‘‘ਮੈਂ ਨਹੀਂ ਜਾਣਦੀ ਕਿ ਭਾਰਤ ’ਚ ਕਿੰਨਾ ਚਿਰ ਕਾਲੇ ਕਨੂੰਨਾਂ ਦਾ ਚੱਕਰ ਚੱਲੇਗਾ’’

‘‘ਮੈਂ ਨਹੀਂ ਜਾਣਦੀ ਕਿ ਭਾਰਤ ’ਚ ਕਿੰਨਾ ਚਿਰ ਕਾਲੇ ਕਨੂੰਨਾਂ ਦਾ ਚੱਕਰ ਚੱਲੇਗਾ’’

ਨੋਟ: ਇਹ ਚਿੱਠੀ ਨਾਮੀਂ ਲੇਖਿਕਾ ਅਰੁੰਧਤੀ ਰਾਏ ਵੱਲੋਂ ਨਾਗਪੁਰ ਜੇਲ੍ਹ 'ਚ ਬੰਦ ਪ੍ਰੋਫੈਸਰ ਜੀ ਐਨ ਸਾਈਂਬਾਬਾ ਨੂੰ ਲਿਖੀ ਗਈ ਸੀ।

ਸਤਿਕਾਰ ਸਾਹਿਤ
ਪ੍ਰੋਫੈਸਰ ਜੀ ਐਨ ਸਾਈਂਬਾਬਾ 
ਅੰਡਾ ਸੈਲ, ਕੇਂਦਰੀ ਜੇਲ੍ਹ,
ਨਾਗਪੁਰ, ਮਹਾਰਾਸ਼ਟਰ

ਸਭ ਤੋਂ ਪਹਿਲਾਂ, ਮੈਂ ਮੁਆਫੀ ਚਾਹੁੰਦੀ ਹਾਂ ਕਿ ਮੈਂ ਅਰੁੰਧਤੀ ਲਿਖ ਰਹੀ ਹਾਂ ਨਾ ਕਿ ਅੰਜੁਮ। ਤੁਸੀਂ ਉਸ ਨੂੰ ਤਿੰਨ ਸਾਲ ਪਹਿਲਾਂ ਇੱਕ ਪੱਤਰ ਲਿਖਿਆ ਸੀ। ਇਸ ਲਈ ਜ਼ਰੂਰੀ ਸੀ ਕਿ ਉਹ ਤੁਹਾਨੂੰ ਜਵਾਬ ਦਿੰਦੀ ਪਰ ਮੈਂ ਕੀ ਕਹਿ ਸਕਦੀ ਹਾਂ। ਵਟਸਐਪ ਅਤੇ ਟਵਿੱਟਰ ਦੀ ਇਸ ਦੌੜ ਭੱਜ  ਦੇ ਸਮੇਂ ਦੌਰਾਨ ਉਸ ਦੀ ਸਮਝ ਤੁਹਾਡੀ ਮੇਰੀ ਸਮਝ ਨਾਲੋਂ ਬਿਲਕੁਲ ਵੱਖਰੀ ਹੈ। ਉਹ ਸੋਚਦੀ ਹੈ ਕਿ ਤਿੰਨ ਸਾਲਾਂ ਦੌਰਾਨ ਕੋਈ ਏਨਾ ਜ਼ਿਆਦਾ ਸਮਾਂ ਨਹੀਂ ਹੋ ਗਿਆ ਕਿ ਇਕ ਚਿੱਠੀ ਦਾ ਜੁਆਬ ਦੇ ਹੀ ਦੇ। ਉਸਨੇ ਆਪਣੇ ਆਪ ਨੂੰ ਜੰਨਤ ਗੈਸਟ ਹਾਊਸ ਦੇ ਇੱਕ ਕਮਰੇ ਵਿੱਚ ਬੰਦ ਕਰ ਲਿਆ ਹੈ ਅਤੇ ਹਰ ਸਮੇਂ ਗਾਉਂਦੀ ਰਹਿੰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੰਨੇ ਸਾਲਾਂ ਬਾਅਦ ਉਸ ਨੇ ਫਿਰ ਗਾਉਣਾ ਸ਼ੁਰੂ ਕਰ ਦਿੱਤਾ ਹੈ। ਉਸ ਦੇ ਦਰਵਾਜ਼ੇ ਦੇ ਕੋਲੋਂ ਲੰਘਦਿਆਂ ਉਸ ਦੇ ਗਾਣੇ ਦੀਆਂ ਮਿੱਠੀਆਂ ਧੁੰਨਾਂ ਤੇ ਅਵਾਜ਼ ਜ਼ਿੰਦਗੀ ਵਿਚ ਇਕ ਅਨੰਦ ਮਹਿਸੂਸ ਕਰਵਾਉਂਦੀ ਹੈ। ਹਰ ਵਾਰ ਜਦੋਂ ਉਹ ‘ਤੁਮ ਬਿਨ ਕੌਨ ਖਬਰੀਆ ਮੋਰੀ ਲੇਤ’ ਗਾਉਂਦੀ ਹੈ, ਤਾਂ ਦਿਲ ਟੁੱਟਣ ਦਾ ਅਹਿਸਾਸ ਕਰਾਉਂਦੀ ਹੈ ਅਤੇ ਜਦੋਂ ਵੀ ਉਹ ਗਾਉਂਦੀ ਹੈ ਤਾਂ ਮੈਨੂੰ ਯਕੀਨ ਹੈ ਕਿ ਉਹ ਤੁਹਾਨੂੰ ਯਾਦ ਕਰਦੀ ਹੈ। ਇਸੇ ਲਈ ਜੇ ਉਹ ਤੁਹਾਡੀ ਚਿੱਠੀ ਦਾ ਜਵਾਬ ਦੇਣ ਦੇ ਯੋਗ ਨਹੀਂ ਹੈ, ਤਾਂ ਸਮਝੋ ਕਿ ਉਹ ਆਮ ਤੌਰ ’ਤੇ ਤੁਹਾਡੇ ਲਈ ਗਾਉਂਦੀ ਹੈ। ਜੇ ਤੁਸੀਂ ਆਪਣੀ ਰੂਹ ਵਿਚ ਝਾਤੀ ਮਾਰੋ ਤਾਂ ਹੋ ਸਕਦਾ ਤੁਸੀਂ ਇਸ ਨੂੰ ਸੁਣ ਵੀ ਸਕੋ।

ਜਦੋਂ ਮੈਂ ‘ਤੁਹਾਡੇ ਅਤੇ ਆਪਣੇ ਸਮੇਂ ਦੀ ਸਮਝ ਬਾਰੇ ਬੋਲ ਰਹੀ ਸੀ ਤਾਂ ਮੈਂ ਨਿਸ਼ਚਤ ਤੌਰ ’ਤੇ ਇਸ ਨੂੰ ਗਲਤ ਕਹਿ ਰਹੀ ਸੀ, ਕਿਉਂਕਿ ਤੁਸੀਂ ਭਿਅੰਕਰ ਅੰਡੇ ਸੈ¤ਲ ਵਿੱਚ ਉਮਰ ਕੈਦ ਕੱਟ ਰਹੇ ਹੋ। ਇਸ ਲਈ ਤੁਹਾਡੇ ਸਮੇਂ ਦੀ ਸਮਝ ਅੰਜੁਮ ਨਾਲ ਮੇਲ ਖਾਂਦੀ ਨਾ ਕਿ ਮੇਰੇ ਨਾਲ। ਹਾਂ ਅਜਿਹਾ ਵੀ ਹੋ ਸਕਦਾ ਹੈ ਕਿ ਉਸ ਦੇ ਸਮੇਂ ਦੀ ਸਮਝ ਬਿਲਕੁਲ ਵੱਖਰੀ ਹੋਵੇ। ਅੰਜੁਮ ਵੀ ਇਕ ਵੱਖਰੇ ਢੰਗ ਨਾਲ, ਆਪਣੇ ਕਬਰਿਸਤਾਨ ਵਿਚ, ‘ਬੁੱਚੜ ਦਾ ਭਾਣਾ ਮੰਨ ਕੇ ਉਮਰ ਕੈਦ ਦੀ ਸਜ਼ਾ ਕੱਟ ਰਹੀ ਹੈ, ਪਰ ਯਕੀਨਨ, ਉਹ ਸਲਾਖਾਂ ਦੇ ਪਿੱਛੇ ਨਹੀਂ ਹੈ। ਤੁਸੀਂ ਕਿਵੇਂ ਹੋ, ਮੈਂ ਤੁਹਾਨੂੰ ਇਸ ਲਈ ਨਹੀਂ ਪੁੱਛ ਰਹੀ, ਕਿ ਮੈਨੂੰ ਵਾਸੰਤਾ ਨੇ ਤੁਹਾਡੇ ਬਾਰੇ ਸਭ ਕੁਝ ਦੱਸਿਆ ਹੈ। ਮੈਂ ਤੁਹਾਡੀਆਂ ਸਾਰੀਆਂ ਡਾਕਟਰੀ ਰਿਪੋਰਟਾਂ ਧਿਆਨ ਨਾਲ ਵੇਖੀਆਂ ਹਨ। ਮੈਂ ਹੈਰਾਨ ਹਾਂ ਕਿ ਉਨ੍ਹਾਂ ਨੇ ਤੁਹਾਨੂੰ ਜ਼ਮਾਨਤ ਨਹੀਂ ਦਿੱਤੀ ਜਾਂ ਪੈਰੋਲ ਤੇ ਰਿਹਾਈ ਵੀ ਨਹੀਂ ਕੀਤੀ। ਅਸਲੀਅਤ ਇਹ ਹੈ ਕਿ ਕੋਈ ਵੀ ਦਿਨ ਖਾਲੀ ਨਹੀਂ ਲੰਘਦਾ ਜਦੋਂ ਕਿ ਮੈਂ ਤੁਹਾਡੇ ਬਾਰੇ ਨਹੀਂ ਸੋਚਦੀ। ਕੀ ਸਰਕਾਰ ਹੁਣ ਵੀ ਅਖਬਾਰਾਂ ਨੂੰ ਸੈਂਸਰ ਕਰਦੀ ਹੈ ਜਾਂ ਕਿਤਾਬਾਂ ਪੜ੍ਹਨ ਲਈ ਮੁਹੱਈਆ ਨਹੀਂ ਕਰਾਉਂਦੀ? ਕੀ ਕੋਈ ਕੈਦੀ ਤੁਹਾਡੇ ਰੋਜ਼ਾਨਾ ਕੰਮਾਂ ਵਿੱਚ ਤੁਹਾਡੀ ਮਦਦ ਕਰਦੇ ਹਨ, ਜੋ  ਤੁਹਾਡੇ ਨਾਲ ਉਸੇ ਸੈ¤ਲ ਵਿੱਚ ਰਹਿੰਦੇ ਹਨ? ਕੀ ਉਨ੍ਹਾਂ ਦਾ ਵਿਵਹਾਰ ਦੋਸਤਾਨਾ ਹੈ? ਉਹ ਤੁਹਾਡੀ ਵਹੀਲ ਚੇਅਰ ਨੂੰ ਕਿਵੇਂ ਸੰਭਾਲਦੇ ਹਨ?

ਮੈਂ ਇਹ ਜਾਣਦੀ ਹਾਂ ਕਿ ਜਦੋਂ ਤੁਸੀਂ ਘਰ ਵਾਪਸ ਜਾ ਰਹੇ ਸੀ ਤਾਂ ਰਸਤੇ ਵਿੱਚ ਤੁਹਾਨੂੰ ਪੁਲਸ ਵਲੋਂ ਇੰਝ ਅਗਵਾ ਕਰ ਲਿਆ ਗਿਆ ਸੀ, ਜਿਵੇਂ ਕਿ ਤੁਸੀਂ ਇੱਕ ਬਦਨਾਮ ਅਪਰਾਧੀ ਹੋਵੋ। ਅਸੀਂ ਪੁਲਸ ਦੇ ਇਸ ਲਈ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਤੁਹਾਡਾ ਵਿਕਾਸ ਦੂਬੇ ਵਾਂਗ ਮੁਕਾਬਲਾ ਨਹੀਂ ਬਣਾਇਆ। ਨਾ ਹੀ ਇਹ ਕਹਾਣੀ ਘੜੀ ਕਿ ਤੁਸੀਂ ਪੁਲਸ ਦੀ ਬੰਦੂਕ ਖੋਹ ਕੇ ਇਕ ਹੱਥ ਵਿਚ ਪਹੀਏਦਾਰ ਕੁਰਸੀ ਫੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੋ। ਮੇਰੇ ਖਿਆਲ ਵਿਚ ਹੁਣ ਸਾਡੇ ਕੋਲ ਇਕ ਨਵੀਂ ਸਾਹਿਤਕ ਸ਼ੈਲੀ ਹੋਣੀ ਚਾਹੀਦੀ ਹੈ, ਜੋ ਅਜੇ ਨਹੀਂ ਹੈ। ਇੱਥੇ ‘ਖਾਕੀ ਗਲਪ’ ਦੇ ਵਿਸ਼ੇ ’ਤੇ ਹਰ ਸਾਲ ਇੱਕ ਸਾਲਾਨਾ ਸਾਹਿਤ ਉਤਸਵ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਵਿਸ਼ੇ ’ਤੇ ਬਹੁਤ ਕੁਝ ਸਟੋਰੀਆਂ ਲੱਭ ਜਾਣਗੀਆਂ। ਇਸ ਦੀ ਇਨਾਮੀ ਰਾਸ਼ੀ ਵੀ ਵੱਡੀ ਹੋਣੀ ਚਾਹੀਦੀ ਹੈ ਅਤੇ ਕੁਝ ਨਿਰਪੱਖ ਅਦਾਲਤਾਂ ਤੇ ਨਿਰਪੱਖ ਨਿਆਂ ਅਧਿਕਾਰੀ ਵੀ ਇੱਥੇ ਸ਼ਾਨਦਾਰ ਸੇਵਾਵਾਂ ਦੇ ਸਕਣਗੇ।

ਮੈਨੂੰ ਉਹ ਦਿਨ ਬਹੁਤ ਚੰਗੇ ਯਾਦ ਹਨ ਜਦੋਂ ਤੁਸੀਂ ਟੈਕਸੀ ਲੈ ਕੇ ਮੈਨੂੰ ਮਿਲਣ ਆਉਂਦੇ ਸੋ ਤੇ ਟੈਕਸੀ ਚਾਲਕ ਤੁਹਾਨੂੰ ਵਹੀਲ ਚੇਅਰ ਰਾਹੀਂ ਸੜਕ ਪਾਰ ਕਰਾ ਕੇ ਮੇਰੇ ਫਲੈਟ ਤੱਕ ਪਹੁੰਚਾਉਣ ਵਿਚ ਮਦਦ ਕਰਦਾ ਸੀ। ਅੱਜ ਕੱਲ, ਉਨ੍ਹਾਂ ਸਾਰੀਆਂ ਪੌੜੀਆਂ ਉ¤ਪਰ ਅਵਾਰਾ ਕੁੱਤਿਆਂ ਦਾ ਵਾਸਾ ਹੋ ਗਿਆ ਹੈ। ਲੌਕਡਾਊਨ ਦੇ ਖਤਮ ਹੋਣ ਤੋਂ ਬਾਅਦ, ਸਾਡੇ ਸਾਰੇ ਟੈਕਸੀ ਡਰਾਈਵਰ ਦੋਸਤ ਇਥੋਂ ਚਲੇ ਗਏ ਹਨ। ਹੁਣ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਟੈਕਸੀਆਂ ਉਥੇ ਖੜ੍ਹੀਆਂ ਹਨ ਅਤੇ ਉਨ੍ਹਾਂ ’ਤੇ ਧੂੜ ਦੀਆਂ ਪਰਤਾਂ ਜੰਮੀਆਂ ਹੋਈਆਂ ਹਨ। ਵੱਡੇ ਸ਼ਹਿਰਾਂ ਦੀਆਂ ਗਲੀਆਂ ਬਹੁਤ ਵੱਡੀ ਗਿਣਤੀ ਵਿਚ ਛੋਟੇ ਮਜ਼ਦੂਰਾਂ ਤੋਂ ਸੁੰਨੀਆਂ ਹੋ ਚੁੱਕੀਆਂ ਹਨ। ਤੁਸੀ ਮੈਨੂੰ  ਅਚਾਰ ਬਣਾ ਕੇ ਦਿੱਤਾ ਸੀ। ਮੈਂ ਅਜੇ ਵੀ ਉਸ ਨੂੰ ਡੱਬਿਆਂ ਵਿਚ ਰੱਖਿਆ ਹੋਇਆ ਹੈ। ਮੈਂ ਤੁਹਾਡੇ ਬਾਹਰ ਆਉਣ ਦੀ ਉਡੀਕ ਕਰ ਰਹੀ ਹਾਂ। ਜੇਲ ਤੋਂ ਜਦੋਂ ਤੁਸੀਂ ਬਾਹਰ ਆਓਗੇ ਤਾਂ ਤੁਸੀਂ ਇਸਨੂੰ ਖੋਲ੍ਹੋਗੇ ਤੇ ਅਸੀਂ ਮਿਲ ਕੇ ਖਾਵਾਂਗੇ। ਉਸ ਸਮੇਂ ਤੱਕ ਇਹ ਪੂਰੀ ਤਰ੍ਹਾਂ ਪੱਕ ਜਾਵੇਗਾ।

ਮੈਂ ਤੁਹਾਡੀ ਵਸੰਤਾ ਤੇ ਮੰਜਿਰਾ ਨੂੰ ਕਦੇ ਕਦਾਈਂ ਮਿਲਦੀ ਹਾਂ, ਕਿਉਂਕਿ ਸਾਡੇ ਸਾਂਝੇ ਦੁੱਖ ਦਾ ਬੋਝ ਉਨ੍ਹਾਂ ਮੁਲਾਕਾਤਾਂ ਨੂੰ ਬਹੁਤ ਉਦਾਸ ਕਰ ਦਿੰਦਾ ਹੈ। ਇਹ ਦੌਰ ਸਿਰਫ ਉਦਾਸੀ ਭਰਿਆ ਨਹੀਂ ਹੁੰਦਾ, ਸਗੋਂ ਇਸ ਵਿਚ ਗੁੱਸਾ, ਬੇਵਸੀ ਤੇ ਮੇਰੇ ਖੁਦ ਦੇ ਹਿੱਸੇ ਦੀ ਅਸਮਰੱਥਾ ਵੀ ਜੁੜੀ ਹੁੰਦੀ ਹੈ। ਮੈਂ ਇਸ ਲਈ ਸ਼ਰਮਿੰਦਾ ਹਾਂ ਕਿ ਮੈਂ ਬਹੁਗਿਣਤੀ ਲੋਕਾਂ ਦਾ ਧਿਆਨ ਤੁਹਾਡੇ  ਹਾਲਾਤ ਵਲ ਨਹੀਂ ਦਿਵਾ ਸਕੀ। ਇਹ ਕਿੰਨਾ ਬੇਰਹਿਮ ਸਿਸਟਮ ਹੈ ਕਿ ਇਕ ਵਿਅਕਤੀ ਨੂੰ 90 ਪ੍ਰਤੀਸ਼ਤ ਸਰੀਰਕ ਤੌਰ ’ਤੇ ਅੰਗਹੀਣ ਕਰਾਰ ਦਿੱਤਾ ਹੋਵੇ ਅਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਵੇ। ਤੁਹਾਨੂੰ ਬੇਤੁਕੇ ਕਿਸਮ ਦੇ ਅਪਰਾਧ ਦੀ ਸਜ਼ਾ ਦੇ ਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਹੈ। ਸ਼ਰਮਿੰਦਗੀ ਇਸ ਗੱਲ ਲਈ ਵੀ ਹੈ ਕਿ ਅਸੀਂ ਬਹੁਤ ਤੇਜ਼ੀ ਨਾਲ ਨਿਆਂ ਵਿਵਸਥਾ ਦੇ ਉਲਝੇ ਹੋਏ ਰਸਤੇ ’ਤੇ ਚਲ ਕੇ ਤੁਹਾਡੇ ਲਈ ਕੁਝ ਨਹੀਂ ਕਰ ਸਕੇ। ਮੈਨੂੰ ਪੂਰਾ ਯਕੀਨ ਹੈ ਕਿ ਆਖਿਰਕਾਰ ਸੁਪਰੀਮ ਕੋਰਟ ਤੁਹਾਨੂੰ ਬਰੀ ਕਰ ਦੇਵੇਗੀ, ਪਰੰਤੂ ਜਦੋਂ ਇਹ ਪ੍ਰਕਿਰਿਆ ਪੂਰੀ ਹੋਵੇਗੀ ਤਾਂ ਤੁਹਾਨੂੰ ਅਤੇ ਤੁਹਾਡੇ ਵਰਗੇ ਅਨੇਕਾਂ ਜੁਝਾਰੂ ਲੋਕਾਂ ਨੂੰ ਬਹੁਤ ਦੁੱਖ ਝੱਲਣਾ ਪਏਗਾ।

ਬੁੱਧੀਜੀਵੀਆਂ ’ਤੇ ਜ਼ੁਲਮ
ਭਾਰਤ ਵਿਚ, ਕੋਵਿਡ -19 ਲਗਾਤਾਰ ਜੇਲ੍ਹਾਂ ਵਿਚ ਵੀ ਫੈਲ ਰਿਹਾ ਹੈ। ਇਸ ਵਿਚ ਤੁਹਾਡੀ ਜੇਲ ਵੀ ਸ਼ਾਮਲ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਤੁਹਾਡੀ ਉਮਰ ਕੈਦ ਨੂੰ ਕਿੰਨੀ ਅਸਾਨੀ ਨਾਲ ਮੌਤ ਦੀ ਸਜ਼ਾ ਵਿੱਚ ਬਦਲਿਆ ਜਾ ਸਕਦਾ ਹੈ। ਬਹੁਤ ਸਾਰੇ ਅਜਿਹੇ ਲੋਕ ਜੋ ਸਾਡੇ ਦੋਵਾਂ ਦੇ ਦੋਸਤ ਹਨ - ਵਿਦਿਆਰਥੀ, ਵਕੀਲ, ਪੱਤਰਕਾਰ, ਕਾਰਕੁਨ - ਜਿਨ੍ਹਾਂ ਨਾਲ ਅਸੀਂ ਹੱਸਦੇ ਹਾਂ, ਰੋਟੀ ਖਾਧੀ ਹੈ ਅਤੇ ਚੀਕ ਚੀਕ ਕੇ ਬਹਿਸ ਕੀਤੀ ਹੈ, ਉਹ ਵੀ ਜੇਲ੍ਹ ਵਿੱਚ ਹਨ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਬਰਬਰ ਰਾਏ ਬਾਰੇ ਜਾਣਕਾਰੀ ਹੈ ਜਾਂ ਨਹੀਂ।

ਇਸ 81 ਸਾਲਾ ਮਹਾਨ ਕਵੀ  ਬਰਬਰ ਰਾਏ ਨੂੰ ਜੇਲ੍ਹ ਵਿਚ ਇੰਝ ਰੱਖਿਆ ਗਿਆ ਹੈ, ਜਿਵੇਂ ਕਿ ਇਕ ਆਧੁਨਿਕ ਯਾਦਗਾਰ ਨੂੰ ਸਜਾ ਕੇ ਰੱਖਿਆ ਗਿਆ ਹੋਵੇ। ਉਸ ਦੀ ਸਿਹਤ ਖ਼ਰਾਬ ਹੋਣ ਦੀਆਂ ਖ਼ਬਰਾਂ ਹਨ। ਉਸ ਦੀ ਸਿਹਤ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸੇ ਕਾਰਨ ਉਹ ਹੁਣ ਕੋਵਿਡ ਨਾਲ ਸੰਕਰਮਿਤ ਹਨ। ਹੁਣ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਨੂੰ ਮਿਲਣ ਵਾਲੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਬਿਲਕੁਲ ਮੰਜੇ ’ਤੇ ਪਿਆ ਸੀ। ਉਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਅਤੇ ਚਾਦਰਾਂ ਗੰਦੀਆਂ ਸਨ। ਉਹ ਰੁਕ-ਰੁਕ ਕੇ ਬੋਲ ਰਿਹਾ ਸੀ। ਉਹ ਹੁਣ ਤੁਰਨ ਦੀ ਸਥਿਤੀ ਵਿਚ ਨਹੀਂ ਹੈ।

ਕਵੀ  ਬਰਬਰ ਰਾਏ ਉਹ ਸਖਸ਼ੀਅਤ ਜੋ ਹਜ਼ਾਰਾਂ ਲੱਖਾਂ ਨੂੰ ਸੰਬੋਧਿਤ ਕਰਨ ਵਿਚ ਇੱਕ ਪਲ ਵੀ ਨਹੀਂ ਲਗਾਉਂਦਾ, ਜਿਸ ਦੀਆਂ ਕਵਿਤਾਵਾਂ ਨੇ ਆਂਧਰਾ, ਤੇਲੰਗਾਨਾ ਅਤੇ ਸਾਰੇ ਭਾਰਤ ਦੇ ਲੱਖਾਂ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਉਨ੍ਹਾਂ ਦੀਆਂ ਕਲਪਨਾਵਾਂ ਤੇ ਸੁਪਨਿਆਂ ਨੂੰ ਉਚਾਈਆਂ ’ਤੇ ਪੁਚਾਇਆ ਹੈ। ਮੈਂ ਉਸ ਦੀ ਜ਼ਿੰਦਗੀ ਬਾਰੇ ਸੱਚਮੁੱਚ ਚਿੰਤਤ ਹਾਂ। ਜਿਵੇਂ ਤੁਸੀਂ ਆਪਣੀ ਜ਼ਿੰਦਗੀ ਬਾਰੇ ਚਿੰਤਤ ਹੋ। ਭੀਮ ਕੋਰੇਗਾਓਂ ਕੇਸ ਦੇ ਹੋਰ ਦੋਸ਼ੀ ਵੀ ਬਹੁਤੇ ਠੀਕ ਨਹੀਂ ਹਨ। ਉਨ੍ਹਾਂ ਦਾ ਕੋਵਿਡ -19 ਹੋਣ ਦਾ ਡਰ ਬਹੁਤ ਜ਼ਿਆਦਾ ਹੈ। ਵਰਨਨ ਗੋਂਜ਼ਲਵਿਸ, ਜੋ ਜੇਲ੍ਹ ਵਿਚ ਕਵੀ  ਬਰਬਰ ਰਾਏ ਦੀ ਦੇਖਭਾਲ ਕਰ ਰਿਹਾ ਹੈ, ਨੂੰ ਵੀ ਕੋਰੋਨਾ ਲਾਗ ਲੱਗਣ ਦਾ ਗੰਭੀਰ ਖਤਰਾ ਹੈ। ਗੌਤਮ ਨਵਲੱਖਾ ਅਤੇ ਆਨੰਦ ਤੇਲਤੁੰਬੜੇ ਨੂੰ ਵੀ ਉਸੇ ਜੇਲ੍ਹ ਵਿੱਚ ਰੱਖਿਆ ਗਿਆ ਹੈ, ਪਰ ਹਰ ਵਾਰ ਨਿਆਂਪਾਲਿਕਾ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਰਹੀ ਹੈ ਅਤੇ ਹੁਣ ਅਖਿਲ ਗੋਗੋਈ, ਜੋ ਗੋਹਾਟੀ ਜੇਲ੍ਹ ਵਿਚ ਬੰਦ ਹੈ, ਕੋਵਿਡ ਨਾਲ ਸੰਕਰਮਿਤ ਹੋ ਗਿਆ ਹੈ।

ਸਾਡੇ ਉਪਰ ਜਿਸ ਤਰ੍ਹਾਂ ਦੇ ਕੱਟੜ ਦਿਲ ਵਾਲੇ, ਜ਼ਾਲਮ ਅਤੇ ਕਮਜ਼ੋਰ ਦਿਮਾਗ ਵਾਲੇ ਲੋਕ ਸਾਡੇ ਉਤੇ ਰਾਜ ਕਰ ਰਹੇ ਹਨ। ਇਸ ਵਿਸ਼ਾਲ  ਦੇਸ਼ ਦੀ ਸਰਕਾਰ ਦੀ ਹਾਲਤ ਕਿੰਨੀ ਤਰਸਯੋਗ ਹੋ ਚੁੱਕੀ ਹੈ, ਜਿਨ੍ਹਾਂ ਨੂੰ ਆਪਣੇ ਖੁਦ ਦੇ ਲੇਖਕਾਂ ਅਤੇ ਵਿਦਵਾਨਾਂ ਤੋਂ ਡਰ ਲੱਗਦਾ ਹੈ।

ਪੁਲਸ ਦੀ ਹਾਜ਼ਰੀ ’ਚ ਦਿੱਲੀ ਦੰਗੇ
ਕੁਝ ਮਹੀਨੇ ਪਹਿਲਾਂ ਦੀ ਹੀ ਤਾਂ ਗੱਲ ਹੈ, ਜਦੋਂ ਮਹਿਸੂਸ ਕੀਤਾ ਗਿਆ ਸੀ ਕਿ ਹਾਲਾਤ ਬਦਲ ਰਹੇ ਹਨ। ਸੀਏਏ ਅਤੇ ਐਨਆਰਸੀ, ਖ਼ਾਸਕਰ ਵਿਦਿਆਰਥੀਆਂ ਦੇ ਵਿਰੋਧ ਵਿੱਚ ਲੱਖਾਂ ਲੋਕ ਸੜਕਾਂ ਤੇ ਉਤਰ ਆਏ ਹਨ। ਇਹ ਇਕ ਦਿਲਚਸਪ ਤਜ਼ਰਬਾ ਸੀ। ਇਸ ਵਿਚ ਕਵਿਤਾਵਾਂ ਸੀ, ਸੰਗੀਤ ਸੀ ਅਤੇ ਪਿਆਰ ਸੀ। ਜੇ ਇਹ ਇਨਕਲਾਬ ਨਹੀਂ ਸੀ, ਤਾਂ ਘੱਟੋ ਘੱਟ ਇਹ ਇਕ ਬਗਾਵਤ ਸੀ। ਜੇ ਤੁਸੀਂ ਹੁੰਦੇ ਤਾਂ ਤੁਸੀਂ ਇਸ ਦਾ ਅਨੰਦ ਲੈਂਦੇ। ਪਰ ਇਸ ਦਾ ਅੰਤ ਬਹੁਤ ਬੁਰਾ ਹੋਇਆ। ਫਰਵਰੀ ਦੌਰਾਨ ਉ¤ਤਰ-ਪੂਰਬੀ ਦਿੱਲੀ ਵਿਚ 53 ਲੋਕ ਮਾਰੇ ਗਏ ਸਨ ਅਤੇ ਇਸ ਦਾ ਸਾਰਾ ਦੋਸ਼ ਅਮਨ ਪਸੰਦ ਸੀਏਏ ਵਿਰੋਧੀ ਅੰਦੋਲਨਕਾਰੀਆਂ ਉ¤ਤੇ ਮੜ੍ਹ ਦਿੱਤਾ ਗਿਆ। ਹਥਿਆਰਬੰਦ ਗੁੰਡਿਆਂ ਦੇ ਗਿਰੋਹ ਦਾ ਵੀਡਿਓ ਸਾਫ ਦਸ ਰਿਹਾ ਸੀ ਕਿ ਪੁਲੀਸ ਦੀ ਸੁਰੱਖਿਆ ਵਿਚ ਇਹਨਾਂ ਗੁੰਡਿਆਂ ਨੇ ਮਜ਼ਦੂਰ ਤੇ ਮੁਸਲਮਾਨ ਇਲਾਕਿਆਂ ਵਿਚ ਦੰਗੇ ਕੀਤੇ, ਸਾੜ ਫੂਕ ਕੀਤੀ ਅਤੇ ਕਤਲੇਆਮ ਕਰਨ ਲਈ ਸਰਗਰਮ ਰਹੇ। ਇਹ ਦਰਸਾਉਂਦਾ ਹੈ ਕਿ ਇਹ ਯੋਜਨਾਬੱਧ ਹਮਲਾ ਸੀ। ਕੁਝ ਦਿਨਾਂ ਤੋਂ ਤਣਾਅ ਵਧ ਰਿਹਾ ਸੀ। ਸਥਾਨਕ ਲੋਕ ਵੀ ਤਿਆਰ ਸਨ, ਉਹ ਲੋਕ ਲੜੇ ਵੀ, ਪਰ ਜਿਵੇਂ ਕਿ ਹਮੇਸ਼ਾਂ ਹੁੰਦਾ ਆਇਆ ਹੈ, ਪੀੜਤਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ। ਕੋਵਿਡ ਲੌਕਡਾਊਨ ਦੇ ਸਮੇਂ ਸੈਂਕੜੇ ਨੌਜਵਾਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਮਾਨ ਤੇ ਬਹੁਤੇ ਵਿਦਿਆਰਥੀ ਹਨ, ਨੂੰ ਦਿੱਲੀ ਅਤੇ ਉ¤ਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗੱਲ ਫੈਲ ਰਹੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕੁਝ ਨੌਜਵਾਨਾਂ ਉ¤ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਮੌਕੇ ਦੇ ਗਵਾਹ ਬਣ ਕੇ ਆਪਣੇ ਹੋਰ ਸੀਨੀਅਰ ਨੇਤਾਵਾਂ ਨੂੰ ਇਸ ਕੇਸ ਵਿਚ ਸ਼ਾਮਲ ਕਰਾ ਕੇ ਗ੍ਰਿਫ਼ਤਾਰ ਕਰਾਉਣ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਪੁਲਿਸ ਕੋਲ ਕੋਈ ਸਬੂਤ ਨਹੀਂ ਹਨ।

ਜਦੋਂ ਮੈਂ ਇਹ ਲਿਖ ਰਹੀ ਹਾਂ, ਬਿਹਾਰ ਦੇ ਅਰਰੀਆ ਤੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਇਕ ਔਰਤ ਜਿਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ - ਉਸ ਔਰਤ ਅਤੇ ਉਸਦੇ ਨਾਲ ਆਈ ਔਰਤ ਵਰਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਹੁਤ ਸਾਰੀਆਂ ਬੇਚੈਨ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਵਿਚ ਜ਼ਰੂਰੀ ਨਹੀਂ ਕਿ ਖ਼ੂਨ-ਖ਼ਰਾਬਾ ਹੋਵੇ, ਫਿਰਕੂ ਭੀੜ ਹੱਤਿਆ ਕਰੇ, ਸਮੂਹਿਕ ਕਤਲੇਆਮ ਹੋਵੇ ਤੇ ਫਿਰ ਵੱਡੇ ਪੱਧਰ ’ਤੇ ਲੋਕਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ ਜਾਵੇ। ਕੁਝ ਦਿਨ ਹੀ ਹੋਏ ਕੁਝ ਭਗਵੇਂ ਗੁੰਡਿਆਂ ਨੇ ਇਲਾਹਾਬਾਦ ਦੀ ਇੱਕ ਗਲੀ ਵਿੱਚ ਜ਼ਬਰਦਸਤੀ ਨਿੱਜੀ ਘਰਾਂ ਨੂੰ ਪੇਂਟ ਕੀਤਾ ਅਤੇ ਉਨ੍ਹਾਂ ਘਰਾਂ ਉ¤ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬਣਾਈਆਂ। ਸੱਚ ਪੁੱਛੋਂ ਤਾਂ ਮੈਂ ਨਹੀਂ ਜਾਣਦੀ ਕਿ ਭਾਰਤ ਵਿਚ ਇਹ ਸਭ ਕੁਝ ਕਿੰਨਾ ਕੁ ਚਿਰ ਚੱਲੇਗਾ।

ਲੌਕਡਾਊਨ ਦਾ ਗਲਤ ਫੈਸਲਾ
ਜਦੋਂ ਤੁਸੀਂ ਜੇਲ੍ਹ ਤੋਂ ਬਾਹਰ ਆਵੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਦੁਨੀਆਂ ਕਿੰਨੀ ਬਦਲ ਚੁੱਕੀ ਹੈ। ਕੋਵਿਡ-19 ਦੀ ਤਾਲਾਬੰਦੀ ਅਤੇ ਜਲਦਬਾਜ਼ੀ ਵਾਲੇ ਫੈਸਲੇ ਨੇ ਕਿੰਨੀ ਤਬਾਹੀ ਮਚਾਈ ਹੈ। ਇਸ ਦੇ ਸ਼ਿਕਾਰ ਨਾ ਸਿਰਫ ਗਰੀਬ ਹੋਏ ਹਨ ਸਗੋਂ ਮੱਧ ਵਰਗ ਦੇ ਲੋਕ ਵੀ ਹੋਏ ਹਨ। ਭਗਵੇਂ ਬ੍ਰਿਗੇਡ ਦੇ ਲੋਕ ਵੀ ਇਸ ਦੇ ਘੇਰੇ ਵਿਚ ਆ ਗਏ ਹਨ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ 138 ਕਰੋੜ ਲੋਕਾਂ ਨੂੰ ਦੇਸ਼ ਭਰ ਵਿੱਚ ਕਰਫਿਊ ਵਰਗਾ ਲੌਕਡਾਊਨ ਲਗਾਉਣ ਲਈ ਸਿਰਫ ਚਾਰ ਘੰਟੇ (ਸ਼ਾਮ 8 ਵਜੇ ਤੋਂ 12 ਵਜੇ ਤੱਕ) ਦੀ ਮੌਹਲਤ ਦਿੱਤੀ ਗਈ। ਸਭ ਕੁਝ ਠਹਿਰ ਗਿਆ। ਰਾਹ ਵਿੱਚ ਯਾਤਰੀ, ਚੀਜ਼ਾਂ, ਮਸ਼ੀਨ, ਮਾਰਕੀਟ, ਫੈਕਟਰੀ, ਸਕੂਲ, ਯੂਨੀਵਰਸਿਟੀਆਂ  ਸਭ ਕੁਝ ਰੋਕ ਦਿੱਤਾ ਗਿਆ! ਸਰਕਾਰ ਵਲੋਂ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ। ਇਸ ਵਿਸ਼ਾਲ ਦੇਸ਼ ਨੂੰ ਉਸੇ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਸੀ ਕਿ ਜਿਵੇਂ ਇਕ ਅਮੀਰ ਵਿਗੜਿਆ ਹੋਇਆ ਬੱਚਾ ਬੈਟਰੀ ਨਾਲ ਚੱਲਣ ਵਾਲੇ ਖਿਡੌਣੇ ਦਾ ਰਿਮੋਟ ਤੌੜ ਕੇ ਬਾਹਰ ਸੁੱਟ ਦਿੰਦਾ ਹੈ, ਕਿਉਂਕਿ ਉਹ ਅਜਿਹਾ ਕਰ ਸਕਦਾ ਹੈ।

ਇਸ ਵਿਨਾਸ਼ਕਾਰੀ ਲੌਕਡਾਊਨ ਨੀਤੀ ਕਾਰਨ ਅਰਥ ਵਿਵਸਥਾ ਢਹਿ ਜਾਣ ਦਾ ਵੱਡਾ ਖਤਰਾ ਬਣਿਆ ਹੋਇਆ ਹੈ। ਜਦੋਂ ਕਿ ਵਾਇਰਸ ਜਾਰੀ ਹੈ ਅਤੇ ਇਹ ਲਗਾਤਾਰ ਵਧਦਾ ਜਾ  ਰਿਹਾ ਹੈ। ਅਜਿਹਾ ਲਗਦਾ ਹੈ ਜਿਵੇਂ ਅਸੀਂ ਮੌਤ ਨਾਲ ਜੀਅ ਰਹੇ ਹਾਂ। ਸਾਨੂੰ ਅਜੇ ਵੀ ਪਤਾ ਨਹੀਂ ਹੈ ਕਿ ਇਹ ਬਿਖਰੀ ਹੋਈ ਦੁਨੀਆਂ ਕਿੱਥੇ ਡਿੱਗ ਪਏਗੀ ਅਤੇ ਸਾਨੂੰ ਕਿਸ ਹੱਦ ਤੱਕ ਨੁਕਸਾਨ ਪਹੁੰਚੇਗਾ।

ਲੱਖਾਂ ਕਾਮੇ ਸ਼ਹਿਰਾਂ ਵਿਚ ਠਹਿਰ ਗਏ। ਇੱਥੇ ਕੋਈ ਰਿਹਾਇਸ਼, ਭੋਜਨ, ਪੈਸੇ, ਰੁਜ਼ਗਾਰ ਨਹੀਂ ਸੀ। ਉਹ ਆਪਣੇ ਪਿੰਡ ਪਹੁੰਚਣ ਲਈ ਸੈਂਕੜੇ ਅਤੇ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਪਏ। ਜਦੋਂ ਉਹ ਅਜੇ ਤੁਰ ਰਹੇ ਸਨ ਤਾਂ ਉਨ੍ਹਾਂ ਨੂੰ ਪੁਲਿਸ ਦੀ ਕੁੱਟ ਸਹਿਣੀ ਪਈ ਅਤੇ ਉਨ੍ਹਾਂ ਨੂੰ ਅਪਮਾਨਿਤ ਹੋਣਾ ਪਿਆ। ਇਸ ਮੁੱਦੇ ਵਿਚ ਕੁਝ ਅਜਿਹਾ ਸੀ ਜਿਸ ਨੇ ਮੈਨੂੰ ਜੌਨ ਸਟੈਨਬੈਕ ਦੇ ‘ਦਿ ਗਰੇਪਸ ਆਫ਼ ਰੈਥ’ ਦੀ ਯਾਦ ਦਿਵਾ ਦਿੱਤੀ। ਮੈਂ ਹੁਣੇ ਇਹ ਕਿਤਾਬ ਪੜ੍ਹੀ ਹੈ। ਇਸ ਨਾਵਲ ਵਿਚ ਜੋ ਵਾਪਰਦਾ ਹੈ (ਇਹ ਮੰਦੀ ਦੇ ਸਮੇਂ ਅਮਰੀਕਾ ਵਿਚ ਲੰਬੇ ਸਮੇਂ ਦੀਆਂ ਦੁਖਾਂਤਕ ਤੇ ਗੁੱਸੇ ਵਾਲੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਸੰਘਰਸ਼ ਦਾ ਵਰਣਨ ਹੈ) ਅਤੇ ਇਸ ਦੇ ਉਲਟ ਸਾਡੇ ਭਾਰਤੀ ਸਮਾਜ ਵਿਚ ਅਮਰੀਕਾ ਦੇ ਲੋਕਾਂ ਨਾਲ ਅੰਤਰ ਇਹੀ ਹੈ ਕਿ ਭਾਰਤ ਦੇ ਲੋਕਾਂ ਵਿਚ ਸੰਘਰਸ਼ ਤੇ ਗੁੱਸੇ ਦੀ ਪੂਰੀ ਤਰ੍ਹਾਂ ਘਾਟ ਹੈ। ਹਾਂ, ਗੁੱਸਾ ਕਦੇ-ਕਦਾਈਂ ਆਇਆ, ਪਰ ਅਜਿਹਾ ਕਦੇ ਨਹੀਂ ਹੋਇਆ ਜਿਸ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸਕਿਆ। ਇਹ ਹੈਰਾਨ ਕਰਨ ਵਾਲੀ ਗੱਲ ਸੀ ਕਿ ਲੋਕਾਂ ਨੇ ਤਬਾਹੀ ਨੂੰ ਸਵੀਕਾਰ ਕੀਤਾ। ਕਿੰਨੀ ਆਗਿਆਕਾਰੀ ਭਾਰਤ ਦੀ ਜਨਤਾ ਹੈ ਕਿ ਇਹ ਹਾਕਮ ਜਮਾਤ ਦਾ ਕਿੰਨਾ ਧਿਆਨ ਰੱਖਦੀ ਹੈ ਤੇ ਉਨ੍ਹਾਂ ਦੀਆਂ ਵਧੀਕੀਆਂ ਨੂੰ ਸਹਿਣ ਕਰਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ‘ਜਨਤਾ’ ਕੋਲ ਦੁੱਖ ਅਤੇ ਤਕਲੀਫਾਂ ਨੂੰ ਝੱਲਣ ਦੀ ਸਹਿਣਯੋਗ ਸ਼ਕਤੀ ਹੈ। 

ਭਾਰਤ ਦੀ ਜਨਤਾ ਤੇ ਗੋਦੀ ਮੀਡੀਆ
ਪਰ ਤੁਸੀਂ ਅਤੇ ਤੁਹਾਡੇ ਵਰਗੇ ਅਨੇਕਾਂ ਹੋਰ ਲੋਕ ਜੋ ਜੇਲ੍ਹਾਂ ਵਿੱਚ ਬੰਦ ਹਨ ਤੇ ਸਿਸਟਮ ਵਿਰੁੱਧ ਅੰਦੋਲਨ ਕਰਦੇ ਰਹੇ ਹਨ। ਇਹ ਉਹ ਸਿਸਟਮ ਹੈ, ਜੋ ਉਜਾੜੇ ਅਤੇ ਗਰੀਬੀ ਨੂੰ ਜਨਮ ਦਿੰਦਾ ਹੈ ਤੇ ਵਾਤਾਵਰਣ ਨੂੰ ਮਲੀਆਮੇਟ ਕਰ ਦਿੰਦਾ ਹੈ ਅਤੇ ਜ਼ਬਰਦਸਤੀ ਪਿੰਡਾਂ ਦੇ ਲੋਕਾਂ ਨੂੰ ਉਜਾੜਦਾ ਹੈ। ਤੁਹਾਡੇ ਵਰਗੇ ਲੋਕ ਹੀ ਨਿਆਂ ਦੀ ਗੱਲ ਕਰਦੇ ਹਨ ਅਤੇ ਬਿਲਕੁਲ ਇਹਨਾਂ ਟੀਵੀ ਚੈਨਲਾਂ ਤੇ ਉਹ ਪੱਤਰਕਾਰ ਅਤੇ ਟਿੱਪਣੀਕਾਰ ਇਸ ਭ੍ਰਿਸ਼ਟ ਤੇ ਜ਼ਾਲਮਾਨਾ ਸਿਸਟਮ ਦਾ ਗੁਣ ਗਾਇਨ ਕਰਦੇ ਹਨ। ਇਹ ਗੋਦੀ ਮੀਡੀਆ ਸਿਰਫ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਤੁਹਾਨੂੰ ਦਾਗੀ ਬਣਾਉਂਦਾ ਹੈ ਅਤੇ ਤੁਹਾਨੂੰ ਹੀ ਬਦਨਾਮ ਕਰਦਾ ਹੈ ਅਤੇ ਹੁਣ ਵੇਖੋ, ਉਹੀ ਮਗਰਮੱਛ ਹੰਝੂ ਵਹਾ ਰਹੇ ਹਨ ਕਿ ਭਾਰਤ ਦਾ ਆਰਥਿਕ ਉਜਾੜਾ ਹੋ ਰਿਹਾ ਹੈ। ਉਹ ਨਕਾਰਾਤਮਕ ਵਿਕਾਸ ਦਰ ਤੋਂ ਡਰੇ ਹੋਏ ਹਨ - ਜਦੋਂ ਕਿ ਤੁਸੀਂ ਜੇਲ ਵਿੱਚ ਬੰਦ ਹੋ।

ਚੀਨ ਦੀ ਫੌਜ ਸਾਡੀ ਸਰਹੱਦ ਵਿਚ ਦਾਖਲ ਹੋ ਗਈ ਹੈ, ਉਹ ਲੱਦਾਖ ਦੇ ਕਈ ਬਿੰਦੂਆਂ ’ਤੇ ਅਸਲ ਕੰਟਰੋਲ ਰੇਖਾ ਨੂੰ ਪਾਰ ਕਰ ਗਈ... ਗੱਲਬਾਤ ਜਾਰੀ ਹੈ। ਹਾਲਾਂਕਿ, ਭਾਰਤ ਜਿੱਤ ਰਿਹਾ ਹੈ, ਪਰ ਸਿਰਫ ਭਾਰਤੀ ਟੈਲੀਵਿਜ਼ਨ ’ਤੇ। ਪਰ ਭਾਰਤੀ ਮੀਡੀਆ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ। 

ਤਾਲਾਬੰਦੀ ਦੇ ਦੌਰਾਨ, ਮੈਂ ਪਹਿਲਾ ਨਾਵਲ, ਵੈਸੀਲੀ ਗ੍ਰਾਸਮੈਨ ਦਾ ਸਟਾਲਿਨਗ੍ਰਾਦ ਪੜ੍ਹਿਆ (ਗ੍ਰੈ¤ਸਮੈਨ ਰੈ¤ਡ ਆਰਮੀ ਦਾ ਫਰੰਟ-ਲਾਈਨ ਸਿਪਾਹੀ ਸੀ। ਉਸ ਦੀ ਦੂਜੀ ਕਿਤਾਬ ‘ਲਾਈਫ ਐਂਡ ਫੇਟ’ (ਜੋ ਜ਼ਿੰਦਗੀ ਅਤੇ ਕਿਸਮਤ ਸੀ) ਜਿਸ ਤੋਂ ਸੋਵੀਅਤ ਸਰਕਾਰ ਨਾਰਾਜ਼ ਹੋ ਗਈ ਅਤੇ ਖਰੜੇ ਨੂੰ ਜ਼ਬਤ ਕਰ ਲਿਆ। ਇਹ ਉਤਸ਼ਾਹ ਨਾਲ ਭਰਪੂਰ ਜੀਵਨੀ ਮਨੁੱਖ ਦਾ ਮਨੋਬਲ ਉ¤ਚਾ ਕਰਦੀ ਹੈ। ਅਜਿਹੀ ਸਿਰਜਣਾਤਮਕ ਰਚਨਾਤਮਕ ਕਲਾ ਕਲਾਸਾਂ ਵਿੱਚ ਨਹੀਂ ਸਿਖਾਈ ਜਾ ਸਕਦੀ। ਖੈਰ, ਇਕ ਕਾਰਨ ਜਿਸ ਨੇ ਇਹ ਵਿਚਾਰ ਮੇਰੇ ਦਿਮਾਗ ਵਿਚ ਲਿਆਂਦਾ ਉਹ ਇਕ ਸ਼ਾਨਦਾਰ ਵੇਰਵਾ ਹੈ ਜੋ ਇਕ ਸੀਨੀਅਰ ਨਾਜ਼ੀ ਜਰਮਨ ਅਧਿਕਾਰੀ ਨੇ ਰੂਸ ਵਿਚ ਫਰੰਟ ਲੜਾਈ ਤੋਂ ਭੱਜਣ ਤੋਂ ਬਾਅਦ ਬਰਲਿਨ ਪਹੁੰਚ ਕੇ ਫੈਸਲਾ ਕੀਤਾ ਕਿ ਉਹ ਹਿਟਲਰ ਨੂੰ ਦਸੇਗਾ ਕਿ ਜਰਮਨੀ ਨੇ ਰੂਸ ਨਾਲ ਯੁਧ ਛੇੜ ਕੇ ਗ਼ਲਤ ਨੀਤੀ ਅਪਨਾਈ ਸੀ। ਪਰ ਜਦੋਂ ਉਹ ਹਿਟਲਰ ਦੇ ਸਾਹਮਣੇ ਆਉਂਦਾ ਹੈ ਤਾਂ ਉਹ ਬੜਾ ਘਬਰਾ ਜਾਂਦਾ ਹੈ ਅਤੇ ਉਸ ਦਾ ਦਿਮਾਗ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ। ਉਹ  ਹਿਟਲਰ ਨੂੰ ਖੁਸ਼ ਕਰਨ ਲਈ ਨਿਰੰਤਰ ਕੋਸ਼ਿਸ਼ ਕਰਦਾ ਹੈ ਕਿ ਅਜਿਹਾ ਕੁਝ ਨਾ ਕਹੇ ਜੋ ਉਸਨੂੰ ਪਸੰਦ ਨਹੀਂ ਹੈ। ਇਸੇ ਲਈ ਉਹ ਉਸ ਦੇ ਸਾਹਮਣੇ ਅਸਲੀਅਤ ਦੱਸਣ ਤੋਂ ਘਬਰਾ ਜਾਂਦਾ ਹੈ। ਸਾਡੇ ਦੇਸ਼ ਵਿਚ ਵੀ ਇਹੋ ਕੁਝ ਵਾਪਰ ਰਿਹਾ ਹੈ। ਸਾਡੇ ਦੇਸ ਦੀ ਜਨਤਾ ਵੀ ਡਰ ਤੇ ਚਾਪਲੂਸੀ ਨਾਲ ਲੈਸ ਹੋ ਚੁੱਕੀ ਹੈ। ਸਾਡੀ ਸਮੂਹਿਕ ਜ਼ਮੀਰ ਗਿਰਵੀ ਰੱਖੀ ਜਾ ਚੁੱਕੀ ਹੈ। ਮੀਡੀਆ ਤਾਂ ਕੱਠਪੁਤਲੀ ਬਣ ਚੁੱਕਾ ਹੈ।
ਹਾਲਾਂਕਿ, ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਮਹਾਂਮਾਰੀ ਫੈਲਾਉਣ ਦੀਆਂ ਗਲਤ ਨੀਤੀਆਂ ਅਪਨਾਉਣ ਵਿਚ ਤਿੰਨ ਦੇਸਾਂ ਦੀ ਅਗਵਾਈ ਤਿੰਨ ਪ੍ਰਤਿਭਾਵਾਨਾਂ ਨੇ ਕੀਤੀ- ਮੋਦੀ, ਟਰੰਪ ਅਤੇ ਬੋਲਸੋਨਾਰੋ। ਉਨ੍ਹਾਂ ਦੇ ਸਿਧਾਂਤ ਉ¤ਪਰ ਮੌਜੂਦਾ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਚਲ ਰਿਹਾ ਹੈ ਤੇ ਅਮਿੱਟ ਸ਼ਬਦਾਂ ਵਾਂਗ ਭਾਜਪਾ ਦੇ ਦੁਆਲੇ ਘੁੰਮ ਰਿਹਾ ਹੈ ਕਿ ਹੁਣ ਅਸੀਂ ਦੋਸਤ ਹਾਂ।

ਭਾਰਤੀ ਰਾਜਨੀਤੀ ਦਾ ਦ੍ਰਿਸ਼
ਅਜਿਹਾ ਲਗਦਾ ਹੈ ਕਿ ਟਰੰਪ ਨਵੰਬਰ ਦੀਆਂ ਚੋਣਾਂ ਵਿਚ ਹਾਰ ਜਾਣਗੇ, ਪਰ ਭਾਰਤ ਵਿਚ ਅਜਿਹਾ ਕੋਈ ਲੱਛਣ ਨਹੀਂ ਦਿਖਾਈ ਦੇ ਰਿਹਾ। ਵਿਰੋਧੀ ਧਿਰ ਬੁਰੀ ਤਰ੍ਹਾਂ ਬਿਖਰ ਰਹੀ ਹੈ। ਲੀਡਰ ਸ਼ਾਂਤ ਹਨ, ਝੁਕੇ ਹੋਏ ਹਨ। ਚੁਣੀਆਂ ਹੋਈਆਂ ਰਾਜ ਸਰਕਾਰਾਂ ਨੂੰ ਫਾਸ਼ੀਵਾਦੀ ਢੰਗ ਨਾਲ ਡੇਗਿਆ ਜਾ ਰਿਹਾ ਹੈ। ਰੋਜ਼ਾਨਾ ਖ਼ਬਰਾਂ ਵਿਚ ਗਦਾਰੀ ਤੇ ਦਲ ਬਦਲੀ ਦੀਆਂ ਰਾਜਨੀਤਕ ਘਟਨਾਵਾਂ ਦਿਲਚਸਪੀ ਨਾਲ ਪੇਸ਼ ਕੀਤੀਆਂ ਜਾ ਰਹੀਆਂ ਹਨ। ਵਿਧਾਇਕਾਂ ਨੂੰ ਭੇਡਾਂ ਬੱਕਰੀਆਂ ਵਾਂਗ ਹੱਕਿਆਂ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਰਿਜੋਰਟਾਂ ਵਿਚ ਬੰਦ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਨੋਟਾਂ ਨਾਲ ਨਾ ਖਰੀਦੇ ਜਾ ਸਕਣ। ਮੇਰਾ ਮੰਨਣਾ ਹੈ ਕਿ ਜਿਹੜੇ ਰਾਜਨੀਤਕ ਲੋਕ ਆਪਣੇ ਆਪ ਨੂੰ ਵੇਚਣ ਲਈ ਤਿਆਰ ਹਨ ਉਨ੍ਹਾਂ ਦੀ ਜਨਤਕ ਤੌਰ ’ਤੇ ਬੋਲੀ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਉ¤ਚ ਕੀਮਤ ਪਤਾ ਲੱਗ  ਸਕੇ। ਖੈਰ, ਛੱਡੋ ਪਰਾ ਇਨ੍ਹਾਂ ਨੂੰ। ਆਓ ਅਸੀਂ ਅਸਲ ਮੁੱਦੇ ਵਲ ਧਿਆਨ ਦੇਈਏ। ਅਸਲ ਵਿੱਚ, ਸਾਡਾ ਲੋਕਤੰਤਰ ਖਤਮ ਕੀਤਾ ਜਾ ਰਿਹਾ ਹੈ।

ਕਸ਼ਮੀਰ ਦੇ ਹਾਲਾਤ
ਤਾਲਾਬੰਦੀ ਦੌਰਾਨ, ਕਈ ਮੱਧਵਰਗੀ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹ ਜੇਲ੍ਹ ਵਾਂਗ ਮਹਿਸੂਸ ਕਰ ਰਹੇ ਹਨ। ਪਰ ਅਸਲ ਵਿਚ ਇਹ ਸਭ ਝੂਠ ਹੈ। ਇਹ ਲੋਕ ਤਾਂ ਆਪਣੇ ਘਰਾਂ ਵਿਚ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ। ਆਪਣੇ ਅਜ਼ੀਜ਼ਾਂ ਨਾਲ ਗੱਲਬਾਤ ਕਰ ਰਹੇ ਹਨ। ਉਹ ਆਪਣਾ ਕੰਮ ਵੀ ਕਰ ਰਹੇ ਹਨ। ਉਨ੍ਹਾਂ ਕੋਲ ਮੋਬਾਇਲ ਇੰਟਰਨੈਟ ਹਨ। ਉਨ੍ਹਾਂ ਦੀ ਹਾਲਤ ਤੁਹਾਡੇ ਵਰਗੇ ਲੋਕਾਂ ਵਰਗੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੀ ਸਥਿਤੀ ਕਸ਼ਮੀਰ ਦੇ ਲੋਕਾਂ ਵਰਗੀ ਹੈ ਜੋ ਕਿ ਪਿਛਲੇ ਸਾਲ 5 ਅਗਸਤ ਤੋਂ ਇਕ ਖ਼ਾਸ ਕਿਸਮ ਦੀ ਜੇਲ੍ਹ ਵਿਚ ਬੰਦ ਹਨ ਜਿੱਥੇ ਇੰਟਰਨੈਟ ਦੀ ਸਹੂਲਤ ਵੀ ਬੰਦ ਕਰ ਦਿੱਤੀ ਜਾਂਦੀ ਹੈ। ਜਦੋਂ  ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕੀਤੀ ਗਈ ਸੀ ਤਾਂ ਇਸ ਦਾ ਵਿਸ਼ੇਸ਼ ਰੁਤਬਾ ਅਤੇ ਰਾਜ ਦਾ ਵਜੂਦ ਖਤਮ ਕਰ ਦਿੱਤਾ ਗਿਆ।

ਜੇ ਦੋ ਮਹੀਨਿਆਂ ਦੀ ਤਾਲਾਬੰਦੀ ਨੇ ਭਾਰਤ ਦੀ ਆਰਥਿਕਤਾ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ, ਤਾਂ ਤੁਸੀਂ ਕਸ਼ਮੀਰ ਬਾਰੇ ਸੋਚ ਸਕਦੇ ਹੋ ਕਿ ਉਹ ਸੰਗੀਨਾਂ ਦੇ ਪਰਛਾਵਿਆਂ ਹੇਠ ਕਿਸ ਹਾਲਾਤ ਵਿਚ ਵਸ ਰਹੇ ਹਨ। ਉ¤ਥੇ ਕਾਰੋਬਾਰ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਵਿਦਿਆਰਥੀ ਆਨਲਾਈਨ ਕਲਾਸਾਂ ਵਿਚ ਵੀ ਹਾਜ਼ਰੀ ਨਹੀਂ ਲਗਾ ਰਹੇ। ਤੁਹਾਨੂੰ ਯਾਦ ਕਰਵਾ ਦੇਈਏ ਕਿ 5 ਅਗਸਤ ਦੌਰਾਨ ਹਜ਼ਾਰਾਂ ਕਸ਼ਮੀਰੀਆਂ ਨੂੰ ਜੇਲ ਭੇਜਿਆ ਗਿਆ ਸੀ। ਭਾਰਤੀ ਸਿਸਟਮ ਨੇ ਇਸ ਦੀ ਤਿਆਰੀ ਪਹਿਲਾਂ ਤੋਂ ਕੀਤੀ ਹੋਈ ਸੀ। ਸਾਰੀਆਂ ਜੇਲ੍ਹਾਂ ਉਨ੍ਹਾਂ ਲੋਕਾਂ ਨਾਲ ਭਰੀਆਂ ਹਨ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ।

ਧਾਰਾ 370 ਨੂੰ ਖਤਮ ਕਰਨਾ ਸਟੇਟ ਦੇ ਹੰਕਾਰ ਦਾ ਨਤੀਜਾ ਹੈ। ਇਸ ਨੂੰ ਆਖਰੀ ਹੱਲ ਦਸ ਕੇ ਸ਼ੇਖੀ ਮਾਰੀ ਜਾ ਰਹੀ ਹੈ ਕਿ ਅਸੀਂ ਕਸ਼ਮੀਰ ਦਾ ਮਸਲਾ ਹੱਲ ਕਰ ਦਿੱਤਾ ਹੈ। ਅਜਿਹਾ ਕਰਕੇ ਇਨ੍ਹਾਂ ਨੇ ਸਾਰੇ ਕਸ਼ਮੀਰ ਵਿਚ ਗੜਬੜ ਦਾ ਮਾਹੌਲ ਬਣਾ ਦਿੱਤਾ ਹੈ। 

ਚੀਨ ਤੇ ਪਾਕਿਸਤਾਨ ਨਾਲ ਵਿਵਾਦ
ਭਾਰਤੀ ਹਾਕਮ ਜਾਣਦੇ ਹਨ ਕਿ ਚੀਨੀ ਫੌਜ ਨੇ ਬਾਰਡਰ ਪਾਰ ਕੀਤਾ ਹੈ। ਇੱਥੋਂ ਤੱਕ ਕਿ ਅਸਲ ਕੰਟਰੋਲ ਰੇਖਾ ਅਤੇ ਲੱਦਾਖ ਦੇ ਬਹੁਤ ਸਾਰੇ ਖੇਤਰ ਉ¤ਤੇ ਕਬਜ਼ਾ ਕਰ ਲਿਆ ਹੈ। ਮੈਂ ਦਸਣਾ ਚਾਹੁੰਦੀ ਹਾਂ ਕਿ ਚੀਨ ਨਾਲ ਲੜਾਈ ਪਾਕਿਸਤਾਨ ਨਾਲ ਲੜਾਈ ਤੋਂ ਬਿਲਕੁਲ ਵੱਖਰੀ ਕਿਸਮ ਦੀ ਹੈ। ਭਾਰਤ ਇਸ ਨੂੰ ਪਾਕਿਸਤਾਨ ਵਾਂਗ ਨਹੀਂ ਨਿਪਟ ਰਿਹਾ। ਤੁਸੀਂ ਇਨ੍ਹਾਂ ਦੇ ਬਿਆਨਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ। ਇਹ ਆਖ ਰਹੇ ਹਨ ਕਿ ਗੱਲਬਾਤ ਚੱਲ ਰਹੀ ਹੈ। ਹਾਲਾਂਕਿ, ਭਾਰਤ ਦੇ ਟੀਵੀ ਚੈਨਲਾਂ ’ਤੇ ਭਾਰਤ ਜਿੱਤਦਾ ਦਿਖਾਇਆ ਜਾ ਰਿਹਾ ਹੈ, ਪਰ ਟੀਵੀ ਤੋਂ ਬਾਹਰ ਅਜਿਹਾ ਕੁਝ ਵੀ ਨਹੀਂ ਦਿਖਾਈ ਦੇ ਰਿਹਾ।

ਮੈਨੂੰ ਇੰਨੀ ਲੰਬੀ ਚਿੱਠੀ ਲਿਖਣ ਦੀ ਉਮੀਦ ਨਹੀਂ ਸੀ, ਪਰ ਇਹ ਬਹੁਤ ਲੰਮੀ ਹੋ ਗਈ। ਹੁਣ ਮੈਂ ਅਲਵਿਦਾ ਕਹਿੰਦੀ ਹਾਂ ਮੇਰੇ ਦੋਸਤ। ਤੁਹਾਡੇ ਕੋਲ ਹਿੰਮਤ ਹੈ ਅਤੇ ਸਬਰ ਵੀ ਰੱਖਣਾ ਚਾਹੀਦਾ ਹੈ। ਇਹ ਬੇਇਨਸਾਫੀ ਬਹੁਤ ਦੇਰ ਤੱਕ ਨਹੀਂ ਚੱਲ ਸਕੇਗੀ। ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਅਤੇ ਤੁਸੀਂ ਸਾਡੇ ਵਿਚਾਲੇ ਆ ਜਾਓਗੇ। ਜੋ ਚੱਲ ਰਿਹਾ ਹੈ ਉਹ ਬਹੁਤ ਲੰਬਾ ਨਹੀਂ ਚਲੇਗਾ। ਇਸ ਦਾ ਵਿਨਾਸ਼ ਖੁਦ-ਬ-ਖੁਦ ਹੋ ਜਾਵੇਗਾ। ਫਿਰਕੂ ਹਾਕਮਾਂ ਕਾਰਨ ਜੋ ਕੁਝ ਵਾਪਰੇਗਾ, ਉਹ ਸਾਡੀ ਕਲਪਨਾ ਤੋਂ ਬਾਹਰ ਹੋਵੇਗਾ। ਸਾਨੂੰ ਕੁਝ ਨਹੀਂ ਕਰਨਾ ਪਏਗਾ। ਮੈਨੂੰ ਯਕੀਨ ਹੈ ਕਿ ਬੋਧਿਕਤਾ ਤੇ ਸੱਚ ਦੀ ਜਿੱਤ ਹੋਵੇਗੀ।