ਅਗਵਾ ਦਾ ਡਰਾਮਾ ਰਚਨ ਵਾਲੀ ਨਿਕਲੀ ਠੱਗੀ ਗੈਂਗ ਦੀ ਮੈਂਬਰ   

ਅਗਵਾ ਦਾ ਡਰਾਮਾ ਰਚਨ ਵਾਲੀ ਨਿਕਲੀ ਠੱਗੀ ਗੈਂਗ ਦੀ ਮੈਂਬਰ   

                    *ਪੰਜਾਬ  ਰਾਜਸਥਾਨ ਤੇ ਹਰਿਆਣਾ ਤਕ ਫੈਲਿਆ ਹੋਇਆ ਹੈ ਠੱਗ ਲਾੜੀਆਂ ਦਾ ਜਾਲ

ਅੰਮ੍ਰਿਤਸਰ ਟਾਈਮਜ਼

 ਮੋਗਾ : ਮੋਗਾ ਵਿਚ ਲੜਕੀ ਨੂੰ ਅਗਵਾ ਕਰਨ ਦਾ ਡਰਾਮਾ ਕਰਨ ਵਾਲੀ ਔਰਤ ਇਕ ਦਿਨ ਦੀ ਲਾੜੀ ਬਣ ਕੇ ਠੱਗਣ ਵਾਲੀ ਗੈਂਗ ਦੀ ਮੈਂਬਰ ਨਿਕਲੀ। ਹੁਣ ਤਕ ਉਹ ਤਿੰਨ ਵਿਆਹ ਕਰ ਚੁੱਕੀ ਹੈ। ਪੁਲਿਸ ਨੇ ਉਸ ਨੂੰ ਹਰਿਆਣਾ ਵਿਚ ਉਸ ਦੇ ਤੀਜੇ ਪਤੀ ਹੰਸਰਾਜ ਦੇ ਘਰੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਗਿਰੋਹ ਦੇ ਹੋਰ ਅਹਿਮ ਮੈਂਬਰ ਰੀਟਾ ਤੇ ਸੰਦੀਪ ਕੌਰ ਹੁਣ ਤਕ 5 ਵਿਆਹ ਕਰ ਚੁੱਕੀਆਂ ਹਨ। ਇੱਕ ਦਿਨ ਦੀ ਲਾੜੀ ਬਣ ਕੇ ਇਹ ਲਾੜੀ ਪਹਿਲਾਂ ਮੋਟੀ ਰਕਮ ਵਿਆਹ ਦੇ ਖ਼ਰਚ ਦੇ ਨਾਂ 'ਤੇ ਵਿਚੋਲਣ ਜ਼ਰੀਏ ਠੱਗਦੀ ਸੀ। ਬਾਅਦ ਵਿਚ ਘਰ ਦੇ ਗਹਿਣੇ, ਨਕਦੀ ਆਦਿ ਲੈ ਕੇ ਬਹਾਨੇ ਨਾਲ ਫੁਰਰ ਹੋ ਜਾਂਦੀ ਸੀ। ਇਕ ਰਾਤ ਦੀ ਲਾੜੀ ਬਣ ਕੇ ਠੱਗਣ ਵਾਲੀ ਇਸ ਗੈਂਗ ਦਾ ਜਾਲ ਸਿਰਫ਼ ਪੰਜਾਬ ਹੀ ਨਹੀਂ ਬਲਕਿ ਰਾਜਸਥਾਨ ਤੇ ਹਰਿਆਣਾ ਤਕ ਫੈਲਿਆ ਹੋਇਆ ਹੈ।

ਪੁਲਿਸ ਨੇ ਇਸ ਗਰੋਹ ਦੇ 6 ਮੈਂਬਰਾਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦੇ ਕੇਸ ਵਿਚ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਅਗਵਾ ਦਾ ਡਰਾਮਾ ਕਰਨ ਵਾਲੀ ਕੋਮਲ ਉਰਫ਼ ਕੁਲਦੀਪ ਕੌਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਵੱਲੋਂ ਤੀਸਰੀ ਵਾਰ ਵਿਆਹ ਕਰਵਾਉਣ ਵਾਲੇ ਹਰਿਆਣਾ ਦੇ ਹੰਸਰਾਜ ਦੀ ਭੂਮਿਕਾ ਦਾ ਹਾਲੇ ਪਤਾ ਲਗਾਇਆ ਜਾ ਰਿਹਾ ਹੈ। ਅਜੇ ਤਕ ਪੁਲਿਸ ਜਾਂਚ ਵਿਚ ਉਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕਿਉਂਕਿ ਉਹ ਵਿਚੋਲਣ ਨਾਲ ਆਪਣੀ ਪਤਨੀ ਦੇ ਰੂਪ ਵਿਚ ਹੀ ਕੁਲਦੀਪ ਕੌਰ ਕੋਮਲ ਨੂੰ ਕਾਰ ਵਿਚ ਬਿਠਾ ਕੇ ਲੈ ਗਿਆ ਸੀ।

ਹੰਸਰਾਜ ਨਾਲ ਕੁਲਦੀਪ ਕੌਰ ਦੇ ਵਿਆਹ ਖਰਚੇ ਦੇ ਰੂਪ ਵਿਚ ਵਿਚੋਲਣ ਬਣੀ ਮੋਗਾ ਦੀ ਰੀਟਾ ਤੇ ਹਰਿਆਣਾ ਦੀ ਵਿਚੋਲਣ ਪ੍ਰੋਮਿਲਾ ਨੇ 70 ਹਜ਼ਾਰ ਰੁਪਏ ਲਏ ਸੀ। ਜਿਸ ਵਿਚ ਰੀਟਾ ਤੋਂ ਪੰਜ ਹਜ਼ਾਰ ਰੁਪਏ ਦੀ ਨਕਦੀ, ਕੁਝ ਗਹਿਣੇ ਬਰਾਮਦ ਕੀਤੇ ਹਨ। ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਕਿ ਉਹ ਗਹਿਣੇ ਕੁਲਦੀਪ ਕੌਰ ਆਪਣੇ ਨਵੇਂ ਪਤੀ ਹੰਸਰਾਜ ਦੇ ਘਰੋਂ ਲਿਆਈ ਸੀ। ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਖੁਲਾਸਾ ਕੀਤਾ ਕਿ ਇਹ ਗਿਰੋਹ ਬਹੁਤ ਵੱਡਾ ਹੈ। ਪੁਲਿਸ ਦੀ ਜਾਂਚ ਜਾਰੀ ਹੈ, ਇਸ ਵਿਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਜਾਂਚ ਵਿਚ ਹੁਣ ਤਕ ਅੱਠ ਵਿਆਹ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਤਿੰਨ ਵਿਆਹ ਕੁਲਦੀਪ ਕੌਰ  ਕੋਮਲ ਨੇ ਕੀਤੇ ਹਨ, ਜਦੋਂਕਿ ਪੰਜ ਵਿਆਹ ਮੋਗਾ ਦੀ ਰੀਟਾ ਨੇ ਕੀਤੇ ਹਨ। ਇਸ ਗਿਰੋਹ ਵਿਚ ਸ਼ਾਮਲ ਮੋਗਾ ਦੇ ਕੁਲਦੀਪ ਸਿੰਘ ਤੇ ਰੁਪਿੰਦਰ ਕੌਰ ਵਿਆਹ ਸਮੇਂ ਲਾੜੀ ਦੀ ਮਾਸੀ ਤੇ ਚਾਚਾ ਬਣ ਜਾਂਦੇ ਸਨ, ਬਾਕੀ ਮੈਂਬਰ ਹੋਰ ਰਿਸ਼ਤੇਦਾਰ ਬਣ ਕੇ ਵਿਆਹ ਵਿਚ ਸ਼ਾਮਲ ਹੁੰਦੇ ਸਨ।