ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਅਤੇ ਤੀਜਾ ਘੱਲੂਘਾਰਾ

ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਅਤੇ ਤੀਜਾ ਘੱਲੂਘਾਰਾ

 

ਜੂਨ 1984 ਦੀ ਸ਼੍ਰੀ ਅੰਮ੍ਰਿਤਸਰ ਸਾਹਿਬ

ਗੁਰਮਤਿ ਦਾ ਆਸ਼ਾ ਸਰਬੱਤ ਦੇ ਭਲੇ ਦਾ ਹੈ। ਸਰਬੱਤ ਦੇ ਭਲੇ ਤੋਂ ਭਾਵ ਸਾਝੀਵਾਲਤਾ, ਬਰਾਬਰੀ ਅਤੇ ਨਿਆਂ ਵਾਲਾ ਸਮਾਜ ਸਿਰਜਣਾ ਹੈ। ਇਹ ਸਰਬ ਕਲਿਆਣਕਾਰੀ ਟੀਚਾ ਕਿਸੇ ਖਾਸ ਖਿੱਤੇ ਜਾਂ ਕਾਲ ਦੀਆਂ ਸੀਮਾਵਾਂ ਤੋਂ ਪਾਰ ਤੱਕ ਫੈਲਿਆ ਹੋਇਆ ਹੈ। ਗੁਰਮਤਿ ਗਾਡੀ ਰਾਹ ’ਤੇ ਚੱਲਦੇ ਸਿੱਖਾਂ ਦੀ ਸੰਗਤ ਦੇਹ ਅਤੇ ਸੁਰਤਿ, ਮੱਤ, ਮਨ ਤੇ ਬੁੱਧ ਨੂੰ ਸਾਧਣ ਦੇ ਨਾਲ-ਨਾਲ ਸਰਬੱਤ ਦੇ ਭਲੇ ਦੀ ਪੂਰਤੀ ਲਈ ਉੱਦਮ ਕਰਦੀ ਹੈ। ਦਸਵੇਂ ਪਾਤਿਸ਼ਾਹ ਨੇ ਇਸ ਆਸ਼ੇ ਦੀ ਪੂਰਤੀ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਖਾਲਸਾ ਪੰਥ ’ਤੇ ਆਇਦ ਕੀਤੀ ਹੈ। ਖਾਲਸੇ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿੰਦਾ ਕਿਉਂਕਿ ਉਹ ਅਕਾਲ ਪੁਰਖ ਦੀ ਸਲਤਨਤ ਨਾਲ ਇਕ-ਸੁਰ ਵਿਚਰਦਾ ਹੋਇਆ ਇੱਕੋ ਵੇਲੇ ‘ਹਮ ਰਾਖਤ ਪਾਤਸ਼ਾਹੀ ਦਾਵਾ’ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਜੀਅ ਰਿਹਾ ਹੁੰਦਾ ਹੈ। ਜਦੋਂ ਕਿਸੇ ਸਮਾਜ ਤੇ ਰਾਜ ਦੀ ਅਗਵਾਈ ਦੁਰਜਨਾਂ ਕੋਲ ਆ ਜਾਏ ਉਸ ਹਾਲਾਤ ਵਿਚ ਗੁਰਮਤਿ ਖਾਲਸਾ ਪੰਥ ਉੱਤੇ ਇਹ ਪਵਿੱਤਰ ਫਰਜ਼ ਆਇਦ ਕਰਦੀ ਹੈ ਕਿ ਖਾਲਸਾ ਪੰਥ ਨਿਤਾਣੀ, ਨਿਆਸਰੀ ਰੱਈਅਤ ਦੀ ਧਿਰ ਬਣ ਕੇ ਗਲਬਾ ਰਹਿਤ ਤੇ ਨਿਆਂਕਾਰੀ ਰਾਜ ਪ੍ਰਬੰਧ ਸਥਾਪਤ ਕਰੇ। ਰੱਈਅਤ ਲਈ ਅਜਿਹਾ ਪ੍ਰਬੰਧ ਯਕੀਨੀ ਬਣਾਉਣ ਲਈ ਖਾਲਸਾ ਪੰਥ ਦੇ ਸੰਘਰਸ਼ ਦੇ ਦੋ ਪੜਾਅ ਬਣਦੇ ਹਨ – ਪਹਿਲਾ ਕਿ ਸਮੇਂ ਦੇ ਰਾਜ ਪ੍ਰਬੰਧ ਨੂੰ ਇਸ ਕਦਰ ਪ੍ਰਭਾਵਤ ਕਰੇ ਕਿ ਰਾਜ ਪ੍ਰਬੰਧ ਨਿਆਂਕਾਰੀ ਨੀਤੀ ਉੱਤੇ ਚੱਲਣ ਲਈ ਪਾਬੰਦ ਹੋ ਜਾਵੇ। ਦੂਜਾ ਕਿ ਜਦੋਂ ਸਮੇਂ ਦਾ ਰਾਜ ਪ੍ਰਬੰਧ ਅਨਿਆਂ ਦੇ ਰਸਤੇ ਤੇ ਚੱਲਦਿਆਂ ਰੂਹਾਨੀਅਤ ਦੇ ਕੇਂਦਰਾਂ (ਗੁਰੂ ਗ੍ਰੰਥ ਸਾਹਿਬ ਤੇ ਗੁਰੂ ਘਰ) ਅਤੇ ਸਖਸ਼ੀਅਤਾਂ ਨੂੰ ਵੀ ਤਸ਼ੱਦਦ ਦਾ ਨਿਸ਼ਾਨਾ ਬਣਾਵੇ ਤਾਂ ਖਾਲਸਾ ਪੰਥ ਤੇ ਇਹ ਫਰਜ਼ ਆਇਦ ਹੈ ਕਿ ਉਹ ਅਜਿਹੇ ਨਿਜ਼ਾਮ ਨੂੰ ਜੜੋਂ ਪੁੱਟ ਕੇ ਨਿਆਂਕਾਰੀ ਰਾਜ ਦੀ ਸਥਾਪਨਾ ਯਕੀਨੀ ਬਣਾਵੇ।

ਜੂਨ 1984 ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਅਤੇ ਤੀਜਾ ਘੱਲੂਘਾਰਾ ਇਸੇ ਪ੍ਰਸੰਗ ਵਿਚ ਵਾਪਰੇ ਸੀ। ਇਸ ਸੰਘਰਸ਼ ਤਹਿਤ ਖਾਲਸਾ ਪੰਥ ਵਲੋਂ ਖਿੱਤੇ ਦੇ ਰਾਜ ਪ੍ਰਬੰਧ ਨੂੰ ਨਿਆਂਕਾਰੀ ਲੀਹਾਂ ਤੇ ਲਿਆਉਣ ਲਈ 4 ਅਗਸਤ 1982 ਨੂੰ ਸ਼ੁਰੂ ਹੋਏ ਧਰਮ ਯੱਧ ਮੋਰਚੇ ਤਹਿਤ ਹਲੂਣਿਆ ਗਿਆ ਕਿ ਉਹ ਆਨੰਦਪੁਰ ਸਾਹਿਬ ਦੇ ਮਤੇ ਵਿਚ ਦਰਜ਼ ਮੱਦਾਂ ਮੰਨ ਕੇ ਸਾਂਝੀਵਾਲਤਾ, ਬਰਾਬਰੀ ਅਤੇ ਨਿਆਂ ਦਾ ਜਾਮਨ ਹੋਣ ਦਾ ਸਬੂਤ ਦੇਵੇ। ਭਾਵੇਂ ਕਿ ਦੋ ਸਾਲ ਚੱਲਦੇ ਰਹੇ ਇਸ ਸੰਘਰਸ਼ ਦੌਰਾਨ ਸਾਮਰਾਜੀ ਬਿਪਰ ਰਾਜ ਪ੍ਰਬੰਧ ਨੇ ਕਈ ਵਾਰ ਤਸ਼ੱਦਦ ਦੇ ਦੌਰ ਵੀ ਚਲਾਏ ਪਰ ਇਹ ਸੰਘਰਸ਼ ਪੁਰਅਮਨ ਤਰੀਕੇ ਨਾਲ ਗ੍ਰਿਫਤਾਰੀਆਂ ਦੇ ਰੂਪ ਵਿੱਚ ਚੱਲਦਾ ਰਿਹਾ। ਫਰੇਬੀ ਤੇ ਜ਼ਾਲਮ ਬਿਪਰ ਸਾਮਰਾਜ ਨੇ ਆਪਣਾ ਪਾਜ ਉਦੜਦਾ ਵੇਖ ਕੇ ਸੰਤ ਜਰਨੈਲ ਸਿੰਘ ਹੋਰਾਂ ਨੂੰ ਇਸ ਸੰਘਰਸ਼ ਤੋਂ ਵੱਖ ਕਰਨ ਲਈ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤਿਆ। ਦੌਲਤ, ਸ਼ੌਹਰਤ, ਵਜ਼ੀਰੀਆਂ ਅਤੇ ਹੋਰ ਹਰ ਤਰ੍ਹਾਂ ਦੇ ਲਾਲਚ, ਭੁਲੇਖੇ ਦੀ ਪੰਡ ਸਿਰ ਤੇ ਚੁੱਕ ਕੇ ਦੁਨਿਆਵੀ ਮਾਪ ਤੋਲ ਕਰਦੇ ਹੋਏ ਚੜ੍ਹਦੀਕਲਾ ਦੇ ਬੂਹੇ ਤੇ ਜਾਂਦੇ ਰਹੇ ਅਤੇ ਅਡੋਲ ਸੋਚ ਮੂਹਰੇ ਨਕਾਰਾ ਹੋ ਕੇ ਵਾਪਸ ਪਰਤਦੇ ਰਹੇ। ਬਿਨਾ ਕਿਸੇ ਦੋਚਿੱਤੀ ਦੇ ਪੂਰੀ ਜ਼ੁਰਅਤ ਨਾਲ ਆਪਣੇ ਨਿਸ਼ਾਨੇ ਵਿਚਲੇ ਕਿਸੇ ਵੀ ਸਮਝੌਤੇ ਨੂੰ ਉਹ ਓਨੀ ਪੈਰੀਂ ਵਾਪਸ ਮੋੜ ਦਿੰਦੇ ਸਨ। ਦੁਨਿਆਵੀ ਲਾਲਚਾਂ ਤੋਂ ਬਾਅਦ ਮਨੁੱਖ ਨੂੰ ਮੌਤ ਦਾ ਡਰ ਦੇ ਕੇ ਡੁਲਾਇਆ ਜਾ ਸਕਦਾ ਹੁੰਦਾ ਹੈ। ਸਾਮਰਾਜੀ ਬਿਪਰ ਰਾਜ ਪ੍ਰਬੰਧ ਦੀ ਫਰੇਬੀ ਸੋਚ ਨੇ ਇਹ ਕੰਮ ਵੀ ਪੂਰੇ ਜ਼ੋਰ ਨਾਲ ਕੀਤਾ। ਗਿਣਤੀ ਦੇ ਸਿੰਘਾਂ ਲਈ ਵੱਡੀ ਗਿਣਤੀ ਵਿਚ ਫੌਜ, ਕਮਾਂਡੋ, ਟੈਂਕ, ਤੋਪਾਂ, ਬਖਤਰਬੰਦ ਗੱਡੀਆਂ, ਆਧੁਨਿਕ ਹਥਿਆਰ ਅਤੇ ਭੁੱਖ, ਪਿਆਸ, ਹਾੜ ਦੀ ਭੱਠ ਵਾਙ ਲੂਹੰਦੀ ਗਰਮੀ ਤੇ ਹਰ ਤਰ੍ਹਾਂ ਦੇ ਤਸੀਹੇ ਉਨ੍ਹਾਂ ਦੇ ਮਨੋਬਲ ਨੂੰ ਰੱਤੀ ਭਰ ਵੀ ਹਿਲਾ ਨਾ ਸਕੇ। ਖਾਲਸਾਈ ਜਾਹੋ ਜਲਾਲ 20ਵੀਂ ਸਦੀ ਵਿਚ ਫਿਰ ਦੁਬਾਰੇ ਆਪਣੇ ਪੂਰੇ ਜੋਬਨ ਤੇ ਆ ਗਿਆ ਸੀ ਅਤੇ ਇਤਿਹਾਸਿਕ ਪੁਰਖਾਂ ਨੇ ਆਪਣੇ ਪਿਓ ਦਾਦੇ ਦੇ ਖਜ਼ਾਨੇ ਦੇ ਦਰਸ਼ਨ ਕੁਲ ਦੁਨੀਆਂ ਨੂੰ ਬੜੀ ਨੇੜਿਓਂ ਕਰਵਾ ਦਿੱਤੇ। 

ਸਾਮਰਾਜੀ ਬਿਪਰ ਰਾਜ ਪ੍ਰਬੰਧ ਨੇ ਤੀਜਾ ਘੱਲੂਘਾਰਾ ਰੂਹਾਨੀਅਤ ਦੇ ਕੇਂਦਰ ਅਤੇ ਸਰਬੱਤ ਦੇ ਭਲੇ ਦੇ ਖਾਲਸਾਈ ਸੰਘਰਸ਼ ਦੇ ਸਦੀਵ ਧੁਰੇ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਨ; ਮਨੁੱਖ ਮਾਤਰ ਦੀ ਸੇਵਾ ਲਈ ਤਤਪਰ ਸੰਤ ਜਰਨੈਲ ਸਿੰਘ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਜਿਹੀਆਂ ਜੀਵਨ-ਮੁਕਤ ਸਖਸ਼ੀਅਤਾਂ ਦੀ ਸ਼ਾਨ ਨੂੰ ਢਾਹ ਲਾ ਕੇ ਅਤੇ ਪੰਚਮ ਪਤਿਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਸਿੱਖ ਸੰਗਤਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾ ਕੇ ਸੰਗਤਾਂ ਦੇ ਮਨੋਬਲ ਨੂੰ ਡੇਗਣ ਦੇ ਮਨਸੂਬੇ ਨਾਲ ਵਰਤਾਇਆ ਸੀ ਤਾਂ ਕਿ ਸਿੱਖੀ ਦੇ ਨਿਆਰੇਪਣ ਨੂੰ ਮੇਟ ਕੇ ਇਸ ਨੂੰ ਬਿਪਰਵਾਦੀ ਪ੍ਰਬੰਧ ਵਿਚ ਜਜ਼ਬ ਕਰ ਲਿਆ ਜਾਵੇ। ਜਾਤ ਪਾਤ ਅਤੇ ਊਚ ਨੀਚ ਨਾਲ ਗ੍ਰਸਤ ਮਨੁੱਖਤਾ ਵਿਰੋਧੀ ਬਿਪਰਵਾਦ ਦਾ ਸਰਬੱਤ ਦੇ ਭਲੇ ਵਾਲੀ ਗੁਰਮਤਿ ਨਾਲ ਪਿਛਲੇ ਪੰਜ ਸਦੀਆਂ ਤੋਂ ਚੱਲ ਰਿਹਾ ਟਕਰਾਅ ਮੁੱਖ ਕਾਰਨ ਸੀ। ਇਸ ਹਮਲੇ ਨੇ ਦੁਨੀਆ ਸਾਹਮਣੇ ਉਜਾਗਰ ਕਰ ਦਿੱਤਾ ਕਿ ਸਾਮਰਾਜੀ ਬਿਪਰ ਰਾਜ ਪ੍ਰਬੰਧ ਸਾਂਝੀਵਾਲਤਾ, ਬਰਾਬਰੀ ਅਤੇ ਨਿਆਂ ਦੇ ਅਸੂਲਾਂ ਨੂੰ ਮੂਲੋਂ ਹੀ ਤਿਲਾਂਜਲੀ ਦੇ ਚੁੱਕਾ ਸੀ।

ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਪੰਥ ਨੂੰ ਹਮੇਸ਼ਾ ਇਕ ਨਵਾਂ ਜੀਵਨ ਦਿੰਦੀ ਰਹੇਗੀ ਅਤੇ ਆਪਣੇ ਆਤਮਿਕ ਸੋਮਿਆਂ ਤੋਂ ਟੁੱਟ ਰਹੀ ਸਿੱਖ ਸੰਗਤ ਨੂੰ ਉਹਦੇ ਆਤਮਿਕ ਸੋਮਿਆਂ ਨਾਲ ਜੋੜਦੀ ਰਹੇਗੀ। ਸਿੱਖ ਸੰਗਤ ਨੂੰ ਆਤਮਿਕ ਤੌਰ ਉੱਤੇ ਮੁੜ ਜਿਉਂਦੇ ਕਰਨ ਵਿਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦਾ ਅਹਿਮ ਯੋਗਦਾਨ ਰਹੇਗਾ ਅਤੇ ਇਸ ਨੇ ਸਰਬੱਤ ਦੇ ਭਲੇ ਦੇ ਪਾਂਧੀਆਂ ਦਾ ਪੰਧ ਰੁਸ਼ਨਾਉਂਦੇ ਰਹਿਣਾ ਹੈ। ਸੱਚੇ ਪਾਤਸ਼ਾਹ ਦਾ ਤਖ਼ਤ ਕਦੇ ਵੀ ਕਿਸੇ ਦੁਨਿਆਵੀ ਤਖ਼ਤ ਦੇ ਭੈਅ ਵਿੱਚ ਨਹੀਂ ਆਏਗਾ ਅਤੇ ਨਾ ਹੀ ਆਪਣੇ ਆਸ਼ੇ ਨਾਲ ਕੋਈ ਸਮਝੌਤਾ ਕਰੇਗਾ।ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਅਤੇ ਤੀਜਾ ਘੱਲੂਘਾਰਾ ਕੋਈ ਅਖੀਰੀ ਜੰਗ ਜਾਂ ਘੱਲੂਘਾਰਾ ਨਹੀਂ ਸਨ ਸਗੋਂ ਜਦੋਂ ਖਾਲਸਾ ਪੰਥ ਆਪਣੀ ਰਵਾਇਤ ਅਨੁਸਾਰ ਸਰਬੱਤ ਦੇ ਭਲੇ ਲਈ ਆਵਾਜ਼ ਬੁਲੰਦ ਕਰੇਗਾ ਉਦੋਂ ਇਹ ਨਵੇਂ ਰੂਪ ਲੈਕੇ ਸਾਹਮਣੇ ਖਲੋਣਗੇੇ ਤੇ ਜਦੋਂ ਜਦੋਂ ਹਮਲਾਵਰ ਬਿਪਰਵਾਦੀ ਸੋਚ ਦਾ ਧਾਰਨੀ ਹੋਵੇਗਾ ਉਦੋਂ ਉਦੋਂ ਇਹ ਘੱਲੂਘਾਰੇ ਹੋਰ ਵੀ ਭਿਆਨਕ ਹੁੰਦੇ ਜਾਣਗੇ, ਇਹ ਉਹ ਸੱਚਾਈ ਹੈ ਜੋ ਅਸੀਂ ਜਿੰਨੀ ਛੇਤੀ ਸਮਝ ਲਵਾਂਗੇ ਓਨੀ ਛੇਤੀ ਇਹ ਘੱਲੂਘਾਰਿਆਂ ਦੇ ਜ਼ਖਮ ਸਾਨੂੰ ਸੂਰਜ ਵਾਂਙ ਰੌਸ਼ਨੀ ਦੇਣਗੇ।