ਅਦਾਲਤ ਵੱਲੋਂ ਵਿਦਿਆਰਥੀ ਦਾ ਪਿਤਾ ਦੋਸ਼ੀ ਕਰਾਰ, ਅਪਰੈਲ ਵਿਚ ਸੁਣਾਈ ਜਾਵੇਗੀ ਸਜ਼ਾ

ਅਦਾਲਤ ਵੱਲੋਂ ਵਿਦਿਆਰਥੀ ਦਾ ਪਿਤਾ ਦੋਸ਼ੀ ਕਰਾਰ, ਅਪਰੈਲ ਵਿਚ ਸੁਣਾਈ ਜਾਵੇਗੀ ਸਜ਼ਾ

ਅਮਰੀਕਾ ਦੇ ਸਕੂਲ ਵਿਚ ਵਿਦਿਆਰਥੀ ਵੱਲੋਂ ਕੀਤੀਆਂ 4 ਹੱਤਿਆਵਾਂ ਦਾ ਮਾਮਲਾ-

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਜੇਮਜ ਕਰੁੰਬਲੇ ਜੋ ਉਸ ਨਬਾਲਗ ਵਿਦਿਆਰਥੀ ਦਾ ਪਿਤਾ ਹੈ ਜਿਸ ਨੇ ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਆਕਸਫੋਰਡ ਹਾਈ ਸਕੂਲ ਵਿਚ 30 ਨਵੰਬਰ 2021 ਨੂੰ ਘਰੋਂ ਲਿਆਂਦੀ ਗੰਨ ਨਾਲ ਗੋਲੀਆਂ ਮਾਰ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ ਤੇ ਇਕ ਅਧਿਆਪਕ ਸਮੇਤ 6 ਹੋਰ ਵਿਦਿਆਰਥੀਆਂ ਨੂੰ ਜਖਮੀ ਕਰ ਦਿੱਤਾ ਸੀ, ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਦੀ ਖਬਰ ਹੈ।

ਕਰੁੰਬਲੇ ਨੂੰ 4 ਦੋਸ਼ਾਂ ਤਹਿਤ ਗੈਰ ਇਰਾਦਾ ਹੱਤਿਆਵਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ। ਇਕ ਮਹੀਨਾ ਪਹਿਲਾਂ ਅਦਾਲਤ ਨੇ ਵਿਦਿਆਰਥੀ ਦੀ ਮਾਂ ਜੈਨੀਫਰ ਕਰੁੰਬਲੇ ਨੂੰ ਵੀ ਇਨਾਂ ਦੋਸ਼ਾਂ ਤਹਿਤ ਹੀ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਆਪਣੀ ਬਹਿਸ ਮੁਕੰਮਲ ਕਰਦਿਆਂ ਸਰਕਾਰੀ ਵਕੀਲ ਨੇ ਕਿਹਾ ਕਿ ਜੇਮਜ ਕਰੁੰਬਲੇ ਦੀ ਸਿਰੇ ਦੀ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ ਸੀ ਜਿਸ ਨੇ ਹਮਲੇ ਤੋਂ ਇਕ ਦਿਨ ਪਹਿਲਾਂ ਆਪਣੇ ਪੁੱਤਰ ਨੂੰ 9 ਐਮ ਐਮ ਦੀ ਗੰਨ ਲਿਆ ਕੇ ਦਿੱਤੀ ਸੀ ਪਰੰਤੂ ਉਹ ਗੰਨ ਦੀ ਸੰਭਾਲ ਕਰਨ ਵਿਚ ਅਸਫਲ ਰਿਹਾ ਤੇ ਉਸ ਨੇ ਆਪਣੇ ਪੁੱਤਰ ਦੀ ਮਾਨਸਿਕ ਹਾਲਤ ਨੂੰ ਵੀ ਨਹੀਂ ਸਮਝਿਆ। ਅਦਾਲਤ ਨੇ ਪਤੀ ਪਤਨੀ ਨੂੰ ਸਜ਼ਾ ਸਣਾਉਣ ਲਈ 9 ਅਪ੍ਰੈਲ ਦੀ ਤਰੀਕ ਨਿਸ਼ਚਤ ਕੀਤੀ ਹੈ। ਜੱਜ ਨੇ ਕਿਹਾ ਕਿ 9 ਅਪ੍ਰੈਲ ਨੂੰ ਸਵੇਰੇ 9 ਵਜੇ ਸਜ਼ਾ ਸੁਣਾਈ ਜਾਵੇਗੀ। ਫੈਸਲੇ ਉਪਰੰਤ ਜੇਮਜ ਕਰੁੰਬਲੇ ਨੂੰ ਹੱਥਕੜੀ ਲਾ ਕੇ ਅਦਾਲਤ ਤੋਂ ਬਾਹਰ ਲਿਜਾਇਆ ਗਿਆ। ਫੈਸਲਾ ਸੁਣਾਉਣ ਸਮੇ ਪੀੜਤ ਮਾਪੇ ਵੀ ਹਾਜਰ ਸਨ।