ਦਿੱਲੀ ਜਾ ਰਹੇ ਕਿਸਾਨਾਂ ਲਈ ਹਰਿਆਣਾ ਪੁਲਿਸ ਸ਼ੰਭੂ ਸਰਹੱਦ ਨੂੰ ਜਲਿਆਂ ਵਾਲਾ ਬਾਗ ਬਣਾਉਣ ਲਗੀ

ਦਿੱਲੀ ਜਾ ਰਹੇ ਕਿਸਾਨਾਂ ਲਈ ਹਰਿਆਣਾ ਪੁਲਿਸ ਸ਼ੰਭੂ ਸਰਹੱਦ ਨੂੰ ਜਲਿਆਂ ਵਾਲਾ ਬਾਗ ਬਣਾਉਣ ਲਗੀ

ਸੈਂਕੜਿਆਂ ਦੀ ਤਾਦਾਦ 'ਚ ਦਾਗੇ ਅੱਥਰੂ ਗੈਸ ਦੇ ਗੋਲੇ ਤੇ ਮਾਰੀਆਂ ਰਬੜ ਦੀਆਂ ਗੋਲੀਆਂ, 70 ਕਿਸਾਨ ਜ਼ਖ਼ਮੀ

 * ਬੈਰੀਕੇਡਾਂ ਦੀਆਂ ਤਿੰਨ ਪਰਤਾਂ ਤੋੜੀਆਂ ਕਿਸਾਨਾਂ ਨੇ

 *ਖਨੌਰੀ ਸਰਹੱਦ 'ਤੇ ਲਾਠੀਚਾਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸ਼ੰਭੂ -ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋ ਦੇ ਦਿੱਤੇ ਗਏ ਸੱਦੇ ਤਹਿਤ ਤੜਕਸਾਰ ਹੀ ਕਿਸਾਨ ਪੰਜਾਬ-ਹਰਿਆਣਾ ਸਰਹੱਦ ਸ਼ੰਭੂ ਵਿਖੇ ਪੁੱਜਣੇ ਸ਼ੁਰੂ ਹੋ ਗਏ ਸਨ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਉਪਰ ਤਸ਼ਤਦ ਢਾਹਕੇ ਸ਼ੰਭੂ ਸਰਹੱਦ ਨੂੰ ਜਲਿਆਂ ਵਾਲਾ ਬਾਗ ਬਣਾ ਦਿਤਾ।ਹਰਿਆਣਾ ਦੀ ਸਰਹੱਦਾਂ ‘ਤੇ ਲੋਹੇ ਦੀਆਂ ਕਿੱਲਾਂ, ਕੰਡਿਆਲੀਆਂ ਤਾਰਾਂ, ਸੜਕਾਂ ਪੱਟਣ ਅਤੇ ਕੰਕਰੀਟ ਦੀਆਂ ਦੀਵਾਰਾਂ ਬਣਾਉਣ ਅਤੇ ਇੰਟਰਨੈੱਟ ਪਾਬੰਦੀਆਂ ਲਗਾ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਿਆ ਹੋਇਆ ਹੈ। ਹਰਿਆਣਾ ਪੁਲੀਸ ਦੀ ਸਖ਼ਤੀ ਕਾਰਨ ‘ਦਿੱਲੀ ਕੂਚ’ ਪ੍ਰੋਗਰਾਮ ਦੇਸ਼ ਵਿਦੇਸ਼ ਵਿਚ ਕੇਂਦਰ ਬਿੰਦੂ ਬਣਿਆ ਰਿਹਾ।ਕਿਸਾਨਾਂ ਦੇ ਸਰਹੱਦ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਡਰੋਨ ਤਾਬੜਤੋੜ ਅੱਥਰੂ ਗੈਸ ਦੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ ।ਕੁਝ ਸਮੇਂ ਬਾਅਦ ਰਾਜਪੁਰਾ ਨੇੜੇ ਇਕੱਤਰ ਹੋਏ ਕਿਸਾਨਾਂ ਦਾ ਵੱਡਾ ਕਾਫ਼ਲਾ ਜਿਉਂ ਹੀ ਸਰਹੱਦ ਨੇੜੇ ਪੁੱਜਾ ਤਾਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਤੇ ਬੈਰੀਕੇਡਾਂ ਤੱਕ ਪਹੁੰਚਣ ਵਾਲੇ ਕਿਸਾਨਾਂ 'ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਦੌਰਾਨ ਤਕਰੀਬਨ 70 ਦੀ ਗਿਣਤੀ ਵਿਚ ਕਿਸਾਨ ਦੋ ਮੀਡੀਆ ਕਰਮੀ ਨੀਲ ਭਲਿੰਦਰ ਸਿੰਘ ਅਤੇ ਸਤਿੰਦਰ ਚੌਹਾਨ ਤੇ 24 ਦੇ ਕਰੀਬ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ।ਕਈ ਕਿਸਾਨਾਂ ਦੇ ਹੱਥਾਂ-ਪੈਰਾਂ, ਅੱਖਾਂ ਦੇ ਬਿਲਕੁਲ ਨੇੜੇ ਸੱਟਾਂ ਲੱਗੀਆਂ ਹਨ ।ਇਨ੍ਹਾਂ ਨੂੰ ਸਿਵਲ ਹਸਪਤਾਲ ਤੇ ਨਿੱਜੀ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ । ਮੂੰਹ 'ਤੇ ਵਿਸ਼ੇਸ਼ ਤਰ੍ਹਾਂ ਦੇ ਮਾਸਕ ਪਾ ਕੇ ਟਰੈਕਟਰਾਂ ਰਾਹੀਂ ਬੈਰੀਕੇਡਾਂ ਤੱਕ ਪਹੁੰਚੇ ਨੌਜਵਾਨਾਂ ਨੇ ਕਰੜੀ ਮੁਸ਼ੱਕਤ ਉਪਰੰਤ ਹਰਿਆਣਾ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਦੀਆਂ 3 ਪਰਤਾਂ ਖਦੇੜ ਦਿੱਤੀਆਂ ਤੇ ਸੜਕ 'ਤੇ ਕੰਕਰੀਟ ਪਾ ਕੇ ਲਗਾਏ ਗਏ ਤਿੱਖੇ ਸਰੀਏ ਵੀ ਕਿਸਾਨਾਂ ਨੇ ਪੁਟ ਲਏ ਪਰ ਜਿਉਂ ਹੀ ਕਿਸਾਨ ਹਰਿਆਣਾ ਪੁਲਿਸ ਵਲੋਂ ਖੜ੍ਹੀਆਂ ਕੀਤੀਆਂ ਕੰਕਰੀਟ ਦੀਆਂ ਕੰਧਾਂ ਤੱਕ ਪਹੁੰਚੇ ਤਾਂ ਹਰਿਆਣਾ ਪੁਲਿਸ ਨੇ ਰਬੜ ਦੀਆਂ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਕਈ ਕਿਸਾਨ ਜ਼ਖ਼ਮੀ ਹੋਏ ।ਬਾਰਡਰ ਦੇ ਨਾਲ ਦੇ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਲਈ ਲੰਗਰ ਪਹੁੰਚਾਇਆ।ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਸੀਮਾ ’ਤੇ ਕਿਸਾਨਾਂ ਦੀ ਅਗਵਾਈ ਕੀਤੀ। 

ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੇ ਸਾਰੇ ਲੋਕ ਕੰਟਰੋਲ ਵਿਚ ਹਨ। ਹਰਿਆਣਾ ਪੁਲਸ ਹੀ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ। ਜੋ ਅੱਥਰੂ ਗੈਸ ਦੇ ਗੋਲੇ ਕਿਸਾਨਾਂ ’ਤੇ ਦਾਗੇ ਗਏ, ਉਹ 2022 ਵਿਚ ਐਕਸਪਾਇਰ ਹੋ ਚੁੱਕੇ ਹਨ, ਜੋ ਕਾਫੀ ਨੁਕਸਾਨਦਾਇਕ ਹੋ ਸਕਦੇ ਹਨ।ਕਈ ਕਿਸਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਵੀ ਲੈ ਲਿਆ।ਇਸੇ ਦੌਰਾਨ ਇਹ ਮਾਮਲਾ ਹਾਈ ਕੋਰਟ ਵੀ ਪਹੁੰਚ ਗਿਆ। ਹਾਈ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਸੀਹਤ ਦਿੱਤੀ ਹੈ ਕਿ ਤਾਕਤ ਦੀ ਵਰਤੋਂ ਆਖਰੀ ਬਦਲ ਹੋਣਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਨਾਲ ਬੈਠ ਕੇ ਮਾਮਲੇ ਦਾ ਹੱਲ ਕੱਢਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅੰਦੋਲਨ ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।

ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਕਮੇਟੀਆਂ ਬਣਾ ਕੇ ਮਾਮਲੇ ਨੂੰ ਟਾਲਣਾ ਚਾਹੁੰਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਨਾਲ ਮੁੱਦਾ ਸੁਲਝਾਉਣਾ ਚਾਹੁੰਦੇ ਹਾਂ। ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸੀਂ ਕੋਈ ਰਸਤਾ ਜਾਮ ਨਹੀਂ ਕੀਤਾ। ਸਰਕਾਰ ਨੇ ਰਸਤੇ ਰੋਕੇ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਸੜਕਾਂ ’ਚ ਕਿੱਲ ਠੋਕ ਰੱਖੇ ਹਨ। ਕਿਸਾਨ ਸੰਗਠਨਾਂ ਦੇ ਟਵਿੱਟਰ ਬੰਦ ਕਰ ਦਿੱਤੇ ਹਨ, ਉਨ੍ਹਾਂ ਦੇ ਪਾਸਪੋਰਟ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ ਖ਼ਤਮ ਕਰਨ ’ਤੇ ਵੀ ਕੋਈ ਭਰੋਸਾ ਨਹੀਂ ਦੇ ਰਹੀ। ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸ਼ਾਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਸੰਗਠਨਾਂ ਦੇ ‘ਦਿੱਲੀ ਚੱਲੋ’ ਮਾਰਚ ’ਤੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਦਿੱਲੀ ’ਚ ਦਾਖ਼ਲ ਨਾ ਹੋਣ। ਇਹ ਮੋਦੀ ਸਰਕਾਰ ਦੀ ਨਿਅਤ ਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਗੈਰ-ਲੋਕਤੰਤਰਿਕ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜਦ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਸੀ ਤਾਂ ਮੋਦੀ ਨੇ ਕਿਸਾਨ ਸੰਗਠਨਾਂ ਨਾਲ ਕੁਝ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਕੀਤੇ। 

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਨੂੰਨੀ ਟੀਮ ਦੇ ਮੁਖੀ ਵਿਪਨ ਘਈ ਨੇ ਇੱਕ ਪ੍ਰੈੱਸ ਕਾਨਫਰੰਸ ’ਚ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਭਾਵੇਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਉਨ੍ਹਾਂ ਦੇ ਅੰਦੋਲਨ ’ਚ ਸ਼ਾਮਲ ਨਹੀਂ ਹੋਣਗੀਆਂ, ਅਜਿਹੀ ਸਥਿਤੀ ’ਚ ਭਾਵੇਂ ਅਸੀਂ ਅੰਦੋਲਨ ’ਚ ਨਹੀਂ ਜਾਵਾਂਗੇ, ਪਰ ਉਨ੍ਹਾਂ ਦਾ ਨੈਤਿਕ ਸਮਰਥਨ ਕਿਸਾਨਾਂ ਦੇ ਨਾਲ ਰਹੇਗਾ।ਉਨ੍ਹਾਂ ਕਿਸਾਨਾਂ ਨੂੰ 24 ਘੰਟੇ ਕਾਨੂੰਨੀ ਸਹਾਇਤਾ ਪੂਰੀ ਤਰ੍ਹਾਂ ਮੁਫਤ ਦੇਣ ਦਾ ਫੈਸਲਾ ਕੀਤਾ ਹੈ।

ਹਰਿਆਣਾ ਪੁਲਿਸ ਦੇ ਡਰੋਨਾਂ ਨੇ ਪੰਜਾਬ ਦੀ ਹੱਦ ਅੰਦਰ ਦਾਖ਼ਲ ਹੋ ਕੇ ਗੋਲੇ ਸੁਟੇ

ਹੈਰਾਨੀਜਨਕ ਗੱਲ ਇਹ ਰਹੀ ਕਿ ਹਰਿਆਣਾ ਪੁਲਿਸ ਦੇ ਡਰੋਨ ਵਾਰ-ਵਾਰ ਪੰਜਾਬ ਦੀ ਹੱਦ ਅੰਦਰ ਦਾਖ਼ਲ ਹੋ ਕੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟਦੇ ਰਹੇ ਪਰ ਪੰਜਾਬ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ। ਹਰਿਆਣਾ ਪੁਲਿਸ ਦੀ ਇਹ ਕਾਰਵਾਈ ਕਈ ਵਾਰ ਤਾਂ ਪੰਜਾਬ ਪੁਲਿਸ ਦੀ ਸਰਹੱਦ ਨੇੜੇ ਬੈਠੇ ਵੱਡੇ ਅਧਿਕਾਰੀਆਂ ਦੇ ਤੰਬੂਆਂ ਤੱਕ ਵੀ ਪਹੁੰਚ ਗਈ ਪਰ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਦੀ ਇਸ ਵਤੀਰੇ ਪ੍ਰਤੀ ਕੋਈ ਕਾਰਵਾਈ ਨਹੀਂ ਦਿਖਾਈ ਦਿੱਤੀ । 

ਕਿਸਾਨੀ ਸੰਘਰਸ਼ 'ਚ ਪਹੁੰਚੇ ਖਹਿਰਾ

ਕਿਸਾਨਾਂ ਦੀ ਹਮਾਇਤ 'ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਆਪਣੇ ਸਾਥੀਆਂ ਸਮੇਤ ਸ਼ੰਭੂ ਸਰਹੱਦ 'ਤੇ ਪਹੁੰਚੇ । ਖਹਿਰਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਾਰੇ 92 ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਰੇ ਕੰਮ ਕਾਰ ਛੱਡ ਕੇ ਕਿਸਾਨੀ ਸੰਘਰਸ਼ 'ਚ ਪਹੁੰਚਣ ਅਤੇ ਪੰਜਾਬ ਅੰਦਰ ਯਾਤਰਾਵਾਂ ਕੱਢ ਰਹੇ ਰਾਜਸੀ ਆਗੂ ਵੀ ਆਪਣੀਆਂ ਯਾਤਰਾਵਾਂ ਬੰਦ ਕਰ ਕੇ ਕਿਸਾਨਾਂ ਦੀ ਹਮਾਇਤ ਵਿਚ ਆਉਣ ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਅਤੇ ਥੱਕ ਕੇ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਮਜਬੂਰ ਹੋਏ ਹਨ ਪਰ ਹਰਿਆਣਾ ਦੀ ਭਾਜਪਾ ਸਰਕਾਰ ਇਨ੍ਹਾਂ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਸਲੂਕ ਕਰ ਰਹੀ ਹੈ ।

ਹਰਿਆਣਾ ਸਰਹੱਦ ਨੇੜਲੇ ਹਸਪਤਾਲਾਂ ਨੂੰ ਤਿਆਰ ਰਹਿਣ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੀਆਂ ਸਰਹੱਦਾਂ ਨੇੜਲੇ ਸਾਰੇ ਹਸਪਤਾਲਾਂ ਨੂੰ ਤਿਆਰ-ਬਰ-ਤਿਆਰ ਰਹਿਣ ਅਤੇ ਜ਼ਖ਼ਮੀ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਦਦ ਤੇ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਸ੍ਰੀ ਮਾਨ ਨੇ ਹਰਿਆਣਾ ਦੀਆਂ ਸਰਹੱਦਾਂ ’ਤੇ ਤਾਇਨਾਤ ਐਂਬੂਲੈਂਸਾਂ ਦੀ ਗਿਣਤੀ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਰਿਆਣਾ ਸਰਕਾਰ ਨੂੰ ਕਿਸਾਨਾਂ ’ਤੇ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਜਾਂ ਜਲ ਤੋਪਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। 

 ਸੰਯੁਕਤ ਕਿਸਾਨ ਮੋਰਚਾ ਵਲੋਂ ਭਾਜਪਾ ਸਰਕਾਰ ਦੀ ਜ਼ੋਰਦਾਰ ਨਿਖੇਧੀ

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀਕੇ, ਡਾ. ਦਰਸ਼ਨਪਾਲ, ਹਰਮੀਤ ਸਿੰਘ ਕਾਦੀਆਂ ਨੇ ਭਾਜਪਾ ਦੀਆਂ ਕੇਂਦਰ ਤੇ ਹਰਿਆਣਾ ਸਰਕਾਰਾਂ ਵਲੋਂ ਕਿਸਾਨਾਂ 'ਤੇ ਹੰਝੂ ਗੈਸ, ਰਬੜ ਦੀਆਂ ਗੋਲੀਆਂ ਤੇ ਪਾਣੀ ਦੀਆਂ ਬੁਛਾੜਾਂ ਵਰਗੇ ਢੰਗ ਤਰੀਕਿਆਂ ਰਾਹੀ ਜਬਰ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ।ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰਦਿਆਂ ਦਿੱਲੀ ਚਲੋ ਮਾਰਚ ਦੌਰਾਨ ਕਿਸਾਨਾਂ 'ਤੇ ਕਾਰਵਾਈ ਦੀ ਨਿਖੇਧੀ ਕੀਤੀ ਹੈ ਤੇ ਸਰਕਾਰ 'ਤੇ ਕਿਸਾਨ ਜਥੇਬੰਦੀਆਂ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ ।

 ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਬਣਾਵਾਂਗੇ ਐਮ.ਐਸ.ਪੀ. ਕਾਨੂੰਨ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ਵਿਚ ਸੱਤਾ 'ਚ ਆਈ ਤਾਂ ਫਸਲਾਂ ਲਈ ਐਮ.ਐਸ.ਪੀ. ਨੂੰ ਕਾਨੂੰਨੀ ਤੌਰ 'ਤੇ ਲਾਗੂ ਕੀਤਾ ਜਾਵੇਗਾ ।