ਓਲੰਪਿਕ ਖੇਡਾਂ ਪਹਿਲਾਂ ਤੈਅ ਸਮੇਂ 'ਤੇ ਹੀ ਹੋਣਗੀਆਂ: ਜਪਾਨੀ ਪ੍ਰਧਾਨ ਮੰਤਰੀ

ਓਲੰਪਿਕ ਖੇਡਾਂ ਪਹਿਲਾਂ ਤੈਅ ਸਮੇਂ 'ਤੇ ਹੀ ਹੋਣਗੀਆਂ: ਜਪਾਨੀ ਪ੍ਰਧਾਨ ਮੰਤਰੀ

ਟੋਕੀਓ: ਕੋਰੋਨਾਵਾਇਰਸ ਕਰਕੇ ਜਿੱਥੇ ਦੁਨੀਆ ਭਰ ਵਿਚ ਹੋਣ ਵਾਲੇ ਖੇਡ ਮੁਕਾਬਲਿਆਂ ਨੂੰ ਰੱਦ ਜਾਂ ਮੁਲਤਵੀ ਕਰ ਦਿੱਤਾ ਗਿਆ ਹੈ ਉੱਥੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਓਲੰਪਿਕਸ ਦੇ ਇਸ ਵਾਰ ਦੇ ਮੇਜ਼ਬਾਨ ਮੁਲਕ ਜਪਾਨ ਨੇ ਐਲਾਨ ਕੀਤਾ ਹੈ ਕਿ ਜੁਲਾਈ ਮਹੀਨੇ ਹੋਣ ਵਾਲੀਆਂ ਇਹ ਖੇਡਾਂ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿਨਜ਼ੋ ਏਬ ਨੇ ਸਾਫ ਕੀਤਾ ਹੈ ਕਿ ਜਪਾਨ ਇਹਨਾਂ ਖੇਡਾਂ ਨੂੰ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਜੁਲਾਈ ਮਹੀਨੇ ਹੀ ਕਰਵਾਏਗਾ। ਉਹਨਾਂ ਕਿਹਾ ਕਿ ਜਪਾਨ ਵਿਚ ਐਮਰਜੈਂਸੀ ਐਲਾਨਣ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਨਫੈਕਸ਼ਨ 'ਤੇ ਕਾਬੂ ਪਾ ਕੇ ਬਿਨ੍ਹਾਂ ਕਿਸੇ ਸਮੱਸਿਆ ਤੋਂ ਓਲੰਪਿਕ ਖੇਡਾਂ ਕਰਾਉਣ ਲਈ ਤਿਆਰ ਹਨ। 

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਅਮਰੀਕਾ ਵਿਚ ਐਮਰਜੈਂਸੀ ਦਾ ਐਲਾਨ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਲਾਹ ਦਿੱਤੀ ਸੀ ਕਿ ਜਪਾਨ ਨੂੰ ਓਲੰਪਿਕ ਖੇਡਾਂ ਅਗਲੇ ਸਾਲ ਤਕ ਮੁਲਤਵੀ ਕਰ ਦੇਣੀਆਂ ਚਾਹੀਦੀਆਂ ਹਨ। 

ਹੁਣ ਤਕ ਜਪਾਨ ਵਿਚ ਕੋਰੋਨਾਵਾਇਰਸ ਦੇ 700 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 21 ਮੌਤਾਂ ਹੋ ਚੁੱਕੀਆਂ ਹਨ।