ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਦੀਆਂ ਚੋਣਾਂ 15-16 ਮਈ ਨੂੰ ਦੋ ਧਿਰਾਂ ਵਿੱਚਕਾਰ ਸਖਤ ਮੁਕਾਬਲਾ

ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਦੀਆਂ ਚੋਣਾਂ 15-16 ਮਈ ਨੂੰ ਦੋ ਧਿਰਾਂ ਵਿੱਚਕਾਰ ਸਖਤ ਮੁਕਾਬਲਾ

 ਗੁਰੂ ਘਰ ਦਾ ਢਾਈ ਲੱਖ ਡਾਲਰ ਖਰਚ ਆਵੇਗਾ।

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਜਿੱਥੇ ਯੂਬਾ ਸਿਟੀ, ਕੈਲੀਫੋਰਨੀਆ ਨੂੰ ਵਿਸ਼ਵ ਪੱਧਰੀ ਨਗਰ ਕੀਰਤਨ ਕਰਕੇ ਜਾਣਿਆ ਜਾਂਦਾ ਹੈ ਉਥੇ ਸਥਾਨਕ ਸਿਆਸੀ ਸਰਗਰਮੀਆਂ ਕਰਕੇ ਵੀ ਚਰਚਾ ਚ ਰਹਿੰਦਾ ਹੈ। ਹੁਣ  ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਦੀਆਂ ਪ੍ਰਬੰਧਕੀ ਚੋਣਾ 15 ਅਤੇ 16 ਮਈ ਨੂੰ ਹੋਣ ਜਾ ਰਹੀਆਂ ਹਨ ਤੇ ਵੱਖ ਵੱਖ ਧਿਰਾਂ ਵਿੱਚ ਖਿਚੋਤਾਣ ਵਧੀ ਹੋਈ ਹੈ ਤੇ ਦੋਨੋਂ ਧਿਰਾਂ ਹੀ ਸਿਰ ਧੜ ਦੀ ਬਾਜੀ ਲਾ ਬੈਠੀਆਂ ਹਨ । ਇਸ ਗੁਰਦੁਆਰਾ ਸਿੱਖ ਟੈਂਪਲ ਯੂਬਾ ਸਿਟੀ ਦੀਆ ਚੋਣਾ ਚ ਭਾਵੇਂ ਤਿੰਨ ਧਿਰਾਂ ਚੋਣ ਅਖਾੜੇ ਵਿੱਚ ਕੁੱਦੀਆਂ ਸਨ ਪਰ ਮੁੱਖ ਮੁਕਾਬਲਾ ਦੋ ਧਿਰਾਂ ਵਿੱਚਕਾਰ ਹੀ ਹੈ ਜੋ ਇੱਕ ਦੂਸਰੇ ਦੇ ਵੋਟਰ ਤੇ ਸਪੋਟਰ ਤੋੜਨ ਵਿੱਚ ਪੂਰੀਆਂ ਸਰਗਰਮ ਹਨ। ਇਨਾਂ ਤਿੰਨਾਂ ਧਿਰਾਂ ਵਿੱਚ ਗੁਰਨਾਮ ਸਿੰਘ ਪੰਮਾ ਤੇ ਲੰਗਰ ਵਾਲਿਆਂ ਦੀ ਧੜਾ ( ਖਾਲਸਾ ਪੰਥ ਸਲੇਟ), ਦੂਜਾ ਸਰਬ ਥਿਆੜਾ ਤੇ ਤੇਜਿੰਦਰ ਦੁਸ਼ਾਂਝ ਦਾ ਧੜਾ ਤੇ ਤੀਜਾ ਬੈਂਸ ਧੜਾ ਸਰਗਰਮ ਨਹੀਂ ਹੈ ਤੇ ਬੈਂਸ ਗਰੁੱਪ ਦੇ ਆਗੂ ਜਸਵੰਤ ਬੈਂਸ ਨੇ ਹੋਰ ਚੰਗੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਵੀਡੀਓ ਅਪੀਲ ਵੀ ਕੀਤੀ । ਬੈਂਸ ਗਰੁੱਪ ਦੇ ਆਗੂ ਜਸਵੰਤ ਸਿੰਘ ਵਲੋਂ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰੇ ਕਰਕੇ ਬਾਕੀ ਧਿਰਾਂ ਨੂੰ ਚੋਣਾ ਸਰਬਸੰਪਤੀ ਨਾਲ ਕਰਾਉਣ ਦੀ ਅਪੀਲ ਕੀਤੀ ਗਈ ਸੀ ਪਰ ਉਹ ਗੱਲ ਨਹੀਂ ਬਣੀ। ਇਸ ਵੇਰਾਂ ਮਸਲਾ ਬੜਾ ਪੇਚੀਦਾ ਬਣ ਗਿਆ ਹੈ ਕਿਓਂ ਕਿ ਹੁਣ ਪਹਿਲਾਂ ਵਾਲੀ ਸਾਰੀ ਪ੍ਰਸਥਿਤੀ ਬਦਲ ਗਈ ਹੈ, ਜਸਵੰਤ ਬੈਂਸ ਦੇ ਅਸਤੀਫੇ ਤੋਂ ਬਾਅਦ ਇੱਕ ਦੋ ਵਾਰ ਗੁਰਦੁਆਰਾ ਸਾਹਿਬ ਵਿੱਚ ਸਥਿਤੀ ਤਨਾਅ ਪੂਰਨ ਵੀ ਹੋਈ ਤੇ ਗੁਰੂ ਘਰ ਦੀ ਸ਼ੋਸਲ ਮੀਡੀਏ ਚ ਬੇਅਦਬੀ ਵੀ ਹੋਈ। ਸਰਬਜੀਤ ਥਿਆੜਾ ਤੇ ਤੇਜਿੰਦਰ ਦੁਸਾਂਝ ( ਸਾਧ ਸੰਗਤ ਧੜਾ) ਨੇ ਵਿਰੋਧੀ ਧੜੇ ਗੁਰਨਾਮ ਸਿੰਘ ਪੰਮਾ ਧੜੇ ਵਲੋਂ ਕੀਤੇ ਜਾਂਦੇ ਝੂਠ ਪ੍ਰਚਾਰ ਨੂੰ ਸਿਰੇ ਤੋਂ ਨਿਕਾਰਿਆ ਹੈ। ਗੁਦੁਆਰਾ ਸਾਹਿਬ ਦੇ ਬਾਨੀ ਸ, ਦਿਦਾਰ ਸਿੰਘ ਬੈਂਸ ਬਿਮਾਰ ਨਾਂ ਹੁੰਦੇ ਤਾ ਇਹ ਸਥਿਤੀ ਬਿਲਕੁੱਲ ਉਤਪੰਨ ਨਹੀਂ ਸੀ ਹੋਣੀ। ਜਿਥੇ ਸਰਬ ਥਿਆੜਾ ਤੇ ਤੇਜਿੰਦਰ ਦੁਸਾਂਝ ਧੜਾ( ਸਾਧ ਸੰਗਤ ਧੜਾ)  ਪੂਰਾ ਸਰਗਰਮ ਹੈ ਦੂਸਰੇ ਪਾਸੇ ਗੁਰਨਾਮ ਪੰਮਾ ਤੇ ਲੰਗਰ ਧੜਾ ( ਖਾਲਸਾ ਪੰਥ ਸਲੇਟ), ਇਸ ਸਮੇਂ ਪੂਰਾ ਸਰਗਰਮ ਨਜਰ ਆ ਰਿਹਾ ਹੈ। ਹੈਰਾਨੀਜਨਕ ਹੈ ਕਿ ਇਨਾਂ ਚੋਣਾ ਨੂੰ ਕਰਵਾਉਣ ਲਈ ਕਰੀਬ ਢਾਈ ਲੱਖ ਡਾਲਰ ਖਰਚੇ ਜਾਣਗੇ ਤੇ ਸਿਰਫ ਐਨੀ ਕੁ ਹੀ ਰਕਮ ਗੁਰਦੁਆਰਾ ਸਾਹਿਬ ਦੇ ਖਜਾਨੇ ਚ ਇਸ ਸਮੇਂ ਹੈ। ਦੋਨੋਂ ਧਿਰਾਂ ਵੱਖ ਵੱਖ ਦਾਅਵੇ ਕਰ ਰਹੀਆਂ ਹਨ ਪਰ ਇਹ ਦੋਨੋਂ ਧਿਰਾਂ ਹੀ ਪਹਿਲਾਂ ਪ੍ਰਬੰਧ ਵਿੱਚ ਰਹਿ ਚੁੱਕੀਆਂ ਹਨ, ਭਵਿੱਖ ਚ ਕੀ ਕਰਦੇ ਹਨ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਪਰਸੋਂ ਨੂੰ ਹੋਣ ਵਾਲੀਆਂ ਚੋਣਾਂ ਤਾਂ ਸਿਰਫ ਗੁਰੂ ਦੀ ਗੋਲਕ ਹੀ ਖਾਲੀ ਕਰਨਗੀਆਂ।