ਆਤਮ-ਹੱਤਿਆ ਕਰ ਚੁੱਕੇ ਕਿਸਾਨ ਮੁਣਸ਼ੀ ਸਿੰਘ ਦਾ ਪਰਿਵਾਰ ਭੋਗ ਰਿਹਾ ਨਰਕ

ਆਤਮ-ਹੱਤਿਆ ਕਰ ਚੁੱਕੇ ਕਿਸਾਨ ਮੁਣਸ਼ੀ ਸਿੰਘ ਦਾ ਪਰਿਵਾਰ ਭੋਗ ਰਿਹਾ ਨਰਕ

ਮੋਗਾ: ਪੰਜਾਬ ਵਿਚ ਹੁਣ ਖੇਤੀ ਸਿਰਫ ਘਾਟੇ ਦਾ ਹੀ ਨਹੀਂ, ਬਲਕਿ ਖੁਦਕੁਸ਼ੀਆਂ ਦਾ ਵੀ ਸੌਦਾ ਬਣ ਗਈ ਹੈ। ਖੁਦਕੁਸ਼ੀਆਂ ਕਾਰਨ ਸੈਂਕੜੇ ਧੀਆਂ ਨੂੰ ਡੋਲੀ ਵੇਲੇ ਬਾਬਲ ਦਾ ਹੱਥ ਨਸੀਬ ਨਹੀਂ ਹੋਇਆ। ਹਾਕਮਾਂ ਨੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੇ ਦੁੱਖ ਨੂੰ ਨੇੜਿਓਂ ਜਾਣਿਆ ਹੁੰਦਾ ਤਾਂ ਸ਼ਾਇਦ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਵਫ਼ਾ ਹੋ ਜਾਂਦੇ। ਮੋਗਾ ਤੋਂ ਤਕਰੀਬਨ 20 ਕਿਲੋਮੀਟਰ ਦੂਰ ਥਾਣਾ ਸਦਰ ਅਧੀਨ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਛੋਟੇ ਕਿਸਾਨ ਮੁਨਸ਼ੀ ਸਿੰਘ ਨੂੰ ਢਾਈ ਵਰ੍ਹੇ ਪਹਿਲਾਂ ਕਰਜ਼ੇ ਦਾ ਦੈਂਤ ਨਿਗਲ ਗਿਆ। ਪੀੜਤ ਪਰਿਵਾਰ ਨੇ ਵਿੱਤੀ ਮਦਦ ਲਈ ਖੇਤੀਬਾੜੀ ਵਿਭਾਗ ਕੋਲ ਦਸਤਾਵੇਜ਼ ਜਮ੍ਹਾਂ ਕਰਵਾਏ ਹੋਏ ਹਨ ਪਰ ਬੇਲੋੜੀਆਂ ਸ਼ਰਤਾਂ ਕਾਰਨ ਉਨ੍ਹਾਂ ਨੂੰ ਹਾਲੇ ਤੱਕ ਸਰਕਾਰ ਵੱਲੋਂ ਧੇਲਾ ਵੀ ਨਹੀਂ ਮਿਲਿਆ। ਇਕੱਲੇ ਇਸ ਪਰਿਵਾਰ ਦੀ ਅਰਜ਼ੀ ਹੀ ਨਹੀਂ ਹੋਰ ਕਈ ਪੀੜਤ ਪਰਿਵਾਰਾਂ ਦੀਆਂ ਅਰਜ਼ੀਆਂ ਸਰਕਾਰੀ ਦਫ਼ਤਰਾਂ ਵਿਚ ਮਿੱਟੀ ਫੱਕ ਰਹੀਆਂ ਹਨ। 

ਕਿਸਾਨ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬੈਂਕ ਦਾ ਕਰਜ਼ਾ ਨਾ ਲਾਹ ਸਕਿਆ ਤਾਂ ਉਸ ਨੇ 28 ਮਾਰਚ 2017 ਨੂੰ ਖੁਦਕੁਸ਼ੀ ਕਰ ਲਈ। ਉਨ੍ਹਾਂ ਸਾਰੇ ਦਸਤਾਵੇਜ਼ਾਂ ਸਮੇਤ ਅਰਜ਼ੀ ਦਿੱਤੀ ਹੋਈ ਹੈ ਪਰ ਹਾਲੇ ਸਰਕਾਰ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕੋਲ 3 ਏਕੜ ਜ਼ਮੀਨ ਹੈ। ਪਤੀ ਦੀ ਮੌਤ ਬਾਅਦ ਬੈਂਕ ਦੇ ਕਰਜ਼ੇ ਦੀ ਪੰਡ ਉਸ ਤੇ ਅਤੇ ਉਸ ਦੇ ਦੋ ਪੁੱਤਰਾਂ ਸਿਰ ਨਿਆਣੀ ਉਮਰੇ ਹੀ ਟਿੱਕ ਗਈ। ਬੈਂਕ ਵੱਲੋਂ ਨੋਟਿਸ ਜਾਰੀ ਹੋਣ ਮਗਰੋਂ ਉਨ੍ਹਾਂ ਦੀ ਤੰਗੀ ਹੋਰ ਵਧ ਗਈ। ਪੀੜਤ ਪਰਿਵਾਰ ਵਿਚੋਂ ਵੱਡਾ ਪੁੱਤਰ ਗੁਰਮੀਤ ਸਿੰਘ (32) ਨੈਸਲੇ ਫੈਕਟਰੀ ਵਿਚ ਠੇਕੇਦਾਰ ਅਧੀਨ ਅਤੇ ਛੋਟਾ ਪੁੱਤਰ ਸੁਖਜੀਤ ਸਿੰਘ (30) ਆਪਣੀ ਜ਼ਮੀਨ ਨਾਲ ਕੁਝ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਕੇ ਪਰਿਵਾਰ ਚਲਾ ਰਹੇ ਹਨ। ਮੁਨਸ਼ੀ ਸਿੰਘ ਖੁਦਕੁਸ਼ੀ ਕਰਨ ਵਾਲਾ ਅਜਿਹਾ ਇਕੱਲਾ ਕਿਸਾਨ ਨਹੀਂ। ਹਰ ਰੋਜ਼ ਕੋਈ ਨਾ ਕੋਈ ਕਿਸਾਨ-ਮਜ਼ਦੂਰ ਕਰਜ਼ੇ ਜਾਂ ਆਰਥਿਕ ਤੰਗੀ ਦੀ ਮਾਰ ਹੇਠ ਆ ਕੇ ਖੁਦਕੁਸ਼ੀ ਕਰ ਰਿਹਾ ਹੈ। ਪਰ ਇਨ੍ਹਾਂ ਖੁਦਕੁਸ਼ੀਆਂ ਨੂੰ ਕਿਵੇਂ ਰੋਕਿਆ ਜਾਵੇ, ਸ਼ਾਇਦ ਇਸ ਪਾਸੇ ਹਾਲੇ ਸਰਕਾਰਾਂ ਦਾ ਧਿਆਨ ਨਹੀਂ।

ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਅਰਜ਼ੀਆਂ ਕੁਝ ਐਸਡੀਐਮਾਂ ਨੂੰ ਪੜਤਾਲ ਲਈ ਅਤੇ ਕੁਝ ਸਰਕਾਰ ਨੂੰ ਮਨਜ਼ੂਰੀ ਲਈ ਭੇਜੀਆਂ ਹੋਈਆਂ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਅਮਲੀ ਤੌਰ ’ਤੇ ਕੁਝ ਨਹੀਂ ਹੋਇਆ। ਸੈਂਕੜੇ ਖੁਦਕੁਸ਼ੀ ਪੀੜਤ ਕਿਸਾਨ ਮਜ਼ਦੂਰ ਕਈ-ਕਈ ਸਾਲ ਬੀਤਣ ਦੇ ਬਾਵਜੂਦ ਸਰਕਾਰੀ ਮੁਆਵਜ਼ੇ ਤੋਂ ਵਾਂਝੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।