ਸਾਡਾ ਨਿਸ਼ਾਨਾ ਸਿੱਖ ਹੋਮਲੈਂਡ ਦੀ ਪ੍ਰਾਪਤੀ - ਸਿੱਖ ਸਟੂਡੈਂਟਸ ਫੈਡਰੇਸ਼ਨ 

ਸਾਡਾ ਨਿਸ਼ਾਨਾ ਸਿੱਖ ਹੋਮਲੈਂਡ ਦੀ ਪ੍ਰਾਪਤੀ - ਸਿੱਖ ਸਟੂਡੈਂਟਸ ਫੈਡਰੇਸ਼ਨ 

ਯੂਨਾਇਟਿਡ ਨੇਸ਼ਨ ਜੇਨੇਵਾ ਵਿਖੇ ਪਟੀਸ਼ਨ ਦਾਖਲ ਕਰਾਂਗੇ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ੭੮ ਵਾਂ ਸਥਾਪਨਾ ਦਿਵਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਈ ਪਰਮਜੀਤ ਸਿੰਘ ਖਾਲਸਾ , ਭਾਈ ਮੇਜਰ ਸਿੰਘ ਖਾਲਸਾ ਅਤੇ ਭਾਈ ਦਲੇਰ ਸਿੰਘ ਡੋਡ ਦੀ ਅਗਵਾਈ ਹੇਠ ਮਨਾਇਆ ਗਿਆ । ਵੱਡੀ ਗਿਣਤੀ ਵਿੱਚ ਹਾਜਰ ਫੈਡਰੇਸ਼ਨ ਆਗੂਆਂ ਨੇ ਸਾਂਝੇ ਰੂਪ ਵਿੱਚ ਸਿੱਖ ਹੋਮਲੈਂਡ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ । 

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਫੈਡਰੇਸ਼ਨ ਦੀ ਚੜ੍ਹਦੀ ਕਲਾ ਅਤੇ ਜਥੇਬੰਦੀ ਵਲੋਂ ਮਿਥੇ ਨਿਸ਼ਾਨਿਆਂ ਨੂੰ ਪੂਰਿਆਂ ਕਰਨ ਲਈ ਅਰਦਾਸ ਬੇਨਤੀ ਕੀਤੀ । ਫੈਡਰੇਸ਼ਨ ਵਲੋਂ ਜਾਰੀ ਕੀਤੇ ਬਿਆਨ ਵਿੱਚ ਫੈਡਰੇਸ਼ਨ ਆਗੂਆਂ ਨੇ ਕੇਂਦਰ ਸਰਕਾਰ ਤੇ ਵਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਇਕ ਬਹੁਗਿਣਤੀ ਫਿਰਕੇ ਨੂੰ ਖੁਸ਼ ਕਰਨ ਵਾਲੀਆਂ ਨੀਤੀਆਂ ਕਾਰਨ ਅਤੇ ਦੇਸ਼ ਦੀਆਂ ਅਦਾਲਤਾਂ ਵੱਲੋਂ ਸਰਕਾਰੀ ਦਬਾਅ ਹੇਠ ਲਏ ਜਾ ਰਹੇ ਇਕਪਾਸੜ ਪੱਖਪਾਤੀ ਫੈਸਲਿਆਂ ਕਰਕੇ ਸਿੱਖ ਘੁਟਨ ਮਹਿਸੂਸ ਕਰ ਰਹੇ ਹਨ । ਮੌਜੂਦਾ ਸਿਆਸੀ ਵਿਧਾਨ ਅੰਦਰ ਸਿੱਖਾਂ ਦੇ ਹਿੱਤ , ਹੱਕ , ਅਧਿਕਾਰ ਸੁਰੱਖਿਯਤ ਨਹੀਂ ਹਨ । ਭਾਰਤੀ ਰਾਜਤੰਤਰ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ , ਸਰਕਾਰੀ ਧੱਕੇਸ਼ਾਹੀਆਂ , ਜ਼ੁਲਮਾਂ ਵਿਰੁੱਧ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਫੈਡਰੇਸ਼ਨ ਕਾਨੂੰਨ ਮਾਹਿਰਾਂ ,ਸੀਨੀਅਰ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਕੇ ਸੰਯੁਕਤ ਰਾਸ਼ਟਰ ਦੇ ਦਫਤਰ ਜਨੇਵਾ ( ਸਵਿਟਜ਼ਰਲੈਂਡ ) ਵਿਖੇ ਇਕ ਪਟੀਸ਼ਨ ਦਾਖਲ ਕਰੇਗੀ ।

 ਫੈਡਰੇਸ਼ਨ ਆਗੂਆਂ ਨੇ ਕਾਲਜਾਂ , ਯੂਨਿਵਰਸਟੀਆਂ ਦੇ ਪਾੜਿਆਂ ਨੂੰ ਪੰਥਕ ਹਿੱਤਾਂ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਬੋਧਿਕ ਪੱਧਰ ਤੇ ਚੇਤੰਨ ਕਰਨਾ ਅਤੇ ਉਸਦੀ ਬੌਧਿਕ ਸਮਰੱਥਾ ਨੂੰ ਸੰਗਠਿਤ ਅਤੇ ਸਰਗਰਮ ਕਰਨਾ ਸਮੇਂ ਦੀ ਮੰਗ ਹੈ ।ਸਿੱਖ ਵਿਦਵਾਨ , ਸਿੱਖ ਚਿੰਤਕ , ਸਿੱਖ ਬੁਧੀਜੀਵੀ ਆਪਣਾ ਫਰਜ ਨਿਭਾਉਣ ਉਹ ਨੌਜਵਾਨਾਂ ਦੇ ਰਾਹ ਦਸੇਰੇ ਬਣਕੇ ਪੰਥ ਦੀ ਚੜ੍ਹਦੀ ਕਲਾ , ਸਿੱਖੀ ਦੇ ਬੋਲਬਾਲੇ ਦੇ ਸੰਕਲਪ ਨੂੰ ਪੂਰਿਆਂ ਕਰਨ ਲਈ ਅੱਗੇ ਆਉਣ । ਅਖੀਰ ਵਿੱਚ ਫੈਡਰੇਸ਼ਨ ਆਗੂਆਂ ਵੱਲੋਂ ਸਿੱਖ ਹੋਮਲੈਂਡ ਦੀ ਸਥਾਪਨਾ ਲਈ ਪੰਥਕ ਏਕਤਾ ਤੇ ਜੋਰ ਦਿੰਦਿਆਂ ਕਿਹਾ ਕਿ ਏਕਤਾ , ਇਤਫਾਕ ਅਤੇ ਇਕਸੁਰਤਾ ਬਿਨ੍ਹਾਂ ਨਿਸ਼ਾਨਿਆਂ ਨੂੰ ਪੂਰਿਆਂ ਕਰਨਾ ਅਸੰਭਵ ਹੈ । ਇਕਜੁਟਤਾ ਬਗੈਰ ਸ਼ਹਾਦਤਾਂ , ਕੁਰਬਾਨੀਆਂ , ਸ਼ਹੀਦਾ ਦਾ ਡੁੱਲਿਆ ਖੂਨ ਅਜਾਈਂ ਚਲਿਆ ਜਾਂਦਾ ਹੈ ਜੋ ਅਸੀਂ ਪਿਛਲੇ ਸਮੇਂ ਵਿੱਚ ਦੇਖ ਅਤੇ ਹੰਡਾ ਚੁੱਕੇ ਹਾਂ । ਇਸ ਮੌਕੇ ਹੋਰਨਾ ਤੋਂ ਇਲਾਵਾ ਭਾਈ ਜਸਪਾਲ ਸਿੰਘ ਇਸਲਾਮਗੰਜ , ਭਾਈ ਬਲਜੀਤ ਸਿੰਘ ਬੀਤਾ , ਭਾਈ ਗੁਰਪ੍ਰੀਤ ਸਿੰਘ ਰੋਪੜ , ਭਾਈ ਮਨਜੋਤ ਸਿੰਘ , ਭਾਈ ਹਰਮਨਿੰਦਰ ਸਿੰਘ , ਸਰਬਜੀਤ ਸਿੰਘ ਬਟਾਲਾ ਭਾਈ ਹਰਜਿੰਦਰ ਸਿੰਘ ਅੰਮ੍ਰਿਤਸਰ ਸਹਿਬ, ਰਣਜੀਤ ਸਿੰਘ ਲੰਙੇਆਣਾ ਆਣਾ ਬਚਿੱਤਰ ਸਿੰਘ ਪਠਾਨਕੋਟ,ਜਸਪ੍ਰੀਤ ਸਿੰਘ ਫਤਿਹਗੜ੍ਹ ਸਹਿਬ , ਗੁਰਪ੍ਰੀਤ ਸਿੰਘ ਫਾਜ਼ਿਲਕਾ,ਗੁਰਮੀਤ ਸਿੰਘ , ਸੁਖਪਾਲ ਸਿੰਘ ਚਰਨਦੀਪ ਸਿੰਘ ਹੁਸ਼ਿਆਰਪੁਰ ਸੁਖਦੇਵ ਸਿੰਘ ਫਰੀਦਕੋਟ , ਗੁਰਬੀਰ ਸਿੰਘ ਤਰਨਤਾਰਨ  ਆਦਿ ਹਾਜ਼ਰ ਸਨ।