ਨੀਂਦ ਦੀ ਸਮੱਸਿਆ ਜਲਦ ਬਣਾ ਸਕਦੀ ਹੈ ਬੁੱਢਾ

ਨੀਂਦ ਦੀ ਸਮੱਸਿਆ ਜਲਦ ਬਣਾ ਸਕਦੀ ਹੈ ਬੁੱਢਾ

ਅੰਮ੍ਰਿਤਸਰ ਟਾਈਮਜ਼

ਐਕਸੇਟਰ (ਯੂਕੇ): ਬਦਲਦੀ ਜੀਵਨ-ਸ਼ੈਲੀ ਦੇ ਕੁਝ ਹਾਂ-ਪੱਖੀ ਤੇ ਕੁਝ ਨਾਂਹ-ਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਨੀਂਦ ਦੀ ਸਮੱਸਿਆ ਆਮ ਹੋ ਗਈ ਹੈ, ਜਿਸ ਨਾਲ ਕੁਝ ਹੱਦ ਤਕ ਲੋਕ ਨਾਂਹ-ਪੱਖੀ ਹੋ ਰਹੇ ਹਨ। ਅਜਿਹਾ ਅਸੀਂ ਨਹੀਂ, ਬਰਤਾਨੀਆ ਦੀ ਐਕਸੇਟਰ ਯੂਨੀਵਰਸਿਟੀ ਦੀ ਅਗਵਾਈ 'ਚ ਕੀਤੇ ਗਏ ਅਧਿਐਨ 'ਚ ਕਿਹਾ ਜਾ ਰਿਹਾ ਹੈ, ਜਿਸ ਦੇ ਮੁਤਾਬਕ 50 ਤੋਂ ਵੱਧ ਉਮਰ ਜਾਂ ਨੀਂਦ ਨਾ ਆਉਣ ਤੋਂ ਪੀੜਤ ਲੋਕ ਸਮਾਂ ਦੇ ਨਾਲ ਨਾਂਹ-ਪੱਖੀ ਧਾਰਨਾਵਾਂ ਤੋਂ ਪੀੜਤ ਹੋ ਸਕਦੇ ਹਨ ਜੋ ਉਨ੍ਹਾਂ ਦੇ ਸਰੀਰਕ, ਮਾਨਸਿਕ ਸਿਹਤ ਤੇ ਸੋਚਣ-ਸਮਝਣ ਦੀ ਸ਼ਕਤੀ ਦੀ ਪ੍ਰਭਾਵਿਤ ਕਰ ਸਕਦੇ ਹਨ।ਖੋਜਕਰਤਾਵਾਂ ਨੇ 50 ਸਾਲ ਤੇ ਉਸ ਤੋਂ ਵੱਧ ਉਮਰ ਦੇ 4482 ਲੋਕਾਂ 'ਤੇ ਸਰਵੇਖਣ ਕੀਤਾ ਜਿਸ ਦਾ ਉਦੇਸ਼ ਇਹ ਜਾਣਾ ਸੀ ਕਿ ਲੋਕ ਕਿਸ ਕਾਰਕ ਜ਼ਰੀਏ ਖ਼ੁਦ ਨੂੰ ਸਿਹਤਮੰਦ ਮਹਿਸੂਸ ਕਰਦੇ ਹਨ। ਅਧਿਐਨ 'ਚ ਸਾਹਮਣੇ ਆਇਆ ਕਿ ਜ਼ਿਆਦਾਤਰ ਲੋਕ ਆਪਣੀ ਨੀਂਦ ਬਾਰੇ ਪਰੇਸ਼ਾਨ ਸਨ। ਯੂਨੀਵਰਸਿਟੀ ਆਫ ਐਕਸੇਟਰ ਦੀ ਮੁੱਖ ਲੇਖਿਕਾ ਸੇਰੇਨਾ ਸਬਾਤਿਨੀ ਨੇ ਕਿਹਾ ਕਿ ਜਿਵੇਂ-ਜਿਵੇਂ ਉਮਰ ਵੱਧਦੀ ਹੈ, ਲੋਕ ਹਾਂ-ਪੱਖੀ ਤੇ ਨਾਂਹ-ਪੱਖੀ ਦੋਵਾਂ ਤਰ੍ਹਾਂ ਦੇ ਬਦਲਾਵਾਂ ਨੂੰ ਮਹਿਸੂਸ ਕਰਦੇ ਹਨ ਜਦੋਂਕਿ ਕੁਝ ਲੋਕ ਜ਼ਿਆਦਾ ਨਾਂਹ-ਪੱਖੀ ਹੋ ਜਾਂਦੇ ਹਨ। ਇਸ ਦੇ ਨਾਲ ਬੁੱਢੇ ਹੋਣ ਦੀ ਧਾਰਨਾ ਵੀ ਲੋਕਾਂ ਨੂੰ ਨਾਂਹ-ਪੱਖੀ ਬਣਾਉਂਦੀ ਹੈ। ਖੋਜ 'ਚ ਪਤਾ ਲੱਗਾ ਕਿ ਨੀਂਦ ਆਉਣ 'ਚ ਮੁਸ਼ਕਲ ਕਾਰਨ ਲੋਕ ਜ਼ਿਆਦਾ ਬੁੱਢੇ ਮਹਿਸੂਸ ਕਰਦੇ ਹਨ ਤੇ ਜ਼ਿਆਦਾ ਨਾਂਹ-ਪੱਖੀ ਹੁੰਦੇ ਹਨ।

ਉਦਾਹਰਣ ਲਈ ਖੋਜ ਵਿਚ ਇਕ ਵਿਅਕਤੀ ਨੇ ਟਿੱਪਣੀ ਕੀਤੀ ਕਿ ਜੇ ਮੈਨੂੰ ਛੇ ਘੰਟੇ ਸੌਣ ਨੂੰ ਮਿਲਦੇ ਹਨ ਤਾਂ ਮੈਂ ਖ਼ੁਦ ਨੂੰ ਉਮਰ ਵਿਚ ਛੋਟਾ ਮਹਿਸੂਸ ਕਰਦਾ ਹਾਂ। ਉਧਰ ਇਕ ਹੋਰ ਟਿੱਪਣੀ ਵਿਚ ਲਿਖਿਆ ਗਿਆ ਹੈ ਕਿ ਮੈਨੂੰ ਬਹੁਤ ਘੱਟ ਨੀਂਦ ਆਉਂਦੀ ਹੈ ਜਿਸ ਦਾ ਮੇਰੀ ਜ਼ਿੰਦਗੀ 'ਤੇ ਕਾਫੀ ਅਸਰ ਪੈਂਦਾ ਹੈ।