ਇਨਸਾਫ ਲਈ ਭਲਵਾਨਾਂ ਦਾ ਸੰਘਰਸ਼

ਇਨਸਾਫ ਲਈ ਭਲਵਾਨਾਂ ਦਾ ਸੰਘਰਸ਼

ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਇਸ ਮੁਲਕ ਲਈ ਕਈ ਤਗਮੇ ਜਿੱਤਣ ਵਾਲੇ ਸਾਰੇ ਵੱਡੇ ਭਲਵਾਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਖਿਡਾਰਨਾਂ 'ਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ਾਂ ਨੂੰ ਲੈ ਕੇ ਇਨਸਾਫ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਹਰ ਤਰ੍ਹਾਂ ਦਾ ਇਨਸਾਫ ਪਸੰਦ ਵਿਅਕਤੀ/ਸੰਸਥਾ ਇਹਨਾਂ ਭਲਵਾਨਾਂ ਦੇ ਹੱਕ ਵਿੱਚ ਆ ਰਿਹਾ ਹੈ। ਪਿਛਲੇ ਕਰੀਬ ਮਹੀਨੇ ਦੇ ਵੱਧ ਸਮੇਂ ਤੋਂ ਉਹ ਜੰਤਰ-ਮੰਤਰ ’ਤੇ ਇਨਸਾਫ਼ ਲਈ ਧਰਨੇ ’ਤੇ ਬੈਠੇ ਸਨ ਜਿਨ੍ਹਾਂ ਦਾ ਧਰਨਾ ਲੰਘੇ ਦਿਨੀਂ ਜਬਰੀ ਚੁਕਵਾ ਦਿੱਤਾ ਗਿਆ ਹੈ। ਇਨਸਾਫ਼ ਦੇਣ ਦੀ ਬਜਾਇ ਕੇਂਦਰ ਸਰਕਾਰ ਉਨ੍ਹਾਂ ’ਤੇ ਤਸ਼ੱਦਦ ਦੇ ਰਾਹ ਪੈ ਗਈ ਹੈ। ਇਹ ਸਭ ਇਸ ਲੋਕਤਾਂਤਰਿਕ ਮੁਲਕ ਵਿੱਚ ਉਸ ਦਿਨ ਵਾਪਰਿਆ ਜਿਸ ਇਤਿਹਾਸਕ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। 28 ਮਈ ਨੂੰ ਉਨ੍ਹਾਂ ਦੇ ਤੰਬੂ ਪੁਲਸ ਨੇ ਪੱਟ ਦਿੱਤੇ ਅਤੇ ਭਲਵਾਨਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲੀਸ ਨੇ ਜਬਰੀ ਹਿਰਾਸਤ ਵਿਚ ਵੀ ਲਿਆ,ਇਨ੍ਹਾਂ ਭਲਵਾਨਾਂ ਨੂੰ ਹਾਲਾਂਕਿ ਮਗਰੋਂ ਛੱਡ ਦਿੱਤਾ ਗਿਆ, ਪਰ ਦਿੱਲੀ ਪੁਲੀਸ ਨੇ ਐਤਵਾਰ ਦੇਰ ਰਾਤ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਸਣੇ ਹੋਰਨਾਂ ਪ੍ਰਦਰਸ਼ਨਕਾਰੀਆਂ ਖਿਲਾਫ਼ ਦੰਗੇ ਤੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ’ਚ ਵਿਘਨ ਪਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਹ ਸਭ ਉਦੋਂ ਵਾਪਰਿਆ ਜਦੋਂ ਐਤਵਾਰ ਨੂੰ ਪ੍ਰਦਰਸ਼ਨਕਾਰੀ ਭਲਵਾਨ ਅਤੇ ਉਹਨਾਂ ਦੇ ਸਮਰਥਕ ਨਵੀਂ ਸੰਸਦ ਵੱਲ ਵਧ ਰਹੇ ਸਨ। ਕੀ ਇਹ ਸਭ ਕਰਕੇ ਸਰਕਾਰ ਇਹ ਸੰਕੇਤ ਨਹੀਂ ਰਹੀ ਕਿ ਉਹ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਸਿੰਘ ਜਿਸ ਉੱਤੇ ਜਿਣਸੀ ਸ਼ੋਸ਼ਣ ਦੇ ਦੋਸ਼ ਹਨ, ਉਸ ਦੇ ਨਾਲ ਖੜ੍ਹੀ ਹੈ ਅਤੇ ਧਰਨਾਕਾਰੀਆਂ ਨੂੰ ਨਜਿੱਠਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ? ਜਿਕਰਯੋਗ ਹੈ ਕਿ ਜਿਣਸੀ ਸ਼ੋਸ਼ਣ ਦੀਆਂ ਪੀੜਤ ਅਤੇ ਸ਼ਕਾਇਤ ਕਰਨ ਵਾਲੀਆਂ ਕੁੜੀਆਂ ਵਿਚ ਇਕ ਬਾਲਗ ਨਹੀਂ ਹੈ। ਇਨ੍ਹਾਂ ਦੀ ਸ਼ਿਕਾਇਤ ’ਤੇ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਕੇਸ ਦਰਜ ਹੋਇਆ ਹੈ। ਵਿਰੋਧ ਕਰ ਰਹੇ ਭਲਵਾਨਾਂ ਨੇ ਬ੍ਰਿਜ ਭੂਸ਼ਣ ਸਰਨ ਸਿੰਘ ਦੇ ਅਪਰਾਧਿਕ ਰਿਕਾਰਡ ਦਾ ਪੋਸਟਰ ਵੀ ਜਾਰੀ ਕੀਤਾ ਹੈ, ਜਿਸ ਵਿਚ ਉਸ ਖਿਲਾਫ 38 ਧਾਰਾਵਾਂ ਵਿਚ ਦਰਜ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ।

ਉੱਤਰ ਪ੍ਰਦੇਸ਼ ਦੇ ਕੈਸਰਗੰਜ ਤੋਂ ਬੀਜੇਪੀ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ 2011 ਤੋਂ ਡਬਲਯੂਐਫਆਈ ਦੇ ਪ੍ਰਧਾਨ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਗੋਂਡਾ, ਕੈਸਰਗੰਜ ਅਤੇ ਬਲਰਾਮਪੁਰ ਦੇ ਹਲਕਿਆਂ ਦੀ ਨੁਮਾਇੰਦਗੀ ਕਰਦਿਆਂ ਛੇ ਵਾਰ ਸੰਸਦ ਮੈਂਬਰ ਰਹੇ ਹਨ। 1980 ਦੇ ਦਹਾਕੇ ਵਿੱਚ ਵਿਦਿਆਰਥੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਆਪਣੀ ਜਵਾਨੀ ਵਿੱਚ ਇੱਕ ਭਲਵਾਨ ਸਨ। ਅਯੁੱਧਿਆ ਵਿੱਚ ਰਾਮ ਮੰਦਿਰ ਅੰਦੋਲਨ ਦੇ ਦੌਰਾਨ ਪ੍ਰਸਿੱਧੀ ਮਿਲਣੀ ਸ਼ੁਰੂ ਹੋਈ। ਉਨ੍ਹਾਂ ਨੇ ਪਹਿਲੀ ਵਾਰ 1991 ਵਿੱਚ 10ਵੀਂ ਲੋਕ ਸਭਾ ਲਈ ਚੋਣ ਲੜੀ ਸੀ। ਉਹ ਪੰਜ ਵਾਰ 1999, 2004, 2009, 2014 ਅਤੇ 2019 ਲੋਕ ਸਭਾ ਲਈ ਦੁਬਾਰਾ ਚੁਣੇ ਗਏ। ਸਮਾਜਵਾਦੀ ਪਾਰਟੀ ਦੇ ਨਾਲ ਆਪਣੇ ਸੰਖੇਪ ਕਾਰਜਕਾਲ ਦੌਰਾਨ ਉਨ੍ਹਾਂ ਨੇ ਜਿੱਤੇ ਹਾਸਿਲ ਕੀਤੀ। ਉਹ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸੀ ਅਤੇ 2014 ਅਤੇ 2019 ਵਿੱਚ ਲੋਕ ਸਭਾ ਲਈ ਚੁਣੇ ਗਏ। ਬ੍ਰਿਜਭੂਸ਼ਣ ਸ਼ਰਨ ਸਿੰਘ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਦੋਸ਼ੀ ਸਨ, ਪਰ ਬਾਅਦ ਵਿਚ ਅਦਾਲਤ ਨੇ ਬਰੀ ਕਰ ਦਿੱਤਾ ਸੀ। ਬ੍ਰਿਜ ਭੂਸ਼ਣ ਖਿਲਾਫ ਪਿਛਲੇ ਕੁਝ ਸਾਲਾਂ 'ਚ ਕਈ ਗੰਭੀਰ ਮਾਮਲੇ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚ ਕਤਲ ਤੋਂ ਲੈ ਕੇ ਅੰਡਰਵਰਲਡ ਲਿੰਕਸ, ਗੁੰਡਾ ਐਕਟ, ਗੈਂਗਸਟਰ ਐਕਟ ਤੱਕ ਦੀਆਂ ਧਾਰਾਵਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਵਿੱਚ ਉਹ ਬਰੀ ਹੋ ਚੁੱਕੇ ਹਨ।

28 ਮਈ ਦੇ ਤਸ਼ੱਦਦ ਤੋਂ ਬਾਅਦ ਭਲਵਾਨਾਂ ਨੇ ਕੇਂਦਰ ਸਰਕਾਰ ਤੋਂ ਨਿਰਾਸ਼ ਹੋ ਕੇ ਹਰਿਦੁਆਰ ਵਿਖੇ ਗੰਗਾ ’ਚ ਆਪਣੇ ਸਾਰੇ ਕੌਮਾਂਤਰੀ ਤੇ ਓਲੰਪਿਕ ਤਗਮਿਆਂ ਨੂੰ ਸੁੱਟਣ ਦਾ ਐਲਾਨ ਕੀਤਾ। ਭਲਵਾਨਾਂ ਨੇ ਕਿਹਾ ਕਿ ਤਗਮੇ ਉਨ੍ਹਾਂ ਦੀ ਜਾਨ ਤੇ ਆਤਮਾ ਹਨ ਤੇ ਇਨ੍ਹਾਂ ਤੋਂ ਬਗੈਰ ਜ਼ਿੰਦਗੀ ਕੁੱਝ ਵੀ ਨਹੀਂ। ਇਸ ਲਈ ਤਗਮੇ ਗੰਗਾ ਵਿੱਚ ਸੁੱਟਣ ਬਾਅਦ ਉਹ ਇੰਡੀਆ ਗੇਟ 'ਤੇ ਮਰਨ ਵਰਤ ’ਤੇ ਬੈਠਣਗੇ ਤੇ ਉਥੇ ਹੀ ਆਪਣੇ ਪ੍ਰਾਣ ਤਿਆਗ ਦੇਣਗੇ। ਜਿਕਰਯੋਗ ਹੈ ਕਿ ਭਲਵਾਨਾਂ ਨੇ ਇਹ ਵੀ ਕਿਹਾ ਕਿ ਇਸ ਮੁਲਕ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ ਜਿਸ ਕਰਕੇ ਅਸੀਂ ਇਹ ਤਗਮੇ ਓਹਨਾ ਨੂੰ ਵਾਪਸ ਕਰਨ ਦੀ ਥਾਂ ਗੰਗਾ ਵਿੱਚ ਸੁੱਟਣਾ ਠੀਕ ਸਮਝਦੇ ਹਾਂ। ਇਹ ਗੱਲ ਆਪਣੇ ਆਪ ਵਿੱਚ ਬਹੁਤ ਮਾਇਨੇ ਰੱਖਦੀ ਹੈ। ਫਿਲਹਾਲ ਭਲਵਾਨਾਂ ਨੂੰ ਤਗਮੇ ਗੰਗਾ ਵਿੱਚ ਸੁੱਟਣ ਤੋਂ ਰੋਕ ਲਿਆ ਗਿਆ। 

ਜੇਕਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭਲਵਾਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਤਤਪਰ ਹੁੰਦੀ ਤਾਂ ਐਤਵਾਰ ਵਾਲੀ ਮੰਦੀ ਘਟਨਾ ਨਾ ਵਾਪਰਦੀ। ਜੇਕਰ ਜਾਣੀਆਂ ਪਛਾਣੀਆਂ ਖਿਡਾਰਨਾਂ ਦੀ ਗੱਲ ਇਸ ਮੁਲਕ ਵਿੱਚ ਨਹੀਂ ਸੁਣੀ ਜਾ ਰਹੀ ਤਾਂ ਆਮ ਔਰਤਾਂ ਲਈ ਆਪਣੀ ਗੱਲ ਸੁਣਾਉਣੀ ਕਿੰਨੀ ਮੁਸ਼ਕਿਲ ਹੋਵੇਗੀ? ਕੀ ਇਹ ਮੁਲਕ ਵਿੱਚ ਲੋਕਤੰਤਰ ਦਾ ਕੋਈ ਕਿਣਕਾ ਬਚਿਆ ਹੈ? ਲੋਕਤੰਤਰ ਕਹਾਉਂਦੇ ਇਸ ਮੁਲਕ ਵਿੱਚ ਲਗਾਤਾਰ ਆਮ ਲੋਕ ਸਰਕਾਰ ਦੇ ਤੰਤਰ ਦਾ ਸ਼ਿਕਾਰ ਹੋ ਰਹੇ ਹਨ। ਇਸ ਮੁਲਕ ਦੀ ਬੇਇਨਸਾਫੀ ਖਿਲਾਫ ਵੇਲੇ ਵੇਲੇ ਬਹੁਤ ਵਰਗਾਂ ਨੇ ਸੰਘਰਸ਼ ਕੀਤਾ ਹੈ ਅਤੇ ਅਜੇ ਵੀ ਕਰ ਰਹੇ ਹਨ ਪਰ ਉਹਨਾਂ ਨੂੰ ਇਹ ਕਹਿ ਕੇ ਵੱਖਰਾ ਕਰ ਦਿੱਤਾ ਜਾਂਦਾ ਰਿਹਾ ਕਿ ਇਹ ਇਸ ਮੁਲਕ ਨੂੰ ਤੋੜਨਾ ਚਾਹੁੰਦੇ ਹਨ ਪਰ ਹੁਣ ਤਾਂ ਇਸ ਮੁਲਕ ਤੋਂ ਇਨਸਾਫ ਲਈ ਉਹਨਾਂ ਲੋਕਾਂ ਨੂੰ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੇ ਇਸ ਮੁਲਕ ਲਈ ਤਗਮੇ ਜਿੱਤੇ ਹਨ। 

ਇਸ ਸਭ ਤੋਂ ਸਾਰੇ ਹੀ ਇਨਸਾਫ ਪਸੰਦਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿਸੇ ਦੀ ਵੀ ਵਾਰੀ ਕਦੋਂ ਵੀ ਆ ਸਕਦੀ ਹੈ, ਸਾਨੂੰ ਇੱਕ ਦੂਸਰੇ ਦੀ ਆਵਾਜ਼ ਬਣਨ ਅਤੇ ਨਾਲ ਖੜ੍ਹਨ ਦੇ ਅਮਲ ਵਿਚ ਪੈਣਾ ਚਾਹੀਦਾ ਹੈ। ਨਵਾਜ਼ ਦੇਵਬੰਦੀ ਦੇ ਮਸ਼ਹੂਰ ਸ਼ੇਅਰ ਨੂੰ ਮਹਿਸੂਸ ਕਰਨਾ ਚਾਹੀਦਾ ਹੈ “ਜਲਤੇ ਗਰ ਕੋ ਦੇਖਨੇ ਵਾਲੋਂ ਫੂਸ ਕਾ ਛੱਪਰ ਆਪ ਕਾ ਹੈ, ਆਗ ਕੇ ਪੀਛੇ ਤੇਜ ਹਵਾ ਹੈ ਆਗੇ ਮੁਕੱਦਰ ਆਪ ਕਾ ਹੈ, ਉਸ ਕੇ ਕਤਲ ਪੇ ਮੈਂ ਬੀ ਚੁਪ ਥਾ ਮੇਰਾ ਨੰਬਰ ਅਬ ਆਯਾ, ਮੇਰੇ ਕਤਲ ਪੇ ਆਪ ਬੀ ਚੁਪ ਹੈਂ ਅਗਲਾ ਨੰਬਰ ਆਪ ਕਾ ਹੈ।”

 

ਸੰਪਾਦਕ