ਭਾਰਤੀ ਮੂਲ ਦੇ ਵਿਅਕਤੀ ਉਪਰ ਬੰਦਰਗਾਹ 'ਤੇ ਵਰਕਰ ਨੂੰ ਗਾਲਾਂ ਕੱਢਣ ਤੇ ਮਾਰਨ ਦੀ ਧਮਕੀ ਦੇਣ ਦਾ ਦੋਸ਼

ਭਾਰਤੀ ਮੂਲ ਦੇ ਵਿਅਕਤੀ ਉਪਰ ਬੰਦਰਗਾਹ 'ਤੇ ਵਰਕਰ ਨੂੰ ਗਾਲਾਂ ਕੱਢਣ ਤੇ ਮਾਰਨ ਦੀ ਧਮਕੀ ਦੇਣ ਦਾ ਦੋਸ਼
ਕੈਪਸ਼ਨ ਸੈਨ ਡਇਏਗੋ ਬੰਦਰਗਾਹ 'ਤੇ ਵਾਪਰੀ ਘਟਨਾ ਦੀ ਜਾਰੀ ਵੀਡੀਓ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸੈਨ ਡਇਏਗੋ (ਕੈਲੀਫੋਰਨੀਆ) ਬੰਦਰਗਾਹ ਵਿਖੇ ਮੋਟਰ ਕਿਸ਼ਤੀ ਖੜੀ ਕਰਨ ਤੋਂ ਰੋਕਣ 'ਤੇ ਭਾਰਤੀ ਮੂਲ ਦੇ ਇਕ ਲੱਖਪਤੀ ਵਿਅਕਤੀ ਵੱਲੋਂ ਇਕ ਵਰਕਰ ਨੂੰ ਗਾਲਾਂ ਕੱਢਣ ਤੇ ਅਸ਼ਲੀਲ ਹਰਕਤਾਂ ਕਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਅਜੇ ਠਾਕਰ ਜੋ 45 ਲੱਖ ਡਾਲਰ ਦੇ ਮੁੱਲ ਵਾਲੀ ਲੈਂਬੋਰਘਿਨੀ ਮੋਟਰ ਕਿਸ਼ਤੀ ਦਾ ਮਾਲਕ ਹੈ, ਨੇ ਜਦੋਂ ਬੰਦਰਗਾਹ ਉਪਰ ਆਪਣੀ ਕਿਸ਼ਤੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਵਰਕਰ ਨੇ ਉਸ ਨੂੰ ਅਜਿਹਾ ਕਰਨ ਤੋਂ ਮਨਾਂ ਕਰ ਦਿੱਤਾ। ਇਸ 'ਤੇ ਉਹ ਭੜਕ ਉਠਿਆ ਤੇ ਉਸ ਨੇ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਵਾਇਰਲ ਹੋਈ ਵੀਡੀਓ ਵਿਚ ਅਜੇ ਠਾਕਰ ਵਰਕਰ ਨੂੰ ਮੰਦਾ ਚੰਗਾ ਬੋਲਦਾ ਹੋਇਆ ਨਜਰ ਆ ਰਿਹਾ ਹੈ ਤੇ ਉਸ ਵੱਲ ਅਸ਼ਲੀਲ ਹਰਕਤ ਵੀ ਕਰਦਾ ਹੋਇਆ ਵਿਖਾਈ ਦਿੰਦਾ ਹੈ। ਉਹ 21 ਸਾਲਾ ਵਰਕਰ ਨੂੰ ਮਾਰ ਦੇਣ ਦੀ ਧਮਕੀ ਵਾਰ ਵਾਰ ਦਿੰਦਾ ਹੈ। ਅਜੇ ਠਾਕਰ ਨੇ ਆਪਣੇ ਇੰਸਟਾਗਰਾਮ ਸਫੇ 'ਤੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਸ ਨੇ ਆਪਣੇ ਮੁਲਾਜ਼ਮ ਦੇ ਸਮਰਥਨ ਵਿਚ ਕਾਰਵਾਈ ਕੀਤੀ ਹੈ ਜਿਸ ਨੂੰ ਬੰਦਰਗਾਹ ਦੇ ਮੁਲਾਜ਼ਮ ਨੇ ਕਿਸ਼ਤੀ ਖੜੀ ਕਰਨ ਤੋਂ ਰੋਕਿਆ ਤੇ ਉਸ ਨੂੰ ਧਮਕੀ ਦਿੱਤੀ। ਮੈ ਇਸ ਲਈ ਮੁਆਫੀ ਨਹੀਂ ਮੰਗਾਂਗਾ।