ਇੰਡੀਆ' ਗਠਜੋੜ

ਇੰਡੀਆ' ਗਠਜੋੜ

ਪਿਛਲੇ ਦਿਨੀਂ ਇੰਡੀਆ ਦੀਆਂ ਵਿਰੋਧੀ ਪਾਰਟੀਆਂ ਨੇ ਭਾਜਪਾ ਦੇ ਵਿਰੋਧ ਅਤੇ ਖਾਸ ਕਰਕੇ ਮੋਦੀ ਨੂੰ ਇੰਡੀਆ ਦੀ ਹਕੂਮਤ ਵਿਚੋਂ ਬਾਹਰ ਕਰਨ ਲਈ ਗਠਜੋੜ ਬਣਾਇਆ ਹੈ।

ਕਰੋ ਜਾਂ ਮਰੋ ਦੀ ਤਰਜ਼ ਤੇ ਕਾਂਗਰਸ ਸਮੇਤ ਵਿਰੋਧੀ ਧੜਿਆਂ ਵਿਚੋਂ ਅਹਿਮ ਪਾਰਟੀਆਂ ਨੇ ਇਹ ਅਹਿਦ ਦੁਹਰਾਇਆ ਹੈ। 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਇੱਕ ਮਜ਼ਬੂਤ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਸਨ। 2014 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦੀ ਤਸਵੀਰ ਇੱਕ ਮਜ਼ਬੂਤ ਅਤੇ ਦੂਰਦ੍ਰਿਸ਼ਟੀ ਵਾਲੇ ਆਗੂ ਵਜੋਂ ਪ੍ਰਸਿੱਧ ਕੀਤੀ ਗਈ। ਅਜਿਹਾ ਲੱਗਦਾ ਸੀ ਕਿ 2014 ਦੀਆਂ ਚੋਣਾਂ ਵਿੱਚ ਭਾਜਪਾ ਕੋਲ ਸਿਰਫ਼ ਮੋਦੀ ਹੀ ਸੀ, ਜਿਸ ਕਰਕੇ ਉਹਨਾਂ ਨੇ ਕੇਂਦਰ ਵਿੱਚ ਆਪਣੀ ਥਾਂ ਮਜ਼ਬੂਤੀ ਨਾਲ ਸਥਾਪਤ ਕੀਤੀ। ਪਰ ਅਜਿਹਾ ਕਰਨਾ ਤਾਂ ਹੀ ਸੰਭਵ ਹੋਇਆ ਕਿਉਂਕਿ ਇੱਕੋ ਪਾਰਟੀ ਦੇ ਅਕੇਵੇਂ ਤੋਂ ਬਾਅਦ ਲੋਕਾਂ ਦੇ ਅੰਦਰ ਬਦਲਾਅ ਵੇਖਣ ਦੀ ਚਾਹਣਾ ਸੀ। ਇਸੇ ਮੌਕੇ ਨੂੰ ਤਾੜ ਕੇ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੀ ਜਗ੍ਹਾ ਬਣਾਈ ਅਤੇ ਦਿੱਲੀ ਦੀ ਵਿਧਾਨ ਸਭਾ ਵਿੱਚ ਕਾਬਜ਼ ਹੋਏ। ਫੇਰ ਭਾਜਪਾ ਨੇ ਵੀ ਇਸੇ ਬਦਲਾਅ ਅਤੇ ਕਾਂਗਰਸ ਨੂੰ ਜੜੋਂ ਖਤਮ ਕਰਨ ਦੀ ਸੁਰ 'ਤੇ ਚੋਣਾਂ ਵਿੱਚ ਜਿੱਤ ਹਾਸਲ ਕੀਤੀ। ਹੁਣ ਸਮੇਂ ਦਾ ਮੇਲ ਅਜਿਹਾ ਬਣ ਗਿਆ ਹੈ ਕਿ ਬਦਲਾਅ ਵਾਲੀ ਆਮ ਆਦਮੀ ਪਾਰਟੀ ਨੇ ਅਕੇਵੇਂ ਵਾਲੀ ਪਾਰਟੀ ਕਾਂਗਰਸ ਦੇ ਨਾਲ ਰਲਕੇ ਇੱਕ ਹੋਰ ਤਰ੍ਹਾਂ ਦੇ ਬਦਲਾਅ ਵਾਲੀ ਪਾਰਟੀ ਨਾਲ ਨਿਪਟਣਾ ਹੈ। ਨਿਪਟਣਾ ਹੈ ਨਵੇਂ ਨਾਮ ‘ਇੰਡੀਆ’ ਨਾਮੀ ਗਠਜੋੜ ਹੇਠ। 

‘ਇੰਡੀਆ’ ਗਠਜੋੜ ਵਿੱਚ ਭਾਜਪਾ ਦੇ ਵਿਰੋਧ ਵਾਲੀਆਂ 26 ਪਾਰਟੀਆਂ ਭਾਜਪਾ ਅਤੇ ਖਾਸਕਰ ਮੋਦੀ ਨੂੰ ਚੋਣਾਂ ਵਿਚ ਹਰਾਉਣ ਲਈ ਇਕਜੁੱਟ ਹੋਣੀਆਂ ਹਨ। ਹੁਣ ਤੱਕ ਹੋਈਆਂ ਬੈਠਕਾਂ ਵਿਚ ‘ਇੰਡੀਆ’ ਦੇ ਨੁਮਾਇੰਦਿਆਂ ਨੇ ਬਾਕੀ ਵਿਰੋਧੀ ਪਾਰਟੀਆਂ ਨੂੰ ਵੀ ‘ਇੰਡੀਆ’ ਨਾਮ ਹੇਠ ਇਕੱਤਰ ਹੋਣ ਦਾ ਸੱਦਾ ਦਿੱਤਾ ਹੈ। ਵਿਰੋਧੀ ਪਾਰਟੀਆਂ ਹੁਣ ਆਰਥਿਕਤਾ ਦੀਆਂ ਨੀਤੀਆਂ, ਕਰੋਨਾ ਮਹਾਂਮਾਰੀ ਅਤੇ ਹੋਰ ਮੁੱਦਿਆਂ 'ਤੇ ਭਾਜਪਾ ਸਰਕਾਰ ਦੇ ਵਿਰੁੱਧ ਵੱਧ ਰਹੇ ਜਨਤਕ ਗੁੱਸੇ ਦਾ ਲਾਭ ਉਠਾਉਣ ਦੀ ਸੋਚ ਰਹੀਆਂ ਹਨ। ਦੇਸ਼ਾਂ ਦੇ ਨੁਮਾਇੰਦਿਆਂ ਦੀ ਤਰਜ਼ 'ਤੇ ਇਸ ਧਿਰ ਦੇ ਨੁਮਾਇੰਦਿਆਂ ਨੇ ਆਪਣੀਆਂ ਸਭ ਵਿਰੋਧਤਾਵਾਂ ਨੂੰ ਕੁਝ ਸਮੇਂ ਲਈ ਪਿੱਛੇ ਰੱਖਣ ਦਾ ਫੈਸਲਾ ਕਰ ਲਿਆ ਹੈ। ਵੱਡੀ ਗੱਲ ਜਿਸ ਪਿੱਛੇ ਇਹ ਏਕਤਾ ਹੋਈ ਹੈ, ਉਹ ਹੈ ਮੋਦੀ ਅਤੇ ਭਾਜਪਾ ਨੂੰ ਹਰਾਉਣਾ। ਫਿਲਹਾਲ ਖੁਦ ਦੇ ਜਿੱਤਣ ਅਤੇ ਖੁਦ ਵਿਚੋਂ ਪ੍ਰਧਾਨਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਚੁਣਨ ਦਾ ਵਿਵਾਦ ਟਾਲ ਲਿਆ ਗਿਆ ਹੈ। ਮੋਦੀ ਨੂੰ ਘੇਰਨ ਦੇ ਲਈ ਜਿਹੜੀ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਸਭ ਪਾਰਟੀਆਂ ਇੱਕ ਦੂਜੇ ਦੇ ਨਾਲ ਤਜ਼ਰਬੇ ਦੀ ਸਾਂਝ ਪਾਉਣਗੀਆਂ, ਤਕਨੀਕ ਅਤੇ ਇੱਕ ਦੂਜੇ ਨਾਲ ਸਲਾਹ ਵਿੱਚ ਚੱਲ ਕੇ ਭਾਜਪਾ ਨੂੰ ਕੇਂਦਰ ਤੋਂ ਲਾਂਭੇ ਕਰਨ ਦੇ ਯਤਨ ਕਰਨਗੀਆਂ। ਇਸ ਦੇ ਲਈ ਹਰੇਕ ਪਾਰਟੀ ਵਿਚੋਂ ਪ੍ਰਚਾਰ ਅਤੇ ਇੱਕ ਦੂਜੇ ਨਾਲ ਵਿਚਾਰ ਵਟਾਂਦਰੇ ਲਈ ਖਾਸ ਟੋਲੀਆਂ ਬਣਾਈਆਂ ਗਈਆਂ ਹਨ। ਦਿਲਚਸਪ ਗੱਲ ਹੈ ਕਿ ਜਿਨ੍ਹਾਂ ਪਾਰਟੀਆਂ ਦੇ ਵਿਚਾਰ ਵੀ ਨਹੀਂ ਸੀ ਮਿਲਦੇ, ਜਿਵੇਂ ਕਿ ਕਾਂਗਰਸ ਅਤੇ ਆਮ ਪਾਰਟੀ ਹਮੇਸ਼ਾ ਇੱਕ ਦੂਜੇ ਦੇ ਵਿਰੋਧ ਵਿੱਚ ਖੜੇ ਰਹਿੰਦੇ ਹਨ, ਉਹਨਾਂ ਸਭ ਗੱਲ੍ਹਾਂ ਨੂੰ ਥੋੜ੍ਹੇ ਸਮੇਂ ਲਈ ਨਜਰਅੰਦਾਜ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਨ੍ਹਾਂ ਪਾਰਟੀਆਂ ਨੇ ‘ਜਿੱਥੋਂ ਤਕ ਸੰਭਵ ਹੋਵੇ’ ਦੇ ਅਸੂਲ ਤਹਿਤ 2024 ਦੀਆਂ ਲੋਕ ਸਭਾ ਚੋਣਾਂ ਰਲ ਕੇ ਲੜਨ ਦਾ ਅਹਿਦ ਕੀਤਾ ਹੈ। ।

ਆਪਣੀਆਂ ਸਿਆਸੀ ਮੁਸ਼ਕਲਾਂ ਨੂੰ ਸਮਝਣ ਦਾ ਸਵਾਲ ਹੁਣ ਇਹਨਾਂ ਪਾਰਟੀਆਂ ਲਈ ਇਨ੍ਹਾਂ ਦੀ ਸਮੂਹਿਕ ਹੋਂਦ ਦਾ ਸਵਾਲ ਵੀ ਹੈ। 'ਇੰਡੀਆ' ਗਠਜੋੜ ਵੱਲੋਂ ਸੀਟਾਂ ਦੀ ਵੰਡ 30 ਸਤੰਬਰ ਤਕ ਕਰ ਲਈ ਜਾਣ ਦੀ ਖਬਰ ਹੈ। ਸਿਆਸੀ ਮਾਹਰਾਂ ਅਨੁਸਾਰ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਸਹਿਮਤੀ ਗਠਜੋੜ ਨੂੰ 21 ਸੀਟਾਂ ’ਚੋਂ ਬਹੁਤੀਆਂ ’ਤੇ ਜਿੱਤ ਦਿਵਾ ਸਕਦੀ ਹੈ। ਝਾਰਖੰਡ, ਬਿਹਾਰ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ ਆਦਿ ਪ੍ਰਾਂਤਾਂ ਵਿਚ ਸਹਿਮਤੀ ਬਣਨ ਵਿਚ ਮੁਸ਼ਕਿਲ ਨਹੀਂ ਆਵੇਗੀ। ਸਭ ਤੋਂ ਮਹੱਤਵਪੂਰਨ ਉੱਤਰ ਪ੍ਰਦੇਸ਼ ਦਾ ਸੂਬਾ ਹੈ ਜਿੱਥੇ ਸਮਾਜਵਾਦੀ ਪਾਰਟੀ, ਰਾਸ਼ਟਰੀ ਲੋਕ ਦਲ, ਕਾਂਗਰਸ ਅਤੇ ‘ਆਪ’ ਵਿਚਕਾਰ ਸਹਿਮਤੀ ਭਾਜਪਾ ਦਾ ਟਾਕਰਾ ਕਰਨ ਦੀ ਸਮਰੱਥਾ ਵਧਾਏਗੀ। ਕੇਂਦਰ ਸਰਕਾਰ ਦੁਆਰਾ ਸਤੰਬਰ ਵਿਚ ਲੋਕ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਜਾਣ ਅਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਿਚ ‘ਇਕ ਦੇਸ਼, ਇਕ ਚੋਣ’ ਬਾਰੇ ਕਮੇਟੀ ਬਣਾਉਣ ਦੇ ਫ਼ੈਸਲਿਆਂ ਨੇ ਵੀ ‘ਇੰਡੀਆ’ ਗਠਜੋੜ ਦੀਆਂ ਸਰਗਰਮੀਆਂ ਨੂੰ ਤੇਜ਼ ਕੀਤਾ ਹੈ। 

ਭਾਜਪਾ ਅਨੁਸਾਰ ‘ਇੰਡੀਆ’ ਗਠਜੋੜ ਮੌਕਾਪ੍ਰਸਤੀ ’ਤੇ ਆਧਾਰਿਤ ਹੈ। ਭਾਜਪਾ 2019 ਤੋਂ ਬਾਅਦ ਕੀਤੇ ਫ਼ੈਸਲਿਆਂ ਜਿਨ੍ਹਾਂ ’ਚ ਸੰਵਿਧਾਨ ਦੀ ਧਾਰਾ 370 ਰੱਦ ਕਰ ਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣਾ ਅਤੇ ਰਾਮ ਮੰਦਰ ਬਣਾਉਣਾ ਸ਼ਾਮਲ ਹਨ, ਦੇ ਆਧਾਰ ’ਤੇ ਚੋਣਾਂ ’ਚ ਨਿੱਤਰੇਗੀ। ਇਸ ਤੋਂ ਇਲਾਵਾ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਅਤੇ ਸਮਾਜਿਕ ਕਲਿਆਣ ਦੀਆਂ ਹੋਰ ਸਕੀਮਾਂ ਆਦਿ ਵੀ ਸ਼ਾਮਲ ਹਨ। ਭਾਵੇਂ ‘ਇੰਡੀਆ’ ਗਠਜੋੜ ਅਨੁਸਾਰ ਲੋਕ ਧਰਮ ਆਧਾਰਿਤ ਸਿਆਸਤ ਤੋਂ ਨਿਰਾਸ਼ ਹੋ ਚੁੱਕੇ ਹਨ ਪਰ ਮੋਦੀ ਕੋਲ ਇਹ ਸਿਆਸੀ ਪੱਤਾ ਵੀ ਹੋਵੇਗਾ ਕਿ ਉਹ ਹਿੰਦੂਤਵ ਦੀ ਰਾਖੀ ਲਈ ਇਕੱਲੇ ਹੀ ਲੜਾਈ ਲੜ ਰਹੇ ਹਨ।

ਇੰਡੀਆ' ਗਠਜੋੜ ਲਈ ਇੱਕ ਗੱਲ ਇਤਿਹਾਸਕ ਪੱਖੋਂ ਬਹੁਤ ਅਹਿਮ ਹੈ ਕਿ ਉਨ੍ਹਾਂ ਦੀ ਇਹ ਮੁਹਿੰਮ ਇੱਕ ਕਿਸਮ ਦੀ ਵਿਅਕਤੀਤਵ ਅਧਾਰਿਤ ਮੁਹਿੰਮ ਹੀ ਹੈ ਜੋ ਪੁੱਠੀ ਵੀ ਪੈ ਸਕਦੀ ਹੈ ਜਿਵੇਂ 1971 ਵਿੱਚ ਹੋਇਆ ਸੀ ਜਦੋਂ ਵਿਰੋਧੀ ਧਿਰ ਨੇ ਗੱਠਜੋੜ ਬਣਾਇਆ ਸੀ ਅਤੇ ਇੰਦਰਾਂ ਗਾਂਧੀ ਨੂੰ ਗੱਦੀਉਂ ਲਾਹੁਣ ਦੀ ਕੋਸ਼ਿਸ਼ ਕੀਤੀ ਸੀ। ਗਠਜੋੜ ਨੇ ਨਾਅਰਾ ਦਿੱਤਾ ਸੀ: ‘ਇੰਦਰਾ ਹਟਾਓ’। ਇੰਦਰਾ ਗਾਂਧੀ ਨੇ ਵਧੇਰੇ ਜ਼ੋਰਦਾਰ ਢੰਗ ਨਾਲ ‘ਗ਼ਰੀਬੀ ਹਟਾਓ’ ਨਾਅਰੇ ਰਾਹੀਂ ਇਸ ਦਾ ਜਵਾਬ ਦਿੱਤਾ। ਹੁਣ ਜੋ ਪਾਰਟੀਆਂ ‘ਮੋਦੀ ਹਟਾਓ’ ਕਹਿਣ ਲਈ ਇਕਜੁੱਟ ਹੋਈਆਂ ਹਨ ਉਨ੍ਹਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਹੀ ਸਪਸ਼ਟ ਹੋਵੇਗਾ ਕਿ ‘ਇੰਡੀਆ’ ਗਠਜੋੜ ਵਿਚਲੀਆਂ ਪਾਰਟੀਆਂ ਵਿਚਕਾਰ ਕਿਹੜੇ ਕਿਹੜੇ ਸੂਬਿਆਂ ਵਿਚ ਸੀਟਾਂ ਦੀ ਵੰਡ ਬਾਰੇ ਤਸੱਲੀਬਖ਼ਸ਼ ਸਹਿਮਤੀ ਬਣ ਸਕਦੀ ਹੈ। ਇਸ ਗੱਲ ਨੇ ਹੀ ਭਾਜਪਾ ਨਾਲ ਟੱਕਰ ਲੈਣ ਦੀ ਤਾਕਤ ਦਾ ਆਧਾਰ ਬਣਨਾ ਹੈ।

 

ਭਾਈ ਮਲਕੀਤ ਸਿੰਘ 

ਸੰਪਾਦਕ