ਸੰਯੁਕਤ ਕਿਸਾਨ ਮੋਰਚਾ ਤੇ ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਦਰਮਿਆਨ ਤਕਰਾਰ ਵਧਿਆ 

ਸੰਯੁਕਤ ਕਿਸਾਨ ਮੋਰਚਾ ਤੇ ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਦਰਮਿਆਨ ਤਕਰਾਰ ਵਧਿਆ 

*ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਦੇ ਆਗੂਆਂ ਨੇ ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਖਿਲਾਫ਼ ਕੱਢੀ ਭੜਾਸ 

*ਬੁਲਾਰਿਆਂ ਵਲੋਂ ਕਿਸਾਨ ਅੰਦੋਲਨ ਦੌਰਾਨ ਇਕੱਠੇ ਹੋਏ ਕਰੋੜਾਂ ਰੁਪਏ ਖੁਰਦ ਬੁਰਦ ਕਰਨ ਦਾ ਦੋਸ਼ ਲਗਾਇਆ         

 *ਕੁਝ ਕਿਸਾਨ ਸੰਗਠਨਾਂ ਦਾ ਰਾਜਨੀਤੀ ਦੀ ਬਿਮਾਰੀ ਤੋਂ ਨਹੀਂ ਛੁੱਟ ਰਿਹਾ ਪੱਲਾ-ਟਿਕੈਤ

ਅੰਮ੍ਰਿਤਸਰ ਟਾਈਮਜ਼

ਲੁਧਿਆਣਾ-ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਦਰਮਿਆਨ ਆਪਸੀ ਤਕਰਾਰ ਵਧ ਗਿਆ ਹੈ ।ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਲਗਾਏ ਦੋਸ਼ਾਂ ਕਰ ਕੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਡਾਢੇ ਪ੍ਰੇਸ਼ਾਨ ਹਨ । ਦੋਸ਼ਾਂ ਦਾ ਦੌਰ ਦੋਵੇਂ ਧਿਰਾਂ ਵਿਚ ਆਉਣ ਵਾਲੇ ਸਮੇਂ 'ਵਿਚ ਹੋਰ ਤਕਰਾਰ ਵਧਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਲੁਧਿਆਣਾ ਵਿਖੇ ਕੇਂਦਰੀ ਲੀਡਰਸ਼ਿਪ ਅੱਗੇ ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਦੇ ਆਗੂਆਂ ਨੇ ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਖਿਲਾਫ਼ ਮੀਟਿੰਗ ਦੇ ਅੰਦਰ ਅਤੇ ਮੀਟਿੰਗ ਦੇ ਬਾਹਰ ਰੱਜ ਕੇ ਭੜਾਸ ਕੱਢੀ ਸੀ ।ਬੁਲਾਰਿਆਂ ਨੇ ਤਾਂ ਕਿਸਾਨ ਅੰਦੋਲਨ ਦੌਰਾਨ ਇਕੱਠੇ ਹੋਏ ਕਰੋੜਾਂ ਰੁਪਏ ਖੁਰਦ ਬੁਰਦ ਕਰਨ ਦਾ ਵੀ ਦੋਸ਼ ਲਗਾਇਆ ਸੀ । ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਆਵਾਜ਼ ਮੀਡੀਆ ਰਾਹੀਂ ਬੁਲੰਦ ਹੋਣ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਦੇ ਆਗੂ ਤੇ ਵਿਧਾਨ ਸਭਾ ਚੋਣ ਲੜਨ ਵਾਲੇ ਕਈ ਆਗੂ ਨਿਰਾਸ਼ ਦੱਸੇ ਜਾ ਰਹੇ ਹਨ ।ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਜਾਂ ਵਿਧਾਨ ਸਭਾ ਚੋਣ ਲੜਨ ਵਾਲੇ ਆਗੂੁਆਂ ਨੇ ਭਾਵੇਂ ਮੀਡੀਆ ਵਿਚ ਆ ਕੇ ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਨਹੀਂ ਕੀਤੀ, ਪਰ ਰੋਸ ਦੀ ਅੱਗ ਅੰਦਰੋਂ-ਅੰਦਰੀ ਸੁਲਗ ਰਹੀ ਹੈ । ਇਹ ਵੀ ਪਤਾ ਲੱਗਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੇ ਦੋਸ਼ਾਂ ਤੋਂ ਔਖੇ ਆਗੂਆਂ ਵਲੋਂ ਵਕੀਲ ਰਾਹੀਂ ਕਾਨੂੰਨ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ । ਕਈ ਆਗੂ ਮੀਡੀਆ ਰਾਹੀਂ ਦੋਸ਼ਾਂ ਦਾ ਜਵਾਬ ਦੇਣ ਲਈ ਵੀ ਵਿਚਾਰ ਵਟਾਂਦਰਾ ਕਰ ਰਹੇ ਹਨ । ਕਿਸਾਨ ਅੰਦੋਲਨ ਦੌਰਾਨ ਇਕੱਠੇ ਹੋਏ ਪੈਸਿਆਂ ਦੀ ਲੜਾਈ ਦੀਆਂ ਆਉਣ ਵਾਲੇ ਦਿਨਾਂ ਵਿਚ ਹੋਰ ਪਰਤਾਂ ਖੁੱਲ੍ਹਗੀਆਂ । ਇਕ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕਈ ਆਗੂਆਂ ਨੇ ਕਿਸਾਨ ਅੰਦੋਲਨ ਦੌਰਾਨ ਪੈਸੇ ਇਕੱਠੇ ਕੀਤੇ ਹਨ, ਜਿਸ ਦਾ ਸਬੂਤ ਉਨ੍ਹਾਂ ਸਮੇਤ ਕਈ ਆਗੂਆਂ ਕੋਲ ਹੈ, ਜਿਸ ਨੂੰ ਸਮਾਂ ਆਉਣ 'ਤੇ ਜੱਗ ਜ਼ਹਿਰ ਕੀਤਾ ਜਾਵੇਗਾ ।

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨਾਲੋਂ ਕਈ ਜਥੇਬੰਦੀਆਂ ਵੱਖਰੀਆਂ ਹੋ ਕੇ ਚੋਣ ਮੈਦਾਨ ਵਿਚ ਨਿਤਰੀਆਂ ਸਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਵਲੋਂ ਨਾ ਮਾਤਰ ਹੁੰਗਾਰਾ ਦਿੱਤਾ ਗਿਆ ।ਸੰਯੁਕਤ ਕਿਸਾਨ ਮੋਰਚਾ ਨੂੰ ਮੁੜ-ਲਾਮਬੰਦ ਕਰਨ ਲਈ  ਐਸ.ਕੇ.ਐਮ. ਦੇ ਕੌਮੀ ਆਗੂ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ, ਸ਼ਿਵ ਕੁਮਾਰ ਕੱਕਾ ਮੱਧ ਪ੍ਰਦੇਸ਼ ਅਤੇ ਜਗਜੀਤ ਸਿੰਘ ਡੱਲੇਵਾਲ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ 23 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ । ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ  ਦੱਸਿਆ ਕਿ ਰਾਜਨੀਤੀ ਕਰਨ ਤੇ ਚੋਣਾਂ ਲੜਨ ਦੇ ਚਾਹਵਾਨਾਂ ਲਈ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਅੰਦੋਲਨ ਵਿਚ ਕੋਈ ਥਾਂ ਨਹੀਂ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਤੋਂ ਲੈ ਕੇ ਅੱਜ ਤੱਕ ਕਿਸਾਨ ਸੰਗਠਨਾਂ ਦਾ ਰਾਜਨੀਤੀ ਦੀ ਬਿਮਾਰੀ ਤੋਂ ਪੱਲ੍ਹਾ ਨਹੀਂ ਛੁੱਟ ਰਿਹਾ ।ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਯੂਨੀਅਨਾਂ ਵਿਚ ਕੋਈ ਫੁੱਟ ਨਹੀਂ ਹੈ । ਉਨ੍ਹਾਂ ਕਿਹਾ ਕਿ 50 ਤੋਂ ਵੱਧ ਜਥੇਬੰਦੀਆਂ ਐਸ.ਕੇ.ਐਮ. ਦਾ ਹਿੱਸਾ ਬਣਨ ਲਈ ਤਿਆਰ ਹਨ । ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੇ ਨਾਲ ਮੁੜ ਤੋਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਛੇਤੀ ਹੀ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਪੀਲ 'ਤੇ ਮੁੱਖ ਮੰਤਰੀ ਪੰਜਾਬ, ਮੁੱਖ ਮੰਤਰੀ ਤੇਲੰਗਾਨਾ, ਮੁੱਖ ਮੰਤਰੀ ਦਿੱਲੀ ਸਮੇਤ ਕਈ ਕੌਮੀ ਆਗੂੁਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦੁਆਇਆ ਗਿਆ ਹੈ । ਉਨ੍ਹਾਂ ਕਿਹਾ ਕਿ ਐਮ.ਐਸ.ਪੀ. 'ਤੇ ਕਮੇਟੀ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰ ਨੂੰ ਛੇਤੀ ਨਾਂਅ ਭੇਜੇ ਜਾ ਰਹੇ ਹਨ । 23 ਕਿਸਾਨ ਜਥੇਬੰਦੀਆਂ ਦੇ ਆਗੂੁਆਂ ਨੂੰ ਕੌਮੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਧਾਨ ਸਭਾ ਚੋਣਾ ਲੜਨ ਜਾਂ ਸਹਿਯੋਗ ਦੇਣ ਵਾਲੀਆਂ 16 ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚਾ ਵਿਚ ਘਰ ਵਾਪਸੀ ਕਰਨ ਲਈ ਚਿੱਠੀ ਆਈ ਹੈ, ਜਿਸ ਬਾਰੇ ਉਹ ਅੱਜ ਉਨ੍ਹਾਂ ਦੀ ਗੱਲ ਸੁਣਨ ਤੇ ਸਲਾਹ ਲੈਣ ਲਈ ਆਏ ਹਨ ਕਿ ਉਨ੍ਹਾਂ ਨੂੰ 16 ਕਿਸਾਨ ਜਥੇਬੰਦੀਆਂ ਬਾਰੇ ਕੀ ਫ਼ੈਸਲਾ ਲੈਣਾ ਚਾਹੀਦਾ ਹੈ ।ਮੀਟਿੰਗ ਵਿਚ 23 ਕਿਸਾਨ ਜਥੇਬੰਦੀਆਂ ਦੇ ਆਗੁੂਆਂ ਨੇ ਇਕ ਸੁਰ ਵਿਚ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੂੰ ਖੇਰੂ-ਖੇਰੂ ਕਰਨ ਵਾਲੇ ਅਤੇ ਸਰਕਾਰਾਂ ਕੋਲ ਮੋਰਚੇ ਨੂੰ ਵੇਚਣ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਵਿਧਾਨ ਸਭਾ ਚੋਣਾਂ ਲੜਨ ਵਾਲਿਆਂ ਨੂੰ ਸੰਯੁਕਤ ਕਿਸਾਨ ਮੋਰਚਾ ਵਿਚ ਮੁੜ ਸ਼ਾਮਿਲ ਨਾ ਕੀਤਾ ਜਾਵੇ | ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਖੇਰੂ-ਖੇਰੂ ਕਰਨ ਵਾਲੀਆਂ ਜਥੇਬੰਦੀਆਂ ਤੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਮੰਗ ਕੀਤੀ ।