ਕਿਸਾਨ ਮੋਰਚਾ ਅਤੇ ਨਿਹੰਗ ਸਿੰਘ
ਗਜਿੰਦਰ ਸਿੰਘ, ਦਲ ਖਾਲਸਾ
ਪੰਥਕ ਪੱਖ ਤੋਂ ਕਿਸਾਨ ਮੋਰਚੇ ਦੀ ਇੱਕ ਪ੍ਰਾਪਤੀ ਇਹ ਰਹੀ ਹੈ ਕਿ ਇਸ ਨੇ ‘ਨਿਹੰਗ ਸਿੰਘਾਂ’ ਦੇ ਇਮੇਜ ਨੂੰ ਹਾਂ ਪੱਖੀ ਰੂਪ ਵਿੱਚ ਚਮਕਾਇਆ ਹੈ । ਇਤਿਹਾਸਕ ਪ੍ਰੰਪਰਾ ਪੱਖੋਂ ‘ਨਿਹੰਗ ਸਿੰਘ’ ਸਿੱਖ ਕੌਮ ਦੀ ਜੰਗੀ ਤਾਕਤ ਰਹੇ ਹਨ, ਪਰ ਪਿੱਛਲੇ ਕੁੱਝ ‘ਜੱਥੇਦਾਰਾਂ’, ਖਾਸ ਕਰ ‘ਬਾਬਾ ਸੰਤਾ ਸਿੰਘ’ ਨੇ ਇਹ ਇਮੇਜ ਬਹੁਤ ਬੁਰੀ ਤਰ੍ਹਾਂ ਦਾਗਦਾਰ ਕਰ ਦਿੱਤਾ ਸੀ ।ਲੰਮੇ ਸਮੇਂ ਤੋਂ ਨਿਹੰਗ ਜੱਥੇ ਪੰਥਕ ਸੰਘਰਸ਼ਾਂ ਤੋਂ ਟੁੱਟੇ ਚਲੇ ਆ ਰਹੇ ਸਨ, ਅਤੇ ਕਈ ਵਾਰ ਤਾਂ ਸੰਘਰਸ਼-ਸ਼ੀਲ ਧਿਰਾਂ ਦੇ ਖਿਲਾਫ ਭਾਰਤੀ ਹਾਕਮਾਂ ਦਾ ਸਾਥ ਵੀ ਦਿੰਦੇ ਰਹੇ ਹਨ । ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਹਿੰਦੂਤੱਵੀ ਕਰਮਕਾਂਡਾਂ ਦੇ ਧਾਰਨੀ ਬਣੇ, ਹਿੰਦੁਤੱਵੀ ਤਾਕਤਾਂ ਦੇ ਨਾਲ ਖੜ੍ਹਦੇ ਨਜ਼ਰ ਆਉਂਦੇ ਰਹੇ ਹਨ ।
ਕਿਸਾਨ ਮੋਰਚੇ ਦੌਰਾਨ ਕੁੱਝ ਨਿਹੰਗ ਸਿੰਘ ਜਥਿਆਂ ਵੱਲੋਂ ਪਾਏ ਹਿੱਸੇ, ਅਤੇ ਨਿਭਾਏ ਰੋਲ ਕਰ ਕੇ ਇਹਨਾਂ ਦਾ ਇਮੇਜ, ਪੰਥ, ਪੰਜਾਬ ਅਤੇ ਜਗਤ ਵਿੱਚ ਹਾਂ-ਪੱਖੀ ਰੂਪ ਵਿੱਚ ਚਮਕਿਆ ਹੈ । ਇਸ ਮੋਰਚੇ ਵਿੱਚ ਨਿਹੰਗ ਸਿੰਘਾਂ ਦਾ ਰੋਲ ਪਹਿਰੇਦਾਰੀ ਦਾ ਰਿਹਾ ਹੈ, ਕਾਮਰੇਡ ਲੀਡਰਾਂ ਨੂੰ ਭੱਜਣ ਤੋਂ ਡੱਕ ਕੇ ਰੱਖਣ ਦਾ ਰਿਹਾ ਹੈ । ਰਾਜੇਵਾਲ, ਰੁਲਦੂ, ਉਗਰਾਹਾਂ, ਦੀਆਂ ਯੂਨੀਅਨਾਂ ਜਿੰਨੀਆਂ ਮਰਜ਼ੀ ‘ਵੱਡੀਆਂ’ ਕਹਿ ਲਉ, ਪਰ ਮੋਰਚਾ ਖੜ੍ਹਾ ਪੰਥਕ ਜਜ਼ਬਾਤ ਦੇ ਜ਼ੋਰ ਉਤੇ ਸੀ । 26 ਜਨਵਰੀ ਨੂੰ ਲਾਲ ਕਿਲੇ ਉਤੇ ਖਾਲਸਈ ਝੰਡਾ ਲਹਿਰਾਏ ਜਾਣ ਬਾਦ, ਕਾਮਰੇਡ ਲੀਡਰਾਂ ਦੀ ਬੁਜ਼ਦਿਲੀ ਤੇ ਬੇਵਾਕੂਫੀ ਖੁੱਲ ਕੇ ਸਾਹਮਣੇ ਆਣ ਬਾਦ ਵੀ ਪੰਥਕ ਧਿਰਾਂ ਨੇ ਮੋਰਚੇ ਤੋਂ ਹਮਾਇਤ ਵਾਪਿਸ ਨਹੀਂ ਸੀ ਲਈ, ਭਾਵੇਂ ਇਹਨਾਂ ਲੀਡਰਾਂ ਪ੍ਰਤੀ ਮਾਯੂਸੀ ਦਾ ਇਜ਼ਹਾਰ ਖੁੱਲ੍ਹ ਕੇ ਹੁੰਦਾ ਰਿਹਾ ਹੈ । ਮੋਰਚੇ ਨੂੰ ਚੱਲਦਾ ਰੱਖਣ ਵਿੱਚ ਸਿਆਣਪ ਪੰਥਕ ਧਿਰਾਂ ਦੀ ਸੀ, ਇਹਨਾਂ ਟਾਉਟ ਕਿਸਮ ਦੇ ਲੀਡਰਾਂ ਦੀ ਨਹੀਂ ।
ਪੁਰਾਣੇ ਵਕਤਾਂ ਵਿੱਚ ਅਸੀਂ ਨਿਹੰਗ ਸਿੰਘਾਂ ਦੇ ਵੱਖ ਵੱਖ ਜਥਿਆਂ ਨੂੰ ਕੌਮੀ ਆਜ਼ਾਦੀ ਸੰਘਰਸ਼ ਨਾਲ ਜੋੜ੍ਹਨ ਦੇ ਕਈ ਸਫਲ ਉਪਰਾਲੇ ਕੀਤੇ ਸਨ, ਪਰ ਬਦਲੇ ਹੋਏ ਹਾਲਾਤ ਦੀ ਗਰਦਿਸ਼ ਵਿੱਚ ਸਾਡੇ ਇਹ ਉਪਰਾਲੇ ਕਿਤੇ ਗਵਾਚ ਜਿਹੇ ਗਏ ਸਨ ।ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਣ ਵਾਲੇ ਵਕਤ ਵਿੱਚ ਨਿਹੰਗ ਸਿੰਘਾਂ ਦੇ ਸਾਰੇ ਜੱਥੇ, ਸੰਪਰਦਾਵਾਂ ਅਤੇ ਡੇਰਿਆਂ ਵਾਂਗ ਵਿਚਰਨ ਦੀ ਬਜਾਏ, ਕੌਮੀ ਆਜ਼ਾਦੀ ਸੰਘਰਸ਼ ਦੇ ਯੋਧਿਆਂ ਵਾਂਗ, ਸੰਘਰਸ਼ ਨਾਲ ਇੱਕਸੁਰ ਹੋ ਕੇ ਚੱਲਣਗੇ । ਕਲਗੀਧਰ ਪਾਤਸ਼ਾਹ ਦੇ ਇਹ ਯੋਧੇ ਇੱਕ ਵਾਰ ਫੇਰ ਮੁੜ ਤੋਂ ਖ਼ਾਲਸਾ ਰਾਜ ਸਥਾਪਤ ਕਰਨਗੇ।
Comments (0)