ਕਿੱਥੇ ਗਏ ਓਹ ਲੋਕ ?

ਕਿੱਥੇ ਗਏ ਓਹ ਲੋਕ ?

ਬਚਪਨ.........

ਭੀੜ ਬਹੁਤ ਹੈ 

ਮੇਲੇ 'ਚ 

ਮੈਨੂੰ ਡਰ ਲਗਦਾ ਹੈ 

ਮੈਂ ਜਦ ਵੀ ਆਇਆ ਹਾਂ 

ਮੇਲੇ 'ਚ 

ਬਾਪੂ ਦੇ ਨਾਲ ਆਇਆ ਹਾਂ

ਅੱਜ ਬਾਪੂ ਨਹੀ ਹੈ 

ਮੈਨੂੰ ਡਰ ਲਗਦਾ ਹੈ

ਜਦ ਕਿ ਹੁਣ

ਮੈਂ ਖੁਦ ਬਾਪੂ ਹਾਂ

ਪਰ ਮੇਰਾ ਵੀ

ਇੱਕ ਬਾਪੂ ਹੁੰਦਾ ਸੀ !

ਬਹੁਤ ਭੀੜ ਹੈ

ਰਾਹਾਂ 'ਚ

ਮੇਰੇ ਤੋਂ ਲੰਘਿਆ ਨਹੀ ਜਾਂਦਾ ,

ਕਿੱਥੇ ਗਿਆ ਓਹ ਮੇਰਾ 

ਬਾਗੜੀ ਬੋਤੇ ਵਾਲਾ ਮਾਮਾ 

ਜਿਸਦੇ ਬੋਤੇ ਨੂੰ ਮਾਂ 

ਗੁਆਰੇ ਦੀਆਂ ਫਲੀਆਂ ਪਾ 

ਮਾਣ ਕਰਿਆ ਕਰਦੀ ਸੀ 

ਪੇਕਿਆਂ ਦਾ !

ਮਾਮੇ ਦੇ ਬੋਤੇ ਤੇ ਬੈਠ

ਮੈਨੂੰ ਜਿਵੇਂ

ਨਾਨਕਿਆਂ ਤੋਂ ਹੀ 

ਬਠਿੰਡੇ ਵਾਲਾ ਕਿਲਾ 

ਦਿਸ ਜਾਂਦਾ ਸੀ !

ਬਹੁਤ ਲੋਕ ਨੇ ਜਿੰਨਾ ਨੂੰ 

ਲੋੜ ਹੈ

ਰਾਹ ਦਿਖਾਓਣ ਦੀ ,

ਕਿੱਥੇ ਹੈ ਮੇਰਾ ਓਹ

ਖੂੰਡੀ ਵਾਲਾ ਨਾਨਾ

ਓਹ ਸੂਬੇਦਾਰਾਂ ਦਾ 

ਸਰਦਾਰ ਕਰਤਾਰ ਸਿੰਘ 

ਜੋ ਅਕਸਰ

ਜੈਦਾਂ ਵਾਲੇ ਮੋੜ ਤੇ ਪਏ

ਖੁੰਡ ਤੇ ਬੈਠਾ ਹੁੰਦਾ ਸੀ ,

ਅੱਜ ਵੀ ਮੈਨੂੰ 

ਉਸਦੀ ਖੂੰਡੀ ਚਾਹੀਦੀ ਹੈ !

ਬਹੁਤ ਕੁਝ ਹੈ ਮੇਰੇ ਕੋਲ 

ਪਰ ਅੱਜ ਵੀ ਬਹੁਤ ਕੁਝ 

ਲਭਦਾ ਰਹਿੰਦਾ ਹਾਂ ਮੈਂ ,

ਮੇਰਾ ਇਹ ਬਹੁਤ ਕੁਝ 

ਉਸ ਬਹੁਤ ਕੁਝ ਬਿਨਾ

ਨਿਰਾਰਥਕ ਹੈ ....

ਅਮਰਦੀਪ ਸਿੰਘ ਗਿੱਲ