ਰਾਸ਼ਟਰਪਤੀ ਨੂੰ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੱਸਣ ਕਾਰਣ ਭਾਜਪਾ ਅਤੇ ਵਿਰੋਧੀ ਧਿਰਾਂ ਵਿਚ ਬਹਿਸ ਛਿੜੀ

ਰਾਸ਼ਟਰਪਤੀ ਨੂੰ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੱਸਣ ਕਾਰਣ ਭਾਜਪਾ ਅਤੇ ਵਿਰੋਧੀ ਧਿਰਾਂ ਵਿਚ ਬਹਿਸ ਛਿੜੀ

ਭਾਰਤ’ ਦੀ ਵਰਤੋਂ ਕਰਨ ਵਿਚ ਕੁਝ ਗ਼ਲਤ ਨਹੀਂ: ਭਾਜਪਾ

*ਕਾਂਗਰਸ, ਆਪ ਤੇ ਇੰਡੀਆ ਗਠਜੋੜ ਦੇ ਲੀਡਰਾਂ ਵਲੋਂ ਤਿਖਾ ਵਿਰੋਧ

*ਇਰਾਨ, ਤੁਰਕੀ ਤੇ ਸ੍ਰੀਲੰਕਾ ਸਣੇ ਕਈ ਦੇਸ਼ ਵੀ ਬਦਲ ਚੁੱਕੇ ਨੇ ਆਪਣੇ ਨਾਂ 

ਇੰਡੀਆ ਦਾ ਨਾਮ ਬਦਲਣ ਦੀ ਚਰਚਾ ਇਸ ਸਮੇਂ ਜ਼ੋਰਾਂ 'ਤੇ ਹੈ ਜੋ ਕਿ ਭਾਰਤੀ ਸਿਆਸਤ ਵਿਚ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣੇ ਜਿਹੇ ਜੀ-20 ਦੇ ਆਲਮੀ ਆਗੂਆਂ ਲਈ ਰਾਤ ਦੀ ਦਾਅਵਤ ਦੇ ਸੱਦੇ ਵਿੱਚ ਰਾਸ਼ਟਰਪਤੀ ਦਰਪੋਦੀ ਮੁਰਮੂ ਨੂੰ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਸੰਬੋਧਨ ਕੀਤੇ ਜਾਣ ਤੋਂ ਨਵਾਂ ਵਿਵਾਦ ਛਿੜ ਗਿਆ ਹੈ।ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਜੀ-20 ਸਿਖਰ ਵਾਰਤਾ ਵਿਚ ਸ਼ਾਮਲ ਆਲਮੀ ਆਗੂਆਂ ਨੂੰ ਸ਼ਨਿੱਚਰਵਾਰ (9 ਸਤੰਬਰ ਨੂੰ) ‘ਭਾਰਤ ਮੰਡਪਮ’ ਵਿਚ ਦਿੱਤੇ ਜਾਣ ਵਾਲੇ ਰਾਤਰੀ ਭੋਜ ਦੇ ਸੱਦੇ ਨੂੰ ਜਿਵੇਂ ਹੀ ਐਕਸ ’ਤੇ ਸ਼ੇਅਰ ਕੀਤਾ ਤਾਂ ਸਿਆਸੀ ਹਲਕਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ। ਪ੍ਰਧਾਨ ਨੇ ਸੱਦਾ ਪੱਤਰ ਦੀ ਤਸਵੀਰ ਸਾਂਝੀ ਕਰਦਿਆਂ ਹੈਸ਼ਟੈਗ ‘#ਪ੍ਰੈਜ਼ੀਡੈਂਟ ਆਫ਼ ਭਾਰਤ’ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ, ‘ਜਨ ਗਨ ਮਨ ਅਧਿਨਾਇਕ ਜਯ ਹੇ, ਭਾਰਤ ਭਾਗਯ ਵਿਧਾਤਾ।’’ ਕੌਮੀ ਤਰਾਨੇ ਦੀ ਪਹਿਲੀ ਸਤਰ ਦੇ ਨਾਲ ‘ਜੈ ਹੋ’ ਸ਼ਬਦ ਦਾ ਵੀ ਇਸਤੇਮਾਲ ਕੀਤਾ ਗਿਆ। ਇਹ ਸੱਦਾ ਪੱਤਰ ਜਿਉਂ ਹੀ ਅੱਗੇ ਸੋਸ਼ਲ ਮੀਡੀਆ ’ਤੇ ਸਰਕੁਲੇਟ ਹੋਇਆ ਤਾਂ ਵਿਰੋਧੀ ਧਿਰਾਂ ਵੱਲੋਂ ਪ੍ਰਤੀਕਰਮਾਂ ਦੀ ਹਨੇਰੀ ਆ ਗਈ। ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਕਿ ਸਰਕਾਰ ਦੇਸ਼ ਦਾ ਨਾਮ ‘ਇੰਡੀਆ’ ਬਦਲਣ ਦੀਆਂ ਵਿਉਂਤਾਂ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਡਰ ਅਤੇ ਨਫ਼ਰਤ ਕਾਰਨ ਸਰਕਾਰ ਨੇ ਦੇਸ਼ ਦਾ ਨਾਮ ਬਦਲਣ ਦਾ ਅਮਲ ਸ਼ੁਰੂ ਕੀਤਾ ਹੈ। ਉਧਰ ਭਾਜਪਾ ਨੇ ਕਿਹਾ ਕਿ ‘ਭਾਰਤ’ ਦੀ ਵਰਤੋਂ ਕਰਨ ਵਿੱਚ ਕੁਝ ਵੀ ਗ਼ਲਤ ਨਹੀਂ ਕਿਉਂਕਿ ਇਹ ਸੰਵਿਧਾਨ ਦਾ ਹਿੱਸਾ ਹੈ। ਭਾਜਪਾ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਹਰ ਕੰਮ ਵਿਚ ਮੀਨ-ਮੇਖ ਕੱਢਣ ਦੀ ਆਦਤ ਹੈ।

ਭਾਜਪਾ ਵਲੋਂ ਇਹ ਮੰਨਿਆ ਜਾਂਦਾ ਹੈ ਕਿ ਇੰਡੀਆ ਦਾ ਨਾਮ ਸਾਨੂੰ ਵਿਦੇਸ਼ੀਆਂ ਨੇ ਦਿੱਤਾ ਸੀ। ਇਹ ਚਰਚਾ ਹੈ ਕਿ ਇਹ ਅਧਿਕਾਰਤ ਤੌਰ 'ਤੇ ਇੰਡੀਆ ਦੀ ਬਜਾਏ ਭਾਰਤ ਵਜੋਂ ਜਾਣਿਆ ਜਾਵੇਗਾ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਘਬਰਾਈ ਹੋਈ ਹੈ ਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ‘ਇਕ ਦੇਸ਼ ਇਕ ਚੋਣ’ ਤੇ ‘ਨਾਮ ਬਦਲੀ’ ਜਿਹੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਜੇ ਆਪਣਾ ਨਾਮ ‘ਭਾਰਤ’ ਰੱਖ ਲਵੇ ਤਾਂ ਕੀ ਭਾਜਪਾ ਦੇਸ਼ ਦਾ ਨਾਮ ਭਾਰਤ ਤੋਂ ਬਦਲ ਕੇ ਕੁਝ ਹੋਰ ਰੱਖ ਦੇਵੇਗੀ?

ਕੇਜਰੀਵਾਲ ਨੇ ਕਿਹਾ, ‘‘ਇਹ ਕਿਹੋ ਜਿਹਾ ਮਜ਼ਾਕ ਹੈ! ’ ਆਪ ਸੁਪਰੀਮੋ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰਾਂ ਦੇ ਗੱਠਜੋੜ ਇੰਡੀਆ ਤੋਂ ਇਸ ਕਦਰ ਘਬਰਾ ਗਈ ਹੈ ਕਿ ਜਦੋਂ ਪਹਿਲਾਂ ਇਸ ਦਾ ਐਲਾਨ ਕੀਤਾ ਤਾਂ ਉਸ ਨੇ ‘ਵਨ ਨੇਸ਼ਨ ਵੰਨ ਇਲੈਕਸ਼ਨ’ ਤਜਵੀਜ਼ ਨਾਲ ਲੋਕਾਂ ਦਾ ਇਸ ਤੋਂ ਧਿਆਨ ਵੰਡਾਉਣ ਦੀ ਕੋੋਸ਼ਿਸ਼ ਕੀਤੀ। ਉਹ ‘ਇਕ ਦੇਸ਼ ਇਕ ਚੋਣ’ ਕਿਵੇਂ ਕਰਵਾ ਸਕਦੇ ਹਨ? ਇਸ ਦਾ ਲੋਕਾਂ ਨੂੰ ਲਾਭ ਕਿਵੇਂ ਹੋਵੇਗਾ? ਕੀ ਇਸ ਨਾਲ ਮਹਿੰਗਾਈ ਤੇ ਬੇਰੁਜ਼ਗਾਰੀ ਘਟੇਗੀ।’’ 

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਸੋ ਇਹ ਖ਼ਬਰ ਯਕੀਨੀ ਤੌਰ ’ਤੇ ਸੱਚੀ ਹੈ। ਰਾਸ਼ਟਰਪਤੀ ਭਵਨ ਨੇ 9 ਸਤੰਬਰ ਲਈ ਜੀ-20 ਦੀ ਰਾਤ ਦੀ ਦਾਅਵਤ ਲਈ ਭੇਜੇ ਸੱਦਾ ਪੱਤਰ ਵਿੱਚ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੀ ਵਰਤੋਂ ਕੀਤੀ ਹੈ।’’ ਰਮੇੇਸ਼ ਨੇ ਕਿਹਾ, ‘‘ਹੁਣ ਸੰਵਿਧਾਨ ਦੇ ਆਰਟੀਕਲ 1 ਨੂੰ ਇਸ ਤਰ੍ਹਾਂ ਪੜ੍ਹਿਆ ਜਾਵੇਗਾ: ਭਾਰਤ ਜੋ ਕਿ ਇੰਡੀਆ ਸੀ, ਰਾਜਾਂ ਦਾ ਸੰਘ ਹੈ। ਪਰ ਹੁਣ ਇਹ ਰਾਜਾਂ ਦਾ ਸੰਘ ਵੀ ਹਮਲੇ ਅਧੀਨ ਹੈ।’’ ਇਕ ਹੋਰ ਪੋਸਟ ਵਿਚ ਰਮੇਸ਼ ਨੇ ਕਿਹਾ ਕਿ ਉਹ ਭਾਜਪਾ ਹੀ ਸੀ, ਜੋ ‘ਇੰਡੀਆ ਸ਼ਾਈਨਿੰਗ’ ਕੰਪੇਨ ਲੈ ਕੇ ਆਈ ਸੀ ਤੇ ਉਦੋਂ ਕਾਂਗਰਸ ਦੀ ਪ੍ਰਤੀਕਿਰਿਆ ਸੀ ਕਿ ‘ਆਮ ਆਦਮੀ ਕੋ ਕਯਾ ਮਿਲਾ’। ਉਨ੍ਹਾਂ ਕਿਹਾ, ‘‘ਇਹ ਵੀ ਯਾਦ ਰੱਖਿਓ ਕਿ ਡਿਜੀਟਲ ਇੰਡੀਆ, ਸਟਾਰਟ ਅੱਪ ਇੰਡੀਆ, ਨਿਊ ਇੰਡੀਆ ਆਦਿ ਲਿਆਉਣ ਵਾਲੀ ਭਾਜਪਾ ਹੀ ਸੀ ਤੇ ਕਾਂਗਰਸ ਨੇ ਇਸ ਦਾ ਜਵਾਬ ਭਾਰਤ ਜੋੜੋ ਯਾਤਰਾ ਨਾਲ ਦਿੱਤਾ ਸੀ, ਜਿਸ ਦੀ ਪਹਿਲੀ ਵਰ੍ਹੇਗੰਢ ਪਰਸੋਂ ਹੈ।’’ ਰਮੇਸ਼ ਨੇ ਇਕ ਹੋਰ ਪੋਸਟ ਵਿੱਚ ਕਿਹਾ, ‘‘ਸ੍ਰੀ ਮੋਦੀ ਇਤਿਹਾਸ ਨੂੰ ਤੋੜ-ਮਰੋੜ ਅਤੇ ਇੰਡੀਆ, ਜੋ ਭਾਰਤ, ਜੋ ਰਾਜਾਂ ਦਾ ਸੰਘ ਹੈ, ਨੂੰ ਵੰਡ ਸਕਦੇ ਹਨ। ਪਰ ਅਸੀਂ ਰੁਕਣ ਵਾਲਿਆਂ ਵਿਚੋਂ ਨਹੀਂ।’’

ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ, ‘‘ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਭਾਰਤ ਹੈ, ਪਰ ਕੁੱਲ ਆਲਮ ਸਾਨੂੰ ਇੰਡੀਆ ਵਜੋਂ ਜਾਣਦਾ ਹੈ।’’ ਬੈਨਰਜੀ ਨੇ ਕਿਹਾ ਕਿ ਅਚਾਨਕ ਕੀ ਬਦਲਿਆ ਕਿ ਸਾਨੂੰ ਹੁਣ ਸਿਰਫ਼ ਭਾਰਤ ਹੀ ਵਰਤਣਾ ਚਾਹੀਦਾ ਹੈ। ਬੈਨਰਜੀ ਦੇ ਤਾਮਿਲ ਨਾਡੂ ਦੇ ਹਮਰੁਤਬਾ ਐੱਮ.ਕੇ.ਸਟਾਲਿਨ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ, ‘‘ਗੈਰ-ਭਾਜਪਾ ਤਾਕਤਾਂ ਨੇ ਫਾਸ਼ੀਵਾਦੀ ਭਾਜਪਾ ਨਿਜ਼ਾਮ ਨੂੰ ਸੱਤਾ ਤੋਂ ਬਾਹਰ ਕਰਨ ਲਈ ਇਕੱਠਿਆਂ ਹੋ ਕੇ ਆਪਣੇ ਗੱਠਜੋੜ ਦਾ ਨਾਮ ‘ਇੰਡੀਆ’ ਕੀ ਰੱਖਿਆ, ਭਾਜਪਾ ਹੁਣ ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਣਾ ਚਾਹੁੰਦੀ ਹੈ।’’ ਸਟਾਲਿਨ ਨੇ ਕਿਹਾ, ‘‘ਭਾਜਪਾ ਨੇ ਇੰਡੀਆ ਦੀ ਕਾਇਆਕਲਪ ਦਾ ਵਾਅਦਾ ਕੀਤਾ ਸੀ, ਪਰ ਨੌਂ ਸਾਲਾਂ ਬਾਅਦ ਸਾਨੂੰ ਸਿਰਫ਼ ਨਾਮ ਦੀ ਤਬਦੀਲੀ ਹੀ ਮਿਲੀ! ਇੰਜ ਲੱਗਦਾ ਹੈ ਕਿ ਭਾਜਪਾ ਇਕਹਿਰੇ ਸ਼ਬਦ ‘ਇੰਡੀਆ’ ਤੋਂ ਤੜਫ ਉੱਠੀ ਹੈ ਕਿਉਂਕਿ ਉਨ੍ਹਾਂ ਵਿਰੋਧੀ ਧਿਰਾਂ ਦੇ ਏਕੇ ਦੀ ਤਾਕਤ ਨੂੰ ਪਛਾਣ ਲਿਆ ਹੈ। ਚੋਣਾਂ ਦੌਰਾਨ ‘ਇੰਡੀਆ’ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾਏਗਾ।’’

ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਭਾਜਪਾ ਸੰਸਦ ਵਿਚ ਆਪਣੇ ਬਹੁਮਤ ਨੂੰ ਇੰਜ ਵਰਤ ਰਹੀ ਹੈ ਜਿਵੇਂ ਪੂਰਾ ਦੇਸ਼ ਉਸ ਦੀ ‘ਜਗੀਰ’ ਹੈ। 

ਦੂਸਰੇ ਪਾਸੇ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਵਰਤਣ ਵਿੱਚ ਕੀ ਦਿੱਕਤ ਹੈ, ਕਿਉਂਕਿ ਸਾਡਾ ਦੇਸ਼ ਵੀ ਤਾਂ ਭਾਰਤ ਹੈ। ਚੰਦਰਸ਼ੇਖਰ ਨੇ ਕਿਹਾ, ‘‘ਕਾਂਗਰਸ ਨੂੰ ਹਰੇਕ ਚੀਜ਼ ਬੇਢੱਬੀ ਲੱਗਦੀ ਹੈ। ਕਦੇ ਉਹ ‘ਸਨਾਤਨ ਧਰਮ’ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਕੋਈ ਦਿੱਕਤ ਹੈ।

ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਕਦੇ ਵੰਦੇ ਮਾਤਰਮ ਨਾਲ ਦਿੱਕਤ ਹੁੰਦੀ ਹੈ ਤੇ ਕਦੇ ਉਹ ਰਾਸ਼ਟਰਵਾਦ ਨੂੰ ਮੁੱਦਾ ਬਣਾ ਲੈਂਦੇ ਹਨ। ਚੁੱਘ ਨੇ ਕਿਹਾ, ‘‘ਭਾਰਤ ਸ਼ਬਦ ਕੋਈ ਨਵਾਂ ਨਹੀਂ ਹੈ। ਪੁਰਾਤਨ ਕਾਲ ਤੋਂ ਇਹ ਵਰਤਿਆ ਜਾ ਰਿਹੈ। ਭਾਰਤ ਮਾਤਾ ਤੇ ਵੰਦੇ ਮਾਤਰਮ ਸਾਡੇ ਖੂਨ ਵਿਚ ਹੈ ਤੇ ਤੁਹਾਡੇ ਵਿਰੋਧ ਨਾਲ ਕੁਝ ਨਹੀਂ ਹੋਣਾ। ਭਾਰਤ ਸ਼ਬਦ ਦਾ ਸੰਵਿਧਾਨ ਵਿੱਚ ਵੀ ਜ਼ਿਕਰ ਹੈ।

ਇਸ ਅਟਕਲਾਂ ਦੇ ਵਿਚਕਾਰ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੇ ਨਾਵਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਆਪਣੇ ਨਾਂ ਬਦਲੇ ਹਨ। ਅਸੀਂ ਤੁਹਾਨੂੰ ਅਜਿਹੇ ਦੇਸ਼ਾਂ ਦੇ ਨਾਂ ਦੱਸਾਂਗੇ ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਂ ਬਦਲ ਦਿੱਤਾ ਹੈ।

ਇਨ੍ਹਾਂ ਦੇਸ਼ਾਂ ਨੇ ਆਪਣੇ ਨਾਂ ਬਦਲ ਲਏ ਹਨ

ਈਰਾਨ : ਈਰਾਨ ਇੱਕ ਸ਼ੀਆ ਬਹੁਗਿਣਤੀ ਵਾਲਾ ਦੇਸ਼ ਹੈ ਅਤੇ ਇੱਥੋਂ ਦੇ ਲੋਕ ਇਸਲਾਮ ਧਰਮ ਦਾ ਪਾਲਣ ਕਰਦੇ ਹਨ। ਇਰਾਨ ਨਾਮ 1935 ਤੋਂ ਪਹਿਲਾਂ ਮੌਜੂਦ ਨਹੀਂ ਸੀ। ਇਹ ਦੇਸ਼ ਪਰਸ਼ੀਆ ਜਾਂ ਫਾਰਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹਾਲਾਂਕਿ, ਜਦੋਂ ਮੁਹੰਮਦ ਰਜ਼ਾ ਪਹਿਲਵੀ (ਮੁਹੰਮਦ ਰੇਜ਼ਾ ਸ਼ਾਹ) ਦੇਸ਼ ਵਿੱਚ ਸੱਤਾ ਵਿੱਚ ਆਇਆ ਤਾਂ ਉਸਨੇ ਪਰਸ਼ੀਆ ਦਾ ਨਾਮ ਬਦਲ ਕੇ ਈਰਾਨ ਰੱਖ ਦਿੱਤਾ।

ਸ਼੍ਰੀਲੰਕਾ : ਹਾਲਾਂਕਿ ਸ਼੍ਰੀਲੰਕਾ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਪਹਿਲਾਂ ਇਸ ਦੇਸ਼ ਨੂੰ ਸੀਲੋਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪਰ ਸਾਲ 1972 ਵਿੱਚ ਸੀਲੋਨ ਦਾ ਨਾਮ ਬਦਲ ਕੇ ਇਸਦਾ ਨਵਾਂ ਨਾਮ ਸ਼੍ਰੀਲੰਕਾ ਰੱਖਿਆ ਗਿਆ। ਸ਼੍ਰੀਲੰਕਾ ਵਿੱਚ ਹਿੰਦੂ ਅਤੇ ਬੋਧੀ ਧਰਮ ਦੇ ਲੋਕਾਂ ਦੀ ਵੱਡੀ ਗਿਣਤੀ ਹੈ।

ਮਿਆਂਮਾਰ: ਇੱਕ ਸਮਾਂ ਸੀ ਜਦੋਂ ਮਿਆਂਮਾਰ ਸੰਯੁਕਤ ਭਾਰਤ ਦਾ ਹਿੱਸਾ ਸੀ, ਪਰ ਕਈ ਦੌਰ ਆਏ ਤੇ ਚਲੇ ਗਏ। ਇੱਥੋਂ ਦੀ ਸੱਤਾ ਵੀ ਬਦਲਦੀ ਰਹੀ ਹੈ। ਬਰਮਾ ਵਜੋਂ ਜਾਣੇ ਜਾਂਦੇ ਇਸ ਦੇਸ਼ ਦਾ ਨਾਂ ਵੀ ਬਦਲ ਦਿੱਤਾ ਗਿਆ। ਸਾਲ 1989 ਵਿੱਚ, ਫੌਜੀ ਨੇਤਾਵਾਂ ਨੇ ਬਰਮਾ ਵਜੋਂ ਜਾਣੇ ਜਾਂਦੇ ਦੇਸ਼ ਦਾ ਨਾਮ ਬਦਲ ਕੇ ਮਿਆਂਮਾਰ ਰੱਖ ਦਿੱਤਾ। ਪਹਿਲਾਂ ਤਾਂ ਇਸ ਨਾਂ ਨੂੰ ਲੈ ਕੇ ਵਿਰੋਧ ਹੋਇਆ ਸੀ ਪਰ ਹੁਣ ਇਹ ਨਾਂ ਹੀ ਇਸ ਥਾਂ ਦੀ ਪਛਾਣ ਹੈ।

ਚੈਕੀਆ: ਯੂਰਪ ਵਿੱਚ ਸਥਿਤ ਚੈੱਕ ਗਣਰਾਜ ਵਜੋਂ ਜਾਣੇ ਜਾਂਦੇ ਦੇਸ਼ ਦਾ ਨਾਮ ਵੀ ਬਦਲ ਦਿੱਤਾ ਗਿਆ ਸੀ। 2016 ਵਿੱਚ, ਚੈੱਕੀਆ ਨਾਮ ਨੂੰ ਅਧਿਕਾਰਤ ਤੌਰ 'ਤੇ ਚੈੱਕ ਸਰਕਾਰ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ।

ਥਾਈਲੈਂਡ : ਥਾਈਲੈਂਡ ਦਾ ਪੁਰਾਣਾ ਨਾਮ ਸਿਆਮ ਸੀ। ਸਾਲ 1939 ਵਿੱਚ ਇਸਦਾ ਨਾਮ ਬਦਲ ਕੇ ਥਾਈਲੈਂਡ ਕਰ ਦਿੱਤਾ ਗਿਆ। ਹਾਲਾਂਕਿ ਸਿਆਮ ਨਾਮ ਨੂੰ ਵਿਚਕਾਰ ਅਪਣਾਇਆ ਗਿਆ ਸੀ, ਪਰ ਬਾਅਦ ਵਿੱਚ ਦੇਸ਼ ਦਾ ਅਧਿਕਾਰਤ ਨਾਮ ਥਾਈਲੈਂਡ ਰੱਖਿਆ ਗਿਆ।

ਉੱਤਰੀ ਮੈਸੇਡੋਨੀਆ ਗਣਰਾਜ : ਉੱਤਰੀ ਮੈਸੇਡੋਨੀਆ ਗਣਰਾਜ ਦੇ ਪੁਰਾਣੇ ਨਾਂ 'ਮੈਸੇਡੋਨੀਆ' ਨੂੰ ਲੈ ਕੇ ਗ੍ਰੀਸ ਨਾਲ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਉਸ ਸਮੇਂ ਖਤਮ ਹੋ ਗਿਆ। ਜਦੋਂ ਸਾਲ 2019 ਵਿੱਚ ਦੇਸ਼ ਦਾ ਪੁਰਾਣਾ ਨਾਮ ਮੈਸੇਡੋਨੀਆ ਬਦਲਿਆ ਗਿਆ ਅਤੇ ਇਸਨੂੰ ਨਵਾਂ ਨਾਮ ਰਿਪਬਲਿਕ ਆਫ ਨਾਰਥ ਮੈਸੇਡੋਨੀਆ ਮਿਲ ਗਿਆ।

ਤੁਰਕੀਏ: ਤੁਰਕੀਏ ਨੂੰ ਪਹਿਲਾਂ ਤੁਰਕੀ ਕਿਹਾ ਜਾਂਦਾ ਸੀ। ਹਾਲਾਂਕਿ, ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਸਾਲ 2022 ਵਿੱਚ ਇਸਦਾ ਨਾਮ ਬਦਲਣ ਦਾ ਫੈਸਲਾ ਕੀਤਾ ਹੈ। ਤੁਰਕੀ ਨੂੰ ਅਧਿਕਾਰਤ ਤੌਰ 'ਤੇ ਨਵਾਂ ਨਾਮ ਤੁਰਕੀਏ ਮਿਲਿਆ।

ਈਸਵਾਤੀਨੀ: ਅਫਰੀਕੀ ਦੇਸ਼ ਈਸਵਤੀਨੀ ਵੀ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਆਪਣਾ ਨਾਮ ਬਦਲਿਆ ਹੈ। 2018 ਤੋਂ ਪਹਿਲਾਂ, ਈਸਵਤੀਨੀ ਨੂੰ ਸਵਾਜ਼ੀਲੈਂਡ ਵਜੋਂ ਜਾਣਿਆ ਜਾਂਦਾ ਸੀ। ਹਾਲਾਂਕਿ, 2018 ਵਿੱਚ ਦੇਸ਼ ਨੇ ਆਪਣਾ ਨਾਮ ਬਦਲ ਕੇ ਈਸਵਤੀਨੀ ਰੱਖ ਲਿਆ।

ਨੀਦਰਲੈਂਡਜ਼: ਨੀਦਰਲੈਂਡ ਨੇ ਸਾਲ 2020 ਵਿੱਚ ਆਪਣੇ ਦੇਸ਼ ਦਾ ਨਾਮ ਬਦਲ ਦਿੱਤਾ ਹੈ। ਪਹਿਲਾਂ ਨੀਦਰਲੈਂਡ ਨੂੰ ਹਾਲੈਂਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਪਰ ਸਾਲ 2020 ਵਿੱਚ, ਦੇਸ਼ ਨੇ ਆਪਣਾ ਨਾਮ ਬਦਲ ਕੇ ਨੀਦਰਲੈਂਡ ਕਰ ਲਿਆ।