ਪੰਜਾਬ ਦੀ ਰਾਜਨੀਤੀ 'ਵਿਚ ਕੁਝ ਹੀ ਗਾਇਕ ਤੇ ਫ਼ਿਲਮੀ ਅਦਾਕਾਰ ਹੋਏ ਸਫਲ

ਪੰਜਾਬ ਦੀ ਰਾਜਨੀਤੀ 'ਵਿਚ ਕੁਝ ਹੀ ਗਾਇਕ ਤੇ ਫ਼ਿਲਮੀ ਅਦਾਕਾਰ  ਹੋਏ ਸਫਲ

*ਹੰਸ, ਘੁੱਗੀ, ਹਰਭਜਨ ਮਾਨ, ਮਾਣਕ, ਜੱਸੀ ਜਸਰਾਜ ਤੇ ਬਿੱਟੀ ਨੂੰ ਰਾਸ ਨਹੀਂ ਆਈ ਸਿਆਸਤ

*ਕਿਸਾਨ ਅੰਦੋਲਨ ਦੀ ਸਫਲਤਾ ਵਿਚ ਪੰਜਾਬੀ ਗਾਇਕੀ ਦੀ ਅਹਿਮ ਭੂਮਿਕਾ

ਵਿਸ਼ੇਸ਼ ਰਿਪੋਰਟ

ਪੰਜਾਬ ਦੀ ਰਾਜਨੀਤੀ 'ਵਿਚ ਪੰਜਾਬੀ ਗਾਇਕਾਂ ਤੇ ਫ਼ਿਲਮੀ ਕਲਾਕਾਰਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀ ਕਿਸਮਤ ਨੂੰ ਅਜਮਾਇਆ ਜਾ ਰਿਹਾ ਹੈ ਪਰ ਇਨ੍ਹਾਂ ਵਿਚੋਂ ਬਹੁਤ ਹੀ ਘੱਟ ਫ਼ਿਲਮੀ ਅਦਾਕਾਰਾਂ ਤੇ ਗਾਇਕਾਂ ਨੂੰ ਸਫ਼ਲਤਾ ਮਿਲੀ ਹੈ । ਆਗਾਮੀ 20 ਫਰਵਰੀ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ  ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਚੋਣ ਮੈਦਾਨ 'ਵਿਚ ਉਤਾਰਿਆ ਹੈ। ਪੰਜਾਬੀ ਫ਼ਿਲਮੀ ਅਦਾਕਾਰ ਹਰਭਜਨ ਮਾਨ ਰਾਜਨੀਤੀ ਦੇ ਖੇਤਰ 'ਵਿਚ ਜ਼ਿਆਦਾ ਸਮਾਂ ਟਿਕ ਨਾ ਸਕੇ । ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਨੇ 90 ਦੇ ਦਹਾਕੇ ਵਿਚ ਪੰਜਾਬ ਦੀ ਰਾਜਨੀਤੀ ਵਿਚ ਵਿਚਰਨਾ ਸ਼ੁਰੂ ਕੀਤਾ ਸੀ ਅਤੇ ਉਹ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਅਤੇ ਬਾਅਦ ਵਿਚ ਉਨ੍ਹਾਂ ਰਾਜਨੀਤੀ ਦੇ ਚਲਦਿਆਂ ਬਾਲੀਵੁੱਡ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ  । ਇਸੇ ਤਰ੍ਹਾਂ ਪੰਜਾਬੀ ਦੇ ਪ੍ਰਸਿੱਧ ਹਾਸਰਸ ਕਲਾਕਾਰ ਭਗਵੰਤ ਮਾਨ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਰਾਜਨੀਤੀ ਦੇ ਖੇਤਰ ਵਿਚ ਲਗਾਤਰ ਬੁਲੰਦੀਆਂ ਨੂੰ ਛੂੰਹਦੇ ਹੋਏ ਜਿਥੇ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਜਾਣ ਦਾ ਮਾਣ ਹਾਸਲ ਕੀਤਾ, ਉਥੇ ਹੀ ਲੋਕ ਸਭਾ ਮੈਂਬਰ ਵਜੋਂ ਉਨ੍ਹਾਂ ਪੰਜਾਬ ਦੇ ਅਹਿਮ ਮਸਲਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਚੁਕਦਿਆਂ ਬਹੁਤ ਜ਼ਿਆਦਾ ਲੋਕ-ਪਿ੍ਅਤਾ ਹਾਸਲ ਕੀਤੀ, ਜਿਸ ਦੇ ਚਲਦਿਆਂ ਅੱਜ ਉਹ ਆਪ  ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤੇ ਗਏ ਹਨ ।

ਕ੍ਰਿਕਟਟ ਤੋਂ ਟੀ.ਵੀ. ਪਰਸਨੈਲਿਟੀ ਦੇ ਤੌਰ ’ਤੇ ਉਭਰੇ ਨਵਜੋਤ ਸਿੰਘ ਸਿੱਧੂ ਨੇ ਵੀ ਭਾਜਪਾ ਤੋਂ ਰਾਜਨੀਤੀ ਸ਼ੁਰੂ ਕੀਤੀ। 2004 ਦੀਆਂ ਪਹਿਲੀਆਂ ਹੀ ਲੋਕਸਭਾ ਚੋਣਾਂ ਉਹ ਅੰਮ੍ਰਿਤਸਰ ਤੋਂ ਜਿੱਤੇ ਅਤੇ ਫਿਰ 2007 ਦੀ ਉਪ ਚੋਣ ਅਤੇ 2009 ਦੀ ਆਮ ਚੋਣ ਭਾਜਪਾ ਟਿਕਟ ’ਤੇ ਇਸ ਹਲਕੇ ਤੋਂ ਜਿੱਤੇ। 2014 ਵਿਚ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਪਰ ਭਾਜਪਾ ਨੇ 2016 ਵਿਚ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ। ਸਿਰਫ਼ 3 ਮਹੀਨੇ ਬਾਅਦ ਹੀ ਰਾਜ ਸਭਾ ਤੋਂ ਅਸਤੀਫ਼ਾ ਦੇ ਕੇ 2017 ਵਿਚ ਉਹ ਕਾਂਗਰਸ ਟਿਕਟ ’ਤੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕ ਬਣ ਬੈਠੇ। ਅਮਰਿੰਦਰ ਸਰਕਾਰ ਵਿਚ ਮੰਤਰੀ ਵੀ ਬਣੇ, ਪਰ 2019 ਦੀਆਂ ਲੋਕਸਭਾ ਚੋਣਾਂ ਵਿਚ ਉਨ੍ਹਾਂ ਦੀ ਕਾਰਗੁਜਾਰੀ ਦੇ ਚਲਦੇ ਕੈਪਟਨ ਅਮਰਿੰਦਰ ਨੇ ਉਨ੍ਹਾਂ ਦਾ ਵਿਭਾਗ ਬਦਲ ਦਿੱਤਾ। ਇਸ ਦੇ ਚਲਦੇ ਉਨ੍ਹਾਂ ਨੇ ਵਿਭਾਗਾਂ ਦਾ ਜਿੰਮਾ ਹੀ ਨਹੀਂ ਸੰਭਾਲਿਆ। ਪਾਰਟੀ ਵਿਚ ਇਕ ਤਰ੍ਹਾਂ ਨਾਲ ਹਾਸ਼ੀਏ ’ਤੇ ਚੱਲ ਰਹੇ ਨਵਜੋਤ ਸਿੱਧੂ ਨੇ ਰਾਹੁਲ-ਪ੍ਰਿਯੰਕਾ ਰਾਹੀਂ ਅਜਿਹਾ ਪਲਟਵਾਰ ਅਮਰਿੰਦਰ ’ਤੇ ਕੀਤਾ ਕਿ ਖੁਦ ਤਾਂ 2021 ਵਿਚ ਪੰਜਾਬ ਕਾਂਗਰਸ ਪ੍ਰਧਾਨ ਬਣਦੇ ਹੀ ਅਮਰਿੰਦਰ ਨੂੰ ਵੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਨੂੰ ਮਜਬੂਰ ਕਰ ਦਿੱਤਾ। ਇਸੇ ਤਰ੍ਹਾਂ ਪੰਜਾਬ ਵਿਚ ਰਾਜ ਗਾਇਕ ਦਾ ਦਰਜਾ ਪ੍ਰਾਪਤ ਕਰਨ ਵਾਲੇ ਹੰਸ ਰਾਜ ਹੰਸ ਨੇ ਪੰਜਾਬ ਦੀ ਰਾਜਨੀਤੀ ਵਿਚ 2 ਵਾਰ ਕਿਸਮਤ ਅਜ਼ਮਾਈ ਪਰ ਉਹ ਸਫ਼ਲ ਨਾ ਹੋ ਸਕੇ ਅਤੇ ਅੰਤ ਵਿਚ ਉਹ ਭਾਜਪਾ ਦੀ ਟਿਕਟ 'ਤੇ ਦਿੱਲੀ ਜਾ ਕੇ ਲੋਕ ਸਭਾ ਚੋਣ ਜਿੱਤੇ, ਫ਼ਿਰ ਵੀ ਉਹ ਰਾਜਨੀਤੀ ਦੇ ਖੇਤਰ ਵਿਚ ਜ਼ਿਆਦਾ ਸਫ਼ਲਤਾ ਹਾਸਲ ਨਾ ਕਰ ਸਕੇ । ਇਸੇ ਤਰ੍ਹਾਂ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਮੁਹੰਮਦ ਸਦੀਕ ਅਤੇ ਪੰਜਾਬੀ ਦੇ ਹਾਸਰਾਸ ਕਲਾਕਾਰ ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਸਿਆਸਤ ਵਿਚ ਪੈਰ ਧਰਿਆ ਸੀ, ਪਰ ਇਨ੍ਹਾਂ ਵਿਚੋਂ ਸਿਰਫ਼ ਮੁਹੰਮਦ ਸਦੀਕ ਹੀ ਚੋਣ ਜਿੱਤ ਸਕੇ, ਜਦਕਿ ਗੁਰਪ੍ਰੀਤ ਸਿੰਘ ਘੁੱਗੀ ਨੂੰ ਸਿਆਸਤ ਰਾਸ ਨਾ ਆਉਣ ਕਾਰਨ ਉਹ ਮੁੜ ਫ਼ਿਲਮੀ ਦੁਨੀਆਂ ਵਿਚ ਚਲੇ ਗਏ । ਪੰਜਾਬ ਵਿਚ ਸਾਲ 2019 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਵਲੋਂ ਫ਼ਿਲਮੀ ਅਦਾਕਾਰ ਸੰਨੀ ਦਿਓਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਅਤੇ ਉਸ ਨੇ ਜਿੱਤ ਵੀ ਪ੍ਰਾਪਤ ਕੀਤੀ ਸੀ, ਪਰ ਚੋਣ ਜਿੱਤਣ ਤੋਂ ਬਾਅਦ ਆਪਣੇ ਹਲਕੇ ਤੋਂ ਦੂਰੀ ਬਣਾਉਣ ਕਰਕੇ ਉਹ ਲਗਾਤਾਰ ਵਿਵਾਦਾਂ ਦਾ ਕੇਂਦਰ ਬਣੇ ਰਹੇ । 

ਕੁੱਝ ਅਜਿਹੇ ਨਾਮ ਵੀ ਹਨ, ਜੋ ਚੋਣ ਨਹੀਂ ਜਿੱਤ ਸਕੇ। ਆਪਣੀ ਲੰਮੀ ਹੇਕ ਤੇ ਮਸ਼ਹੂਰ ਕਲੀਆਂ ਦੇ ਬਾਦਸ਼ਾਹ ਕਹੇ ਜਾਂਦੇ ਪੰਜਾਬੀ ਗਾਇਕ ਕੁਲਦੀਪ ਮਾਣਕ ਨੇ 1996 ’ਵਿਚ ਬਠਿੰਡਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਕਿਸਮਤ ਅਜ਼ਮਾਈ, ਪਰ ਜਿੱਤ ਨਸੀਬ ਨਹੀਂ ਹੋਈ। 

 ਜੱਸੀ ਜਸਰਾਜ ਆਪ ਪਾਰਟੀ ਤੋਂ 2014 ਵਿਚ ਬਠਿੰਡਾ ਲੋਕਸਭਾ ਹਲਕੇ ਤੋਂ ਚੋਣ ਲੜੇ ਪਰ ਹਾਰ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਸਬੰਧ ਭਗਵੰਤ ਮਾਨ ਨਾਲ ਵਿਗੜ ਗਏ ਅਤੇ ਉਨ੍ਹਾਂ ਨੇ 2019 ਦੀਆਂ ਲੋਕਸਭਾ ਚੋਣਾਂ ’ਵਿਚ ਲੋਕ ਇਨਸਾਫ਼ ਪਾਰਟੀ ਤੋਂ ਸੰਗਰੂਰ ਵਿਚ ਭਗਵੰਤ ਨੂੰ ਚੁਣੌਤੀ ਦਿੱਤੀ ਪਰ ਇੱਥੇ ਵੀ ਉਹ ਬੁਰੀ ਤਰ੍ਹਾਂ ਮਾਤ ਖਾ ਬੈਠੇ।ਇਸ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਵਿਚ ਬੀਤੇ ਸਮੇਂ ਦੌਰਾਨ ਸਵ. ਕੁਲਦੀਪ ਮਾਣਕ, ਜੱਸੀ ਜਸਰਾਜ ਤੇ ਸਤਵਿੰਦਰ ਬਿੱਟੀ ਆਦਿ ਨੇ ਵੀ ਆਪਣੀ ਕਿਸਮਤ ਅਜਮਾਈ ਸੀ, ਪਰ ਉਨ੍ਹਾਂ ਨੂੰ ਰਾਜਨੀਤੀ ਰਾਸ ਨਾ ਆਈ ।

ਕਿਸਾਨ ਅੰਦੋਲਨ ਵਿਚ ਗਾਇਕਾਂ ਦਾ ਯੋਗਦਾਨ

ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਲੋਕ-ਸੰਘਰਸ਼ਾਂ ਨਾਲ ਡੂੰਘਾ ਨਾਤਾ ਹੁੰਦਾ ਹੈ। ਉਹ ਲੋਕ-ਸੰਘਰਸ਼ਾਂ ਨੂੰ ਹਮਾਇਤ ਨਹੀਂ ਦਿੰਦੇ, ਉਨ੍ਹਾਂ ਦਾ ਹਿੱਸਾ ਹੁੰਦੇ ਹਨ।  ਪੰਜਾਬ ਦੇ ਕਿਸਾਨ ਅੰਦੋਲਨ ਦੇ ਉਭਾਰ ਨੂੰ ਵੇਖ ਕੇ ਕੁਝ ਕਲਾਕਾਰ ਅਤੇ ਗਾਇਕ ਸੰਘਰਸ਼ ਨੂੰ ਹਮਾਇਤ ਦੇਣ ਲਈ ਸਾਹਮਣੇ ਆਏ ਹਨ। ਇਹ ਚੰਗਾ ਤੇ ਲੋਕ-ਪੱਖੀ ਰੁਝਾਨ ਹੈ। ਅਜੋਕੇ ਕਿਸਾਨੀ ਅੰਦੋਲਨ ਵਿਚੋਂ ਸਿੱਧੇ ਰੂਪ ਵਿਚ ਨਿਕਲਿਆ ਹਿੰਮਤ ਸੰਧੂ ਦਾ ਗੀਤ ‘ਅਸੀਂ ਵੱਢਾਂਗੇ’ ਦੇਖਿਆ ਜਾ ਸਕਦਾ ਹੈ। ਮਾਂ ਸਮਝੀ ਜਾਂਦੀ ਜ਼ਮੀਨ ਖੁੱਸਣ ਦੇ ਡਰ ਵਿਚੋਂ ਉਪਜਿਆ ਇਹ ਗੀਤ ਕਿਸਾਨੀ ਅੰਦੋਲਨ ਨੂੰ ਉਤਸ਼ਾਹ ਅਤੇ ਬਲ ਦੇਣ ਵਾਲਾ ਗੀਤ ਹੈ:

ਕਿਸੇ ਦੇ ਪਿਓ ਦੀ ਨੀ ਜਾਗੀਰ, ਵੱਟਾਂ ਸਾਡੀਆਂ/ ਆਸ਼ਕ ਅਸੀਂ ਤੇ ਸਾਡੀ ਹੀਰ ਵੱਟਾਂ ਸਾਡੀਆਂ।

ਕਿਸਾਨੀ ਘੋਲ ਦੌਰਾਨ ਸਰਕਾਰਾਂ ਨੂੰ ਵੰਗਾਰਨ ਭਾਵ ਵਿਦਰੋਹੀ ਸੁਰ ਵਾਲੇ ਗੀਤਾਂ ਤੋਂ ਇਲਾਵਾ ਕਿਸਾਨੀ ਦੀ ਮਾੜੀ ਹਾਲਤ ਨੂੰ ਸਮਝਣ/ਸਮਝਾਉਣ ਵਾਲੇ ਗੀਤ ਵੀ ਆਉਂਦੇ ਹਨ। ਅਮਰਿੰਦਰ ਗਿੱਲ ਦਾ ਗੀਤ ‘ਸੂਰਜਾਂ ਵਾਲੇ’ ਕਿਸਾਨੀ  ਨਾਲ ਜੁੜੇ ਪਰਿਵਾਰ ਦੁਆਰਾ ਬੇਰੁਜ਼ਗਾਰੀ, ਮਾੜੀ ਆਰਥਿਕ ਹਾਲਤ, ਸਰਕਾਰਾਂ ਦੁਆਰਾ ਕਿਸਾਨੀ ਹੱਕਾਂ ਦੀ ਅਣਦੇਖੀ ਦੇ ਰੂਪ ਵਿਚ ਹੰਢਾਏ ਜਾ ਰਹੇ ਮਾਨਸਿਕ ਤਸ਼ੱਦਦ ਦੀ ਝਲਕ ਹੈ:

ਕਾਲੀ ਬੱਦਲੀ ਹਨ੍ਹੇਰੀ ਜਿਹੀ ਰਾਤ ਏ, ਨੀ ਫਿੱਕੀ ਪੈਂਦੀ ਦੀਵਿਆਂ ਦੀ ਲੋਅ/ ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ, ਤੂੰ ਐਵੇਂ ਬਿੱਟੂ ਚੀਮਿਆ ਨਾ ਰੋ।

ਇਸ ਤੋਂ ਇਲਾਵਾ ਕਿਸਾਨੀ ਦੀ ਬਾਤ ਪਾਉਂਦੇ ਗੀਤਾਂ ਵਿਚ ਹਰਫ਼ ਚੀਮੇ ਦਾ ‘ਸਰਕਾਰੇ’, ਕੋਰ ਆਲੇ ਮਾਨ ਦਾ ‘ਕਿਸਾਨ’, ਕਨਵਰ ਗਰੇਵਾਲ ਦਾ ‘ਅੱਖਾਂ ਖੋਲ੍ਹ’, ਰਾਜਾ ਸਿੱਧੂ ਦਾ ‘ਦਰਦ ਕਿਸਾਨਾਂ ਦਾ’, ਸਿੱਪੀ ਗਿੱਲ ਦਾ ‘ਆਸ਼ਕ ਮਿੱਟੀ ਦੇ’ ਆਦਿ ਗੌਲਣਯੋਗ ਗੀਤ ਹਨ। 

ਰੇਸ਼ਮ ਸਿੰਘ ਅਨਮੋਲ ਦਾ ਗੀਤ ਬਾਰਡਰਾਂ 'ਤੇ ਜਿਵੇਂ ਨੀ ਜਵਾਨ ਡਟਿਆ,

ਵਿਹੜੇ ਵਿਚ ਤੇਰੇ ਨੀ ਕਿਸਾਨ ਡਟਿਆ,

ਓ ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ,

ਨੀ ਓ ਦਿੱਲੀਏ, ਸਿੰਘੂ ਬਾਰਡਰ ਤੋਂ ਸਾਲ ਭਰ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵਾਪਸ ਪਰਤੇ ਰਹੇ ਸੈਂਕੜੇ ਟਰੈਕਟਰਾਂ-ਟਰਾਲੀਆਂ 'ਤੇ ਜ਼ੋਰ-ਜ਼ੋਰ ਨਾਲ ਗੂੰਜ ਉੱਠਿਆ। ਇਹ 11 ਦਸੰਬਰ ਦਾ ਉਹ ਦਿਨ ਸੀ, ਜਿਸ ਦਿਨ ਵਿਰੋਧ ਕਰ ਰਹੇ ਕਿਸਾਨਾਂ ਨੇ 'ਫ਼ਤਹਿ' ਮਾਰਚ  ਕੱਢਿਆ ਸੀ। ਇਸ ਮੌਕੇ  ਗੀਤ ਸੰਘਰਸ਼ ਅਤੇ ਬਹਾਦਰੀ ਦੀਆਂ ਕਹਾਣੀਆਂ ਨੂੰ ਬਿਆਨ ਕਰ ਰਹੇ ਸਨ। ਫ਼ਤਹਿ ਮਾਰਚ ਦੌਰਾਨ ਵਿਰਾਸਤ ਸੰਧੂ ਦਾ ਲਿਖਿਆ ਗੀਤ ਵੀ ਵਾਰ-ਵਾਰ ਚੱਲ ਰਿਹਾ ਸੀ, ਜਿਸ ਦੇ ਬੋਲ ਸਨ :

'ਪੜ੍ਹੀਂ ਇਤਿਹਾਸ ਮੱਥਾ ਜਿੱਥੇ ਵੀ ਲਾਏ ਆ,

ਗਏ ਆ ਮੈਦਾਨ ਫ਼ਤਹਿ ਕਰਕੇ,

ਚੰਗੇ ਭਾਵੇਂ ਮਾੜੇ ਸਮੇਂ, ਡਟ ਕੇ ਰਹੇ ਆ...'

ਇਸ ਗੀਤ ਦੇ ਰਿਲੀਜ਼ ਹੋਣ ਦੇ ਪੰਦਰਾਂ ਦਿਨਾਂ ਅੰਦਰ ਯੂ-ਟਿਊਬ 'ਤੇ ਇਸ ਨੂੰ ਲਗਭਗ 14 ਲੱਖ ਲੋਕਾਂ ਨੇ ਦੇਖਿਆ ਅਤੇ ਸੁਣਿਆ।ਇਸ ਪੂਰੇ ਕਿਸਾਨ ਅੰਦੋਲਨ ਦੌਰਾਨ ਬਾਲੀਵੁੱਡ ਦੇ ਗਾਇਕਾਂ ਜਿਨ੍ਹਾਂ ਨੇ ਇਸ ਮਾਮਲੇ 'ਤੇ ਲਗਾਤਾਰ ਚੁੱਪੀ ਸਾਧੀ ਰੱਖੀ, ਦੇ ਉਲਟ ਪੰਜਾਬੀ ਗਾਇਕਾਂ ਨੇ ਨਾ ਸਿਰਫ਼ ਲੋਕਾਂ ਦੇ ਉਤਸ਼ਾਹ ਤੇ ਹੌਸਲੇ ਨੂੰ ਵਧਾਇਆ, ਸਗੋਂ ਉਨ੍ਹਾਂ ਦਾ ਮਨੋਬਲ ਵਧਾ ਕੇ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਵੀ ਕੀਤਾ। ਕਨਵਰ ਗਰੇਵਾਲ ਅਤੇ ਹਰਫ਼ ਚੀਮਾ ਨੇ ਕਈ ਪ੍ਰੇਰਨਾਦਾਇਕ ਗੀਤਾਂ ਦੇ ਨਾਲ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ, ਜਿਸ '

ਵਿਚ ਇਕ ਗੀਤ 'ਐਂਇੰ ਕਿਵੇਂ ਖੋਹ ਲੋਂਗੇ ਜ਼ਮੀਨਾਂ ਸਾਡੀਆਂ' ਵੀ ਚੁਣੌਤੀ ਪੇਸ਼ ਕਰਨ ਵਾਲਾ ਸੀ। ਇਕ ਹੋਰ ਗੀਤ ਵਿਚ ਗਰੇਵਾਲ ਨੇ ਕਿਸਾਨਾਂ ਨੂੰ ਵਿਰੋਧ 'ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ, 'ਖਿੱਚ ਲੈ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ।' ਯੂਟਿਊਬ 'ਤੇ ਇਸ ਗੀਤ ਨੂੰ ਹੁਣ ਤੱਕ 1.45 ਕਰੋੜ ਲੋਕ ਦੇਖ ਚੁੱਕੇ ਹਨ।ਇਹ ਗੀਤ ਨਾ ਸਿਰਫ਼ ਵਿਰੋਧ ਅਸਥਾਨਾਂ 'ਤੇ ਸਗੋਂ ਸਮਾਜਿਕ ਸਮਾਗਮਾਂ ਅਤੇ ਵਿਆਹਾਂ 'ਵਿਚ ਵੀ ਵਜਾਏ ਜਾ ਰਹੇ ਹਨ ਅਤੇ ਨਾਲ ਹੀ ਪ੍ਰਮੁੱਖ ਤੌਰ 'ਤੇ ਵਿਰੋਧ ਕਰਨ ਵਾਲੇ ਕਿਸਾਨ ਸੰਗਠਨਾਂ ਦੇ ਝੰਡੇ ਵੀ ਲਹਿਰਾਏ ਜਾ ਰਹੇ ਹਨ। 11 ਗਾਇਕਾਂ ਵਲੋਂ ਗਾਏ ਗਏ ਗੀਤ 'ਕਿਸਾਨ ਐਨਥਮ' ਤੋਂ ਲੈ ਕੇ ਰਣਜੀਤ ਬਾਵਾ ਦੇ 'ਬੋਲਦਾ ਪੰਜਾਬ', ਕਨਵਰ ਗਰੇਵਾਲ ਦੇ 'ਐਲਾਨ', ਵਾਰਿਸ ਭਰਾਵਾਂ ਦੇ 'ਉੱਠੀ ਜਿਹੜੀ ਲਹਿਰ, ਤੈਨੂੰ ਯਾਦ ਰਹੂਗੀ, ਜ਼ਿੰਦਾਬਾਦ ਹੈ ਕਿਸਾਨੀ, ਜ਼ਿੰਦਾਬਾਦ ਰਹੂਗੀ', ਪੂਜਨ ਸਾਹਿਲ ਦੇ 'ਫਾਰਮ ਲਾਅ ਵਾਪਸ ਲਓ' ਆਦਿ ਗੀਤਾਂ ਨੇ ਕਿਸਾਨ ਅੰਦੋਲਨ ਦੌਰਾਨ ਇਕ ਨਵਾਂ ਜਜ਼ਬਾ ਪੈਦਾ ਕੀਤਾ ਤੇ ਖੁੱਲ੍ਹ ਕੇ ਆਪਣਾ ਸਮਰਥਨ ਵੀ ਦਿੱਤਾ।  ਕੁਝ ਗੀਤ ਬਹੁਤ ਜ਼ਿਆਦਾ ਲੋਕਪ੍ਰਿਯਾ ਹੋਏ ਹਨ, ਜਿਨ੍ਹਾਂ ਵਿਚ ਰਣਜੀਤ ਬਾਵਾ ਦਾ ਗੀਤ 'ਬੋਲਦਾ ਪੰਜਾਬ' ਵੀ ਸ਼ਾਮਿਲ ਹੈ, ਜਿਸ ਨੂੰ ਯੂਟਿਊਬ 'ਤੇ 3.8 ਕਰੋੜ ਲੋਕ ਦੇਖ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਲੋਕਪ੍ਰਿਯਾ ਗੀਤਾਂ 'ਵਿਚ ਰਾਜਵੀਰ ਜਵੰਦਾ ਦਾ ਗੀਤ 'ਸੁਣ ਦਿੱਲੀਏ' (ਯੂਟਿਊਬ 'ਤੇ 75 ਲੱਖ ਵਾਰ ਦੇਖਿਆ ਗਿਆ), ਗਿੱਪੀ ਗਰੇਵਾਲ ਦਾ 'ਜ਼ਾਲਮ ਸਰਕਾਰਾਂ' (ਯੂਟਿਊਬ 'ਤੇ 55 ਲੱਖ ਵਾਰ ਦੇਖਿਆ ਗਿਆ), ਜੱਸ ਬਾਜਵਾ ਦਾ 'ਜੱਟਾ ਤਕੜਾ ਹੋ ਜਾ' (ਯੂਟਿਊਬ 'ਤੇ 63 ਲੱਖ ਵਾਰ ਦੇਖਿਆ ਗਿਆ) ਅਤੇ ਹਿੰਮਤ ਸਿੱਧੂ ਦਾ ਗੀਤ 'ਅਸੀਂ ਵੱਢਾਂਗੇ' (ਯੂਟਿਊਬ 'ਤੇ 32 ਲੱਖ ਵਾਰ ਦੇਖਿਆ ਗਿਆ) ਵੀ ਸ਼ਾਮਿਲ ਹਨ।ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਗਾਇਕੀ ਵੰਨ-ਸੁਵੰਨੇ ਵਿਸ਼ਿਆਂ ਨੂੰ ਆਪਣੀ ਕਲਮ ਦਾ ਵਾਹਨ ਬਣਾਉਂਦੀ ਆਈ ਹੈ, ਜਿਨ੍ਹਾਂ ਵਿਚੋਂ ਕਿਸਾਨੀ ਵੀ ਇਕ ਅਹਿਮ ਸਰੋਕਾਰ ਹੈ।

ਬਘੇਲ ਸਿੰਘ ਧਾਲੀਵਾਲ