 6 ਕੇਸਾਂ ਅਤੇ ਭਾਈ ਹਰਮਿੰਦਰ ਸਿੰਘ ਨੂੰ 7 ਕੇਸਾਂ ਵਿੱਚ ਚਾਰਜ ਕੀਤਾ ਗਿਆ ਸੀ ।ਇਹਨਾਂ ਕੇਸਾਂ ਵਿੱਚ ਕਾਂਗਰਸੀ ਆਗੂ ਮਾਸਟਰ ਸੁਖਦੇਵ ਸਿੰਘ ਰੁੜਕੀ,ਪੁਲਿਸ ਦੇ ਸਬ ਇੰਸਪੈਕਟਰ ਹਰਦਿਆਲ ਸਿੰਘ ਚੱਕ ਦਾਨਾ, ਕੇਨਰਾ ਬੈਂਕ ਕਪੂਰਥਲਾ ਵਿੱਚ ਬੈਂਕ ਡਾਕਾ ਅਤੇ ਇੱਕ ਕਤਲ ,ਬਿਲਗਾ ਕਤਲ ਕਾਂਡ,ਸ਼ਟੇਸ਼ਨ ਸਾੜਨ ਅਤੇ ਆਰਮਜ਼ ਐਕਟ ਦੇ ਕੇਸ ਸਨ।

ਭਾਈ ਸੱਤਪਾਲ ਸਿੰਘ ਢਿੱਲੋ ਦੀਆਂ ਬਾਕੀ ਕੇਸਾਂ ਵਿੱਚ ਜ਼ਮਾਨਤਾਂ ਮੰਨਜੂਰ ਹੋ ਗਈਆਂ ਅਤੇ 07 ਅਪਰੈਲ 1986 ਨੂੰ ਪੁਲੀਸ ਇੰਸਪੈਕਟਰ ਹਰਦਿਆਲ ਸਿੰਘ ਦੇ ਕਤਲ ਦਾ ਮੁਕੱਦਮੇ ਵਿੱਚੋਂ ਬਰੀ ਹੋਣ ਤੇ ਰਿਹਾਈ ਹੋ ਗਈ । ਜਲੰਧਰ ਜਿਲ੍ਹੇ ਦਾ ਪ੍ਰਧਾਨ ਅਤੇ ਮਗਰੌਂ ਕਾਰਜਕਾਰੀ ਜਨਰਲ ਸਕੱਤਰ ਬਣਾ ਦਿੱਤਾ ਗਿਆ । ਇਸ ਵਕਤ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਸਨ । ਜਿਹਨਾਂ ਦੇ ਨਾਲ ਮਿਲ ਕੇ ਆਪ ਜੀ ਨੇ ਫੈਡਰੇਸ਼ਨ ਨੂੰ ਸੁਚੱਜੀ ਅਗਵਾਈ ਦਿੱਤੀ। 10 ਸਤੰਬਰ1987 ਨੂੰ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਸਾਥੀ ਭਾਈ ਸੁਰਿੰਦਰ ਸਿੰਘ ਦੇ ਨਾਲ ਚੰਡੀਗੜ੍ਹ ਪੁਲੀਸ ਨੇ ਉਸ ਵਕਤ ਗ੍ਰਿਫਤਾਰ ਕਰ ਲਿਆ, ਜਦੋਂ ਉਹ ਅਖਬਾਰ ਨੂੰ ਇੱਕ ਪ੍ਰੈੱਸ ਨੋਟ ਦੇਣ ਜਾ ਰਹੇ ਸੀ । ਪਹਿਲਾਂ ਬੁੜੈਲ ਅਤੇ ਮਗਰੋਂ ਸਕਿਉਰਟੀ ਜੇਲ੍ਹ ਨਾਭਾ ਵਿੱਚ ਭੇਜ ਦਿੱਤਾ ਗਿਆ । ਜਿੱਥੇ ਭਾਈ ਸੱਤਪਾਲ ਸਿੰਘ ਦੇ ਗਰੁੱਪ ਵਿੱਚ ਸ਼ਾਮਲ ਸਾਥੀ ਪਹਿਲਾਂ ਤੋਂ ਹੀ ਬੰਦ ਸਨ । ਅੱਠ ਜਨਵਰੀ 1990 ਨੂੰ ਆਪਦੀ ਰਿਹਾਈ ਹੋਈ । ਇਸ ਸਮੇਂ ਫੈਡਰਸ਼ਨ ਦੇ ਜੁਝਾਰੂ ਸਿੰਘਾਂ ਨਾਲ ਮਿਲਕੇ ਅਨੇਕਾਂ ਪੰਥਕ ਕਾਰਜ ਕੀਤੇ । ਗੁਰਾਇਆਂ ਥਾਣੇ ਦਾ ਇੰਚਾਰਜ਼ ਮਾਨ ਸਿਓਂ ਮਾਨਾ ਸੀ, ਜਿਸਨੇ ਭਾਈ ਸੱਤਪਾਲ ਸਿੰਘ ਨੂੰ ਫੜਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਣ ਭਾਈ ਸੱਤਪਾਲ ਸਿੰਘ ਦਾ ਇੱਕ ਵਾਰ ਫੇਰ ਅਪਰੈਲ 1990 ਨੂੰ ਰੂਪੋਸ਼ ਜੀਵਨ ਆਰੰਭ ਹੋ ਗਿਆ। ਰੂਪੋਸ਼ ਰਹਿੰਦੇ ਹੋਏ ਵੀ ਭਾਈ ਸੱਤਪਾਲ ਸਿੰਘ ਨੇ ਖਾਲਿਸਤਾਨ ਲਿਬਰੇਸ਼ਨ ਫੌਰਸ, ਖਾਲਿਸਤਾਨ ਕਮਾਂਡੋ ਫੌਰਸ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਬੱਬਰ ਖਾਲਸਾ ਦੇ ਦਰਮਿਆਨ ਇੱਕ ਕੜੀ, ਇੱਕ ਪੁੱਲ ਦਾ ਕੰਮ ਕਰਦੇ ਹੋਏ ਸਹੀ ਅਰਥਾਂ ਵਿਚ ਰੌਸ਼ਨ ਦਿਮਾਗ ਸਿੰਘ ਵਾਲਾ ਕੰਮ ਕੀਤਾ । ਉਸ ਸਮੇਂ ਦੀਆਂ ਸਮੂਹ ਜ਼ਥੇਬੰਦੀਆਂ ਨੂੰ ਇੱਕ ਸੂਤਰ ਵਿਚ ਲੈਕੇ ਚੱਲਣਾਂ ਸਮੇਂ ਦੀ ਮੰਗ ਸੀ, ਜੋ ਮੰਗ ਉਸ ਸਮੇਂ ਸੂਤਰ ਬਣਕੇ ਭਾਈ ਸੱਤਪਾਸ ਸਿੰਘ ਨੇ ਰੂਪੋਸ਼ ਰਹਿੰਦੇ ਹੋਏ ਵੀ ਪੂਰੀ ਕੀਤੀ। ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਐਮ,ਏ ਪਾਸ ਸੀ। ਤੇਰਾਂ ਸਤੰਬਰ 1990 ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਲਾਨਾ ਸਥਾਪਨਾ ਦਿਵਸ ਮੌਕੇ ਫੈਡਰੇਸ਼ਨ ਦਾ ਪੁਨਰ ਗਠਨ ਕੀਤਾ ਗਿਆ ।ਜਿਸ ਅਨੁਸਾਰ ਭਾਈ ਦਲਜੀਤ ਸਿੰਘ ਬਿੱਟੂ ਨੂੰ ਪ੍ਰਧਾਨ ਅਤੇ ਭਾਈ ਸੱਤਪਾਲ ਸਿੰਘ ਢਿੱਲੋਂ ਨੂੰ ਜਨਰਲ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ। ਇਹ ਖਬਰ ਅਗਲੇ ਦਿਨ 14 ਸਤੰਬਰ ਵਾਲੇ ਦਿਨ ਵੱਖ ਵੱਖ ਅਖਬਾਰਾਂ ਵਿੱਚ ਲੱਗੀ । ਅਤੇ ਇਸ ਖਬਰ ਸਿਆਹੀ ਵੀ ਨਹੀਂ ਸੀ ਕਿ ਇਸੇ ਦਿਨ 14 ਸਤੰਬਰ 1990 ਵਾਲੇ ਦਿਨ ਜਲੰਧਰ ਵਿੱਚ ਰੂਪੋਸ਼ ਖਾੜਕੂਆਂ ਦੀ ਮੀਟਿੰਗ ਰੱਖੀ ਗਈ ਸੀ । ਪਰ ਇਸ ਮੀਟਿੰਗ ਦੀ ਖਬਰ ਪੁਲਿਸ ਦੇ ਕੰਨੀਂ ਪੈ ਚੁੱਕੀ ਸੀ। ਕਿਹਾ ਜਾਂਦਾ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ, 13 ਸਤੰਬਰ ਨੂੰ ਦੋ ਸਿੰਘ ਫੜੇ ਜਾ ਚੁੱਕੇ ਸਨ। ਏਨਾਂ ਦੋ ਸਿੰਘਾਂ ਵਿੱਚੋਂ ਕਿਸੇ ਤੋਂ ਮੀਟਿੰਗ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਸੀ । ਭਾਵੇਂ ਕਿ ਮਗਰੋਂ ਏਨ੍ਹਾਂ ਦੋਹਾਂ ਨੂੰ ਪੁਲਿਸ ਨੇ ਘੋਰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ। ਪੂਰੇ ਜਲੰਧਰ ਸ਼ਹਿਰ ਸਿਵਲ ਕੱੱਪੜਿਆਂ ਵਿਚ ਅਤੇ ਕੈਟ ਮੁਸ਼ਤੈਦੀ ਨਾਲ ਘੁੰਮ ਰਹੇ ਸੀ। ਪੁਲੀਸ ਕੈਟ ਸੁਖਵਿੰਦਰ ਕਾਕਾ ਜੋ ਕਿ ਇੰਡਿਅਨ ਲਾਇਨਸ ਨਾਮ ਦੀ ਜ਼ਥੇਬੰਦੀ ਦਾ ਆਗੂ ਸੀ ਤੇ ਏਹ ਭਾਈ ਸੱਤਪਾਲ ਸਿੰਘ ਨੂੰ ਬੜੀ ਚੰਗੀ ਪਹਿਚਾਣਦਾ ਤੇ ਜਾਣਦਾ ਵੀ ਸੀ। ਭਾਈ ਸੱਤਪਾਲ ਸਿੰਘ ਢਿੱਲੋਂ ਨੇ ਪਟਿਆਲੇ ਤੋਂ ਇਸ ਮੀਟਿੰਗ ਵਿੱਚ ਭਾਗ ਲੈਣ ਵਾਸਤੇ ਆਉਣਾ ਸੀ। ਜਦੋਂ ਭਾਈ ਸੱਤਪਾਲ ਸਿੰਘ ਢਿਲੋਂ ਅਤੇ ਐਡਵੋਕੇਟ ਬਲਬੀਰ ਸਿੰਘ ਚੀਮਾ ਸਕੂਟਰ ਤੇ ਜਾ ਰਹੇ ਸੀ ਤਾਂ ਪੁਲਿਸ ਕੈਟ ਸੁਖਵਿੰਦਰ ਕਾਕਾ ਨੇ ਆਪਣੇ ਸਾਥੀ ਕੈਟਾਂ ਦੇ ਨਾਲ ਪਿੱਛਾ ਕਰਕੇ ਨਕੋਦਰ ਚੌਂਕ ਜਲੰਧਰ ਵਿੱਖੇ ਪਿੱਛਿਉਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ । ਪੁਲਿਸ ਤੇ ਕਾਲੀਆਂ ਬਿੱਲੀਆਂ ਨੇ ਭਾਈ ਸਾਹਿਬ ਨੂੰ ਸਕੂਟਰ ਤੇ ਜਾਦੇ ਨੂੰ ਜਲੰਧਰ ਦੇ ਨਕੋਦਰ ਚੌਂਕ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ । ਆਪ ਦੀ ਸ਼ਹੀਦੀ ਨਾਲ ਖਾੜਕੂ ਲਹਿਰ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ।

ਭਾਈ ਸੱਤਪਾਲ ਸਿੰਘ ਢਿੱਲੋਂ ਦੀ ਸ਼ਹਾਦਤ ਨੂੰ ਸਮੂਹ ਸਿੱਖ ਜਗਤ ਵਲੋਂ ਕੇਸਰੀ ਪ੍ਣਾਮ ਹੈ। 

ਗੁਰੂ ਪੰਥ ਦੀ ਦਾਸ:-

ਲਵਪ੍ਰੀਤ ਕੌਰ ਰੰਧਾਵਾ

(ਸਪੁੱਤਰੀ ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ)