ਮਹਾਰਾਸ਼ਟਰ ਵਿਖੇ ਸਿੱਖ ਬੱਚਿਆਂ ਦੀ ਮੌਬਲਿੰਚਗ ਨੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਝੰਜੋੜਿਆ: ਸਰਨਾ

ਮਹਾਰਾਸ਼ਟਰ ਵਿਖੇ ਸਿੱਖ ਬੱਚਿਆਂ ਦੀ ਮੌਬਲਿੰਚਗ ਨੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਝੰਜੋੜਿਆ: ਸਰਨਾ
ਸਿੱਖਾਂ ਖ਼ਿਲਾਫ਼ ਅਜਿਹੇ ਕਾਰੇ ਰੋਜ਼ ਮਰਾ ਦੇ ਕਾਰੇ ਬਣ ਗਏ ਹਨ, ਪਰ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ
ਅੰਮ੍ਰਿਤਸਰ ਟਾਈਮਜ਼ ਬਿਊਰੋ 
 
ਨਵੀਂ ਦਿੱਲੀ 1 ਜੂਨ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈੰਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਨੂੰ ਜਾਰੀ ਬਿਆਨ ਰਾਹੀ ਕਿਹਾ ਕਿ ਬੀਤੇ ਦਿਨੀਂ ਜੋ ਮਹਾਰਾਸ਼ਟਰ ਵਿਖੇ ਸਿੱਖ ਬੱਚਿਆਂ ਦੀ ਮੌਬਲਿੰਚਗ ਕੀਤੀ ਗਈ ਅਤੇ ਜਿਸ ਵਿੱਚ ਸਾਡੇ ਇਕ ਬੱਚੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਕੁਝ ਜ਼ਖਮੀ ਹਨ । ਇਸ ਘਟਨਾ ਨੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਝੰਜੋੜਿਆ ਹੈ । ਭਾਰਤ ਵਿੱਚ ਭੀੜਾਂ ਵੱਲੋਂ ਖਾਸ ਕਰਕੇ ਉਥੇ ਵਸਦੇ ਘੱਟ ਗਿਣਤੀਆਂ ਖ਼ਿਲਾਫ਼ ਅਜਿਹੇ ਕਾਰੇ ਰੋਜ਼ ਮਰਾ ਦੇ ਕਾਰੇ ਬਣ ਗਏ ਹਨ। ਪਰ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ । 
ਕੁੱਲ ਦੁਨੀਆਂ ਵਿੱਚ ਵੱਸਦੇ ਸਿੱਖ ਪੰਜਾਬ ਨੂੰ ਆਪਣਾ ਪੇਕਾ ਘਰ ਮੰਨਦੇ ਹਨ । ਭਾਰਤ ਵਿੱਚ ਅਤੇ ਦੁਨੀਆਂ ਵਿੱਚ ਜਦੋਂ ਕਿਤੇ ਵੀ ਸਿੱਖਾਂ ਨੂੰ ਕੋਈ ਔਕੜ ਆਉੰਦੀ ਹੈ ਜਾਂ ਸਿੱਖ ਖ਼ਿਲਾਫ਼ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ ਤਾਂ ਪੰਜਾਬ ਸਰਕਾਰ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ ਸਮੇਂ ਸਮੇਂ ਤੇ ਇਸ ਸੰਬੰਧੀ ਆਵਾਜ ਬੁਲੰਦ ਕੀਤੀ ਹੈ ।
ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਸ ਮਸਲੇ ਤੇ ਮੂੰਹ ਤੱਕ ਨਾ ਖੋਲਣਾ ਸਾਬਤ ਕਰਦਾ ਹੈ ਕਿ ਉਹ ਸਰਕਾਰ ਸਿੱਖਾਂ ਨਾਲ ਢਿੱਡੋਂ ਨਫ਼ਰਤ ਰੱਖਦੀ ਹੈ ਅਤੇ ਪੰਜਾਬੀਆਂ ਦੇ ਮਸਲਿਆਂ ਨਾਲ ਇਸਨੂੰ ਕੋਈ ਲਾਗਾ ਤੇਗਾ ਨਹੀਂ । ਇਹ ਸਿਰਫ਼ ਪੰਜਾਬ ਨੂੰ ਹੋਰਨਾਂ ਸੂਬਿਆਂ ‘ਚ ਆਪਣੀ ਪਾਰਟੀ ਦੇ ਪ੍ਰਸਾਰ ਲਈ ਇਕ ਪੌੜੀ ਵਜੋਂ ਵਰਤ ਰਹੇ ਹਨ । ਜਿਸ ਲਈ ਪੰਜਾਬ ਦਾ ਬੇਸ਼ਕੀਮਤੀ ਸਰਮਾਇਆ ਬਰਬਾਦ ਕੀਤਾ ਜਾ ਰਿਹਾ ਹੈ । 
ਸ ਪਰਮਜੀਤ ਸਿੰਘ ਨੇ ਆਖਿਆ ਕਿ ਅਜੀਤ ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਸ.ਬਰਜਿੰਦਰ ਸਿੰਘ ਹਮਦਰਦ ਦੇ ਹੱਕ ‘ਚ ਬਿਆਨ ਦੇਣ ਤੇ ਕੈਬਨਿਟ ਦੇ ਸਿੱਖ ਚਿਹਰੇ ਸ.ਇੰਦਰਬੀਰ ਸਿੰਘ ਨਿੱਝਰ ਦਾ ਕੈਬਨਿਟ ਮੰਤਰੀ ਵਜੋਂ ਕੁਝ ਘੰਟਿਆਂ ਵਿੱਚ ਅਸਤੀਫ਼ਾ ਲੈਣ ਵਾਲੀ ਇਹ ਤਾਨਾਸ਼ਾਹ ਬਿਰਤੀ ਵਾਲੀ ਸਰਕਾਰ ਵਲੋੰ ਏਨੇ ਦਿਨ ਬੀਤ ਜਾਣ ਦੇ ਬਾਵਜੂਦ ਇਸ ਮਸਲੇ ਬਾਰੇ ਮਹਾਰਾਸ਼ਟਰ ਸਰਕਾਰ ਨਾਲ ਗੱਲ ਕਰਨਾ ਤਾਂ ਦੂਰ ਦੀ ਗੱਲ ਕੋਈ ਬਿਆਨ ਤੱਕ ਨਹੀਂ ਦਿੱਤਾ ਗਿਆ । ਜੋ ਸਾਬਤ ਕਰਦਾ ਹੈ ਕਿ ਇਹ ਸਰਕਾਰ ਸਿੱਖ ਵਿਰੋਧੀ ਮਾਨਸਿਕਤਾ ਨਾਲ ਨੱਕੋਂ ਨੱਕ ਭਰੀ ਹੋਈ ਹੈ ।