ਮਤਰੇਏ ਪਿਤਾ ਤੇ ਮਾਂ ਸਮੇਤ 4 ਲੋਕਾਂ ਦੀ ਹੱਤਿਆ ਕਰਨ ਉਪਰੰਤ ਕੀਤੀ ਖੁਦਕੁੱਸ਼ੀ

ਮਤਰੇਏ ਪਿਤਾ ਤੇ ਮਾਂ ਸਮੇਤ 4 ਲੋਕਾਂ ਦੀ ਹੱਤਿਆ ਕਰਨ ਉਪਰੰਤ ਕੀਤੀ ਖੁਦਕੁੱਸ਼ੀ
ਕੈਪਸ਼ਨ : ਪੁਲਿਸ ਵੱਲੋਂ ਸੀਲ ਕੀਤਾ ਗਿਆ ਘਟਨਾ ਸਥਾਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ( ਹੁਸਨ ਲੜੋਆ ਬੰਗਾ)- ਟੈਕਸਾਸ ਦੇ ਸ਼ਹਿਰ ਕੋਰਸੀਕਾਨਾ ਵਿਚ ਇਕ 41 ਸਾਲਾ ਸ਼ੱਕੀ ਹਮਲਾਵਰ ਨੇ ਪਰਿਵਾਰਕ ਝਗੜੇ ਵਿੱਚ 4 ਜਣਿਆਂ ਦੀ ਹੱਤਿਆ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ। ਕੋਰਸੀਕਾਨਾ ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸ਼ੱਕੀ ਹਮਲਾਵਰ ਦੀ ਪਛਾਣ ਕੈਵਿਨ ਮਿਲਾਜ਼ੋ ਵਜੋਂ ਹੋਈ ਹੈ। ਪੁਲਿਸ ਜਦੋਂ ਘਟਨਾ ਸਥਾਨ 'ਤੇ ਪੁੱਜੀ ਤਾਂ ਉਸ ਨੂੰ ਦੋ ਲੋਕ ਮ੍ਰਿਤਕ ਹਾਲਤ ਵਿਚ ਮਿਲੇ ਜਿਨਾਂ ਦੀ ਪਛਾਣ 68 ਸਾਲਾ ਵਿਲੀਅਮ ਬਿਲ ਮਿਮਸ ਜੋ  ਕਿ ਸ਼ੱਕੀ ਹਮਲਾਵਰ ਦਾ ਮਤਰੇਆ ਬਾਪ ਸੀ ਤੇ ਸ਼ੱਕੀ ਦੀ 61 ਸਾਲਾ ਮਾਂ ਕੋਨੀ ਮਿਮਸ ਵਜੋਂ ਹੋਈ ਹੈ। ਨਵਾਰੋ ਕਾਊਂਟੀ ਦੇ ਪੁਲਿਸ ਵਿਭਾਗ ਨੂੰ ਘਟਨਾ ਸਥਾਨ ਤੋਂ ਤਕਰੀਬਨ 20 ਮੀਲ ਦੂਰ ਫਰੋਸਟ ਵਿਚ ਦੋ ਹੋਰ ਲਾਸ਼ਾਂ ਬਰਾਮਦ ਹੋਈਆਂ ਜਿਨਾਂ ਦੀ ਪਛਾਣ ਸ਼ੱਕੀ ਹਮਲਾਵਰ ਦੇ 21 ਸਾਲ ਪੁੱਤਰ ਜੋਸ਼ੂਆ ਮਿਲਾਜ਼ੋ ਤੇ ਇਕ 4 ਸਾਲ ਦੇ ਬੱਚੇ ਹੰਟਰ ਫਰੀਮੈਨ ਵਜੋਂ ਹੋਈ ਹੈ। ਪੁਲਿਸ ਅਨੁਸਾਰ ਦੋਨਾਂ ਦੀ ਹੱਤਿਆ ਗੋਲੀਆਂ ਮਾਰ ਕੇ ਕੀਤੀ ਗਈ ਹੈ। ਜਖਮੀ ਹਾਲਤ ਵਿਚ ਮਿਲੀ ਇਕ ਬਾਲਗ ਔਰਤ ਨੂੰ ਡਲਾਸ ਖੇਤਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਜੀ ਪੀ ਐਸ ਨੇਵੀਗੇਸ਼ਨ ਸਿਸਟਮ ਦੀ ਵਰਤੋਂ ਦੁਆਰਾ ਸ਼ੱਕੀ ਦੀ ਕਾਰ ਦਾ ਪਤਾ ਲਾਇਆ ਗਿਆ ਜਿਸ ਵਿਚ ਸ਼ੱਕੀ ਹਮਲਾਵਰ ਕੈਵਿਨ ਮਿਲਾਜ਼ੋ ਗੰਭੀਰ ਜਖਮੀ ਹਾਲਤ ਵਿਚ ਮਿਲਿਆ। ਪੁਲਿਸ ਅਨੁਸਾਰ ਉਸ ਨੇ ਖੁਦ ਨੂੰ ਸਿਰ ਵਿਚ ਗੋਲੀ ਮਾਰੀ ਹੋਈ ਸੀ। ਉਸ ਨੂੰ ਨਵਾਰੋ ਦੇ ਖੇਤਰੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਪਰੰਤੂ ਪ੍ਰਤਖ ਤੌਰ 'ਤੇ ਇਹ ਘਟਨਾ ਘਰੇਲੂ  ਝਗੜੇ ਕਾਰਨ ਹੋਈ ਲੱਗਦੀ ਹੈ।