ਬੇਅੰਤੇ ਦਾ ਕਤਲ ਅਸੀਂ ਕੀਤਾ- ਭਾਈ ਜਗਤਾਰ ਸਿੰਘ ਤਾਰਾ

ਬੇਅੰਤੇ ਦਾ ਕਤਲ ਅਸੀਂ ਕੀਤਾ- ਭਾਈ ਜਗਤਾਰ ਸਿੰਘ ਤਾਰਾ

ਚੰਡੀਗੜ੍ਹ/ਬਿਊਰੋ ਨਿਊਜ਼:
ਜੇਲ੍ਹ ‘ਚ ਨਜ਼ਰਬੰਦ ਖਾੜਕੂ ਭਾਈ ਜਗਤਾਰ ਸਿੰਘ ਸਿੰਘ ਤਾਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਅਦਾਲਤ ਵਿੱਚ ਕਬੂਲ ਲਈ ਹੈ।  ਉਸ ਨੇ ਵੀਰਵਾਰ ਨੂੰ ਯੂਟੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਬੀਰ ਸਿੰਘ ਸਿੱਧੂ  ਨੂੰ ਛੇ ਪੰਨਿਆਂ ਦੇ ਦਿੱਤੇ ਲਿਖਤੀ ਬਿਆਨ ਵਿੱਚ ਹੱਤਿਆ ਕਾਂਡ ‘ਤੇ ਕੋਈ ਅਫ਼ਸੋਸ ਨਹੀਂ ਜਤਾਇਆ ਹੈ। ਅਦਾਲਤ ਵਿੱਚ ਤਾਰਾ ਨੇ ਆਈਪੀਸੀ ਦੀ ਧਾਰਾ 313 ਤਹਿਤ  ਲਿਖਤੀ ਜੁਰਮ ਕਬੂਲ ਕੀਤਾ ਹੈ। ਇਸ ਤੋਂ ਪਹਿਲਾਂ ਉਹ ਪੁਲੀਸ ਕੋਲ ਆਈਪੀਸੀ ਦੀ ਧਾਰਾ 164 ਤਹਿਤ ਜ਼ਿੰਮੇਵਾਰੀ ਲੈ ਚੁੱਕਿਆ ਹੈ। ਤਾਰਾ ਨੇ ਅਦਾਲਤ ਨੂੰ ਦਿੱਤੇ ਇਕਬਾਲੀਆ ਬਿਆਨ ਵਿੱਚ ਕਿਹਾ ਹੈ ਕਿ ਉਹ ਹੱਤਿਆ ਕਾਂਡ ਨੂੰ ਅੰਜਾਮ ਦੇਣ ਲਈ ਪੰਜਾਬ ਸਕੱਤਰੇਤ ਤੱਕ ਖੁਦ ਕਾਰ ਚਲਾ ਕੇ ਗਿਆ ਸੀ, ਜਦੋਂ ਕਿ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਉਸ ਦੇ ਨਾਲ ਸਨ। ਉਸ ਨੇ ਦੋਸ਼ ਲਾਇਆ ਕਿ ਬੇਅੰਤ ਸਿੰਘ ਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਾਰਿਆ ਸੀ, ਜਿਸ ਕਰਕੇ ਉਸ ਦਾ ਕਤਲ ਕੀਤਾ ਗਿਆ। ਬਿਆਨ ਵਿੱਚ ਬੁੱਚੜ ਬੇਅੰਤ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵਧੀਕੀਆਂ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਇਨਾਮ ਅਤੇ ਤਰੱਕੀਆਂ ਦੇਣ ‘ਤੇ ਗੁੱਸਾ ਜ਼ਾਹਿਰ ਕੀਤਾ ਗਿਆ ਹੈ। ਸੀਬੀਆਈ ਦੇ ਵਕੀਲ ਐਸਕੇ ਸਕਸੈਨਾ ਅਗਲੀ ਤਰੀਕ ਮੌਕੇ ਉਸ ਦੇ ਇਕਬਾਲੀਆ ਬਿਆਨ ਬਾਰੇ ਸਵਾਲ ਕਰਨਗੇ। ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 319 ਤਹਿਤ ਸੀਬੀਆਈ ਦੇ ਵਕੀਲ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਹ ਬੇਅੰਤ ਸਿੰਘ ਨੂੰ ਮਾਰਨ ਦੀ ਜ਼ਿੰਮੇਵਾਰੀ ਲੈ ਚੁੱਕਿਆ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਕੇਸ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। ਸਾਬਕਾ ਮੁੱਖ ਮੰਤਰੀ ਦੀ 31 ਅਗਸਤ 1995 ਨੂੰ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ ਅਤੇ ਪੁਲੀਸ ਨੇ ਕਤਲ ਦੇ ਦੋਸ਼ ਵਿੱਚ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਉਸ ਨੂੰ ਮਾਰਨ ਦਾ ਜ਼ਿੰਮਾ ਆਪਣੇ ਸਿਰ ਲੈ ਚੁੱਕੇ ਹਨ। ਭਾਈ ਰਾਜੋਆਣਾ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹੈ, ਜਦੋਂ ਕਿ ਭਾਈ ਹਵਾਰਾ ਤਿਹਾੜ ਜੇਲ੍ਹ ਵਿੱਚ ਉਮਰ  ਕੈਦ ਕੱਟ ਰਿਹਾ ਹੈ। ਹੋਰ ਮੁਲਜ਼ਮਾਂ ਵਿੱਚੋਂ ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਬੁੜੈਲ ਜੇਲ੍ਹ ਵਿੱਚ ਬੰਦ ਹਨ, ਜਦ ਕਿ ਨਸੀਬ ਸਿੰਘ, ਸ਼ਮਸ਼ੇਰ ਸਿੰਘ ਅਤੇ ਨਵਜੋਤ ਸਿੰਘ ਨੂੰ ਰਿਹਾਅ ਕੀਤਾ ਜਾ ਚੁੱਕਾ ਹੈ। ਤਾਰਾ ਦੇ 20 ਅਤੇ 21 ਜਨਵਰੀ  2003 ਨੂੰ ਜੇਲ੍ਹ ‘ਚੋਂ ਫ਼ਰਾਰ ਹੋ ਜਾਣ ਅਤੇ ਬਾਅਦ ਵਿੱਚ ਫੜੇ ਜਾਣ ਕਰਕੇ ਕੇਸ ਦੀ ਸੁਣਵਾਈ ਵੱਖਰੀ ਕਰ ਦਿੱਤੀ ਗਈ ਸੀ। ਕੇਸ ਦਾ 31 ਜੁਲਾਈ 2007 ਨੂੰ ਫ਼ੈਸਲਾ ਆਉਣ ਵੇਲੇ ਤਾਰਾ ਫ਼ਰਾਰ ਸੀ।