ਸਿੰਘ ਸਾਹਿਬ ਰੋਡੇ ਦੀ ਅਗਵਾਈ ਵਿਚ ਗੁ. ਰਕਾਬਗੰਜ ਸਾਹਿਬ ਤੋਂ ਲੈ ਕੇ ਸੰਸਦ ਵੱਲ ਮਾਰਚ ਕੱਢਿਆ

ਸਿੰਘ ਸਾਹਿਬ ਰੋਡੇ ਦੀ ਅਗਵਾਈ ਵਿਚ ਗੁ. ਰਕਾਬਗੰਜ ਸਾਹਿਬ ਤੋਂ ਲੈ ਕੇ ਸੰਸਦ ਵੱਲ ਮਾਰਚ ਕੱਢਿਆ

ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ 

ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 10 ਦਸੰਬਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਵਿਚ ਇੰਟਰਨੈਸ਼ਨਲ ਪੰਥਕ ਦਲ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਮਾਰਗ ਤੱਕ ਮਾਰਚ ਕੱਢਿਆ ਗਿਆ ।ਇਸ ਮੌਕੇ ਸਰਕਾਰਾਂ ਨੂੰ ਸਿੱਖਾਂ ਨਾਲ ਵਿਤਕਰੇ ਵਾਲਾ ਰਵੱਈਆ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਗਈ ।

ਪ੍ਰਦਰਸ਼ਨਕਾਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਇਕ ਮੰਗ ਪੱਤਰ ਵੀ ਸੌਂਪਿਆ ਗਿਆ।ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕੱਢੇ ਗਏ ਇਸ ਮਾਰਚ 'ਚ ਇੰਟਰਨੈਸ਼ਨਲ ਪੰਥਕ ਦਲ ਤੋਂ ਇਲਾਵਾ ਯੂਨਾਈਟਡ ਅਕਾਲੀ ਦਲ, ਕੌਮੀ ਇਨਸਾਫ ਮੋਰਚਾ, ਲੋਕ ਅਧਿਕਾਰ ਲਹਿਰ, ਉਦਯੋਗਿਕ ਵਪਾਰ ਮੰਡਲ ਲੁਧਿਆਣਾ ਤੇ ਹੋਰ ਇਨਸਾਫ ਪਸੰਦ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ।ਅਰਦਾਸ ਉਪਰੰਤ ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੇ ਹੱਥਾਂ 'ਚ ਕੇਸਰੀ ਨਿਸ਼ਾਨ ਸਾਹਿਬ ਫੜ੍ਹ ਕੇ ਗੁ. ਰਕਾਬਗੰਜ ਸਾਹਿਬ ਤੋਂ ਸੰਸਦ ਵੱਲ ਮਾਰਚ ਸ਼ੁਰੂ ਕੀਤਾ ਤਾਂ ਪੁਲਿਸ ਨੇ ਇਸ ਮਾਰਚ ਨੂੰ ਸੰਸਦ ਤੱਕ ਜਾਣ ਤੋਂ ਪਹਿਲਾਂ ਹੀ ਰੋਕ ਲਿਆ ।ਇਸ ਮੌਕੇ ਭਾਈ ਜਸਬੀਰ ਸਿੰਘ ਰੋਡੇ, ਗੁਰਦੀਪ ਸਿੰਘ ਬਠਿੰਡਾ ਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਸਰਕਾਰਾਂ ਨੂੰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਤੁਰੰਤ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵਲੋਂ 8 ਸਿੱਖ ਕੈਦੀਆਂ ਦੀ ਰਿਹਾਈ ਤੇ 1 ਕੈਦੀ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ 'ਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ ਹਾਲੇ ਵੀ ਜੇਲ੍ਹ 'ਚ ਹਨ ਤੇ ਭਾਈ ਰਾਜੋਆਣਾ ਦੀ ਸਜ਼ਾ ਵੀ ਅਜੇ ਤੱਕ ਉਮਰ ਕੈਦ 'ਚ ਤਬਦੀਲ ਨਹੀਂ ਕੀਤੀ ਗਈ ਹੈ ।ਇਸੇ ਤਰ੍ਹਾਂ ਹੀ ਕਈ ਹੋਰ ਸਿੱਖ ਰਾਜਸੀ ਕੈਦੀਆਂ ਦਾ ਮਾਮਲਾ ਵੀ ਲਮਕਿਆ ਪਿਆ ਹੈ ।ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵਲੋਂ ਸਿੱਖ ਰਾਜਸੀ ਕੈਦੀਆਂ ਦੇ ਮਸਲੇ ਨੂੰ ਸਮੇਂ ਦੀਆਂ ਸਰਕਾਰਾਂ ਕੋਲ ਚੁੱਕਿਆ ਜਾਂਦਾ ਰਿਹਾ ਹੈ, ਪਰ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ ।ਉਨ੍ਹਾਂ ਕਿਹਾ ਕਿ ਸਰਕਾਰਾਂ ਸਿੱਖਾਂ ਨਾਲ ਵਿਤਕਰੇ ਵਾਲਾ ਰਵੱਈਆ ਅਪਨਾ ਰਹੀਆਂ ਹਨ, ਜਿਸ ਨਾਲ ਅਜਿਹਾ ਸੁਨੇਹਾ ਮਿਲਦਾ ਹੈ ਕਿ ਦੇਸ਼ ਵਿਚ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਨਹੀਂ ਹੈ । ਮਾਰਚ 'ਚ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ, ਜਥੇ. ਬਾਬਾ ਸਵਰਨਜੀਤ ਸਿੰਘ (ਮੁਖੀ ਤਰਨਾ ਦਲ ਦੋਆਬਾ), ਜਥੇ. ਬਾਬਾ ਸਰਵਣ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਾਬਾ ਸੱਜਣ ਸਿੰਘ, ਬਾਬਾ ਜਤਿੰਦਰ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਹਰਜਿੰਦਰ ਸਿੰਘ, ਭਾਈ ਕਿਰਪਾ ਸਿੰਘ, ਭਾਈ ਦਲੀਪ ਸਿੰਘ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਤੇ ਤਰੁਣ ਜੈਨ ਪ੍ਰਧਾਨ ਵਪਾਰ ਮੰਡਲ ਸਮੇਤ ਹੋਰਾਂ ਨੇ ਵੀ ਸ਼ਮੂਲੀਅਤ ਕੀਤੀ ।