ਪੰਜਾਬ ਵਿਚ ਗਠਜੋੜ ਦੀ ਸਿਆਸਤ ਤੇ ਚੋਣ-ਯੁੱਧ ਸ਼ੁਰੂ

ਪੰਜਾਬ ਵਿਚ ਗਠਜੋੜ ਦੀ ਸਿਆਸਤ ਤੇ ਚੋਣ-ਯੁੱਧ ਸ਼ੁਰੂ

*ਬਾਦਲ ਦਲ ਨੇ ਬਸਪਾ ਨਾਲ ਗਠਜੋੜ ਕਰਕੇ ਪਹਿਲ ਕਦਮੀ ਕੀਤੀ

* 20 ਸੀਟਾਂ 'ਤੇ ਚੋਣ ਲੜੇਗੀ ਬਸਪਾ     

* ਸੁਖਬੀਰ ਤੇ ਸਤੀਸ਼ ਮਿਸ਼ਰਾ ਨੇ ਗੱਠਜੋੜ ਨੂੰ ਦੱਸਿਆ ਇਤਿਹਾਸਕ     

 *ਬਾਦਲ ਦਲ ਦਾ ਖਬੇਪਖੀ ਪਾਰਟੀਆਂ ਨਾਲ ਗਠਜੋੜ ਹੋਣ ਦੀ ਸੰਭਾਵਨਾ

*ਕੁਝ ਕਾਂਗਰਸੀ ਵਿਧਾਇਕ ਬਾਦਲ ਦਲ ਦਾ ਫੜ ਸਕਦੇ ਨੇ ਪਲਾ         

 *ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਵਲੋਂ ਰਾਹੁਲ ਗਾਂਧੀ ਨਾਲ ਮੀਟਿੰਗ,ਅਕਾਲੀ ਬਸਪਾ ਗਠਜੋੜ ਦੀ ਚਰਚਾ ਛਿੜੀ 

ਅੰਮ੍ਰਿਤਸਰ ਟਾਈਮਜ਼ ਬਿਉਰੋ                                 

  ਜਲੰਧਰ :ਇਸ ਸਮੇਂ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅੱਠ ਕੁ ਮਹੀਨੇ ਬਚੇ ਹਨ, ਸਭ ਸਿਆਸੀ ਧਿਰਾਂ ਨੇ ਲੰਗਰ-ਲੰਗੋਟੇ ਕੱਸਣੇ ਸ਼ੁਰੂ ਕਰ ਦਿੱਤੇ ਹਨ । ਇਸ ਸਥਿਤੀ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦੀ ਹਾਲਤ 'ਇੱਕ ਅਨਾਰ ਸੌ ਬਿਮਾਰ' ਵਾਲੀ ਬਣੀ ਹੋਈ ਹੈ । ਚਾਹੀਦਾ ਤਾਂ ਇਹ ਸੀ ਕਿ ਸਮੁੱਚੀ ਪਾਰਟੀ ਇੱਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਉਤਰਦੀ, ਪਰ ਕਾਂਗਰਸੀਆਂ ਦੀ ਚੌਧਰ-ਭੁੱਖ ਨੇ ਖਿਲਾਰਾ ਏਨਾ ਪਾ ਲਿਆ, ਜਿਸ ਵਿੱਚੋਂ ਨਿਕਲਣ ਦਾ ਦਿੱਲੀ ਵਾਲਿਆਂ ਨੂੰ ਵੀ ਰਾਹ ਨਹੀਂ ਲੱਭ ਰਿਹਾ । ਕਾਂਗਰਸ ਦੀ ਕਮਜ਼ੋਰੀ ਇਹ ਹੈ ਕਿ ਇਹ ਸਿਰਫ਼ ਨੇਤਾਵਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਤੇ ਹਰ ਨੇਤਾ ਆਪਣੇ-ਆਪ ਨੂੰ ਪਾਰਟੀ ਸਮਝਦਾ ਹੈ । ਇਨ੍ਹਾਂ ਨੇਤਾਵਾਂ ਵਿੱਚ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਮਤਲਬ ਆਪਣੀ ਕੁਰਸੀ ਨੂੰ ਬਚਾ ਕੇ ਰੱਖਣ ਤੱਕ ਸੀਮਤ ਹੋ ਚੁੱਕਾ ਹੈ ।

 ਕਾਂਗਰਸ ਹਾਈਕਮਾਂਡ ਬਸਪਾ ਤੇ ਬਾਦਲ ਦਲ ਗਠਜੋੜ ਤੋਂ ਚਿੰਤਤ

 ਕਾਂਗਰਸ ਹਾਈਕਮਾਨ ਵਲੋਂ ਪੰਜਾਬ ਵਿਚਲੇ ਕਾਂਗਰਸ ਸੰਕਟ ਨਾਲ ਨਜਿੱਠਣ ਲਈ ਸੀਨੀਅਰ ਕਾਂਗਰਸੀ ਆਗੂ ਮਲਿਕ ਅਰਜੁਨ ਖੜਗੇ ਦੀ ਅਗਵਾਈ 'ਚ ਬਣਾਈ ਤਿੰਨ ਮੈਂਬਰੀ ਕਮੇਟੀ ਵਲੋਂ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਬੀਤੇ ਦਿਨੀਂ ਗੱਲਬਾਤ ਕੀਤੀ ਗਈ ।  ਸੂਤਰਾਂ ਅਨੁਸਾਰ ਗਾਂਧੀ ਪਰਿਵਾਰ ਵਲੋਂ ਬੀਤੇ ਐਤਵਾਰ ਵਾਲੇ ਦਿਨ ਵੀ ਜਿਵੇਂ ਪੰਜਾਬ ਤੇ ਰਾਜਸਥਾਨ ਮਾਮਲਿਆਂ 'ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ, ਉਸ ਤੋਂ ਸਪੱਸ਼ਟ ਸੀ ਕਿ ਉਹ ਇਸ ਸਾਰੇ ਮਾਮਲੇ ਨੂੰ ਛੇਤੀ ਹੱਲ ਕਰਨਾ ਚਾਹੁੰਦੇ ਹਨ । ਕਾਂਗਰਸ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਗਾਂਧੀ ਪਰਿਵਾਰ ਪੰਜਾਬ ਮਾਮਲੇ ਸਬੰਧੀ ਕਾਫ਼ੀ ਖ਼ਾਮੋਸ਼ੀ ਰੱਖ ਰਿਹਾ ਹੈ, ਜਦਕਿ ਰਾਹੁਲ ਗਾਂਧੀ ਵਲੋਂ ਖ਼ੁਦ ਵੀ ਪੰਜਾਬ ਦੇ ਅਸਲ ਹਾਲਾਤ ਜਾਣਨ ਲਈ ਕਾਫ਼ੀ ਮਿਹਨਤ ਕੀਤੀ ਗਈ ਹੈ ਤੇ ਪੰਜਾਬ ਤੋਂ ਕੁਝ ਵਿਧਾਇਕਾਂ ਤੇ ਸੀਨੀਅਰ ਆਗੂਆਂ ਵਲੋਂ ਲਿਖਤੀ ਤੌਰ 'ਤੇ ਭੇਜੇ ਗਏ ਵਿਚਾਰਾਂ ਤੇ ਪੱਤਰਾਂ ਨੂੰ ਵੀ ਪੂਰਾ ਘੋਖਿਆ ਹੈ । ਸੂਚਨਾ ਅਨੁਸਾਰ ਰਾਹੁਲ ਗਾਂਧੀ ਵਲੋਂ ਤਿੰਨ ਮੈਂਬਰੀ ਕਮੇਟੀ ਤੋਂ ਪੰਜਾਬ ਵਿਚ ਅਕਾਲੀ ਦਲ ਦੇ ਬਸਪਾ ਨਾਲ ਹੋਏ ਗੱਠਜੋੜ ਦੇ ਕਾਂਗਰਸ 'ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਵੀ ਪੁੱਛਿਆ ਗਿਆ, ਜਦਕਿ ਕਮੇਟੀ ਮੈਂਬਰਾਂ ਨੂੰ ਇਸ ਸਬੰਧੀ ਬਹੁਤਾ ਕੁਝ ਪਤਾ ਨਹੀਂ ਸੀ । ਪਾਰਟੀ ਹਾਈਕਮਾਨ ਵਲੋਂ ਸੂਚਨਾ ਅਨੁਸਾਰ ਇਸ ਗੱਠਜੋੜ ਸਬੰਧੀ ਕੁਝ ਹੋਰ ਏਜੰਸੀਆਂ ਤੋਂ ਵੀ ਰਿਪੋਰਟਾਂ ਲਈਆਂ ਜਾ ਰਹੀਆਂ ਹਨ, ਜਿਸ ਤੋਂ ਪਾਰਟੀ ਵਿਚ ਇਸ ਗੱਠਜੋੜ ਪ੍ਰਤੀ ਚਿੰਤਾ ਨਜ਼ਰ ਆ ਰਹੀ ਹੈ । ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਸੰਕਟ ਨਾਲ ਨਜਿੱਠਣ ਸਬੰਧੀ ਆਪਣੀ ਰਣਨੀਤੀ ਦਾ ਐਲਾਨ ਆਉਂਦੇ ਇਕ ਹਫ਼ਤੇ 'ਚ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ ਤੇ ਚਰਚਾ ਹੈ ਕਿ ਪ੍ਰਦੇਸ਼ 'ਚ ਕਾਂਗਰਸ ਦੀ ਸੂਬਾ ਇਕਾਈ ਸਮੇਤ ਜ਼ਿਲ੍ਹਾ ਤੇ ਬਲਾਕ ਇਕਾਈਆਂ ਦਾ ਨਵੇਂ ਸਿਰੇ ਤੋਂ ਪੁਨਰਗਠਨ ਕਰਨ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ 'ਚ ਵੀ ਰੱਦੋਬਦਲ ਕੀਤਾ ਜਾ ਸਕਦਾ ਹੈ । ਇਹ ਵੀ ਚਰਚਾ ਹੈ ਕਿ ਰਾਹੁਲ ਗਾਂਧੀ ਅਗਲੇ ਦੌਰ 'ਚ ਰਾਜ ਦੇ ਕੁਝ ਸੀਨੀਅਰ ਮੰਤਰੀਆਂ ਤੇ ਆਗੂਆਂ ਨੂੰ ਵੀ ਗੱਲਬਾਤ ਲਈ ਸੱਦ ਸਕਦੇ ਹਨ ਤੇ ਆਖ਼ਰੀ ਦੌਰ ਦੌਰਾਨ ਮੁੱਖ ਮੰਤਰੀ ਕੈਪਟਨ  ਨੂੰ ਵੀ ਵਿਚਾਰ-ਵਟਾਂਦਰੇ ਲਈ ਦਿੱਲੀ ਬੁਲਾਇਆ ਜਾ ਸਕਦਾ ਹੈ ।

ਅਕਾਲੀ-ਬਸਪਾ ਗੱਠਜੋੜ

25 ਸਾਲ ਬਾਅਦ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਹਾਥੀ 'ਤੇ ਸਵਾਰ ਹੋ ਗਿਆ । ਚੰਡੀਗੜ੍ਹ ਵਿਖੇ ਗੱਠਜੋੜ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਕੌਮੀ ਜਨਰਲ ਸਕੱਤਰ  ਸਤੀਸ਼ ਚੰਦਰ ਮਿਸ਼ਰਾ ਨੇ ਸਾਂਝੇ ਤੌਰ 'ਤੇ ਕੀਤਾ । ਇਸ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਸਾਲ 1996 'ਚ ਬਸਪਾ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸੀ, ਜਿਸ ਦੌਰਾਨ ਅਕਾਲੀ ਦਲ ਨੂੰ 8 ਤੇ ਬਸਪਾ ਨੂੰ 3 ਸੀਟਾਂ ਮਿਲੀਆਂ ਸਨ, ਜਦਕਿ ਕਾਂਗਰਸ ਸਿਰਫ਼ 3 ਸੀਟਾਂ 'ਤੇ ਸਿਮਟ ਕੇ ਰਹਿ ਗਈ ਸੀ । ਹੁਣ 2022 ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਗੱਠਜੋੜ ਬਣਾ ਕੇ ਲੜਨ ਦਾ ਐਲਾਨ ਕੀਤਾ ਹੈ । ਬਸਪਾ 20 ਸੀਟਾਂ 'ਤੇ ਚੋਣ ਲੜੇਗੀ । ਦੋਵੇਂ ਪਾਰਟੀਆਂ ਦੇ ਆਗੂਆਂ ਨੇ ਦਾਅਵਾ ਕਰਦਿਆਂ ਕਿਹਾ ਕਿ ਇਹ ਗੱਠਜੋੜ ਪੰਜਾਬ 'ਚੋਂ ਹੰਕਾਰੀ ਰਾਜ ਤੇ ਭਿ੍ਸ਼ਟ ਤੇ ਘੁਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੂੰ ਚਲਦਾ ਕਰੇਗਾ ।ਗੱਠਜੋੜ ਦੇ ਐਲਾਨ ਦੌਰਾਨ ਬਸਪਾ ਦੇ ਆਗੂ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਮਾਇਆਵਤੀ ਨੇ ਗੱਠਜੋੜ ਲਈ ਪ੍ਰਵਾਨਗੀ ਦਿੱਤੀ ਹੈ ਤੇ ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਸ. ਸੁਖਬੀਰ ਬਾਦਲ ਦੀ ਅਗਵਾਈ ਹੇਠ ਸੂਬੇ 'ਚ ਸਰਕਾਰ ਬਣਾਉਣ ਲਈ ਕੰਮ ਕਰਨਗੀਆਂ ।ਮਿਸ਼ਰਾ ਨੇ ਦਲਿਤ ਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਗੱਠਜੋੜ ਦੀ ਦਿਲੋਂ ਹਮਾਇਤ ਕਰਨ ਦੀ ਅਪੀਲ ਕੀਤੀ ।ਉਨ੍ਹਾਂ ਨੇ ਬਸਪਾ ਪੰਜਾਬ ਦੇ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਤੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਮਿਲ ਕੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ।  ਉਨ੍ਹਾਂ ਕਿਹਾ ਕਿ ਪੰਜਾਬ 'ਚ ਇਹ ਇਤਿਹਾਸਕ ਗੱਠਜੋੜ ਉਸ ਕਾਂਗਰਸ ਸਰਕਾਰ ਨੂੰ ਚਲਦਾ ਕਰੇਗਾ, ਜਿਸ ਨੇ ਦਲਿਤਾਂ ਦੇ ਹੱਕ ਮਾਰੇ ਹਨ । ਉਨ੍ਹਾਂ ਕਿਹਾ ਕਿ ਇਹ ਗੱਠਜੋੜ ਹਮੇਸ਼ਾ ਮਿਲ ਕੇ ਚੋਣਾਂ ਲੜੇਗਾ ਤੇ ਪੰਜਾਬ ਦੇ ਹਰ ਵਰਗ ਦੇ ਵਿਕਾਸ ਤੇ ਹੱਕਾਂ ਲਈ ਕੰਮ ਕਰੇਗਾ । ਉਨ੍ਹਾਂ ਦੱਸਿਆ ਕਿ ਬਸਪਾ ਅਕਾਲੀ ਦਲ ਨਾਲ ਰਲ ਕੇ ਸੰਘਰਸ਼ ਕਰੇਗੀ, ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤਿੰਨ ਖੇਤੀ ਕਾਨੂੰਨ ਲਾਗੂ ਨਾ ਹੋਣ ।  

ਇਸ ਮੌਕੇ ਸੁਖਬੀਰ ਨੇ ਕਿਹਾ ਕਿ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਤਾਲਮੇਲ ਕਮੇਟੀ ਗਠਿਤ ਕੀਤੀ ਜਾਵੇਗੀ, ਤਾਂ ਜੋ ਸਾਰੇ ਹਲਕਿਆ 'ਚ ਕੰਮਕਾਜ ਸਹਿਜੇ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ । ਗੱਠਜੋੜ ਨੂੰ ਇਤਿਹਾਸਕ ਕਰਾਰ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਇਹ ਗੱਠਜੋੜ ਸਿਰਫ਼ 2022 ਵਿਧਾਨ ਸਭਾ ਚੋਣਾਂ ਲਈ ਨਹੀਂ ਹੈ, ਬਲਕਿ ਇਹ ਭਵਿੱਖ 'ਚ ਵੀ ਜਾਰੀ ਰਹੇਗਾ ।ਅਕਾਲੀ ਦਲ ਤੇ ਬਸਪਾ ਦੋਹਾਂ ਦੀ ਵਿਚਾਰਧਾਰਾ ਇਕ ਹੈ ਤੇ ਦੋਵੇਂ ਕਿਸਾਨਾਂ, ਦਲਿਤਾਂ, ਗ਼ਰੀਬਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੇ ਹਨ । ਉਨ੍ਹਾਂ ਨੇ ਬਸਪਾ ਪ੍ਰਧਾਨ ਮਾਇਆਵਤੀ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਅਕਾਲੀ ਦਲ ਨਾਲ ਰਲ ਕੇ ਕਾਂਗਰਸ ਪਾਰਟੀ ਨੂੰ ਸੂਬੇ 'ਚੋਂ ਖ਼ਤਮ ਕਰਨ ਦਾ ਸਪੱਸ਼ਟ ਫ਼ੈਸਲਾ ਲਿਆ ਹੈ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਗੁਜਰਾਲ, ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਨਿਰਮਲ ਸਿੰਘ ਕਾਹਲੋਂ, ਬੀਬੀ ਜਗੀਰ ਕੌਰ, ਜਨਮੇਜਾ ਸਿੰਘ ਸੇਖੋਂ, ਬੀਬੀ ਉਪਿੰਦਰਜੀਤ ਕੌਰ, ਡਾ. ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ  ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਆਦਿ  ਹਾਜ਼ਰ ਸਨ ।

  ਅਕਾਲੀ ਦਲ ਦਾ ਖੱਬੇ ਪੱਖੀਆਂ ਨਾਲ ਵੀ ਗੱਠਜੋੜ ਹੋਣਾ ਤੈਅ

ਬਸਪਾ ਦੇ ਨਾਲ ਗੱਠਜੋੜ ਕਰਨ ਮਗਰੋਂ ਅਕਾਲੀ ਦਲ ਖੱਬੇ ਪੱਖੀਆਂ ਨਾਲ ਵੀ ਗੱਠਜੋੜ ਕਰਨ ਦੀ ਤਿਆਰੀ 'ਚ ਦੱਸਿਆ ਜਾ ਰਿਹਾ ਹੈ । ਪਾਰਟੀ ਸੂਤਰਾਂ ਅਨੁਸਾਰ ਅਕਾਲੀ ਦਲ ਦੀ ਸੀ.ਪੀ.ਆਈ. ਅਤੇ ਸੀ.ਪੀ. (ਐਮ) ਦੇ ਆਗੂਆਂ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਆਉਂਦੇ ਦਿਨਾਂ 'ਚ ਇਸ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ । ਸੂਤਰਾਂ ਅਨੁਸਾਰ ਇਨ੍ਹਾ ਪਾਰਟੀਆਂ ਨੂੰ ਅਕਾਲੀ ਦਲ 3 ਤੋਂ 5 ਸੀਟਾਂ ਦੇਣ ਦਾ ਮਨ ਬਣਾ ਰਿਹਾ ਹੈ ।

ਇਕ ਧਰਮ ਨਿਰਪੱਖ ਤੇ ਸੰਘੀ ਕ੍ਰਾਂਤੀ ਦੀ ਸ਼ੁਰੂਆਤ-ਬਾਦਲ

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ ਸੂਬੇ ਤੇ ਦੇਸ਼ 'ਚ ਇਕ ਧਰਮ ਨਿਰਪੱਖ ਤੇ ਸੰਘੀ ਕ੍ਰਾਂਤੀ ਦੀ ਸ਼ੁਰੂਆਤ ਕਰਾਰ ਦਿੱਤਾ, ਜੋ ਸਮਾਜਿਕ-ਆਰਥਿਕ ਤੇ ਸਿਆਸਤ 'ਚ ਤਬਦੀਲੀ ਲਿਆ ਦੇਵੇਗਾ । ਇਸ ਸਦਕਾ ਗ਼ਰੀਬਾਂ, ਦੱਬੇ ਕੁਚਲਿਆਂ ਤੇ ਘੱਟ ਗਿਣਤੀਆਂ ਲਈ ਇਨਸਾਫ਼ ਤੇ ਬਰਾਬਰੀ ਦੀ ਸ਼ੁਰੂਆਤ ਹੋਵੇਗੀ ਤੇ ਵਿਕਾਸ ਨੂੰ ਹੁਲਾਰਾ ਮਿਲੇਗਾ ।   ਇਸ ਮੌਕੇ ਬਾਦਲ ਨੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬ ਤੋਂ ਚੋਣ ਲੜਨ ਦਾ ਸੱਦਾ ਦਿੱਤਾ ।ਅਕਾਲੀ ਦਲ ਅਤੇ ਬਸਪਾ ਨੇ 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਗੱਠਜੋੜ ਕੀਤਾ ਸੀ ਜਿਸ ਤਹਿਤ ਕੁੱਲ ਤੇਰਾਂ ਲੋਕ ਸਭਾ ਸੀਟਾਂ ਵਿਚੋਂ ਗਿਆਰਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਪਹਿਲਾਂ 1992 ਵਿਚ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਬਸਪਾ 9 ਵਿਧਾਇਕਾਂ ਨਾਲ ਮੁੱਖ ਵਿਰੋਧੀ ਪਾਰਟੀ ਵਜੋਂ ਉੱਭਰੀ ਸੀ। ਖਾੜਕੂਵਾਦ ਦੇ ਦੌਰ ਸਮੇਂ ਪੰਜਾਬ ਖਾਸ ਮਾਹੌਲ ਵਿਚੋਂ ਗੁਜ਼ਰ ਰਿਹਾ ਸੀ। ਅਕਾਲੀ ਦਲ ਨੇ ਲੋਕ ਸਭਾ ਚੋਣਾਂ ਜਿੱਤਣ ਪਿੱਛੋਂ ਕੇਂਦਰ ਵਿਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਅਤੇ 1997 ਦੀਆਂ ਵਿਧਾਨ ਸਭਾ ਚੋਣਾਂ ਬਸਪਾ ਨੂੰ ਛੱਡ ਕੇ ਭਾਜਪਾ ਨਾਲ ਮਿਲ ਕੇ ਲੜੀਆਂ ਸਨ।2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਵੋਟ ਬੈਂਕ ਨੂੰ ਲੱਗੇ ਵੱਡੇ ਖ਼ੋਰੇ ਕਰ ਕੇ ਪਾਰਟੀ 15 ਸੀਟਾਂ ਤੱਕ ਸੀਮਤ ਹੋ ਗਈ ਸੀ। ਨਸ਼ੇ, ਰੇਤ-ਬਜਰੀ ਵਰਗੇ ਮੁੱਦਿਆਂ ਖ਼ਾਸ ਤੌਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨਾਲ ਅਕਾਲੀ ਦਲ ਦਾ ਵੋਟ ਬੈਂਕ ਹਿੱਲ ਗਿਆ। ਪਾਰਟੀ ਨੂੰ 2012 ਦੀਆਂ ਵਿਧਾਨ ਸਭਾ ਵਿਚ ਮਿਲੀ 34.7 ਫੀਸਦ ਵੋਟ ਘਟ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 25.2 ਫ਼ੀਸਦੀ ਤੱਕ ਆ ਗਈ। ਪਾਰਟੀ ਦਾ ਅੰਦਰੂਨੀ ਸੰਕਟ ਵਧਦਾ ਗਿਆ ਅਤੇ ਬਹੁਤ ਸਾਰੇ ਸੀਨੀਅਰ ਆਗੂ ਪਾਰਟੀ ਛੱਡਣ ਲੱਗੇ ਪਰ ਪਰਿਵਾਰਕ ਦਬਦਬੇ ਕਾਰਨ ਖੁੱਲ੍ਹੇ ਮਨ ਨਾਲ ਘਾਟਾਂ ਕਮਜ਼ੋਰੀਆਂ ਦੀ ਪੜਚੋਲ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ। ਭਾਜਪਾ ਦੀ ਬਿਨਾਂ ਸ਼ਰਤ ਹਮਾਇਤ ਦੇ ਸਮੇਂ ਤੋਂ ਹੀ ਅਕਾਲੀ ਦਲ ਰਾਜਾਂ ਨੂੰ ਵੱਧ ਅਧਿਕਾਰ  ਦੇ ਆਪਣੇ ਬੁਨਿਆਦੀ ਮੁੱਦੇ ਨੂੰ ਛੱਡ ਕੇ ਕੇਂਦਰੀ ਸੱਤਾ ਵਿਚ ਹਿੱਸੇਦਾਰੀ ਤੱਕ ਸੀਮਤ ਹੋ ਗਿਆ।

ਬਸਪਾ ਦਾ ਵੋਟ ਬੈਂਕ ਲਗਾਤਾਰ ਸੁੰਗੜ ਰਿਹਾ ਸੀ। 2017 ਵਿਚ ਇਹ 1.5 ਫ਼ੀਸਦੀ ਤੱਕ ਆ ਗਿਆ ਪਰ ਲੋਕ ਸਭਾ ਚੋਣਾਂ 2019 ਦੌਰਾਨ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨਾਲ ਹਿੱਸੇਦਾਰੀ ਵਜੋਂ ਇਸ ਨੇ ਕੇਵਲ ਤਿੰਨ ਲੋਕ ਸਭਾ ਸੀਟਾਂ ਲੜੀਆਂ ਜਿਸ ਨਾਲ ਵੋਟ ਹਿੱਸਾ 3.5 ਫ਼ੀਸਦੀ ਹੋ ਗਿਆ। ਪੰਜਾਬ ’ਚ ਬਸਪਾ ਨੂੰ ਆਪਣੀ ਹੋਂਦ ਲਈ ਗੱਠਜੋੜ ਦੀ ਜ਼ਰੂਰਤ ਸੀ। ਅਕਾਲੀ-ਭਾਜਪਾ ਗੱਠਜੋੜ ਨੂੰ ਹਿੰਦੂ-ਸਿੱਖ ਏਕਤਾ ਵਜੋਂ ਉਭਾਰਿਆ ਜਾਂਦਾ ਰਿਹਾ, ਹੁਣ ਅਕਾਲੀ-ਬਸਪਾ ਗੱਠਜੋੜ ਨੂੰ ਕਿਰਤੀਆਂ ਦੀ ਏਕਤਾ ਵਜੋਂ ਉਭਾਰਿਆ ਜਾ ਰਿਹਾ ਹੈ।  ਬੇਅਦਬੀ ਵਾਲੇ ਰੌਲੇ ਦੀ ਹਨੇਰੀ ਦੇ ਬਾਵਜੂਦ ਪਿੰਡਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਦਾ ਮਜ਼ਬੂਤ ਅਧਾਰ ਕਾਇਮ ਹੈ । ਇਸ ਅਧਾਰ ਨਾਲ ਜਦੋਂ ਦਲਿਤ ਵੋਟ ਆ ਜੁੜਦੀ ਹੈ ਤਾਂ ਇਹ ਫੈਸਲਾਕੁੰਨ ਬਣ ਜਾਂਦਾ ਹੈ । ਇੱਕ ਹੋਰ ਗੱਲ ਜਿਹੜੀ ਸਮੇਂ ਦੀ ਕਸੌਟੀ ਉੱਤੇ ਪਰਖੀ ਹੋਈ ਹੈ, ਉਹ ਇਹ ਹੈ ਕਿ ਸ਼ਰੋਮਣੀ ਅਕਾਲੀ ਦਲ ਵਿੱਚੋਂ ਟੁੱਟ ਕੇ ਬਣੀ ਕੋਈ ਵੀ ਪਾਰਟੀ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕੀ । ਇੱਥੋਂ ਤੱਕ ਕਿ ਗੁਰਚਰਨ ਸਿੰਘ ਟੌਹੜਾ ਵਰਗੇ ਘਾਗ ਸਿਆਸਤਦਾਨ ਦੇ ਵੀ ਪੈਰ ਨਹੀਂ ਸਨ ਲੱਗੇ । ਇਸ ਤਰ੍ਹਾਂ ਹੀ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ ਨਾਲ ਵਾਪਰਿਆ ਸੀ । ਇਸ ਸਥਿਤੀ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਡੈਮੋਕਰੇਟਿਕ ਅਕਾਲੀ ਦਲ ਬਾਦਲ ਦਲ ਦਾ ਕੋਈ ਨੁਕਸਾਨ ਕਰ ਸਕੇਗਾ, ਜਾਪਦਾ ਨਹੀਂ । ਸੁਖਬੀਰ ਸਿੰਘ ਬਾਦਲ ਨੇ ਸਿਰਫ਼ ਬਸਪਾ ਨਾਲ ਸਮਝੌਤਾ ਹੀ ਨਹੀਂ ਕੀਤਾ, ਕਾਂਗਰਸ ਨੂੰ ਵੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ । ਕਾਂਗਰਸ ਪਾਰਟੀ ਦੇ ਦੋ ਵਾਰ ਵਿਧਾਇਕ ਰਹੇ ਹੰਸ ਰਾਜ ਜੋਸਨ ਤੇ ਫਾਜ਼ਿਲਕਾ ਤੋਂ ਦੋ ਵਾਰ ਜਿੱਤੇ ਡਾ. ਮਹਿੰਦਰ ਰਿਣਵਾ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਹਨ । ਆਉਂਦੇ ਦਿਨੀਂ ਦੁਆਬੇ ਦੇ ਇੱਕ ਵਿਧਾਇਕ ਦੇ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲੈਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ । ਇਸ ਸਮਝੌਤੇ ਨਾਲ ਅਕਾਲੀ ਦਲ ਨੂੰ ਵੀ ਹੁਲਾਰਾ ਮਿਲੇਗਾ ਤੇ ਬਸਪਾ ਲਈ ਵੀ ਆਪਣਾ ਲੰਮਾ ਸੋਕਾ ਖਤਮ ਕਰਨ ਦਾ ਮੌਕਾ ਹਾਸਲ ਹੋਵੇਗਾ । ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਸਪਾ ਦਾ ਵੱਖ-ਵੱਖ ਦਲਿਤ ਸੰਪਰਦਾਵਾਂ ਵਿੱਚ ਚੰਗਾ ਰਸੂਖ ਹੈ ।ਇਸ ਦਾ ਦੋਹਾਂ ਧਿਰਾਂ ਨੂੰ ਲਾਭ ਹਾਸਲ ਹੋਵੇਗਾ ।ਪੰਜਾਬ ਵਿੱਚ ਤੀਜੀ ਧਿਰ ਵਜੋਂ ਆਪ ਪਾਰਟੀ ਦੇ ਆਗੂ ਵੀ ਸੱਤਾ ਮਾਨਣ ਲਈ ਸਰਗਰਮ ਹੈ । ਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਪਾਰਟੀ ਆਪਣੀ 2017 ਵਾਲੀ ਚੜ੍ਹਤ ਕਾਇਮ ਰੱਖ ਸਕੇਗੀ, ਕਿਹਾ ਨਹੀਂ ਜਾ ਸਕਦਾ । ਆਪ ਪਾਰਟੀ ਕੋਲ ਕਾਡਰ ਵੀ ਹੈ, ਪਰ ਉਸ ਕੋਲ ਪਿੰਡ ਪੱਧਰ ਤੱਕ ਸੰਗਠਿਤ ਢਾਂਚਾ ਨਹੀਂ ਹੈ ।ਮਾਝੇ ,ਦੁਆਬੇ ਵਿਚ ਇਸਦਾ ਆਧਾਰ ਬਹੁਤ ਕਮਜੋਰ ਹੈ। ਇਹ ਗੱਲ ਪਿਛਲੇ ਸਮੇਂ ਹੋਈਆਂ ਪੰਚਾਇਤੀ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੇ ਵੀ ਸਾਬਤ ਕਰ ਦਿੱਤੀ ਸੀ । ਪਾਰਟੀ ਵਿਚਲੀ ਟੁੱਟ-ਭੱਜ ਨੇ ਵੀ ਉਸ ਦਾ ਲੋਕਾਂ ਵਿੱਚ ਅਕਸ ਧੁੰਦਲਾ ਕੀਤਾ ਹੈ |

  ਭਾਜਪਾ ਬਿਨਾਂ ਗਠਜੋੜ ਤੋਂ ਚੋਣ ਲੜੇਗੀ           

ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਨਾਲ ਕੀਤੇ ਚੋਣ ਗੱਠਜੋੜ ਨੂੰ ਪੰਜਾਬ ਭਾਜਪਾ ਨੇ ਬੇਮੇਲ ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਸਿਆਸੀ ਵਿਚਾਰਧਾਰਾ ਆਪਸ ਵਿੱਚ ਮੇਲ ਨਹੀਂ ਖਾਂਦੀ। ਪਾਰਟੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜਨ ਦੀ ਗੱਲ ਵੀ ਆਖੀ ਹੈ।ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਵਿਚਾਲੇ ਪਹਿਲਾਂ ਵੀ ਸਿਆਸੀ ਗੱਠਜੋੜ ਹੋ ਚੁੱਕਾ ਹੈ, ਜੋ ਕੁਝ ਸਮੇਂ ਬਾਅਦ ਹੀ ਟੁੱਟ ਗਿਆ ਸੀ। ਸਾਬਕਾ ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਇਹ ਗੱਠਜੋੜ ਸਮਾਜਿਕ ਅਤੇ ਸੱਭਿਆਚਾਰਕ ਸਮਾਨਤਾ ਦਾ ਪ੍ਰਤੀਕ ਸੀ ਪਰ ਅਕਾਲੀਆਂ ਨੇ ਹੁਣ ਵੱਖਰਾ ਰਾਹ ਅਖ਼ਤਿਆਰ ਕਰ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਆਪਣੇ ਦਮ ’ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਭਾਜਪਾ ਨਵੇਂ ਪੰਜਾਬ ਦੇ ਮਾਡਲ ਨਾਲ ਇਹ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਨਵਾਂ ਪੰਜਾਬ ਸਿਰਜੇਗੀ, ਜੋ ਭੈਅ ਮੁਕਤ ਹੋਵੇ, ਜਿੱਥੇ ਕਾਨੂੰਨ ਦਾ ਰਾਜ ਹੋਵੇ, ਜਿਸ ਵਿੱਚ ਲੋਕ ਬਿਨਾਂ ਡਰ-ਭੈਅ ਦੇ ਜੀਅ ਸਕਣ, ਜਿੱਥੇ ਬੱਚੀਆਂ ਨਾਲ ਜਬਰ-ਜਨਾਹ ਨਾ ਹੋਵੇ, ਕਿਸਾਨ, ਦੁਕਾਨਦਾਰ ਤੇ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਨਸ਼ਾ ਮੁਕਤ ਤੇ ਅਮਨ ਸ਼ਾਂਤੀ ਵਾਲਾ ਪੰਜਾਬ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਪੰਜਾਬ ਸਿਰਫ਼ ਭਾਜਪਾ ਹੀ ਬਣਾ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਵਾਰ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕੀਤੀ।ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੈ ਤੇ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ’ਚ ਹਨ। ਭਾਜਪਾ ਆਗੂ ਅਨਿਲ ਜੋਸ਼ੀ ਤੇ ਹੋਰਨਾਂ ਵੱਲੋਂ ਕਿਸਾਨਾਂ ਦਾ ਸਮਰਥਨ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ  ਜੋਸ਼ੀ ਨੂੰ ਜੇ ਕੋਈ ਮਾਮਲਾ ਰੱਖਣਾ ਹੈ ਤਾਂ ਉਹ ਪਾਰਟੀ ਮੰਚ ’ਤੇ ਰੱਖਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੱਜ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਪਰ ਕੋਈ ਵੀ ਗੱਲਬਾਤ ਸ਼ਰਤਾਂ ਦੇ ਆਧਾਰ ’ਤੇ ਨਹੀਂ ਹੁੰਦੀ।

ਅਕਾਲੀ-ਬਸਪਾ ਗੱਠਜੋੜ ਦੀ ਕਾਂਗਰਸ ਵਲੋਂ ਨਿੰਦਾ

ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ-ਬਸਪਾ ਗਠਜੋੜ ਨੂੰ ਮੌਕਾਪ੍ਰਸਤ ਅਤੇ ਬੇਮੇਲ ਦੱਸਦਿਆਂ ਕਿਹਾ ਕਿ ਇਸ ਗੱਠਜੋੜ ਵਿੱਚ ਕੋਈ ਵਿਚਾਰਧਾਰਕ ਸਾਂਝ ਨਹੀਂ ਹੈ। ਰੰਧਾਵਾ ਨੇ ਸਵਾਲ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਅਕਾਲੀ ਦਲ ਦੇ ਆਗੂ ਹੁਣ ਇਸ ਗੱਠਜੋੜ ਨੂੰ ਕੀ ਨਾਂ ਦੇਣਗੇ। ਉਨ੍ਹਾਂ ਬਸਪਾ ਨੂੰ ਅਕਾਲੀਆਂ ਦੇ 10 ਸਾਲ ਦੇ ਰਾਜ ਵਿੱਚ ਹੋਈ ਬੇਅਦਬੀ ਤੇ ਭਾਜਪਾ ਨਾਲ ਮਿਲ ਕੇ ਖੇਤੀ ਕਾਨੂੰਨ ਬਣਾਉਣ ਦੇ ਮੁੱਦੇ ’ਤੇ ਸਟੈਂਡ ਸਪੱਸ਼ਟ ਕਰਨ ਲਈ ਕਿਹਾ।     

  ਕੀ ਹਨ ਪੰਜਾਬ ਦੇ ਅਸਲ ਮੁਦੇ               

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅਨੇਕਾਂ ਸਮੱਸਿਆਵਾਂ ਵਿਚ ਜਕੜਿਆ ਹੈ, ਜਿਨ੍ਹਾਂ ਨੂੰ ਵਾਰੀ-ਵਾਰੀ ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਚੋਣਾਂ 'ਚ ਮੁੱਖ ਮੁੱਦੇ ਵਜੋਂ ਉਭਾਰ ਕੇ ਇਨ੍ਹਾਂ ਦੇ ਹੱਲ ਲਈ ਕੋਈ ਯਤਨ ਨਹੀੰ ਕੀਤੇ। ਉਹਨਾਂ ਦੀ ਲਾਲਸਾ ਸਿਰਫ ਸੱਤਾ ਦਾ ਸੁੱਖ ਭੋਗਣ ਵਿਚ ਸੀ। ਨਸ਼ਾ, ਰੇਤ ਮਾਫ਼ੀਆ, ਕਿਸਾਨ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਬੇਰੁਜ਼ਗਾਰੀ ਅਤੇ ਮਹਿੰਗੀ ਬਿਜਲੀ ਆਦਿ ਅਜਿਹੇ ਮਸਲੇ ਹਨ, ਜਿਨ੍ਹਾਂ ਨੂੰ  ਰਵਾਇਤੀ ਪਾਰਟੀਆਂ ਨੇ ਹੋਰ ਡੂੰਘਾ ਕੀਤਾ ਹੈ , ਭਿ੍ਸ਼ਟ ਨੀਤੀਆਂ ਅਪਨਾ ਕੇ। ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇਸ ਲਈ ਸਾਢੇ ਚਾਰ ਸਾਲ ਤੱਕ ਠੰਢੇ ਬਸਤੇ 'ਚ ਪਏ ਸੂਬੇ ਦੇ ਅਹਿਮ ਮਸਲੇ ਫਿਰ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਉਭਾਰੇ  ਜਾ ਰਹੇ ਹਨ। ਪਰ  ਲੋਕ ਸਿਆਸੀ ਪਾਰਟੀਆਂ ਤੋਂ ਬੇਹੱਦ ਨਿਰਾਸ਼ ਹਨ । ਬੇਰੁਜ਼ਗਾਰੀ ਤੇ ਨਸ਼ਿਆਂ ਦਾ ਸੰਕਟ ਪੰਜਾਬ ਸਿਰ ਮੰਡਰਾ ਰਿਹਾ ਹੈ। ਪਹਿਲਾਂ ਪੰਜਾਬ 'ਚ ਰੋਜ਼ਾਨਾ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆਉਂਦੀਆਂ ਸਨ ਪਰ ਹੁਣ ਇਸ ਦੇ ਨਾਲ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਤੇ ਕਰੋਨਾ ਯੁਗ ਵਿਚ ਬੇਰੁਜ਼ਗਾਰੀ ਦੇ ਸੰਕਟ ਕਾਰਣ ਨੌਜਵਾਨਾਂ ਦੀਆਂ ਮੌਤਾਂ ਤੇ ਆਤਮ ਹਤਿਆਵਾਂਂ ਬਾਰੇ ਖਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। 

ਲੰਘੇ ਸਮੇਂ 'ਚ ਅੰਮ੍ਰਿਤਸਰ, ਖੰਨਾ, ਪਟਿਆਲਾ ਸਮੇਤ ਕਈ ਥਾਵਾਂ ਤੋਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਤੇ ਹੋਰ ਨਸ਼ਿਆਂ ਦੀਆਂ ਖੇਪਾਂ ਫੜੀਆਂ ਗਈਆਂ। ਇਨ੍ਹਾਂ 'ਚ ਸੱਤਾ ਧਿਰ ਦੇ ਆਗੂਆਂ, ਪੁਲਿਸ ਅਧਿਕਾਰੀਆਂ ਤੇ ਹੋਰ ਸਿਆਸੀ ਆਗੂਆਂ ਦੀ ਸ਼ਮੂਲੀਅਤ ਦੇ ਖੁਲਾਸੇ ਹੋਏ ਪਰ ਇਨ੍ਹਾਂ 'ਤੇ ਕਾਰਵਾਈ ਲੋਕਾਂ ਦੀਆਂ ਅੱਖਾਂ 'ਚ ਧੂੜ ਝੋਕਣ ਦੇ ਬਰਾਬਰ ਹੋਈ। ਨਕਲੀ ਸ਼ਰਾਬ ਦੀਆਂ ਖੇਪਾਂ ਧੜੱਲੇ ਨਾਲ ਫੜੀਆਂ ਜਾ ਰਹੀਆਂ ਹਨ ਪਰ ਨਸ਼ੇ ਦੇ ਪ੍ਰਚਲਣ 'ਤੇ ਰੋਕ ਨਹੀਂ ਲੱਗ ਰਹੀ। ਕੇਵਲ ਹਾਸ਼ੀਏ 'ਤੇ ਧੱਕੇ ਲੋਕਾਂ ਨੂੰ ਜੇਲ੍ਹਾਂ 'ਚ ਡੱਕ ਕੇ ਕਾਰਵਾਈ ਰੂਪੀ ਖਾਨਾਪੂਰਤੀ ਕੀਤੀ ਜਾਂਦੀ ਹੈ । 38 ਫ਼ੀਸਦੀ ਅਪਰਾਧਕ ਦਰ ਨਾਲ ਪੰਜਾਬ ਨਸ਼ਿਆਂ ਦੇ ਮਾਮਲੇ 'ਚ ਮਹਾਰਾਸ਼ਟਰ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਸਰਕਾਰੀ ਸਰਪ੍ਰਸਤੀ ਬਿਨਾਂ ਨਸ਼ੇ ਦਾ ਕਾਰੋਬਾਰ ਨਹੀਂ ਚੱਲ ਸਕਦਾ। ਇਸ ਕਾਰਣ ਮਾਪੇ ਬੱਚਿਆਂ ਦੇ ਭਵਿੱਖ ਪ੍ਰਤੀ ਚਿੰਤਤ ਹਨ। ਉਹ ਹਰ ਹੀਲਾ ਵਰਤ ਕੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਲਈ ਸਰਗਰਮ ਹਨ।  7.4 ਫ਼ੀਸਦੀ ਦਰ ਨਾਲ ਪੰਜਾਬ ਦਾ ਬੇਰੁਜ਼ਗਾਰੀ ਪੱਖੋਂ 5ਵਾਂ ਸਥਾਨ ਹੈ। ਜਦ ਕਿ 2018 'ਚ ਰਾਸ਼ਟਰੀ ਦਰ 5.8 ਫ਼ੀਸਦੀ ਸੀ। ਕੈਪਟਨ ਸਰਕਾਰ ਦੀ 'ਘਰ-ਘਰ ਰੁਜ਼ਗਾਰ' ਮੁੁਹਿੰਮ ਵੋਟਾਂ ਹਾਸਲ ਕਰਨ 'ਚ ਪੂਰੀ ਤਰ੍ਹਾਂ ਸਫਲ ਰਹੀ ਪਰ ਰੁਜ਼ਗਾਰ ਪੱਖੋਂ ਢੋਲ ਦੇ ਅੰਦਰ ਪੋਲ ਸਾਬਤ ਹੋਈ। ਬੀ.ਐਡ., ਟੈੱਟ ਪਾਸ ਸਰਕਾਰ ਤੋਂ ਨੌਕਰੀਆਂ ਦੀ ਮੰਗ ਕਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ 'ਤੇ ਹਰ ਵਾਰ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਜਾਂਦਾ ਹੈ। ਕਿਸਾਨ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਸੂਬੇ ਦਾ ਗੰਭੀਰ ਆਰਥਿਕ ਸੰਕਟ ਨੂੰ ਦਰਸਾ ਰਹੀਆਂ ਹਨ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਸਰਵੇ ਮੁਤਾਬਿਕ 2018 ਤੱਕ 9300 ਕਿਸਾਨਾਂ ਤੇ 7300 ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ, ਜਿਨ੍ਹਾਂ 'ਚੋਂ 88 ਫ਼ੀਸਦੀ ਕਰਜ਼ੇ ਕਾਰਨ ਸਨ।

ਕਿਸਾਨਾਂ ਸਿਰ ਇਕ ਲੱਖ ਕਰੋੜ ਦਾ ਕਰਜ਼ਾ ਹੈ ਜੋ ਇਕ ਕਿਸਾਨ ਦੇ ਹਿੱਸੇ 10 ਲੱਖ ਆਉਂਦਾ ਹੈ। ਇਸ ਪਹਾੜ ਜਿੰਨੇ ਕਰਜ਼ੇ ਲਈ ਬੈਂਕ ਵੀ ਜ਼ਿੰਮੇਵਾਰ ਹਨ। ਜਿਹੜੇ ਖੇਤੀ ਲਈ ਲੋੜੀਂਦੇ ਟਰੈਕਟਰ 'ਤੇ ਤਾਂ 13 ਫ਼ੀਸਦੀ ਵਿਆਜ ਲੈਂਦੇ ਹਨ ਜਦ ਕਿ ਲਗਜ਼ਰੀ ਗੱਡੀਆਂ 'ਤੇ 4 ਫ਼ੀਸਦੀ। ਸੂਬਾ ਸਰਕਾਰ ਭਾਵੇਂ 5.83 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਚੁੱਕੀ ਹੈ ਜੋ 4,624 ਕਰੋੜ ਬਣਦਾ ਹੈ ਪਰ ਖ਼ੁਦਕੁਸ਼ੀਆਂ ਨਹੀਂ ਰੁਕ ਰਹੀਆਂ। ਅਸਲ 'ਚ ਖੇਤਾਂ ਦਾ ਆਕਾਰ ਘਟ ਰਿਹਾ ਹੈ। ਫ਼ਸਲਾਂ 'ਤੇ ਲਾਗਤ ਵਧ ਗਈ ਹੈ। ਖੇਤੀ ਨਾਲ ਸਹਾਇਕ ਧੰਦੇ ਫੇਲ੍ਹ ਹੋ ਰਹੇ ਹਨ। ਮਿਲਾਵਟਖੋਰੀ ਨੇ ਕਿਸਾਨਾਂ ਨੂੰ ਡੇਅਰੀ ਦੇ ਧੰਦੇ ਤੋਂ ਪਾਸਾ ਵੱਟਣ ਲਈ ਮਜਬੂਰ ਕੀਤਾ ਹੈ। ਨਵੀਆਂ ਤੇ ਬਦਲਵੀਆਂ ਫ਼ਸਲਾਂ ਦੇ ਮੰਡੀਕਰਨ ਦਾ ਕੋਈ ਪ੍ਰਬੰਧ ਨਹੀਂ। ਖੇਤੀ ਆਧਾਰਿਤ ਸਨਅਤਾਂ ਟੈਕਸਾਂ ਦੇ ਬੋਝ ਹੇਠ ਦਮ ਤੋੜ ਰਹੀਆਂ ਹਨ। 8 ਸਾਲਾਂ 'ਚ 18,700 ਉਦਯੋਗਿਕ ਇਕਾਈਆਂ ਬੰਦ ਹੋਈਆਂ ਹਨ। ਇਨ੍ਹਾਂ 'ਚ ਲੱਗੇ ਕਾਮਿਆਂ ਦੇ ਰੁਜ਼ਗਾਰ ਚਲੇ ਗਏ। ਝੋਨੇ-ਕਣਕ ਦਾ ਫ਼ਸਲੀ ਚੱਕਰ ਕਿਸਾਨਾਂ ਲਈ ਲਾਭ ਦਾ ਕਿੱਤਾ ਨਹੀਂ ਪਰ ਸਵੈ-ਰੁਜ਼ਗਾਰਾਂ ਤੇ ਹੋਰ ਧੰਦਿਆਂ ਦੀ ਘਾਟ ਕਿਸਾਨਾਂ ਨੂੰ ਫ਼ਸਲੀ ਚੱਕਰ ਵੱਲ ਖਿੱਚ ਰਹੀ ਹੈ।  ਪੰਜਾਬ 'ਚ ਰੇਤ ਮਾਫ਼ੀਆ ਖੂਬ ਕਮਾਈ ਕਰ ਰਿਹਾ ਹੈ।  ਪ੍ਰਦੂਸ਼ਣ ਨਦੀਆਂ ,ਨਾਲੇ ਸਨਅਤੀ ਖੇਤਰ ਦਾ ਗੰਦਾ ਪਾਣੀ ਪੈਣ ਕਾਰਣ ਖੇਤੀ ਤੇ ਪਾਣੀ ਨੂੰ ਜਹਿਰੀਲਾ ਬਣਾ ਰਹੇ ਹਨ।ਪੰਜਾਬੀ ਇਸ ਕਾਰਣ ਗੰਭੀਰ ਰੋਗਾਂ ਕੈਂਸਰ , ਕਿਡਨੀ ,ਸ਼ੂਗਰ ਰੋਗਾਂ ਦੇ ਸ਼ਿਕਾਰ ਹਨ।ਪੰਜਾਬ ਦੇ ਅਣਸੁਲਝੇ ਮਸਲਿਆਂ ਨੂੰ ਹੱਲ ਕਰਨ 'ਚ ਸਿਆਸੀ ਪਾਰਟੀਆਂ ਇਸ ਲਈ ਨਾਕਾਮ ਹਨ, ਕਿਉਂਕਿ ਇਹ ਮਸਲੇ ਕੁਰਸੀ ਤੱਕ ਪੁੱਜਣ ਲਈ ਪੌੜੀਆਂ ਬਣਦੇ ਹਨ।