ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਯਾਦ ਕਰਦਿਆਂ

ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਯਾਦ ਕਰਦਿਆਂ

ਅੰਗਰੇਜ਼ ਲਿਖਾਰੀ ਮੇਜਰ ਸਮਾਇਥ ਦੇ ਲਿਖਣ ਅਨੁਸਾਰ..

 "ਸੱਚੇ ਅਕਾਲੀ ਹੱਦ ਦਰਜੇ ਦੇ ਦਲੇਰ ਅਤੇ ਸੁਤੰਤਰ ਹੁੰਦੇ ਸਨ, ਸਭ ਕਿਸੇ ਨੂੰ ਪਿਆਰ ਨਾਲ ਮਿਲਦੇ ਸਨ। ਇਹਨਾਂ ਦੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਗੁਰਦੁਆਰਿਆਂ ਦੀ ਰੱਖਿਆ, ਮਰਿਯਾਦਾ ਦੀ ਪਵਿਤਰਤਾ ਦੀ ਕਾਇਮੀ, ਆਚਰਣ ਦੀ ਰਾਖੀ, ਦੀਨਾਂ ਦੁਖੀਆਂ ਤੇ ਸ਼ਰਨਾਗਤਾਂ ਦੀ ਸਹਾਇਤਾ ਕਰਨੀ ਹੁੰਦੀ ਸੀ।" ਬਾਬਾ ਫੂਲਾ ਸਿੰਘ ਇੱਕ ਅਜਿਹੇ ਹੀ ਗੁਰੂ ਆਸ਼ੇ ਨੂੰ ਪਹੁੰਚੇ ਹੋਏ ਅਕਾਲੀ ਸਨ, ਜਿਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਗੁਰਮਤੇ ਨੂੰ ਦਾਤ ਨੂੰ ਸੰਭਾਲਿਆ ਅਤੇ ਗੁਰੂ ਤੋਂ ਆਪਣੇ ਜਥੇ ਸਮੇਤ ਸ਼ਹੀਦੀ ਦੀ ਦਾਤ ਪ੍ਰਾਪਤ ਕੀਤੀ। ਬਾਬਾ ਜੀ ਨੇ ਇੱਕ ਅਕਾਲ ਪੁਰਖ ਦੀ ਸਦਾ ਟੇਕ ਰੱਖੀ, ਨਾਲ ਉਹ ਪੂਰਨ ਤਿਆਗ ਅਤੇ ਵੈਰਾਗ ਦੀ ਬਿਰਤੀ ਵੀ ਰਖਦੇ ਸਨ। ਜਿਸ ਕਰਕੇ ਉਹਨਾਂ ਪ੍ਰਤੀ ਹਰੇਕ ਪੰਥ ਦਰਦੀ ਦੇ ਦਿਲ ਅੰਦਰ ਸਤਿਕਾਰ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਰਹਿੰਦਿਆਂ ਉਹਨਾਂ ਨੇ ਅਕਾਲ ਤਖ਼ਤ ਨੂੰ ਕਿਸੇ ਹੋਰ ਦੁਨਿਆਵੀ ਤਖ਼ਤ ਤੋਂ ਹਮੇਸ਼ਾ ਉੱਚਾ ਰੱਖਿਆ ਅਤੇ ਆਪਣੀ ਕ੍ਰਿਪਾਨ ਦੇ ਜ਼ੋਰ ਨਾਲ ਸਿਆਸਤ ਨੂੰ ਕੁੰਡੇ ਹੇਠ ਰਖਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਦੁਨੀਆਂ ਸਾਹਮਣੇ ਸਾਬਤ ਕੀਤਾ।  

ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਜਨਮ ਸੰਮਤ ੧੮੧੮ ਬਿ: ਵਿਚ ਭਾਈ ਈਸ਼ਰ ਸਿੰਘ ਜੀ ਦੇ ਘਰ ਪਿੰਡ ਦੇਹਲਾਂ ਸੀਹਾਂ (ਨੇੜੇ ਪਾਤੜਾਂ) ਵਿੱਚ ਹੋਇਆ। ਚਲਾਣੇ ਤੋਂ ਪਹਿਲਾਂ ਭਾਈ ਈਸ਼ਰ ਸਿੰਘ ਨੇ ਆਪਣੇ ਸਪੁੱਤਰ ਫੂਲਾ ਸਿੰਘ ਦੀ ਬਾਂਹ ਬਾਬਾ ਨੈਣਾ ਸਿੰਘ ਜੀ, ਜੋ ਕਿ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਸਨ, ਦੇ ਹੱਥ ਫੜਾ ਕੇ ਆਖਿਆ ਕਿ ਮੇਰੇ ਪਿੱਛੋਂ ਇਸ ਬੱਚੇ ਨੂੰ ਪੰਥ ਦਾ ਬੱਚਾ ਸਮਝ ਕੇ ਪੰਥਕ ਸੇਵਾ ਲਈ ਤਿਆਰ ਕਰਨਾ। ਨਿੱਕੀ ਉਮਰੇ ਹੀ ਥੋੜ੍ਹੇ ਸਮੇਂ ਵਿੱਚ ਫੂਲਾ ਸਿੰਘ ਜੀ ਨੇ ਬਹੁਤ ਸਾਰੀ ਗੁਰਬਾਣੀ ਕੰਠ ਕਰ ਲਈ ਉੱਥੇ ਨਾਲ-ਨਾਲ ਖਾਲਸੇ ਦੀ ਮਰਯਾਦਾ ਅਨੁਸਾਰ ਉਸ ਸਮੇਂ ਦੇ ਬਹੁਤ ਸਾਰੇ ਪ੍ਰਚੱਲਤ ਜੰਗੀ ਗੁਣ ਵੀ ਪ੍ਰਾਪਤ ਕਰ ਲਏ। ਨਿੱਕੀ ਉਮਰ ਵਿਚ ਹੀ ਇਹ ਪੰਥਕ ਜੱਥਿਆਂ ਵਿਚ ਪਿਆਰੇ ਜਾਣ ਲੱਗੇ। 

ਬਾਬਾ ਫੂਲਾ ਸਿੰਘ ਜੀ ਨੇ ਮਾਤਾ ਜੀ ਦੇ ਚਲਾਣੇ ਤੋਂ ਬਾਅਦ ਆਪਣਾ ਨਿਜੀ ਘਰ ਮਾਲ ਪਿੰਡ ਵਿੱਚ ਲੁਟਾ ਦਿੱਤਾ ਅਤੇ ਅਕਾਲੀ ਬਾਣਾ ਪਹਿਨ ਕੇ ਸ਼ਹੀਦਾਂ ਦੀ ਮਿਸਲ ਵਿਚ ਰਲ ਗਏ। ਬਾਬਾ ਨੈਣਾ ਸਿੰਘ ਨਾਲ ਮਿਲ ਕੇ ਅਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਦੀ ਸੇਵਾ ਵਿੱਚ ਰਹੇ। ਸਮੇਂ ਦੀ ਲੋੜ ਅਨੁਸਾਰ ਆਪ ਜੀ ਨੇ ਪੰਥ ਲਈ ਐਸੀਆਂ ਘਾਲਾਂ ਘਾਲੀਆਂ ਕਿ ਬਾਬਾ ਜੀ ਦੇ ਚਲਾਣੇ ਉਪਰੰਤ ਜਥੇ ਦੀ ਸਰਬ ਸੰਮਤੀ ਨਾਲ ਫੂਲਾ ਸਿੰਘ ਜੀ ਨੂੰ ਹੀ ਜਥੇਦਾਰ ਥਾਪਿਆ ਗਿਆ। 

ਬਾਅਦ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜਥੇ ਸਮੇਤ ਸ੍ਰੀ ਅੰਮ੍ਰਿਤਸਰ ਆ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਿਚੋਂ ਗੁਰਮਤਿ ਵਿਰੁੱਧ ਕੁਰੀਤੀਆਂ ਨੂੰ ਦੂਰ ਕੀਤਾ ਅਤੇ ਪੰਥ ਦੇ ਕੁੰਡੇ ਹੇਠ ਸਾਰਾ ਪ੍ਰਬੰਧ ਰੱਖਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਖਾਲਸਾ ਰਾਜ ਨਾਲ ਮਿਲਾਉਣ ਲਈ ਵਿਚਾਰ ਕੀਤਾ ਤਾਂ ਗੁਰੂ-ਨਗਰੀ ਭੰਗੀਆਂ ਤੇ ਰਾਮਗੜ੍ਹੀਆ ਸਰਦਾਰਾਂ ਦੇ ਕਬਜ਼ੇ ਵਿਚ ਸੀ। ਸਥਿਤੀ ਟਕਰਾਅ ਵਾਲੀ ਬਣ ਗਈ, ਅਕਾਲੀ ਬਾਬਾ ਫੂਲਾ ਸਿੰਘ ਜੀ ਆਪਣੇ ਜਥੇ ਸਮੇਤ ਵੱਡੀ ਸਿਆਣਪ ਤੋਂ ਕੰਮ ਲੈ ਕੇ ਸਿੱਖ ਭਰਾਵਾਂ ਨੂੰ ਆਪਸ ਵਿੱਚ ਲੜਨ ਤੋਂ ਰੋਕ ਕੇ ਯੋਗ ਫੈਸਲਾ ਕਰਵਾ ਦਿੱਤਾ। 

ਪੇਸ਼ਾਵਰ ਦੀ ਫਤਿਹ ਦੇ ਬਾਅਦ ਵੀ ਕਾਬਲ ਦਾ ਹਾਕਮ ਪੇਸ਼ਾਵਰ ਨੂੰ ਦੁਬਾਰਾ ਕਾਬਲ ਨਾਲ ਜੋੜਨ ਲਈ ਕਾਹਲਾ ਸੀ। ਪੇਸ਼ਾਵਰ ਲਈ ਮੁਹੰਮਦ ਅਜ਼ੀਮ ਖਾਨ ਅਤੇ ਇਸ ਦੇ ਦੋਵੇਂ ਭਾਈ ਦੋਸਤ ਮੁਹੰਮਦ ਖਾਨ, ਜਬਾਰ ਖਾਨ ਨੇ ਖਾਲਸੇ ਨਾਲ ਪੂਰੀ ਤਰ੍ਹਾਂ ਬਲ-ਨਿਰਣੈ ਕਰਨ ਦਾ ਪੱਕਾ ਇਰਾਦਾ ਕਰ ਲਿਆ ਅਤੇ ਇਸ ਸੰਗਰਾਮ ਲਈ ਨੌਸ਼ਹਿਰੇ ਦਾ ਖੁਲ੍ਹਾ ਮੈਦਾਨ ਚੁਣਿਆ ਗਿਆ ਤਾਂ ਸ਼ੇਰਿ ਪੰਜਾਬ, ਸਣੇ ਬਾਬਾ ਫੂਲਾ ਸਿੰਘ ਅਤੇ ਅਕਾਲੀ ਦਲ ਦੇ, ਅਕੋੜੇ ਪਹੁੰਚ ਗਏ। ਗੁਰਮਤੇ ਅਨੁਸਾਰ ੧੪ ਮਾਰਚ ਦੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਚੜ੍ਹਾਈ ਦਾ ਅਰਦਾਸਾ ਸੋਧਿਆ ਗਿਆ। ਪਰ ਜੱਕ ਤੱਕ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹੋਰ ਤੋਪਾਂ ਅਤੇ ਗੋਲੀ ਸਿੱਕਾ ਮੰਗਵਾਉਣ ਲਈ ਕੁਝ ਸਮਾਂ ਲੜਾਈ ਨੂੰ ਰੋਕ ਦੇਣ ਲਈ ਕਿਹਾ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਸਾਫ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਗੁਰਮਤੇ ਅਨੁਸਾਰ ਹੁਣੇ ਹੀ ਮੈਦਾਨਿ ਜੰਗ ਵਲ ਜਾਵਾਂਗੇ ਭਾਵੇਂ ਸਾਨੂੰ ਆਪਣਾ ਸੀਸ ਵੀ ਕਿਉਂ ਨਾ ਵਾਰਨਾ ਪਏ। ਗੁਰਮਤੇ ਦੀ ਪਾਲਣਾ ਕਰਦਿਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ।   

ਅਕਾਲੀ ਫੂਲਾ ਸਿੰਘ ਜੀ ਦੇ ਜਾਣ ਤੋਂ ਬਾਅਦ ਥੋੜੇ ਸਾਲਾਂ ਵਿੱਚ ਹੀ ਖਾਲਸਾ ਰਾਜ ਖਤਮ ਹੋ ਗਿਆ। ਬਰਤਾਨਵੀ ਹਕੂਮਤ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ ਕਿ ਸਿੱਖਾਂ ਦਾ ਰਾਜਨੀਤਕ ਧੁਰਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅਕਾਲੀ ਹਨ, ਇਹਨਾਂ ਨੂੰ ਖਤਮ ਕੀਤਾ ਜਾਵੇ। ਇਸੇ ਲਈ ਓਹਨਾਂ ਨੇ ਅਕਾਲ ਤਖ਼ਤ 'ਤੇ ਗੁਰਮਤਾ ਕਰਨ ਅਤੇ ਅਕਾਲੀਆਂ ਨੂੰ ਖਤਮ ਕਰਨ ਦੇ ਯਤਨ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖਾਂ ਦਾ ਫੈਸਲੇ ਲੈਣ ਦਾ ਕੇਂਦਰੀ ਸਥਾਨ ਸੀ, ਉਥੇ ਸਰਬਰਾਹ ਲਗਾ ਕੇ ਤਖਤ ਦੀ ਪੂਜਾ ਜਾਂ ਪ੍ਰਬੰਧ ਤੱਕ ਸੀਮਤ ਕਰ ਦਿੱਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਗੁਰਮਤੇ ਸੋਧਣ ਦੀ ਪਰੰਪਰਾ ਬੰਦ ਕਰਵਾ ਦਿਤੀ। 

ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ 200ਵੀਂ ਯਾਦ ਵਿੱਚ ਨਗਰ ਕੀਰਤਨ ਹੋ ਰਹੇ ਹਨ, ਵਹੀਰਾਂ ਦੇ ਰੂਪ ਵਿੱਚ ਫੌਜਾਂ ਇੱਕ ਪੜਾਅ ਤੋਂ ਦੂਸਰੇ ਪੜਾਅ ਤੱਕ ਉਹਨਾਂ ਨੂੰ ਯਾਦ ਕਰਦੀਆਂ ਜਾ ਰਹੀਆਂ ਹਨ। ਦੋ ਸਦੀਆਂ ਬਾਅਦ ਵੀ ਅੱਜ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵਰਗੀ ਸਖਸ਼ੀਅਤ ਦੀ ਘਾਟ ਪੰਥ ਨੂੰ ਮਹਿਸੂਸ ਹੋ ਰਹੀ ਹੈ ਅਤੇ ਸੰਗਤ ਅਰਦਾਸ ਕਰ ਰਹੀ ਹੈ ਕਿ ਮੁੜ ਉਸ ਤਰ੍ਹਾਂ ਦੇ ਅਕਾਲੀ ਸਿੰਘਾਂ ਦੇ ਦਰਸ਼ਨ ਅਤੇ ਅਗਵਾਈ ਸਾਨੂੰ ਨਸੀਬ ਹੋ ਸਕੇ। ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਮਤੇ ਸੋਧਣ ਦੀ ਰਵਾਇਤ ਨੂੰ ਸੁਰਜੀਤ ਕਰਨ ਵੱਲ ਉੱਦਮ ਕਰਨੇ ਚਾਹੀਦੇ ਹਨ ਅਤੇ ਗੁਰਮਤੇ 'ਤੇ ਨਿਭਣ ਲਈ ਅਕਾਲੀ ਫੂਲਾ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ। 

 

ਸੰਪਾਦਕ