ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਪਾਕ ਪ੍ਰਸ਼ਾਸਨ ਵੱਲੋਂ ਤਾਲਾ ਲਾਉਣ ਦੇ ਵਿਰੋਧ ਵਿਚ ਜਾਗੋ ਪਾਰਟੀ ਨੇ ਪਾਕ ਐੱਬੇਸੀ ਮੁਹਾਰੇ ਕੀਤਾ ਮੁਜਾਹਿਰਾ

ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਪਾਕ ਪ੍ਰਸ਼ਾਸਨ ਵੱਲੋਂ ਤਾਲਾ ਲਾਉਣ ਦੇ ਵਿਰੋਧ ਵਿਚ ਜਾਗੋ ਪਾਰਟੀ ਨੇ ਪਾਕ ਐੱਬੇਸੀ ਮੁਹਾਰੇ ਕੀਤਾ ਮੁਜਾਹਿਰਾ

 ਪਾਕਿਸਤਾਨ 'ਚ ਸਿੱਖਾਂ ਨਾਲ ਹੋ ਰਹੇ ਧੱਕੇ ਘਟਗਿਣਤੀ ਸਿੱਖ ਕੌਮ ਦੀ ਨਸਲੀ ਸਫਾਈ ਦੀ ਸਾਜ਼ਿਸ਼

 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 13 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਪਾਕਿਸਤਾਨ ਸਰਕਾਰ ਨੇ ਜ਼ਮੀਨੀ ਵਿਵਾਦ ਦੀ ਆੜ ਹੇਠ ਲਾਹੌਰ ਸ਼ਹਿਰ ਦੇ ਨੌਲੱਖਾ ’ਚ ਸਥਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ’ਤੇ ਤਾਲਾ ਲਗਾ ਦਿੱਤਾ ਹੈ। ਜਿਸ ਦੇ ਵਿਰੋਧ ਵਿੱਚ ਅੱਜ ਜਾਗੋ ਪਾਰਟੀ ਅਤੇ ਦਿੱਲੀ ਦੇ ਸਮੂਹ ਪੰਥਦਰਦੀ ਸਿੱਖਾਂ ਵੱਲੋਂ ਪਾਕਿਸਤਾਨੀ ਐਂਬੈਸੀ ਦੇ ਬਾਹਰ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਉਪਰੰਤ ਜਾਗੋ ਪਾਰਟੀ ਦੇ ਆਗੂਆਂ ਨੇ ਦਿੱਲੀ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਨਾਲ ਜਾ ਕਰਕੇ ਪਾਕਿਸਤਾਨ ਐਂਬੈਸੀ ਦੇ ਅਧਿਕਾਰੀ ਜ਼ੁਲਫੀਕਾਰ ਅਲੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਂਮ ਮੰਗ ਪੱਤਰ ਸੌਂਪਿਆ। ਤੀਨ ਮੂਰਤੀ ਚੌਂਕ ਤੋਂ ਪਾਕਿਸਤਾਨ ਐਂਬੈਸੀ ਵੱਲ ਕੂਚ ਕਰਨ ਲਈ ਵੱਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲਿਸ ਨੇ ਥਾਣਾ ਚਾਣਕਯਪੁਰੀ ਦੇ ਬਾਹਰ ਅੜਿੱਕੇ ਲਗਾ ਕੇ ਧਾਰਾ 144 ਲੱਗੀ ਹੋਣ ਦਾ ਹਵਾਲਾ ਦੇਕੇ ਰੋਕ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਪਾਕਿਸਤਾਨ 'ਚ ਸਿੱਖਾਂ ਨਾਲ ਹੋ ਰਹੇ ਧੱਕੇ ਨੂੰ ਘਟਗਿਣਤੀ ਸਿੱਖ ਕੌਮ ਦੀ "ਨਸਲੀ ਸਫਾਈ" ਵਜੋਂ ਪਰਿਭਾਸ਼ਿਤ ਕੀਤਾ। ਜੀਕੇ ਨੇ ਕਿਹਾ ਕਿ ਪਾਕਿਸਤਾਨ 'ਚ  ਪਹਿਲਾਂ ਸਿੱਖਾਂ ਦੀ ਨਾਬਾਲਗ ਧੀਆਂ ਅਤੇ ਵਪਾਰੀ ਸਿੱਖ ਕੱਟਰਪੰਥੀਆਂ ਦੇ ਨਿਸ਼ਾਨੇ ਉਤੇ ਸਨ ਪਰ ਹੁਣ ਜ਼ਮੀਨ ਮਾਫੀਆ ਦੇ ਨਿਸ਼ਾਨੇ ਉਤੇ ਸਿੱਖਾਂ ਦੇ ਗੁਰਧਾਮ ਵੀ ਆ ਗਏ ਹਨ। ਇਸ ਲਈ ਪਾਕਿਸਤਾਨ ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈਂ।

ਸ਼ਾਹਬਾਜ਼ ਸ਼ਰੀਫ ਨੂੰ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਤੁਰੰਤ ਖੋਲ੍ਹਣ ਦੀ ਮੰਗ ਕਰਦਿਆਂ ਜੀਕੇ ਨੇ ਮੰਗ ਪੱਤਰ 'ਚ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਸੀਲ ਕਰਨ ਦੀ ਕਾਰਵਾਈ ਕਰਕੇ ਸਿੱਖ ਕੌਮ ਹੈਰਾਨ ਅਤੇ ਦੁਖੀ ਹੈਂ। ਕਿਉਂਕਿ ਲਾਹੌਰ ਵਿੱਚ ਸਥਾਨਕ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ ਹੈ ਅਤੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਰੋਕ ਦਿੱਤਾ ਹੈ।ਨਾਲ ਹੀ ਸਿੱਖਾਂ ਨੂੰ ਸਥਾਨਕ ਕੱਟੜਪੰਥੀ ਮੁਸਲਿਮ ਸਮੂਹ ਦੇ ਦਬਾਅ ਹੇਠ ਸ਼ਹੀਦ ਭਾਈ ਤਾਰੂ ਸਿੰਘ ਦੀ ਸਮਾਧ 'ਤੇ ਉਨ੍ਹਾਂ ਦੀ ਬਰਸੀ ਨਹੀਂ ਮਨਾਉਣ ਲਈ ਵੀ ਮਜਬੂਰ ਕੀਤਾ ਗਿਆ ਹੈਂ। ਜਿਸ ਤੋਂ ਬਾਅਦ ਮਜਬੂਰੀ ਵੱਸ ਪਾਕਿਸਤਾਨ ਕਮੇਟੀ ਨੇ ਨੇੜਲੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਅਖੰਡ ਪਾਠ ਦੇ ਭੋਗ ਪਾਏ ਸਨ। ਇਹ  ਸਭ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਸਥਾਨਕ ਜ਼ਮੀਨ ਮਾਫੀਆ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਕਾਰਨ ਸਥਾਨਕ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵਿੱਚ ਤਣਾਅ ਪੈਦਾ ਹੋ ਗਿਆ ਹੈਂ।ਪਾਕਿਸਤਾਨ ਅਤੇ ਭਾਰਤ ਸਰਕਾਰ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਇੱਕ ਇਤਿਹਾਸਕ ਕਦਮ ਚੁੱਕਿਆ ਹੈ, ਜਿਸਦੀ ਸੰਸਾਰ ਭਰ ਵਿੱਚ ਸ਼ਲਾਘਾ ਹੋਈ ਹੈ। ਤੁਸੀਂ ਖੁਦ ਪੰਜਾਬੀ ਹੋ, ਇਸ ਕਰਕੇ ਸਾਡੀ ਚਿੰਤਾ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਜਦਕਿ 1950 ਦੇ ਨਹਿਰੂ-ਲਿਆਕਤ ਸਮਝੌਤੇ ਅਨੁਸਾਰ ਦੋਵਾਂ ਸਰਕਾਰਾਂ ਨੇ ਸਬੰਧਤ ਦੇਸ਼ਾਂ ਵਿੱਚ ਰਹਿ ਰਹੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਅਤੇ ਹੋਰ ਜਾਇਦਾਦਾਂ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਸਹਿਮਤੀ ਪ੍ਰਗਟਾਈ ਹੋਈ ਹੈਂ। ਇਸ ਮਕਸਦ ਦੀ ਪੂਰਤੀ ਲਈ ਪਾਕਿਸਤਾਨ ਨੇ "ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ" ਦਾ ਗਠਨ ਕੀਤਾ ਸੀ ਪਰ ਅਜਿਹੀ ਘਟਨਾ ਉਕਤ ਬੋਰਡ 'ਤੇ ਉਂਗਲਾਂ ਚੁੱਕਣ ਦਾ ਕਾਰਨ ਬਣ ਰਹੀ ਹੈ। ਇੱਕ ਪਾਸੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਗੁਰਦੁਆਰੇ ਖੋਲ੍ਹਣ ਦਾ ਤੁਹਾਡੀ ਸਰਕਾਰਾਂ ਦਾਅਵਾ ਕਰਦਿਆਂ ਰਹੀਆਂ ਹਨ ਪਰ ਇਸ ਘਟਨਾ ਨੇ ਸਿੱਖ ਕੌਮ 'ਚ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈਂ। ਇਸ ਮੌਕੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ, ਸਾਬਕਾ ਦਿੱਲੀ ਕਮੇਟੀ ਮੈਂਬਰ ਸਤਪਾਲ ਸਿੰਘ, ਹਰਜਿੰਦਰ ਸਿੰਘ ਅਤੇ ਆਗੂ ਬਾਬੂ ਸਿੰਘ ਦੁਖੀਆ, ਜਤਿੰਦਰ ਸਿੰਘ ਬੌਬੀ, ਪਰਮਜੀਤ ਸਿੰਘ ਮੱਕੜ, ਵਿਕਰਮ ਸਿੰਘ, ਬਖਸ਼ੀਸ਼ ਸਿੰਘ, ਗੁਰਮੀਤ ਕੌਰ ਓਬਰਾਏ, ਪੱਪੂ ਸਿੰਘ ਕਾਲੇ, ਮਨਜੀਤ ਸਿੰਘ ਕੰਦਰਾ ਆਦਿਕ ਮੌਜੂਦ ਸਨ।