ਗੁਰਦੁਆਰਿਆਂ ਦੀ ਸੇਵਾ ਸੰਭਾਲ 

ਗੁਰਦੁਆਰਿਆਂ ਦੀ ਸੇਵਾ ਸੰਭਾਲ 

ਸਿੱਖਾਂ ਦੇ ਗੁਰਦੁਆਰਿਆਂ ਸਬੰਧੀ

ਬੀਤੇ ਦਿਨੀਂ ਅਰਦਾਸ ਦੌਰਾਨ ਹਰਿਆਣਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਵਿੱਚ ਹੱਥੋਪਾਈ ਦੀ ਖਬਰ ਸਾਹਮਣੇ ਆਈ ਹੈ। ਵੱਖ-ਵੱਖ ਅਖਬਾਰਾਂ ਅਤੇ ਚੈਨਲਾਂ 'ਤੇ ਇਹ ਖਬਰ ਵੱਡੀ ਕਰ ਕਰ ਕੇ ਵਿਖਾਈ ਗਈ ਕਿ ਸ਼ੁਕਰਾਨੇ ਲਈ ਕਰਵਾਈ ਅਰਦਾਸ ਮੌਕੇ ਮਾਈਕ ਖੋਹਣ ਤੋਂ ਹੰਗਾਮਾ ਹੋ ਗਿਆ ਜਿਸ 'ਤੇ ਹਰਿਆਣਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕ ਆਪਸ ਵਿੱਚ ਉਲਝ ਗਏ, ਹੱਥੋਪਾਈ ਹੋਈ ਅਤੇ ਪੁਲੀਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਕਾਂ ਨੂੰ ਬਾਹਰ ਕੱਢਿਆ। ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਣੇ 14 ਜਣਿਆਂ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ। ਖਬਰਾਂ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ, ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਮੈਂਬਰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੀ ਸੇਵਾ ਸੰਭਾਲਣ ਸਬੰਧੀ ਸ਼ੁਕਰਾਨਾ ਅਰਦਾਸ ਕਰਨ ਪੁੱਜੇ ਸਨ। ਦੀਵਾਨ ਦੌਰਾਨ ਹੀ ਇਸ ਗੱਲ ਦਾ ਵਿਰੋਧ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਨੇ ਹਰਿਆਣਾ ਕਮੇਟੀ ਮੈਂਬਰਾਂ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਕਾਂ ਵਿੱਚ ਹੱਥੋਪਾਈ ਸ਼ੁਰੂ ਹੋ ਗਈ। ਇਸ ਮੌਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਸੁਰੱਖਿਆ ’ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ ਨੂੰ ਗੁਰਦੁਆਰੇ ਵਿਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਪੁਲੀਸ ਸ਼੍ਰੋਮਣੀ ਕਮੇਟੀ ਸਮਰਥਕਾਂ ਨੂੰ ਆਪਣੇ ਨਾਲ ਥਾਣਾ ਕ੍ਰਿਸ਼ਨਾ ਗੇਟ ਲੈ ਗਈ। 

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਅਰਦਾਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰ ਪਾਲ ਸਿੰਘ ਢਿੱਲੋਂ ਅਤੇ ਉਨ੍ਹਾਂ ਨਾਲ ਆਏ ਛੇ ਜਣਿਆਂ ਨੇ ਆਉਂਦੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ। ਉਹਨਾਂ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। 

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਗੁਰਦੁਆਰੇ ਵਿੱਚ ਜੁੱਤੀਆਂ ਸਮੇਤ ਦਾਖਲ ਹੋਈ ਹੈ ਤੇ ਉਥੇ ਕਬਜ਼ਾ ਕਰਨ ਦਾ ਵਿਰੋਧ ਕਰ ਰਹੇ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਗੁਰਦੁਆਰਿਆਂ ’ਤੇ ਪੁਲੀਸ ਦੇ ਜ਼ੋਰ ਨਾਲ ਕਬਜ਼ਾ ਕਰਨਾ ਹੈ ਤਾਂ ਇਸ ਤੋਂ ਪਹਿਲਾਂ ਸਿੱਖ ਗੁਰਦੁਆਰਾ ਐਕਟ 1925 ਨੂੰ ਸੰਸਦ ਵਿੱਚੋਂ ਡੀਨੋਟੀਫਾਇਡ ਕਰਵਾਏ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਪੰਜ ਮੈਂਬਰੀ ਕਮੇਟੀ ਗੁਰਦੁਆਰੇ ਵਿਚ ਵਾਪਰੀ ਘਟਨਾ ਦਾ ਜਾਇਜ਼ਾ ਲਵੇਗੀ, ਕਮੇਟੀ ਦੀ ਰਿਪੋਰਟ ਮਗਰੋਂ ਸ੍ਰੀ ਅਕਾਲ ਤਖ਼ਤ ਨੂੰ ਅਗਲੇਰੀ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ। 

ਸਿੱਖਾਂ ਦੇ ਗੁਰਦੁਆਰਿਆਂ ਸਬੰਧੀ ਅੰਗਰੇਜ ਸਰਕਾਰ ਵੇਲੇ ਤੋਂ ਹੀ ਨੀਤੀ ਇਹ ਰਹੀ ਹੈ ਕਿ ਇਹਨਾਂ ਦੇ ਪ੍ਰਬੰਧ ਵਿੱਚ ਦਖਲ ਦਿੱਤਾ ਜਾਵੇ, ਇਹਨਾ ਨੂੰ ਆਪਣੇ ਅਧੀਨ ਜਾਂ ਘੱਟੋ-ਘੱਟ ਅਸਰ ਥੱਲੇ ਰੱਖਿਆ ਜਾਵੇ ਅਤੇ ਆਪਣੇ ਰਾਜ ਦੀ ਮਜਬੂਤੀ ਲਈ ਵਰਤਿਆ ਜਾਵੇ। 1881 ਵਿੱਚ ਪੰਜਾਬ ਦੇ ਲੈਫਟੀਨੈਂਟ ਗਵਰਨਰ ‘ਇਜਰਟਨ’ ਨੇ ‘ਲਾਟ ਰਿਪਨ’ ਨੂੰ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਆਖਿਆ, “ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਅਜਿਹੀ ਕਮੇਟੀ ਦੇ ਹੱਥਾਂ ਵਿੱਚ ਜਾਣ ਦੇਣ ਦੀ ਆਗਿਆ ਦੇਣਾ ਜਿਹੜੀ ਗੌਰਮੈਂਟ ਕੰਟਰੋਲ ਤੋਂ ਆਜ਼ਾਦ ਹੋ ਚੁੱਕੀ ਹੋਵੇ, ਰਾਜਸੀ ਤੌਰ ’ਤੇ ਖਤਰਨਾਕ ਹੋਵੇਗਾ।” ਇਹ ਨੀਤੀ ਲਗਾਤਾਰ ਲਾਗੂ ਹੈ ਅਤੇ ਇਹ ਹੀ ਅੱਜ ਸਾਨੂੰ ਇਸ ਥਾਂ 'ਤੇ ਲੈ ਆਈ ਹੈ।  

ਸਾਡੀਆਂ ਇਹ ਸੰਸਥਾਵਾਂ ਵੀ ਜਿਹੜੀਆਂ ਕਰੀਬ 100 ਸਾਲ ਪਹਿਲਾਂ ਸੰਘਸਰਸ਼ 'ਚੋਂ ਹੋਂਦ ਵਿੱਚ ਆਈਆਂ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ) ਆਪਣੇ ਅਸਲ ਮਨੋਰਥ ਤੋਂ ਪਾਸੇ ਹੋਣ ਕਰਕੇ ਆਪਣੀ ਵਿਸ਼ਵਾਸ਼ਯੋਗਤਾ ਗਵਾ ਚੁੱਕੀਆਂ ਹਨ। ਅਜਿਹੀਆਂ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਅਮਲ ਹੋਰ ਵੀ ਵੱਧ ਘਾਤਕ ਬਣ ਜਾਂਦੇ ਹਨ। ਹਾਲ ਹੀ ਵਿੱਚ ਹੋਈ ਤਾਜਾ ਘਟਨਾ ਨੇ ਇਹ ਗੱਲ ਹੋਰ ਵੀ ਨਿਖਾਰ ਦਿੱਤੀ ਹੈ ਕਿ ਹੁਣ ਇਹਨਾਂ ਵਿੱਚ ਸੁਧਾਰ ਮਹਿਜ ਬੰਦੇ ਬਦਲ ਕੇ ਨਹੀਂ ਹੋਣਾ ਸਗੋਂ ਤਰੀਕਾ ਬਦਲਣਾ ਪੈਣਾ ਹੈ। 

ਸੰਤ ਅਤਰ ਸਿੰਘ ਜੀ ਸੰਨ 1921 ਵਿਚ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦੀ ਸਮਾਗਮ ਵਿਖੇ ਗਏ। ਭਾਈ ਤੇਜਾ ਸਿੰਘ ਨੇ ਉਥੇ ਸੰਤ ਜੀ ਵੱਲੋਂ ਪੰਥ ਸੇਵਕਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਦੀ ਰਜ਼ਾ ਵਿੱਚ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਅਤੇ ਜ਼ਿੰਮੇਵਾਰੀ ਹੁਣ ਪੰਥ ਕੋਲ ਆ ਗਈ ਹੈ। ਗੁਰੂ ਖਾਲਸਾ ਪੰਥ ਹੋਰ ਗੁਰਦੁਆਰਿਆਂ 'ਤੇ ਕਬਜ਼ਾ ਨਾ ਕਰੇ ਸਗੋਂ ਅਕਾਲੀ ਫੂਲਾ ਸਿੰਘ ਵਾਂਗ ਮਹੰਤਾਂ ਨੂੰ ਆਪਣੇ ਕੁੰਡੇ ਹੇਠ ਰੱਖੇ। ਇਸ ਤਰ੍ਹਾਂ ਸਾਰਾ ਪ੍ਰਬੰਧ ਖਾਲਸਾ ਜੀ ਦੀ ਮਰਜ਼ੀ ਅਨੁਸਾਰ ਹੋਵੇਗਾ ਅਤੇ ਦੂਸਰਾ, ਪੰਥ ਪੂਜਾ ਦੇ ਧੰਨ ਤੋ ਵੀ ਬਚਿਆ ਰਹੇਗਾ। ਪੰਜ ਸੌ ਸਿੱਖਾਂ ਦਾ ਨਿਸ਼ਕਾਮ ਜਥਾ, ਜੋ ਤਨਖਾਹ ਨਾ ਲੈਂਦਾ ਹੋਵੇ, ਗੁਰੂ ਕੇ ਲੰਗਰਾਂ ਵਿਚੋਂ ਪ੍ਰਸ਼ਾਦੇ ਅਤੇ ਸਿਰੋਪਾਓ ਤੇ ਗੁਜ਼ਾਰਾ ਕਰਦਾ ਹੋਵੇ, ਉਹ ਸੇਵਾ ਸੰਭਾਲੇ ਤਾਂ ਹੀ ਗੁਰੂ ਆਸ਼ਾ ਪੂਰਾ ਹੋ ਸਕਦਾ ਹੈ।

ਹੁਣ ਵੀ ਸਾਨੂੰ ਮੌਜੂਦਾ ਚਲਣ ਜਿਸ ਵਿੱਚ ਵੋਟਾਂ ਰਾਹੀਂ ਬੰਦੇ ਚੁਣੇ ਜਾਂਦੇ ਹਨ ਨੂੰ ਬਦਲ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਾਡੀ ਪ੍ਰੰਪਰਾ ਅਨੁਸਾਰ ਨਿਸ਼ਕਾਮ ਜਥਿਆਂ ਨੂੰ ਦੇਣੀ ਚਾਹੀਦੀ ਹੈ ਜੋ ਘਰਾਂ ਨੂੰ ਫਤਹਿ ਬੁਲਾ ਆਏ ਹੋਣ, ਤਨਖਾਹ ਨਾ ਲੈਂਦੇ ਹੋਣ, ਗੁਰੂ ਕੇ ਲੰਗਰਾਂ ਵਿਚੋਂ ਪ੍ਰਸ਼ਾਦੇ ਅਤੇ ਸਿਰੋਪਾਓ 'ਤੇ ਗੁਜ਼ਾਰਾ ਕਰਦੇ ਹੋਣ, ਅਜਿਹੇ ਸਿੱਖਾਂ/ਜਥਿਆਂ ਕੋਲ ਸੇਵਾ ਹੋਵੇਗੀ ਤਾਂ ਹੀ ਰਾਜਨੀਤਕ ਪ੍ਰਭਾਵ ਤੋਂ ਇਹਨਾਂ ਪਵਿੱਤਰ ਥਾਵਾਂ ਨੂੰ ਮੁਕਤ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਸਾਡੇ ਸਾਰੇ ਅਹਿਮ ਮਸਲਿਆਂ ਦੇ ਫੈਸਲੇ ਗੁਰੂ ਦੀ ਹਜੂਰੀ ਵਿੱਚ ਹੋ ਸਕਣਗੇ ਜੋ ਹੁਣ ਦੁਨਿਆਵੀ ਅਦਾਲਤਾਂ ਜਾਂ ਅਜਿਹੇ ਹੋਰ ਢਾਂਚਿਆਂ 'ਤੇ ਟੇਕ ਬਣ ਕੇ ਰਹਿ ਜਾਂਦੇ ਹਨ। ਗੁਰੂ ਪਾਤਿਸਾਹ ਮਿਹਰ ਕਰਨ ਅਸੀਂ ਜੋ ਹੁਣ ਇਸ ਸਮੇਂ ਵਿੱਚ ਵਿਚਰ ਰਹੇ ਹਾਂ, ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਪੱਕ ਚੁੱਕੀਆਂ ਲੀਹਾਂ ਤੋਂ ਪਾਸੇ ਹੋ ਕੇ ਆਪਣੇ ਮੂਲ ਵੱਲ ਨੂੰ ਪਰਤਣ ਲਈ ਕੋਈ ਉੱਦਮ ਕਰ ਸਕੀਏ।  

 

ਸੰਪਾਦਕ,