ਬਰਤਾਨੀਆਂ ਦੇ ਦਰਜਨਾਂ ਸਿੱਖਾਂ ਦੀ ਜਾਨ ਖਤਰੇ ਵਿਚ, 8 ਐਮਪੀ ਨੇ ਮੁਲਕ ਦੇ ਸੁਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

ਬਰਤਾਨੀਆਂ ਦੇ ਦਰਜਨਾਂ ਸਿੱਖਾਂ ਦੀ ਜਾਨ ਖਤਰੇ ਵਿਚ, 8 ਐਮਪੀ ਨੇ ਮੁਲਕ ਦੇ ਸੁਰੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 31 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਅਤੇ ਕੈਨੇਡਾ ਮਗਰੋਂ ਯੂ.ਕੇ. ਵਿਚ ਦਰਜਨਾਂ ਸਿੱਖਾਂ ਦੀ ਜਾਨ ਖਤਰੇ ਵਿਚ ਹੋਣ ਦਾ ਮਾਮਲਾ ਉਠਾਉਂਦਿਆਂ 8 ਐਮ.ਪੀਜ਼ ਨੇ ਮੁਲਕ ਦੇ ਸੁਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਜਵਾਬ ਮੰਗਿਆ ਕਿ ਖਤਰੇ ਦੀ ਜ਼ਦ ਵਿਚ ਆਏ ਸਿੱਖਾਂ ਦੀ ਸੁਰੱਖਿਆ ਵਾਸਤੇ ਕਿਹੋ ਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ। ਮੀਡੀਆ ਵਿਚ ਜਾਰੀ ਹੋਈ ਖ਼ਬਰ ਮੁਤਾਬਿਕ ਬਰਮਿੰਘਮ ਐਜਬੈਸਟਨ ਤੋਂ ਐਮ.ਪੀ. ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਿੱਖਾਂ ਦੀ ਜਾਨ ਖਤਰੇ ਵਿਚ ਹੋਣ ਬਾਰੇ ਜਾਣਕਾਰੀ ਬੇਹੱਦ ਗੰਭੀਰ ਹੈ ਅਤੇ ਉਹ ਸਿੱਖ ਸਭ ਤੋਂ ਜ਼ਿਆਦਾ ਚਿੰਤਤ ਹਨ ਜੋ ਕਦੇ ਕਿਸੇ ਸਰਗਰਮੀ ਵਿਚ ਸ਼ਾਮਲ ਨਹੀਂ ਹੋਏ।

ਪਾਰਟੀ ਹੱਦਾਂ ਤੋਂ ਉਪਰ ਉਠ ਕੇ ਬਣੇ ਵਫਦ ਦੀ ਅਗਵਾਈ ਕਰਨ ਵਾਲੀ ਯੂਕੇ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਨਾਲ ਸਬੰਧਤ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਕੋਲ ਆ ਰਹੇ ਹਨ ਜਿਨ੍ਹਾਂ ਦੇ ਚਿਹਰੇ ਉਤੇ ਚਿੰਤਾ ਸਾਫ ਨਜ਼ਰ ਆਉਂਦੀ ਹੈ। ਪ੍ਰੀਤ ਕੌਰ ਗਿੱਲ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਰਕਾਰ ਵਲੋਂ ਸਿੱਖ ਭਾਈਚਾਰੇ ਨੂੰ ਯਕੀਨ ਦਿਵਾਇਆ ਜਾਵੇ ਕਿ ਯੂ.ਕੇ.ਸਰਕਾਰ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਧਮਕੀਆਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾ ਰਿਹਾ ਹੈ। ਆਪੋ ਆਪਣੇ ਹਲਕਿਆਂ ਵਿਚ ਸਿੱਖਾਂ ਦੀ ਜ਼ਿਕਰਯੋਗ ਆਬਾਦੀ ਵਾਲੇ 8 ਸੰਸਦ ਮੈਂਬਰਾਂ ਨੇ ਸੁਰੱਖਿਆ ਮੰਤਰੀ ਟੌਮ ਟੁਗੈਨਧਾਤ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਲੋਕਾਂ ਵਿਚ ਜਾ ਕੇ ਹਾਲਾਤ ਬਾਰੇ ਸਪੱਸ਼ਟੀਕਰਨ ਪੇਸ਼ ਕਰਨ।

ਦੂਜੇ ਪਾਸੇ ਯੂ.ਕੇ. ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਸੰਭਾਵਤ ਖਤਰਿਆਂ ਬਾਰੇ ਲਗਾਤਾਰ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਮੁਲਕ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ, ਆਜ਼ਾਦੀ ਅਤੇ ਸੁਰੱਖਿਆ ਯਕੀਨੀ ਤੌਰ ’ਤੇ ਮੁਹੱਈਆ ਕਰਵਾਈ ਜਾਵੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਯੂ.ਕੇ. ਵਿਚ ਵੰਨ ਸੁਵੰਨੇ ਸਭਿਆਚਾਰਕ ਪਿਛੋਕੜ ਵਾਲੇ ਲੋਕ ਵਸਦੇ ਹਨ ਅਤੇ ਸਾਡੇ ਸਮਾਜ ਨੂੰ ਮਜ਼ਬੂਤ ਬਣਾਉਣ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ।