ਸੱਥ ਦੀ ਜਿੱਤ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਨਵ ਉਭਾਰ

ਸੱਥ ਦੀ ਜਿੱਤ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਨਵ ਉਭਾਰ

ਭਗਵੇਂ ਤੇ ਝਾੜੂ ਵਾਲੇ ਹਾਰੇ,ਐਨ.ਐਸ.ਯੂ.ਆਈ ਦੀ ਝੰਡੀ

ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿਚ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਦੇਖਿਆ ਜਾ ਰਿਹਾ ਹੈ। ਕਾਂਗਰਸ ਨਾਲ ਸੰਬੰਧਿਤ ਐਨ.ਐਸ.ਯੂ.ਆਈ. ਦੇ ਜਤਿੰਦਰ ਸਿੰਘ ਦੇ ਪ੍ਰਧਾਨ ਚੁਣੇ ਜਾਣ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੋਚ ਨਾਲ ਸੰਬੰਧਿਤ ਸੰਸਥਾ ਸੱਥ ਦੀ ਰਮਣੀਕ ਕੌਰ ਦੇ ਮੀਤ ਪ੍ਰਧਾਨ ਚੁਣੇ ਜਾਣ ਨਾਲ 'ਆਪ' ਅਤੇ ਭਾਜਪਾ ਲਈ ਰਾਜਨੀਤਕ ਖ਼ਤਰੇ ਦੀ ਘੰਟੀ ਵੱਜੀ ਹੈ।ਜਿੱਤ ਤੋਂ ਤੁਰੰਤ ਬਾਅਦ ਕੈਂਪਸ ਵਿਚ ਝਾੜੂ ਨੂੰ ਤੀਲੇ ਤੀਲੇ ਕੀਤਾ ਗਿਆ। 603 ਵੋਟਾਂ ਦੇ ਫਰਕ ਨਾਲ ਐਨਐਸਯੂਆਈ ਦੇ ਜਤਿੰਦਰ ਸਿੰਘ ਨੇ ਆਪ ਪਾਰਟੀ ਦੀ ਵਿਦਿਆਰਥੀ ਵਿੰਗ ਸੀਵਾਈਐਸਐਸ ਦੇ ਉਮੀਦਵਾਰ ਦਿਵਿਆਸ਼ ਠਾਕੁਰ ਨੂੰ ਹਰਾਇਆ ਹੈ । ਪਿਛਲੀ ਵਾਰ ਪ੍ਰਧਾਨਗੀ ਅਹੁਦੇ ਉਪਰ ਸੀਵਾਈਐਸਐਸ ਨੇ ਕਬਜ਼ਾ ਕੀਤਾ ਸੀ । ਉਸ ਸਮੇਂ ਆਪ ਪਾਰਟੀ ਦਾ ਦਾਅਵਾ ਸੀ ਇਹ ਸਿਰਫ ਪੰਜਾਬ ਵਿੱਚ ਪਾਰਟੀ ਦੇ ਵੱਧ ਰਹੇ ਰਸੂਖ ਵੱਲ ਇਸ਼ਾਰਾ ਨਹੀਂ ਕਰਦੀ ਹੈ ਬਲਕਿ ਹਰਿਆਣਾ ਅਤੇ ਹਿਮਾਚਲ ਵਿੱਚ ਪਾਰਟੀ ਦੀ ਮਜ਼ਬੂਤੀ ਦਾ ਸੰਕੇਤ ਹੈ ,ਕਿਉਂਕਿ ਯੂਨੀਵਰਿਸਟੀ ਵਿੱਚ ਪੰਜਾਬ ਸਮੇਤ 2 ਹੋਰ ਸੂਬਿਆਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ। ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਹੋਸਟਲ ਦੇ ਲਈ ਕਰੋੜਾਂ ਰੁਪਏ ਦਿੱਤੇ ਸਨ । ਪਰ ਜਿਸ ਤਰ੍ਹਾਂ ਦੇ ਨਤੀਜੇ ਆਏ ਹਨ ਉਸ ਤੋਂ ਸਾਫ ਕਿ ਵਿਦਿਆਰਥੀਆਂ ਨੇ ਆਪ ਪਾਰਟੀ ਨੂੰ ਨਕਾਰ ਦਿੱਤਾ ਹੈ । ਤੀਜੇ ਨੰਬਰ ‘ਤੇ ਭਗਵੀਂ ਸੰਸਥਾ ਏਬੀਵੀਪੀ ਦੇ ਰਾਕੇਸ਼ ਦੇਸ਼ਵਾਲ ਰਹੇ ਉਨ੍ਹਾਂ ਨੂੰ 2182 ਵੋਟਾਂ ਮਿਲੀਆਂ । ਭਾਵ ਝਾੜੂ ਤੇ ਭਗਵੇਂ ਇਕੋ ਤਕੜੀ ਵਿਚ ਤੋਲ ਦਿਤੇ ਗਏ।

ਜਨਰਲ ਸਕੱਤਰ ਦੇ ਅਹੁਦੇ ‘ਤੇ ਆਈਐਨਐਸਓ ਦੇ ਉਮੀਦਵਾਰ ਦੀਪਕ ਗੋਇਲ ਦੀ ਜਿੱਤ ਹੋਈ ਹੈ ਜਦਕਿ ਉੱਪ ਪ੍ਰਧਾਨ ਦੇ ਅਹੁਦੇ ‘ਤੇ ਸੱਥ ਦੀ ਰਣਮੀਕ ਜੋਤ ਕੌਰ ਨੇ ਤਕਰੀਬਨ 700 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਉਨ੍ਹਾਂ ਨੂੰ 4084 ਵੋਟਾਂ ਪਈਆਂ ਹਨ । ਉਂਝ ਸੱਥ ਦੀ ਉਮੀਦਵਾਰ ਦਾ ਜਿੱਤਣਾ, ਪੰਜਾਬ ਲਈ ਇਕ ਚੰਗਾ ਸ਼ਗਨ ਹੈ, ਜੋ ਪੰਜਾਬੀਆਂ ਵਿਚ ਇਨਸਾਫ਼ ਪਸੰਦ ਤਾਕਤਾਂ ਨੂੰ ਮਜ਼ਬੂਤੀ ਦੇਵੇਗਾ। 

ਸੱਥ ਜਥੇਬੰਦੀ ਦੀ ਉਮੀਦਵਾਰ ਰਣਮੀਕਜੋਤ ਕੌਰ ਦੀ ਉਮਰ 20 ਸਾਲ ਹੈ,ਮੁਹਾਲੀ ਦੀ ਰਹਿਣ ਵਾਲੀ ਹੈ।ਰਣਮੀਕਜੋਤ ਕੌਰ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ ਡੈਂਟਲ ਸਾਇੰਸਸ ਐਂਡ ਹਸਪਤਾਲ ਤੋਂ ਬੀਡੀਐੱਸ ਦੀ ਪੜ੍ਹਾਈ ਕਰ ਰਹੀ ਹੈ, ਇਹ ਉਨ੍ਹਾਂ ਦਾ ਯੂਨੀਵਰਸਿਟੀ ਵਿੱਚ ਦੂਜਾ ਸਾਲ ਹੈ।ਰਣਮੀਕਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸਿਵਲ ਸਰਵਸਿਸ ਦੀ ਤਿਆਰੀ ਕਰਕੇ ਅਫ਼ਸਰ ਬਣਨਾ ਹੈ ਅਤੇ ਉਹ ਪੜ੍ਹਾਈ ਦੇ ਨਾਲ-ਨਾਲ ਹੋਰ ਐਕਟੀਵਿਟੀਸ ਵਿੱਚ ਹਿੱਸਾ ਜਾਰੀ ਰੱਖੇਗੀ।

ਸੱਥ ਪਾਰਟੀ ਦੇ ਮੌਜੂਦਾ ਪ੍ਰਧਾਨ ਜੋਧ ਸਿੰਘ ਨੇ ਦੱਸਿਆ ਕਿ ਸੱਥ 2017 ਵਿੱਚ ਇੱਕ ਵਿਚਾਰ-ਚਰਚਾ ਸਮੂਹ ਵਜੋਂ ਸ਼ੁਰੂ ਹੋਈ ਸੀ

ਉੇਨ੍ਹਾਂ ਕਿਹਾ ਕਿ ਸੱਥ ਨੂੰ ਕਿਸੇ ਵੀ ਰਾਜਨੀਤਕ ਜਥੇਬੰਦੀ ਦੀ ਹਮਾਇਤ ਹਾਸਲ ਨਹੀਂ ਹੈ।ਉਨ੍ਹਾਂ ਦੱਸਿਆ ਕਿ ਉਹ ਸਤਿਗੁਰੂ ਨਾਨਕ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਵਿੱਚ ਯਕੀਨ ਰੱਖਦੇ ਹਨ ਅਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਵਜੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਸਤਿਕਾਰ ਕਰਦੇ ਹਨ।ਸੱਥ ਜਥੇਬੰਦੀ ਮੱਤੇਵਾੜਾ ਜੰਗਲ ਦੇ ਨੇੜੇ ਬਣਾਈ ਜਾ ਰਹੀ ਟੈਕਸਟਾਈਲ ਪਾਰਕ ਦੇ ਵਿਰੋਧ ਵਿੱਚ ਚੱਲੀ ਮੁਹਿੰਮ ਵਿੱਚ ਵੀ ਸ਼ਾਮਲ ਸੀ।

ਜਿੱਤ ਤੋਂ ਬਾਅਦ ਸੱਥ ਜਥੇਬੰਦੀ ਨੇ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਵਾਲਾ ਬੈਨਰ ਪੀਯੂ ਸਟੂਡੈਂਟ ਸੈਂਟਰ ਉੱਤੇ ਲਹਿਰਾਇਆ ।ਦੂਜੀ ਵਾਰ ਚੋਣਾਂ ਵਿੱਚ ਹਿੱਸਾ ਲੈ ਰਹੀ ਇਸ ਜਥੇਬੰਦੀ ਨੇ ਆਪਣੀ ਜਿੱਤ ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੀਤੀ ਹੈ।

ਜਿੱਤ ਤੋਂ ਬਾਅਦ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੀ ਬਰਸੀ ‘ਤੇ ਜਿੱਤ ਉਨ੍ਹਾਂ ਨੂੰ ਸਮਰਪਿਤ ਕੀਤੀ ।

ਇਸ ਜਿਤ ਬਾਰੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੂਬਸੂਰਤ ਟਿਪਣੀ ਕੀਤੀ ਹੈ ਕਿ ****** 

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ॥****** ਅਠਾਰਵੀਂ ਸਦੀ ਵਿਚ ਇਕ ਅਜਿਹਾ ਸਮਾਂ ਆਇਆ, ਜਦੋ ਮੁਗਲ ਸਰਕਾਰ ਅਤੇ ਸਰਕਾਰ ਵਲੋਂ ਫੈਲਾਏ ਫਰਮ ਜਾਲ ਚ ਫਸੇ ਲੋਕਾਂ ਨੇ ਮੰਨ ਲਿਆ ਕੇ ਸਿੱਖ ਹੁਣ ਖਤਮ ਹੋ ਗਏ ਨੇ ਤੇ ਹੁਣ ਸਿੱਖੀ ਦੀ ਗੂੰਜ ਨਹੀ ਗੂੰਜੇਗੀ। ਪਰ ਧੰਨ ਬਾਬਾ ਬੋਤਾ ਸਿੰਘ ਜੀ ਤੇ ਧੰਨ ਬਾਬਾ ਗਰਜਾ ਸਿੰਘ ਜੀ, ਜਿਨ੍ਹਾਂ ਦੀ ਮਾਰੀ ਇਕ ਦਹਾੜ ਨੇ ਭਰਮ ਦੇ ਬੱਦਲ ਚੀਰ ਦਿੱਤੇ। ਅੱਜ ਵੀ ਪੰਜਾਬ ਵਿਚ ਸਰਕਾਰਾਂ ਦੇ ਸੋਸ਼ਲ ਮੀਡੀਆ ਵਿੰਗਾਂ ਦੁਆਰਾ ਗੁੰਮਰਾਹ ਕੀਤੇ ਲੋਕ ਤੇ ਨਾਸਤਿਕਵਾਦੀ ਕਾਮਰੇਡੀ ਸੋਚ ਦੇ ਕੰਧਾੜੀ ਚੜ੍ਹੇ ਟੋਲੇ, ਦਿਨ ਦਿਹਾੜੇ ਇਹ ਆਖਣ ਕੇ ਪੰਜਾਬ ਦੀ ਧਰਤੀ ਤੇ ਸਿੱਖ ਮੁੱਦਿਆਂ ਦੀ ਗੱਲ ਕਰਨੀ ਹਵਾ ਵਿਚ ਹੱਥ ਮਾਰਨੇ ਆ। ਐਨ ਓਸ ਮੌਕੇ ਪੰਜਾਬ ਦੀ ਹਿੱਕ ਖੁਰਚ ਕੇ ਵਸਾਏ ਪੱਥਰਾਂ ਦੇ ਸ਼ਹਿਰ ਚੰਡੀਗੜ ਦੀ ਪੰਜਾਬ ਯੁਨੀਵਰਸਿਟੀ ਚ ਸਿੱਖ ਮਸਲੇ ਤਲੀ ਤੇ ਰੱਖ ਕੇ ਪ੍ਰਾਪਤ ਕੀਤੀ ਇਹ ਨਿੱਕੀ ਜਿਹੀ ਜਿੱਤ ਵੱਡੇ ਅਰਥ ਰਖਦੀ ਹੈ। ਮੁਬਾਰਕ ਧੀਏ!

ਇਨ੍ਹਾਂ ਚੋਣਾਂ ਨੂੰ ਇਸ ਤਰੀਕੇ ਵੀ ਵੇਖਿਆ ਜਾ ਸਕਦਾ ਹੈ ਕਿ ਕਈ ਧੜਿਆਂ ਨੇ ਰਲ ਕੇ ਭਾਜਪਾ ਦੀ ਜਥੇਬੰਦੀ ਏਬੀਵੀਪੀ ਤੇ ਆਪ ਪਾਰਟੀ ਨੂੰ ਢਾਹ ਲਾਈ ਹੈ, ਜੋ ਖਿੱਤੇ ਦੀ ਸਿਆਸਤ ਦੇ ਸੰਦਰਭ ਬਾਰੇ ਵੀ ਬਹੁਤ ਕੁਝ ਦੱਸਦਾ ਹੈ।ਸਿਆਸੀ ਮਾਹਿਰ ਦਸਦੇ ਹਨ ਕਿ ਯੂਥ ਦਾ ਜੋਸ਼ ਪੰਜਾਬ ਵਿਚ ਆਪ ਦੀ ਰਾਜਨੀਤੀ ਲਈ ਖਤਰੇ ਦੀ ਘੰਟੀ ਹੈ।ਸੱਥ ਦੇ ਉਭਾਰ ਨਾਲ ਸਿਖ ਯੂਥ ਦਾ ਬਹੁਤ ਸਮੇਂ ਬਾਅਦ ਉਭਾਰ ਹੋਇਆ ਹੈ।ਸਿਖ ਚਿੰਤਕ ਇਸ ਨੂੰ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਨਵ ਉਭਾਰ ਵਜੋਂ ਦੇਖ ਰਹੇ ਹਨ।