ਚੋਣਾਂ ਮੌਕੇ ਕਿਸਾਨਾਂ ਨੂੰ ਲਾਰੇ ਲਾਉਣ ਵਾਲੇ ਕੈਪਟਨ ਸਰਕਾਰ ਦੇ ਨੌਂ ਮਹੀਨਿਆਂ ਦੌਰਾਨ 350 ਕਿਸਾਨ ਖ਼ੁਦਕੁਸ਼ੀਆਂ ਲਈ ਹੋਏ ਮਜਬੂਰ

ਚੋਣਾਂ ਮੌਕੇ ਕਿਸਾਨਾਂ ਨੂੰ ਲਾਰੇ ਲਾਉਣ ਵਾਲੇ ਕੈਪਟਨ ਸਰਕਾਰ ਦੇ ਨੌਂ ਮਹੀਨਿਆਂ ਦੌਰਾਨ 350 ਕਿਸਾਨ ਖ਼ੁਦਕੁਸ਼ੀਆਂ ਲਈ ਹੋਏ ਮਜਬੂਰ

ਸੰਗਰੂਰ/ਬਿਊਰੋ ਨਿਊਜ਼:
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਦਾਅਵਾ ਕੀਤਾ ਹੈ ਕਿ ਪਿਛਲੇ 9 ਮਹੀਨਿਆਂ ਦੌਰਾਨ ਪੰਜਾਬ ਵਿੱਚ ਲਗਪਗ 350 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਸਭ ਤੋਂ ਵੱਧ 60 ਕਿਸਾਨਾਂ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਖ਼ੁਦਕੁਸ਼ੀਆਂ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਵਿੱਚ 57 ਕਿਸਾਨਾਂ ਅਤੇ ਜ਼ਿਲ੍ਹਾ ਬਰਨਾਲਾ ਵਿੱਚ 53 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਸਭ ਤੋਂ ਘੱਟ ਕਿਸਾਨ ਖ਼ੁਦਕੁਸ਼ੀਆਂ ਨਵਾਂ ਸ਼ਹਿਰ ਅਤੇ ਕਪੂਰਥਲਾ ਵਿੱਚ ਹੋਈਆਂ ਹਨ।
ਯੂਨੀਅਨ ਆਗੂ ਸੁਖਪਾਲ ਸਿੰਘ ਮਾਨਕ ਵੱਲੋਂ ਕਿਸਾਨ ਖ਼ੁਦਕੁਸ਼ੀਆਂ ਦੀ ਜਾਰੀ ਸੂਚੀ ਅਨੁਸਾਰ ਜ਼ਿਲ੍ਹਾ ਬਠਿੰਡਾ ਵਿੱਚ 60, ਜ਼ਿਲ੍ਹਾ ਸੰਗਰੂਰ ਵਿੱਚ 57 ਤੇ ਜ਼ਿਲ੍ਹਾ ਬਰਨਾਲਾ ਵਿੱਚ 53 ਕਿਸਾਨ ਮੌਤ ਗਲੇ ਲਾਉਣ ਲਈ ਮਜਬੂਰ ਹੋਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਵਿੱਚ 44, ਜ਼ਿਲ੍ਹਾ ਲੁਧਿਆਣਾ ਵਿੱਚ 16, ਮੁਕਤਸਰ ਸਾਹਿਬ ਵਿੱਚ 16, ਪਟਿਆਲਾ ਵਿੱਚ 15, ਤਰਨ ਤਾਰਨ ਵਿੱਚ 13, ਫ਼ਿਰੋਜ਼ਪੁਰ ਵਿੱਚ 13, ਫ਼ਰੀਦਕੋਟ ਵਿੱਚ 11, ਮੋਗਾ ਵਿੱਚ 12, ਫਤਹਿਗੜ੍ਹ ਸਾਹਿਬ ਵਿੱਚ 8, ਅੰਮ੍ਰਿਤਸਰ ਵਿੱਚ 7, ਗੁਰਦਾਸਪੁਰ ਵਿੱਚ 4, ਹੁਸ਼ਿਆਰਪੁਰ ਵਿੱਚ 3, ਨਵਾਂ ਸ਼ਹਿਰ ਵਿੱਚ 1, ਅਬੋਹਰ ਵਿੱਚ 6, ਰਾਏਕੋਟ ਵਿੱਚ 1, ਰੂਪਨਗਰ ਵਿੱਚ 2 ਤੇ ਜ਼ਿਲ੍ਹਾ ਜਲੰਧਰ ਵਿੱਚ 2 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਕਿਸਾਨ ਆਗੂ ਨੇ ਕਿਹਾ ਕਿ ਨਵੀਂ ਸੂਬਾ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੇ ਦਿਨ ਘੱਟ ਹਨ, ਜਦੋਂਕਿ ਕਿਸਾਨ ਖ਼ੁਦਕੁਸ਼ੀਆਂ ਵੱਧ ਹਨ। ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਯੂਨੀਅਨ ਵੱਲੋਂ ਕਿਸਾਨ ਖ਼ੁਦਕੁਸ਼ੀਆਂ ਦੀ ਸੂਚੀ ਰੋਜ਼ਾਨਾ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਖ਼ਬਰਾਂ ਦੇ ਆਧਾਰ ‘ਤੇ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਵੇਖਣ ਕਰਵਾਇਆ ਜਾਵੇ ਤਾਂ ਖ਼ੁਦਕੁਸ਼ੀਆਂ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਚੋਣ ਵਾਅਦੇ ਅਨੁਸਾਰ ਬਿਨਾਂ ਸ਼ਰਤ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਚਾਹੀਦਾ ਹੈ। ਸ੍ਰੀ ਉਗਰਾਹਾਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ 22 ਤੋਂ 26 ਜਨਵਰੀ 2018 ਤੱਕ ਜ਼ਿਲ੍ਹਾ ਹੈੱਡਕੁਆਰਟਰਾਂ ਉਪਰ ਦਿਨ-ਰਾਤ ਦਾ ਮੋਰਚਾ ਲਾਇਆ ਜਾ ਰਿਹਾ ਹੈ, ਜਿਸ ਵਿੱਚ ਸਮੁੱਚੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਉਣ, ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਦਸ ਲੱਖ ਰੁਪਏ ਦਾ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣ ਅਤੇ ਖੇਤੀ ਸੈਕਟਰ ਨੂੰ ਜੀਐੱਸਟੀ ਤੋਂ ਮੁਕਤ ਕਰਾਉਣ ਆਦਿ ਦੀਆਂ ਮੰਗਾਂ ਸ਼ਾਮਲ ਹਨ।