ਮੋਢੇ ਸਲੀਬ ਰੱਖੀਂ (ਕਵਿਤਾ)

ਮੋਢੇ ਸਲੀਬ ਰੱਖੀਂ (ਕਵਿਤਾ)

               ਲੇਖਕ - ਹਰਦੇਵ ਸਿੰਘ 

 

ਕੰਡਿਆਂ ਨੂੰ ਨਫ਼ਰਤਾਂ ਦੀ

ਕਰਦਾ ਨਹੀਂ ਸਿਫਾਰਸ਼,

ਫੁੱਲਾਂ ਜਏ ਲੋਕ ਆਪਣੇ

ਦਿਲ ਦੇ ਕਰੀਬ ਰੱਖੀਂ। 

ਸਫ਼ਿਆਂ ਨੇ ਹੋਰ ਕੇੜ੍ਹੇ

ਰੁਤਬੇ ਦਾ ਮਾਣ ਕਰਨੈ,

ਅੱਖਰਾਂ ਨੂੰ ਵਾਹੁਣ ਲੱਗਿਆਂ

ਪੋਟੇ ਤਹਜ਼ੀਬ ਰੱਖੀਂ। 

ਕੁਫਰਾਂ ਦੇ ਕਾਫਲੇ ਤੋਂ

ਹਰਗਿਜ਼ ਉਜਾੜ ਚੰਗੀ,

ਸੁੱਚੀ ਜੁਬਾਨ ਵਾਲੇ

ਆਪਣੇ ਰਕੀਬ ਰੱਖੀਂ। 

ਜਿਤਾਂ ਦੀ ਦੌੜ ਪਿੱਛੇ

ਢਹਿੰਦਾ ਏ ਹਰ ਸਿਕੰਦਰ,

ਹਾਰਾਂ 'ਚੋ ਉਸਰਨੇ ਲਈ

ਡਾਡੇ ਨਸੀਬ ਰੱਖੀਂ। 

ਬੇਅਦਬ ਆਲਿਮਾਂ ਤੋਂ

ਅਦਬੀ ਜਨੌਰ ਚੰਗੇ,

ਦੁਸ਼ਮਨ 'ਤੇ ਜ਼ੋਰ ਹੈ ਨੀਂ

ਦੋਸਤ ਅਦੀਬ ਰੱਖੀਂ। 

ਰੂਹਾਂ ਦੀ ਆਸ਼ਕੀ ਦਾ

ਇੱਕੋ ਉਸੂਲ ਮੁਢ ਤੋਂ,

ਤੁਰਨੈ ਜੇ ਰਾਹੇ ਰਹਿਬਰ

ਮੋਢੇ ਸਲੀਬ ਰੱਖੀਂ।