ਮਾਸਟਰ ਤਾਰਾ ਸਿੰਘ ਭਾਰਤ ਰਤਨ ਦੇ ਹਕ਼ਦਾਰ, ਜਲਦ ਦਿੱਤਾ ਜਾਏ ਸਨਮਾਨ: ਸਾਹਨੀ

ਮਾਸਟਰ ਤਾਰਾ ਸਿੰਘ ਭਾਰਤ ਰਤਨ ਦੇ ਹਕ਼ਦਾਰ, ਜਲਦ ਦਿੱਤਾ ਜਾਏ ਸਨਮਾਨ: ਸਾਹਨੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 8 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿੱਚ ਮੰਗ ਕੀਤੀ ਹੈ ਕਿ ਮਾਸਟਰ ਤਾਰਾ ਸਿੰਘ ਵੱਲੋਂ ਪੰਜਾਬ ਨੂੰ ਭਾਰਤ ਨਾਲ ਜੋੜਨ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ।

ਸ੍ਰ. ਸਾਹਨੀ ਨੇ ਕਿਹਾ ਕਿ ਉਹ ਮਾਸਟਰ ਤਾਰਾ ਸਿੰਘ ਹੀ ਸਨ ਜਿਨ੍ਹਾਂ ਨੇ ਜਿਨਾਹ ਦੀ ਤਜਵੀਜ਼ ਨੂੰ ਠੁਕਰਾ ਦਿੱਤਾ ਅਤੇ ਫੈਸਲਾ ਕੀਤਾ ਕਿ ਪੰਜਾਬ ਅਤੇ ਸਿੱਖ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਨ। ਸ੍ਰ. ਸਾਹਨੀ ਨੇ ਇਹ ਵੀ ਕਿਹਾ ਕਿ ਜੇਕਰ ਇਹ ਫੈਸਲਾ ਨਾ ਲਿਆ ਗਿਆ ਹੁੰਦਾ ਤਾਂ ਪਾਕਿਸਤਾਨ ਦੀ ਸਰਹੱਦ ਗੁੜਗਾਉਂ ਤੱਕ ਹੁੰਦੀ ਨਾ ਕਿ ਅਟਾਰੀ।

ਸ੍ਰ. ਸਾਹਨੀ ਨੇ ਇਹ ਵੀ ਦੱਸਿਆ ਕਿ ਕਿਵੇਂ ਵੰਡ ਦੌਰਾਨ ਸਿੱਖਾਂ ਨੇ ਦੁੱਖੜੇ ਝੱਲੇ, ਜਿਸ ਦੌਰਾਨ 5 ਲੱਖ ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਲੱਖਾਂ ਪੰਜਾਬੀਆਂ ਨੂੰ ਉਜਾੜੇ ਦਾ ਦੁੱਖ ਸਹਿਣਾ ਪਿਆ ਅਤੇ ਨਾਲ ਹੀ ਆਪਣੀ ਉਪਜਾਊ ਜ਼ਮੀਨ ਅਤੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਵਾਲੇ ਪਵਿੱਤਰ ਅਸਥਾਨ ਨੂੰ ਪਾਕਸਤਾਨ ਵਿਚ ਛੱਡ ਕੇ ਉਥੋਂ ਨਿਕਲਣਾ ਪਿਆ।

ਸ੍ਰ. ਸਾਹਨੀ ਨੇ ਅੱਗੋਂ ਕਿ ਸਿੱਖ ਭਾਰਤ ਦੇ ਸਭ ਤੋਂ ਵੱਧ ਦੇਸ਼ ਭਗਤ ਨਾਗਰਿਕ ਹਨ ਅਤੇ ਉਹਨਾ ਨੇ ਇਸ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਹੁਣ ਵੀ ਕਰ ਰਹੇ ਹਨ।