ਪੰਜਾਬ 'ਚ ਮੱਧ ਪ੍ਰਦੇਸ਼ ਅਤੇ ਯੂ.ਪੀ. ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਹੋ ਰਹੀ ਏ ਤਸਕਰੀ ,ਖੁਫ਼ੀਆ ਤੰਤਰ ਫੇਲ

ਪੰਜਾਬ 'ਚ ਮੱਧ ਪ੍ਰਦੇਸ਼ ਅਤੇ ਯੂ.ਪੀ. ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਹੋ ਰਹੀ ਏ ਤਸਕਰੀ ,ਖੁਫ਼ੀਆ ਤੰਤਰ ਫੇਲ

*ਹਥਿਆਰ ਪਹੁੰਚ ਰਹੇ ਨੇ ਗੈਂਗਸਟਰਾਂ ਕੋਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੁਧਿਆਣਾ- ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਆਏ ਦਿਨ ਗੈਂਗਸਟਰਾਂ ਵਲੋਂ ਪੁਲਿਸ ਨਾਲ ਮੁਕਾਬਲੇ ਦੀਆਂ ਖ਼ਬਰਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ । ਗੈਂਗਸਟਰ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਅਸਮਾਜਿਕ ਅਨਸਰ ਬੇਖੌਫ ਹੋ ਕੇ ਪੁਲਿਸ ਦੀਆਂ ਟੀਮਾਂ ਉਪਰ ਕਥਿਤ ਤੌਰ 'ਤੇ ਗੋਲੀਆਂ ਚਲਾ ਰਹੇ ਹਨ ।ਇਹੋ ਕਾਰਨ ਹੈ ਕਿ ਪਿਛਲੇ ਕਰੀਬ 15 ਦਿਨਾਂ ਦੇ ਅੰਦਰ ਸਿਰਫ਼ ਲੁਧਿਆਣਾ ਕਮਿਸ਼ਨਰੇਟ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ 3 ਗੈਂਗਸਟਰਾਂ ਦੀ ਮੌਤ ਹੋਈ ਹੈ । ਹੁਣ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਿਰਫ਼ ਲੁਧਿਆਣਾ ਹੀ ਨਹੀਂ, ਬਲਕਿ ਪੰਜਾਬ ਦੇ ਦੂਸਰੇ ਜ਼ਿਲਿਆਂ ਵਿਚ ਵੀ ਨਾਜਾਇਜ਼ ਹਥਿਆਰਾਂ ਦੀ ਆਮਦ ਕਿਥੋਂ ਅਤੇ ਕਿਵੇਂ ਹੋ ਰਹੀ ਹੈ । ਸਰਹੱਦੀ ਸੂਬਾ ਹੋਣ ਦੇ ਚੱਲਦੇ ਭਾਰਤ ਦੇ ਪੁਰਾਣੇ ਵਿਰੋਧੀ ਪਾਕਿਸਤਾਨ ਤੋਂ ਡਰੋਨ ਰਾਹੀਂ ਜਿੱਥੇ ਭਾਰੀ ਮਾਤਰਾ ਵਿਚ ਹੈਰੋਇਨ ਪੰਜਾਬ ਦੀ ਧਰਤੀ 'ਤੇ ਪਹੁੰਚ ਰਹੀ ਹੈ, ਉਥੇ ਹੀ ਨਸ਼ਾ ਤਸਕਰ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵੀ ਕਰ ਰਹੇ ਹਨ ।ਇਸਦੇ ਨਾਲ ਹੀ ਭਾਰਤ ਦੇ ਹੀ ਰਾਜਾਂ ਮੱਧ ਪ੍ਰਦੇਸ਼ ਅਤੇ ਯੂ.ਪੀ. ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵੀ ਪੰਜਾਬ ਵਿਚ ਧੜੱਲੇ ਨਾਲ ਹੋ ਰਹੀ ਹੈ ।ਜਿਸਦਾ ਪ੍ਰਮਾਣ ਇਸ ਗੱਲ ਤੋਂ ਹੀ ਮਿਲਦਾ ਹੈ ਕਿ ਪਿਛਲੇ ਕਰੀਬ 20 ਦਿਨਾਂ ਵਿਚ ਹੀ ਅੰਮਿ੍ਤਸਰ ਪੁਲਿਸ ਨੇ ਤਸਕਰਾਂ ਕੋਲੋਂ 40 ਤੋਂ ਜ਼ਿਆਦਾ ਨਾਜਾਇਜ਼ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਕੀਤੇ ਹਨ, ਉਥੇ ਹੀ ਜਲੰਧਰ ਪੁਲਿਸ ਵਲੋਂ ਵੀ ਪੰਜ ਦਿਨ ਪਹਿਲਾਂ ਹੀ ਦੋ ਨੌਜਵਾਨਾਂ ਵਲੋਂ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ 10 ਦੇਸੀ ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਕੀਤੇ ਹਨ ।

ਖੁਫ਼ੀਆ ਤੰਤਰ ਨੂੰ ਕਿਉਂ ਨਹੀਂ ਪੈ ਰਹੀ ਭਿਣਕ?

ਪੰਜਾਬ ਦੇ ਲੁਧਿਆਣਾ, ਅੰਮਿ੍ਤਸਰ, ਤਰਨਤਾਰਨ, ਜਲੰਧਰ, ਬਠਿੰਡਾ, ਪਟਿਆਲਾ, ਮੁਹਾਲੀ ਸਮੇਤ ਹੋਰ ਜਿਲਿਆਂ ਵਿਚ ਨਾਜਾਇਜ਼ ਹਥਿਆਰਾਂ ਦੀ ਹੋ ਰਹੀ ਖਰੀਦੋ-ਫਰੋਖ਼ਤ ਸੰਬੰਧੀ ਪੁਲਿਸ ਦਾ ਖੂਫੀਆ ਤੰਤਰ ਕਿਉਂ ਅਸਫਲ ਸਿੱਧ ਹੋ ਰਿਹਾ ਹੈ? ਦੂਸਰੇ ਰਾਜਾਂ ਤੋਂ ਪੰਜਾਬ ਵਿਚ ਲਿਆਂਦੇ ਜਾ ਰਹੇ ਨਾਜਾਇਜ਼ ਹਥਿਆਰਾਂ ਬਾਰੇ ਖੂਫੀਆ ਤੰਤਰ ਨੂੰ ਭਿਣਕ ਕਿਉਂ ਨਹੀਂ ਪੈ ਰਹੀ? ਸੂਤਰਾਂ ਅਨੁਸਾਰ ਤਾਂ ਲੁਧਿਆਣਾ ਕਮਿਸ਼ਨਰੇਟ ਅੰਦਰ ਹੀ ਸੈਂਕੜਿਆਂ ਦੀ ਗਿਣਤੀ ਵਿਚ ਨਾਜਾਇਜ਼ ਹਥਿਆਰਾਂ ਦੀ ਖਰੀਦੋ-ਫਰੋਖ਼ਤ ਹੋਈ ਹੈ । ਜੇਕਰ ਲੁਧਿਆਣਾ ਪੁਲਿਸ ਦਾ ਖੂਫੀਆ ਵਿਭਾਗ ਸੂਤਰਾਂ ਨੂੰ ਸਰਗਰਮ ਕਰੇ ਤਾਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਜਾ ਸਕਦਾ ਹੈ ।